ਅੱਧੀ ਸਦੀ ਦੀ ਜੀਵਨ ਯਾਤਰਾ, ਹਰ ਕਦਮ ’ਤੇ ਬਦਲਾਅ

ਦੋਸਤੋ, ਮਿੱਤਰੋ ਤੇ ਸਾਹਿਪਾਠੀਓ ਇਹ ਅੱਧੀ ਸਦੀ ਦੀ ਜੀਵਨ ਯਾਤਰਾ ਮੇਰੀ ਨਹੀਂ, ਹਰ ਉਸ ਮੇਰੇ ਦੋਸਤ, ਮਿੱਤਰ ਤੇ ਸਹਿਪਾਠੀ ਦੀ ਹੈ, ਜਿਸ ਨੇ ਆਪਣੇ ਜੀਵਨ ਦੇ 50 ਸਾਲ ਪੂਰੇ ਕਰ ਲਏ ਹਨ ਜਾਂ ਫਿਰ ਪੂਰੇ ਕਰਨ ਵਾਲੇ ਹਨ। ਇਹ ਅੱਧੀ ਸਦੀ ਦੀ ਜੀਵਨ ਯਾਤਰਾ ਬਚਪਨ ਤੋਂ ਲੈ ਕੇ ਬੁਢਾਪੇ ਵੱਲ ਜਾਣ ਤੱਕ ਦਾ ਸਫ਼ਰ ਹੈ। ਇਸ ਸਫ਼ਰ ਦੌਰਾਨ ਇੰਨੇ ਬਦਲਾਅ ਆਏ ਕਿ ਇਸ ਦਾ ਸ਼ਾਇਦ ਮੈਨੂੰ ਕੋਈ ਪਤਾ ਨਹੀਂ। ਪਰ ਜੋ ਬਦਲਾਅ ਆਏ ਉਹ ਸਮੇਂ ਦੀ ਮੰਗ ਵੀ ਸੀ, ਪਰ ਐਨੀ ਤੇਜ਼ੀ ਨਾਲ ਆਉਣਗੇ ਇਸ ਦਾ ਅੰਦਾਜ਼ਾ ਨਹੀਂ ਸੀ।

ਪਰ ਮੇਰਾ ਮੰਨਣਾ ਹੈ ਕਿ ਉਹ ਬਦਲਾਅ ਸ਼ਾਇਦ ਹੀ ਸਾਡੇ ਤੋਂ ਇਲਾਵਾ ਕੋਈ ਹੋਰ ਅੱਧੀ ਸਦੀ ਦੀ ਜੀਵਨ ਯਾਤਰਾ ਵਿਚ ਦੇਖ ਸਕਣਗੇ। ਹੁਣ ਸਮਝ ਇਹ ਨਹੀਂ ਆਉਂਦਾ ਕਿ ਇਸ ਜੀਵਨ ਯਾਤਰਾ ਦੀ ਸ਼ੁਰੂਆਤ ਕਿੱਥੋਂ ਤੇ ਕਿਵੇਂ ਕਰਾਂ। ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਮੈਂ ਆਪਣੀ ਅੱਧੀ ਸਦੀ ਦੀ ਜੀਵਨ ਯਾਤਰਾ ਬਚਪਨ ਤੋਂ ਸ਼ੁਰੂ ਕਰ ਰਿਹਾ ਹਾਂ ਕਿ ਕਿਸ ਤਰ੍ਹਾਂ ਬਦਲਾਅ ਦਾ ਦੌਰ ਸ਼ੁਰੂ ਹੋਇਆ ਕਿ ਅੱਜ ਤੱਕ ਨਹੀਂ ਰੁਕਿਆ। ਅੱਜ ਦੇ ਸਮਾਜ ਦੀ ਅਸੀਂ ਹੀ ਇੱਕ ਉਹ ਪੀੜ੍ਹੀ ਹੀ ਹਾਂ ਜਿਨ੍ਹਾਂ ਪਹਿਲਾਂ ਮਾਂ-ਬਾਪ ਦੀ ਵੀ ਗੱਲ ਮੰਨੀ ਤੇ ਹੁਣ ਬੱਚਿਆਂ ਦੀ ਵੀ ਮੰਨ ਰਹੇ ਹਾਂ।

ਅਸੀਂ ਉਹ ਆਖਰੀ ਪੀੜ੍ਹੀ ਹੀ ਹਾਂ ਜਿਨ੍ਹਾਂ ਨੇ ਬਲਦ ਗੱਡੀ ਤੋਂ ਲੈ ਕੇ ਸੋਨਿਕਾ ਜੈੱਟ ਦੇਖਿਆ, ਬੇਰੰਗ ਖ਼ਤ, ਫੋਨ ਤੋਂ ਲੈ ਕੇ ਲਾਈਵ ਚੈਟ ਦੇਖੀ ਹੈ ਅਤੇ ਵਰਚੁਅਲ ਮੀਟਿੰਗ, ਜਿਹੜੀ ਕਿ ਬਹੁਤ ਅਸੰਭਵ ਲੱਗਦੀ ਸੀ, ਕਰ ਕੇ ਵੇਖੀ। ਇਹੋ-ਜਿਹੇ ਹੋਰ ਬਹੁਤ ਸਾਰੇ ਬਦਲਾਅ ਵੇਖੇ ਜੋ ਹੋਰ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਦੇਖ ਸਕਣਗੀਆਂ।

ਅਸੀਂ ਉਹ ਆਖਰੀ ਪੀੜ੍ਹੀ ਹੀ ਹਾਂ ਜਿਨ੍ਹਾਂ ਮਿੱਟੀ ਦੇ ਘਰਾਂ ਵਿੱਚ ਦਾਦਾ-ਦਾਦੀ ਤੋਂ ਪਰੀਆਂ ਤੇ ਰਾਜਿਆਂ ਦੀਆਂ ਕਹਾਣੀਆਂ ਸੁਣੀਆਂ, ਜ਼ਮੀਨ ’ਤੇ ਬੈਠ ਕੇ ਖਾਣਾ ਖਾਧਾ ਹੈ, ਪਲੇਟਾਂ ਵਿੱਚ ਚਾਹ ਪਾ ਕੇ ਪੀਤੀ ਐ ਅਸੀਂ ਹੀ ਹਾਂ ਜਿਹੜੇ ਮੁਹੱਲੇ ਵਿੱਚ ਗੁੱਲੀ ਡੰਡਾ, ਲੁਕਣਮੀਟੀ, ਖੋ-ਖੋ, ਕਬੱਡੀ ਤੇ ਬੰਟਿਆਂ ਵਰਗੀਆਂ ਖੇਡਾਂ ਖੇਡੀਆਂ ਹਨ।

ਅਸੀਂ ਉਹ ਆਖਰੀ ਪੀੜ੍ਹੀ ਹੀ ਹਾਂ ਜਿਨ੍ਹਾਂ ਨੇ ਜਿਹੜੇ ਆਪਣੇ ਵਾਲਾਂ ਵਿੱਚ ਕਿਸੇ ਵੀ ਪ੍ਰੋਗਰਾਮ ਜਾਂ ਸਕੂਲ ਜਾਂਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਸਰੋ੍ਹਂ ਦਾ ਤੇਲ ਲਾ ਕੇ ਜਾਂਦੇ। ਸਿਆਹੀ ਵਾਲੀ ਦਵਾਤ, ਪੈੱਨ ਕਾਪੀ ਕਿਤਾਬਾਂ, ਕੱਪੜੇ, ਹੱਥ, ਕਾਲੇ ਕੀਤੇ ਤੇ ਫੱਟੀ ’ਤੇ ਕਾਨੇ ਦੀ ਕਲਮ ਨਾਲ ਲਿਖਿਆ ਹੈ। ਜਿਨ੍ਹਾਂ ਨੇ ਆਪਣੇ ਟੀਚਰਾਂ ਤੋਂ ਮਾਰ ਖਾਧੀ ਹੈ ਤੇ ਘਰ ਪਤਾ ਲੱਗਣ ’ਤੇ ਫਿਰ ਘਰ ਵਾਲਿਆਂ ਤੋਂ ਮਾਰ ਖਾਧੀ ਹੈ।

ਅਸੀਂ ਉਹ ਆਖਰੀ ਪੀੜ੍ਹੀ ਦੇ ਲੋਕ ਹਾਂ ਜਿਨ੍ਹਾਂ ਚੰਨ ਦੀ ਚਾਂਦਨੀ, ਦੀਵੇ, ਲਾਲਟੈਨ ਜਾਂ ਪੀਲੇ ਬੱਲਬ ਦੀ ਰੌਸ਼ਨੀ ਵਿੱਚ ਸਕੂਲ ਦਾ ਹੋਮ ਵਰਕ ਕੀਤਾ ਹੈ ਤੇ ਦਿਨ ਦੇ ਚਾਨਣ ਵਿੱਚ ਚਾਦਰ ਦੇ ਅੰਦਰ ਮੂੰਹ ਛੁਪਾ ਕੇ ਨਾਵਲ ਵੀ ਪੜੇ੍ਹੇ ਹਨ। ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਆਪਣੇ ਜਜ਼ਬਾਤ ਖ਼ਤਾਂ ਰਾਹੀਂ ਸਾਂਝੇ ਕੀਤੇ

ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਕੂਲਰ, ਏ. ਸੀ. ਜਾਂ ਹੀਟਰ ਦੇ ਬਿਨਾਂ ਬਚਪਨ ਗੁਜ਼ਾਰਿਆ ਹੈ ਤੇ ਬਹੁਤਿਆਂ ਨੇ ਤਾਂ ਬਿਜਲੀ ਤੋਂ ਬਿਨਾਂ ਹੀ ਬਚਪਨ ਗੁਜ਼ਾਰਿਆ ਹੈ।

ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਜਿਹੜੇ ਮੁਹੱਲੇ ’ਚ ਬਜ਼ੁਰਗਾਂ ਨੂੰ ਦੂਰੋਂ ਦੇਖ ਡਰ ਦੇ ਮਾਰੇ ਘਰ ਆ ਜਾਂਦੇ ਸੀ ਤੇ ਸਮਾਜ ਵਿੱਚ ਬਜ਼ੁਰਗਾਂ ਤੋਂ ਬਹੁਤ ਡਰਦੇ ਸੀ, ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸੀ।

ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਸਕੂਲ ਟਾਈਮ ਵਿੱਚ ਕੱਪੜੇ ਦੇ ਬੂਟਾਂ ਨੂੰ ਚਾਕ ਮਿੱਟੀ ਲਾ-ਲਾ ਕੇ ਚਮਕਾਇਆ ਸੀ।

ਅਸੀਂ ਉੁਹ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਗੁੜ ਦੀ ਚਾਹ ਪਸੰਦ ਕੀਤੀ, ਜਿਨ੍ਹਾਂ ਨੇ ਕਾਲ਼ਾ ਜਾਂ ਲਾਲ ਦੰਦ ਮੰਜਨ ਤੇ ਸਫੇਦ ਕੋਲਗੇਟ ਦੰਦਾਂ ਵਾਲਾ ਪਾਊਡਰ ਵੀ ਪਰਤਿਆ ਹੈ ਤੇ ਕਦੇ-ਕਦੇ ਲੂਣ ਤੇ ਕੋਲੇ ਨਾਲ ਵੀ ਦੰਦ ਸਾਫ਼ ਕੀਤੇ ਹਨ।

ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਜਿਹੜੇ ਕਿ ਚਾਨਣੀਆਂ ਰਾਤਾਂ ਵਿੱਚ ਬੀਬੀਸੀ ਦੀਆਂ ਖ਼ਬਰਾਂ, ਵਿਵਧ ਭਾਰਤੀ, ਆਲ ਇੰਡੀਆ ਰੇਡੀਓ, ਬਿਨਾਕਾ ਗੀਤ ਮਾਲਾ ਤੇ ਹਵਾ ਮਹਿਲ ਵਰਗੇ ਪ੍ਰੋਗਰਾਮ ਪੂਰੀ ਸ਼ਿੱਦਤ ਨਾਲ ਸੁਣਦੇ ਸਾਂ।

ਅਸੀਂ ਉਸ ਪੀੜੀ ਦੇ ਅਖ਼ੀਰਲੇ ਇਨਸਾਨ ਹੋਵਾਂਗੇ ਜਿਹੜੇ ਸ਼ਾਮ ਨੂੰ ਛੱਤ ’ਤੇ ਪਾਣੀ ਦਾ ਛਿੜਕਾਅ ਕਰਦੇ ਸੀ, ਉਸ ਤੋਂ ਬਾਅਦ ਮੰਜੇ ਬਿਸਤਰੇ ਵਿਛਾ ਕੇ ਇੱਕ ਸਟੈਂਡ ਵਾਲਾ ਪੱਖਾ ਲਾ ਕੇ ਸਾਰਿਆਂ ਲਈ ਹਵਾ ਦਾ ਪ੍ਰਬੰਧ ਕਰਦੇ ਸੀ

ਅਸੀਂ ਜੋ ਰਿਸ਼ਤਿਆਂ ਦੀ ਮਿਠਾਸ ਹੰਢਾਈ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਾਇਦ ਹੀ ਨਸੀਬ ਹੋਵੇ। ਸਾਨੂੰ ਅੱਜ-ਕੱਲ੍ਹ ਵਿਆਹ-ਸ਼ਾਦੀਆਂ ਵਿੱਚ ਵੀ ਖਾਣ ਦਾ ਉਹ ਮਜ਼ਾ ਨਹੀਂ ਆਉਂਦਾ ਜੋ ਕਿਸੇ ਵੇਲੇ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਹੁੰਦਾ ਸੀ ਬਹੁਤ ਹੋਰ ਵੀ ਯਾਦਾਂ ਹਨ ਉਹ ਆਪਣੇ ਅਗਲੇ ਸਫ਼ਰ ਦੀਆਂ ਯਾਦਾਂ ਵਿਚ ਜ਼ਿਕਰ ਕਰਾਂਗੇ।

ਸਰਬਜੀਤ ਲੁਧਿਆਣਵੀ
ਮੋ. 98144-12483

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।