…ਜਦੋਂ ਪਿਤਾ ਦੀ ਮੌਤ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ!
ਬੇਸ਼ੱਕ ਇਨਸਾਨ ਦੇ ਜੀਵਨ ’ਚ ਮਾਂ ਦੀ ਭੂਮਿਕਾ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਅਤੇ ਮਾਂ ਨੂੰ ਰੱਬ ਦਾ ਦੂਜਾ ਰੂਪ ਦੱਸ ਕੇ ਮਾਂ ਦੀ ਮਹੱਤਤਾ ਦਾ ਜ਼ਿਕਰ ਵੀ ਅਕਸਰ ਕੀਤਾ ਜਾਂਦਾ ਹੈ ਪਰ ਹਰ ਇਨਸਾਨ ਦੇ ਜੀਵਨ ਵਿਚ ਪਿਓ ਦੀ ਅਹਿਮੀਅਤ ਜਾਂ ਮਹੱਤਤਾ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿੰਨੀ ਮਹੱਤਤਾ ਕਿਸੇ ਇਨਸਾਨ ਦੇ ਜੀਵਨ ਵਿਚ ਮਾਂ ਦੀ ਹੁੰਦੀ ਹੈ ਉਨੀ ਹੀ ਮਹੱਤਤਾ ਪਿਉ ਦੀ ਵੀ ਹੁੰਦੀ ਹੈ।
ਜੇਕਰ ਮਾਂ ਭੁੱਖਿਆਂ ਰਹਿ ਕੇ ਆਪਣੇ ਬੱਚੇ ਦੇ ਢਿੱਡ ਨੂੰ ਭਰਨ ਦੀ ਪਹਿਲ ਦਿੰਦੀ ਹੈ ਜਾਂ ਖ਼ੁਦ ਗਿੱਲੇ ਸੌਂ ਕੇ ਬੱਚੇ ਨੂੰ ਸੁੱਕੇ ਥਾਂ ’ਤੇ ਸਵਾਉਂਦੀ ਹੈ ਤਾਂ ਪਿਤਾ ਵੀ ਆਪਣੇ ਬੱਚੇ ਨੂੰ ਉਸ ਦੇ ਜੀਵਨ ਵਿਚ ਸਫਲਤਾ ਦੀ ਪੌੜੀ ਚੜ੍ਹਨ ਵਿਚ ਵੱਡੀ ਭੂਮਿਕਾ ਨਿਭਾਉਂਦਾ ਹੈ ਜਾਂ ਉਸ ਦਾ ਮਾਰਗ-ਦਰਸ਼ਨ ਕਰਦਾ ਹੈ। ਹਰ ਪਿਤਾ ਆਪਣੇ ਬੱਚੇ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਉਂਦਾ ਹੈ ਜ਼ਿੰਦਗੀ ਦੀਆਂ ਪੌੜੀਆਂ ਚੜ੍ਹਨਾ ਸਿਖਾਉਂਦਾ ਹੈ
ਉਸ ਨੂੰ ਚੰਗੇ-ਮਾੜੇ ਕੰਮਾਂ ਤੋਂ ਵਾਕਿਫ ਕਰਵਾਉਂਦਾ ਹੈ ਲੋੜ ਵੇਲੇ ਉਸ ਲਈ ਢਾਲ ਬਣ ਖੜ੍ਹਦਾ ਹੈ ।ਪਿਤਾ ਦੀ ਇਨਸਾਨ ਦੀ ਜ਼ਿੰਦਗੀ ਵਿੱਚ ਕੀ ਮਹੱਤਤਾ ਹੈ, ਇਹ ਮੈਨੂੰ ਉਸ ਵਕਤ ਪਤਾ ਲੱਗਾ ਜਦੋਂ ਮੇਰੇ ਪਿਤਾ ਇਸ ਜਹਾਨ ਤੋਂ ਰੁਖਸਤ ਹੁੰਦਿਆਂ ਸਾਨੂੰ ਸਦਾ ਲਈ ਅਲਵਿਦਾ ਆਖ ਗਏ । ਮੇਰੇ ਜੀਵਨ ਵਿਚ ਮੇਰੇ ਪਿਤਾ ਦੀ ਕੀ ਮਹੱਤਤਾ ਰਹੀ ਹੈ। ਇਹ ਮੈਂ ਜਾਂ ਮੇਰਾ ਰੱਬ ਜਾਣਦਾ ਹੈ। ਪਰ ਇੱਕ ਗੱਲ ਸੌ ਫ਼ੀਸਦ ਸੱਚ ਹੈ ਕਿ ਉਨ੍ਹਾਂ ਦੇ ਦੇਹਾਂਤ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਬੇਸ਼ੱਕ ਅੱਜ ਉਹ ਇਸ ਜਹਾਨ ਵਿੱਚ ਨਹੀਂ ਹਨ ਪਰ ਉਨ੍ਹਾਂ ਵੱਲੋਂ ਦਰਸਾਏ ਮਾਰਗ ਸਦਕਾ ਹੀ ਮੈਂ ਅੱਜ ਇਸ ਕਾਬਲ ਹੋ ਸਕਿਆਂ ਹਾਂ ਕਿ ਮੇਰੀ ਕਲਮ ਤੁਹਾਡੇ ਸਾਰਿਆਂ ਨਾਲ ਆਪਣੇ ਦਿਲ ਦੇ ਵਲਵਲਿਆਂ ਨੂੰ ਸਾਂਝੇ ਕਰ ਰਹੀ ਹੈ।
ਉਨ੍ਹਾਂ ਆਪਣੇ 90 ਵਰਿ੍ਹਆਂ ਦੇ ਜੀਵਨ ਕਾਲ ਵਿੱਚ ਬਹੁਤ ਉਤਰਾਅ-ਚੜ੍ਹਾਅ ਵੇਖੇ ਦੇਸ਼ ਦੀ ਵੰਡ ਸਮੇਂ ਹੱਲਿਆਂ ਦੀ ਦਰਦਨਾਕ ਪੀੜ ਨੂੰ ਉਨ੍ਹਾਂ ਆਪਣੇ ਪਿੰਡੇ ’ਤੇ ਹੰਢਾਇਆ। ਆਪਣੇ ਪਿੰਡੇ ’ਤੇ ਹੰਢਾਏ ਉਸ ਦਰਦ ਦਾ ਜਦੋਂ ਕਦੇ ਗਾਹੇ-ਬਗਾਹੇ ਉਹ ਜ਼ਿਕਰ ਕਰਿਆ ਕਰਦੇ ਸਨ ਤਾਂ ਸੱਚ ਜਾਣਿਓਂ! ਸਾਡੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਸਨ। ਭਾਵੇਂ 15 ਅਗਸਤ 1947 ਨੂੰ ਦੇਸ਼ ਦੇ ਲੋਕਾਂ ਨੂੰ ਗੋਰੇ ਲੋਕਾਂ ਤੋਂ ਆਜ਼ਾਦੀ ਮਿਲ ਗਈ ਪਰ ਲੱਖਾਂ ਲੋਕਾਂ ਨੂੰ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆਉਣਾ ਪਿਆ।
ਜਿਨ੍ਹਾਂ ਵਿੱਚੋਂ ਮੇਰੇ ਦਾਦਾ ਜੀ ਸਰਦਾਰ ਨੰਦ ਸਿੰਘ ਅਤੇ ਮੇਰੇ ਪਿਤਾ ਸਰਦਾਰ ਨਿਸ਼ਾਨ ਸਿੰਘ, ਦੋਵੇਂ ਚਾਚਾ ਜੀ ਸਰਦਾਰ ਕਰਤਾਰ ਸਿੰਘ ਤੇ ਸਰਦਾਰ ਗੁਰਦਿਆਲ ਸਿੰਘ ਸਨ। ਮੇਰੇ ਪਿਤਾ ਜੀ ਦੱਸਿਆ ਕਰਦੇ ਸਨ ਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਸ ਸਮੇਂ ਉਹ 15-16 ਸਾਲਾਂ ਦੇ ਸਨ।
ਉਹ ਇਹ ਵੀ ਦੱਸਿਆ ਕਰਦੇ ਸਨ ਕਿ ਉਹ ਰੇਲ ਗੱਡੀ ਦੇ ਨਾਲ ਦੌੜਦੇ-ਦੌੜਦੇ ਲਾਹੌਰ ਚਲੇ ਜਾਇਆ ਕਰਦੇ ਸਨ। ਮੇਰੇ ਪਿਤਾ ਜੀ ਆਪਣੇ ਬਚਪਨ ਦੀਆਂ ਯਾਦਾਂ ਜਦੋਂ ਕਦੇ ਸਾਡੇ ਨਾਲ ਸਾਂਝੀਆਂ ਕਰਿਆ ਕਰਦੇ ਸਨ ਤਾਂ ਸਾਡਾ ਦਿਲ ਕਰਦਾ ਹੁੰਦਾ ਸੀ ਕਿ ਅਸੀਂ ਵੀ ਪਾਕਿਸਤਾਨ ਜਾ ਕੇ ਉਨ੍ਹਾਂ ਦਾ ਜਿਊਣ ਸਿੰਘ ਵਾਲਾ ਪਿੰਡ ਵੇਖੀਏ। ਪਰ ਸਾਡੀ ਇਹ ਖੁਆਇਸ਼ ਪੂਰੀ ਨਾ ਹੋ ਸਕੀ ਉਸ ਵਕਤ ਦੇ ਹੱਲਿਆਂ ਨੂੰ ਯਾਦ ਕਰਕੇ ਉਨ੍ਹਾਂ ਦੇ ਮਨ ਵਿੱਚ ਹੁਣ ਵੀ ਬਹੁਤ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਜਾਇਆ ਕਰਦੇ ਸਨ। ਪਾਕਿਸਤਾਨ ਤੋਂ ਉੱਜੜ ਕੇ ਮੇਰੇ ਦਾਦਾ ਜੀ ਅਤੇ ਪਰਿਵਾਰਕ ਮੈਂਬਰ ਖੰਨੇ ਸ਼ਹਿਰ ਆ ਕੇ ਵੱਸ ਗਏ।
ਪਹਿਲਾਂ ਠੇਕੇ ’ਤੇ ਜ਼ਮੀਨ ਲਈ ਤੇ ਫਿਰ ਹੌਲੀ-ਹੌਲੀ ਮਿਹਨਤ-ਮੁਸ਼ੱਕਤ ਕਰਕੇ ਮੇਰੇ ਦਾਦਾ ਜੀ ਅਤੇ ਮੇਰੇ ਪਿਤਾ ਜੀ ਅਤੇ ਉਨ੍ਹਾਂ ਦੇ ਦੋਵਾਂ ਭਰਾਵਾਂ ਵੱਲੋਂ ਸ਼ਹਿਰ ’ਚ 8 ਏਕੜ ਜ਼ਮੀਨ ਬੈਅ ਲਈ ਗਈ ਹੱਡ-ਭੰਨ੍ਹਵੀਂ ਮਿਹਨਤ ਨਾਲ ਉਨ੍ਹਾਂ ਆਪਣੇ ਪਰਿਵਾਰਾਂ ਨੂੰ ਪਾਲਿਆ। ਮੇਰੇ ਪਿਤਾ ਜੀ ਦਾ ਮੇਰੇ ਜੀਵਨ ਵਿੱਚ ਬਹੁਤ ਵੱਡਾ ਰੋਲ ਰਿਹਾ ਹੈ।
ਜਿਸ ਨੂੰ ਮੈਂ ਆਖ਼ਰੀ ਸਾਹ ਤੱਕ ਭੁੱਲ ਨਹੀਂ ਸਕਦਾ ਕਿਉਂਕਿ ਖੁਦ ਅਨਪੜ੍ਹ ਹੁੰਦੇ ਹੋਏ ਵੀ ਉਨ੍ਹਾਂ ਮੈਨੂੰ ਉਚੇਰੀ ਵਿੱਦਿਆ ਲਈ ਜਿੱਥੇ ਨਾਮੀ ਕਾਲਜਾਂ ਵਿੱਚ ਵਿੱਦਿਆ ਹਾਸਲ ਕਰਵਾਈ, ਉੱਥੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਉਚੇਰੀ ਵਿੱਦਿਆ ਦਿਵਾ ਕੇ ਅਧਿਆਪਕ ਬਣਨ ਦੇ ਯੋਗ ਬਣਾਇਆ ਖੇਤੀ ਦਾ ਕਿੱਤਾ ਕਰਦੇ ਹੋਣ ਕਾਰਨ ਮੇਰੇ ਪਿਤਾ ਜੀ ਦਾ ਸਰੀਰ ਬੇਸ਼ੱਕ ਇਕਹਿਰਾ ਸੀ; ਪਰ ਬੜਾ ਫੁਰਤੀਲਾ ਸੀ।
ਮੈਂ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਕਦੇ ਬਿਮਾਰ ਹੋਏ ਨਹੀਂ ਵੇਖਿਆ। ਉਹ ਹਮੇਸ਼ਾਂ ਤੜਕੇ 4 ਵਜੇ ਉੱਠਦੇ, ਇਸ਼ਨਾਨ ਕਰਦੇ ਤੇ ਖੇਤੀ ਦੇ ਕੰਮ-ਧੰਦੇ ਨੂੰ ਜੁਟ ਜਾਂਦੇ ਸਨ। ਬੇਸ਼ੱਕ ਉਹ ਥੋੜ੍ਹੇ ਅੜ੍ਹਬ ਸੁਭਾਅ ਦੇ ਸਨ ਪਰ ਅੱਜ ਤੱਕ ਉਨ੍ਹਾਂ ਕਦੇ ਕਿਸੇ ਦਾ ਮਾੜਾ ਕਰਨਾ ਤਾਂ ਦੂਰ ਦੀ ਗੱਲ, ਕਦੇ ਮਾੜਾ ਕਰਨ ਬਾਰੇ ਸੋਚਿਆ ਵੀ ਨਹੀਂ ਸੀ। ਆਖ਼ਰੀ ਉਮਰੇ ਭਾਵ ਇਸੇ ਵਰ੍ਹੇ ਦੀ 30 ਅਪਰੈਲ ਨੂੰ ਕੁੱਝ ਦਿਨ ਬਿਮਾਰ ਰਹਿਣ ਪਿੱਛੋਂ ਉਨ੍ਹਾਂ ਦਾ ਅਚਾਨਕ ਦੇਹਾਂਤ ਹੋ ਜਾਣ ਨਾਲ ਮੇਰਾ ਦਿਲ ਪੂਰੀ ਤਰ੍ਹਾਂ ਝੰਜੋੜਿਆ ਗਿਆ
ਮੈਂ ਤਕਰੀਰ ਵਿਚ ਅਕਸਰ ਆਪਣੇ ਮਾਤਾ-ਪਿਤਾ ਬਾਰੇ ਇਹ ਗੱਲ ਜ਼ਰੂਰ ਕਰਿਆ ਕਰਦੇ ਹਾਂ ਕਿ ਮੈਂ ਉਨ੍ਹਾਂ ਨੂੰ ਕਦੇ ਅਨਪੜ੍ਹ ਨਹੀਂ ਆਖਦਾ, ਬੇਸ਼ੱਕ ਉਹ ਪੜ੍ਹੇ-ਲਿਖੇ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਮੈਨੂੰ ਉਚੇਰੀ ਵਿੱਦਿਆ ਦਿਵਾਉਣ ਲਈ ਆਪਣੀ ਹੱਡ-ਭੰਨਵੀਂ ਮਿਹਨਤ ਦੀ ਕਮਾਈ ਲਾਈ ਉਸੇ ਦੀ ਬਦੌਲਤ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਜਿਸ ਦਾ ਮੈਂ ਸਾਰੀ ਉਮਰ ਕਰਜਦਾਰ ਰਹਾਂਗਾਆਪਣੇ ਪਿਤਾ ਦੇ ਨੱਬੇ ਵਰਿ੍ਹਆਂ ਦੇ ਤਲਖ਼ ਤਜ਼ਰਬਿਆਂ ਵਿੱਚੋਂ ਦਿੱਤੀਆਂ ਜਿਨ੍ਹਾਂ ਨਸੀਹਤਾਂ ਨੂੰ ਮੈਂ ਮੰਨਿਆ, ਉਨ੍ਹਾਂ ਦੇ ਰਿਜ਼ਲਟ ਚੰਗੇ ਆਏ ਪਰ ਜਿਨ੍ਹਾਂ ਨਸੀਹਤਾਂ ਨੂੰ ਅੱਖੋਂ-ਪਰੋਖੇ ਕੀਤਾ ਉਨ੍ਹਾਂ ਦੇ ਨਤੀਜੇ ਮੈਂ ਅੱਜ ਤੱਕ ਭੁਗਤ ਰਿਹਾ ਹਾਂ।
ਉਨ੍ਹਾਂ ਦੇ ਇਸ ਜਹਾਨ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਜੋ ਉਹ ਮੇਰੇ ਨਾਲ ਸਾਂਝੀਆਂ ਨਹੀਂ ਕਰ ਸਕੇ ਜਾਂ ਮੈਂ ਉਨ੍ਹਾਂ ਨਾਲ ਸਾਂਝੀਆਂ ਨਹੀਂ ਕਰ ਸਕਿਆ ਉਹ ਅੱਜ ਵੀ ਮੇਰੇ ਜ਼ਿਹਨ ਅੰਦਰ ਗਲੇਡੂ ਬਣ ਮੈਨੂੰ ਝੰਜੋੜ ਰਹੀਆਂ ਹਨਆਈਸੋਲੇਸ਼ਨ ਵਾਰਡ ’ਚ ਹੋਣ ਕਾਰਨ ਉਨ੍ਹਾਂ ਦੇ ਅੰਤਿਮ ਸਮੇਂ ਸਾਡੇ ਕਿਸੇ ਵੀ ਪਰਿਵਾਰਕ ਮੈਂਬਰ ਦਾ ਉਨ੍ਹਾਂ ਕੋਲ ਨਾ ਹੋਣਾ ਤੇ ਉਨ੍ਹਾਂ ਨਾਲ ਕੋਈ ਗੱਲਬਾਤ ਨਾ ਕਰ ਸਕਣਾ, ਸਾਨੂੰ ਅੱਜ ਵੀ ਪਛਤਾਵੇ ਦਾ ਅਹਿਸਾਸ ਕਰਵਾਉਂਦਾ ਸੂਲਾਂ ਵਾਂਗ ਚੁਭਦਾ ਹੈ ਪਿਤਾ ਦੇ ਇਸ ਸੰਸਾਰ ਤੋਂ ਰੁਖਸਤ ਹੋਣ ਮਗਰੋਂ, ਬੱਸ! ਇਨ੍ਹਾਂ ਹਰਫਾਂ ਰਾਹੀਂ ਇਹੀ ਕਹਿ ਸਕਦਾ ਕਿ ਪਿਤਾ ਦੀ ਘਾਟ ਨੂੰ ਕੋਈ ਪੂਰੀ ਨਹੀ ਕਰ ਸਕਦਾ। ਮਾਂ-ਪਿਓ ਵਰਗਾ ਰਿਸ਼ਤਾ ਦੁਨੀਆ ’ਚ ਕੋਈ ਹੋਰ ਨਹੀਂ ਹੋ ਸਕਦਾ।
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ,
ਮੰਡੀ ਗੋਬਿੰਦਗੜ੍ਹ, ਫ਼ਤਹਿਗੜ੍ਹ ਸਾਹਿਬ
ਮੋ. 84376-60510
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।