ਪਹਿਲਾਂ ਕਿਸਾਨ ਅੰਦੋਲਨ ਦੀ ਹਮਾਇਤ ਹੋਵੇ ਜਾਂ ਹੁਣ ਕੋਰੋਨਾ ’ਚ ਆਕਸੀਜਨ ਦੀ ਸਪਲਾਈ ’ਚ ਮੱਦਦ ਦੀ ਗੱਲ ਹੋਵੇ, ਪ੍ਰਵਾਸੀ ਭਾਰਤੀ ਦੇਸ਼ ਲਈ ਸਦਾ ਤੱਤਪਰ ਰਹਿੰਦੇ ਹਨ। ਹੁਣ ਅਮਰੀਕਾ, ਯੂਰਪ, ਖਾੜੀ, ਸਿੰਗਾਪੁਰ, ਅਸਟਰੇਲੀਆ ਤੋਂ ਭਾਰਤ ਲਈ ਪ੍ਰਵਾਸੀ ਭਾਰਤੀ ਆਪਣੇ ਪੱਧਰ ’ਤੇ ਅਤੇ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਹਾਰ ਲਾ ਕੇ ਭਾਰਤ ’ਚ ਹਸਪਤਾਲਾਂ ’ਚ ਦਵਾਈਆਂ, ਆਕਸੀਜਨ, ਬੈੱਡ, ਖਾਣਾ, ਫ਼ਲ-ਫਰੂਟ ਪਹੁੰਚਾਉਣ ਲਈ ਜੀ-ਤੋੜ ਮਿਹਨਤ ਕਰ ਰਹੇ ਹਨ।
ਪ੍ਰਵਾਸੀ ਭਾਰਤੀਆਂ ਵੱਲੋਂ ਕੀਤੀ ਜਾ ਰਹੀ ਇਸ ਮੱਦਦ ਨਾਲ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ। ਇੱਧਰ ਭਾਰਤ ਸਰਕਾਰ ਨੂੰ ਕੁਝ ਵੀ ਨਹੀਂ ਸੁੱਝ ਰਿਹਾ, ਸਰਕਾਰ ’ਚ ਬੈਠੇ ਲੋਕਾਂ ਨੂੰ ਮਾਰਚ -ਅਪਰੈਲ ’ਚ ਵੀ ਅੰਦਾਜ਼ਾ ਨਹੀਂ ਸੀ ਕਿ ਆਉਣ ਵਾਲੇ ਦਿਨਾਂ ’ਚ ਦੇਸ਼ ’ਤੇ ਕਿੰਨੀ ਵੱਡੀ ਆਫ਼ਤ ਆਉਣ ਵਾਲੀ ਹੈ। ਸਰਕਾਰ ਨੇ ਪਹਿਲਾਂ ਕਿਸਾਨ ਬਿੱਲਾਂ ’ਤੇ ਹੱਦ ਦਰਜ਼ੇ ਦੀ ਜਿੱਦ ਦਿਖਾਈ ਅਤੇ ਉਸ ਤੋਂ ਬਾਅਦ ਦੇਸ਼ ਦੇ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਰੈਲੀਆਂ ਅਤੇ ਹਰਿਦੁਆਰ ’ਚ ਧਾਰਮਿਕ ਉਤਸਵ ਕੁੰਭ ’ਚ ਕੋਈ ਚਿੰਤਾ ਨਹੀਂ ਦਿਖਾਈ, ਜਦੋਂਕਿ ਉਹ ਸਮਾਂ ਦੇਸ਼ ’ਚ ਤੇਜ਼ੀ ਨਾਲ ਵੈਕਸੀਨੇਸ਼ਨ ਕਰਨ ਅਤੇ ਦੇਸ਼ ਦੇ ਹਸਪਤਾਲਾਂ ’ਚ ਜੀਵਨ ਰੱਖਿਆ ਪ੍ਰਣਾਲੀਆਂ ਨੂੰ ਦਰੁਸਤ ਕਰਨ ਦਾ ਸੀ।
ਪਿਛਲੇ ਸਾਲ ਮਾਰਚ ’ਚ ਲੱਗੇ ਲਾਕਡਾਊਨ ਦੀ ਅੱਧੀ ਫ਼ਿਕਰ ਵੀ ਇਸ ਮਾਰਚ ’ਚ ਸਰਕਾਰ ਕਰ ਲੈਂਦੀ ਤਾਂ ਅੱਜ ਸ਼ਾਇਦ ਦੇਸ਼ ਦਾ ਏਨਾ ਬੁਰਾ ਹਾਲ ਨਾ ਹੁੰਦਾ। ਜੇਕਰ ਦੇਸ਼ ਦੀਆਂ ਸਮਾਜਸੇਵੀ ਸੰਸਥਾਵਾਂ, ਪ੍ਰਵਾਸੀ ਭਾਰਤੀ ਅਤੇ ਅਦਾਲਤਾਂ ਸਰਕਾਰ ਨੂੰ ਸਥਿਤੀ ਦੀ ਭਿਆਨਕਤਾ ਨਾ ਸਮਝਾਉਂਦੇ ਤਾਂ ਦੇਸ਼ ਦਾ ਹਾਲ ਬਦ ਤੋਂ ਬਦਤਰ ਹੋ ਜਾਣਾ ਸੀ। ਮੁਸ਼ਕਲ ਸਮਾਂ ਹੈ ਇਹ ਵੀ ਬਿਤਾ ਲਿਆ ਜਾਵੇਗਾ, ਸਰਕਾਰ ਅਤੇ ਆਮ ਜਨਤਾ ਦੇਸ਼ ਦੇ ਪ੍ਰਸ਼ਾਸਨਿਕ ਤੰਤਰ, ਪ੍ਰਵਾਸੀਆਂ ਅਤੇ ਸਵਾਜਸੇਵੀ ਸੰਸਥਾਵਾਂ ਦਾ ਸ਼ੁਕਰੀਆ ਕਰਨ ਜੋ ਦਿਨ-ਰਾਤ, ਪਲ-ਪਲ ਇੱਕ-ਇੱਕ ਜ਼ਿੰਦਗੀ ਬਚਾਉਣ ਲਈ ਭੱਜ-ਨੱਠ ਕਰ ਰਹੇ ਹਨ।
ਸਰਕਾਰ ਨੂੰ ਭਵਿੱਖ ਲਈ ਇਸ ਆਫ਼ਤ ਦੀ ਘੜੀ ’ਚ ਦੇਸ਼ ਨੂੰ ਆਈਆਂ ਮੁਸ਼ਕਲਾਂ ’ਤੇ ਵਿਸਥਾਰ ਰਿਪੋਰਟ ਤਿਆਰ ਕਰਨੀ ਚਾਹੀਦੀ ਹੈ। ਸਰਕਾਰ ਨੂੰ ਭਾਰਤ ਦੀ ਦੇਸ਼-ਦੁਨੀਆ ’ਚ ਬੌਧਿਕ, ਆਰਥਿਕ, ਸਮਾਜਿਕ, ਤਕਨੀਕੀ ਵਸੀਲਿਆਂ ਦੀ ਉਪਲੱਬਧਤਾ ਅਤੇ ਦੇਸ਼ ਦੀਆਂ ਤਮਾਮ ਜ਼ਰੂੂਰਤਾਂ ਦਾ ਖਰੜਾ ਤਿਆਰ ਕਰਨਾ ਚਾਹੀਦਾ ਹੈ। ਮੁਸ਼ਕਲ ਸਮੇਂ ’ਚ ਪਤਾ ਲੱਗ ਰਿਹਾ ਹੈ ਕਿ ਦੇਸ਼ ਕੋਲ ਕੀ-ਕੀ ਹੈ, ਸਮੱਸਿਆ ’ਤੇ ਕਾਬੂ ਪਾਉਣ ਲਈ ਕਿੰਨਾ ਸਮਾਂ, ਕਿੰਨਾ ਧਨ ਚਾਹੀਦਾ ਹੈ।
ਸਭ ਤੋਂ ਮਹੱਤਵਪੂਰਨ ਹੈ ਕਿ ਤਮਾਮ ਵਸੀਲਿਆਂ ਦਾ ਸਮਾਂਬੱਧ ਉਪਯੋਗ ਕਿਵੇਂ ਕਰਨਾ ਹੈ। ਦੇਸ਼ ਦੀ ਬੌਧਿਕ ਸੰਪਦਾ, ਆਰਥਿਕ ਵਸੀਲਿਆਂ ਦੀ ਬਹੁਤ ਵੱਡੀ ਲੜੀ ਦੇਸ਼ ਤੋਂ ਬਾਹਰ ਬੈਠੀ ਹੈ। ਇਸ ਨੂੰ ਜੋੜਿਆ ਜਾਵੇ, ਸੰਕਟ ਦੇ ਸਮੇਂ ਇਸ ਦੀਆਂ ਸੇਵਾਵਾਂ ਸੂਬਾ ਸਰਕਾਰਾਂ, ਨਿੱਜੀ ਖੇਤਰ ਵਾਂਗ ਸੁਚੱਜੇ ਤਰੀਕੇ ਨਾਲ ਹਾਸਲ ਕੀਤੀਆਂ ਜਾਣ।
ਦੇਸ਼ ਦੇ ਤਮਾਮ ਆਗੂ ਕੋਰੋਨਾ ਤੋਂ ਉੱਭਰਨ ਤੋਂ ਬਾਅਦ ਸਿਆਸੀ ਸੋਚ ’ਚ ਕ੍ਰਾਂਤੀਕਾਰੀ ਬਦਲਾਵਾਂ ਵੱਲ ਵਧਣ ਸਿਰਫ਼ ਵੋਟ ਹਾਸਲ ਕਰਨਾ, ਦੇਸ਼ ਨੂੰ ਜਾਤੀ, ਧਰਮ, ਖੇਤਰ ’ਚ ਵੰਡ ਕੇ ਦੇਖਣਾ, ਆਰਥਿਕ ਵਸੀਲਿਆਂ ਦਾ ਦਿਖਾਵਾ ਜਾਂ ਫਿਜ਼ੂਲ ਕੰਮਾਂ ’ਚ ਫਿਜ਼ੁੂਲ ਖਰਚ ਕਰਨਾ ਬੰਦ ਕਰਨਾ ਹੋਵੇਗਾ। ਅੰਦਰੋ ਅਤੇ ਬਾਹਰੋਂ ਦੇਸ਼ ਨੂੰ ਇੱਕਜੁਟ ਕੀਤਾ ਜਾਵੇ, ਦੇਸ਼ ਦੇ ਸਮੂਹ ਵਸੀਲੇ ਦੇਸ਼ ਦੇ ਹਰ ਨਾਗਰਿਕ ਨੂੰ ਵਿਕਾਸ ਦਾ ਲਾਭ ਦੇਣ, ਇਹ ਕੰਮ ਆਉਣ ਵਾਲੀ ਪੀੜ੍ਹੀ ’ਤੇ ਨਹੀਂ ਛੱਡਿਆ ਜਾਣਾ ਚਾਹੀਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।