ਆਈਪੀਐਲ ਮੁਕਾਬਲੇ ’ਚ ਸਨਰਾਈਜ਼ ਹੈਦਰਾਬਾਦ ਨੂੰ 55 ਦੌੜਾਂ ਨਾਲ ਹਰਾਇਆ, ਬਟਲਰ ਬਣੇ ਮੈਨ ਆਫ਼ ਦ ਮੈਚ
ਏਜੰਸੀ, ਨਵੀਂ ਦਿੱਲੀ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ-14) ਦੇ 28ਵੇਂ ਮੁਕਾਬਲੇ ’ਚ ਰਾਜਸਥਾਨ ਰਾਇਲਜ਼ ਨੇ ਸਨਰਾਈਜ਼ ਹੈਦਰਾਬਾਦ ਨੂੰ 55 ਦੌੜਾਂ ਨਾਲ ਹਰਾਇਆ। ਰਾਜਸਥਾਨ ਦੀ ਇਸ ਸੀਜਨ ’ਚ ਇਹ ਤੀਜੀ ਜਿੱਤ ਹੈ। ਸਨਰਾਈਜ਼ ਹੈਦਰਾਬਾਦ ਨੇ ਟਾਸ ਜਿੱਤ ਕੇ ਰਾਜਸਥਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਰਾਜਸਥਾਨ ਰਾਇਲਜ਼ ਨੇ ਜੋਸ ਬਟਲਰ ਦੀਆਂ 124 ਦੌੜਾਂ ਦੀ ਬਦੌਲਤ 20 ਓਵਰਾਂ ’ਚ 3 ਵਿਕਟਾਂ ’ਤੇ 220 ਦੌੜਾਂ ਬਣਾਈਆਂ। ਜਵਾਬ ’ਚ ਸਨਰਾਈਜ਼ ਦੀ ਟੀਮ 20 ਓਵਰਾਂ ’ਚ 8 ਵਿਕਟਾਂ ’ਤੇ 165 ਦੌੜਾਂ ਹੀ ਬਣਾ ਸਕੀ।
ਰਾਜਸਥਾਨ ਰਾਇਲਜ਼ ਦੀ ਇਸ ਸੀਜਨ ’ਚ ਇਹ ਤੀਜੀ ਜਿੱਤ ਹੈ। ਉੱਥੇ ਹੈਦਰਾਬਾਦ ਦੀ ਇਹ 7 ਮੈਚਾਂ ’ਚ ਛੇਵੀਂ ਹਾਰ ਹੈ, ਰਾਜਸਥਾਨ ਅੰਕ ਸੂਚੀ ’ਚ 6 ਅੰਕਾਂ ਨਾਲ ਪੰਜਵੇਂ ਨੰਬਰ ’ਤੇ ਹੈ। ਦੂਜੇ ਪਾਸੇ ਹੈਦਰਾਬਾਦ ਦੀ ਟੀਮ ਸਭ ਤੋਂ ਹੇਠਲੇ ਸਥਾਨ ’ਤੇ ਹੈ। 221 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਹੈਦਰਾਬਾਦ ਲਈ ਮਨੀਸ਼ ਪਾਂਡੇ (31 ਦੌੜਾਂ) ਅਤੇ ਜਾਨੀ ਬੇਅਰਸਟੋ (30 ਦੌੜਾਂ) ਨੇ ਪਹਿਲੀ ਵਿਕਟ ਲਈ 57 ਦੌੜਾਂ ਜੋੜੀਆਂ। ਹਾਲਾਂਕਿ ਇਸ ਤੋਂ ਬਾਅਦ ਟੀਮ ਲੜਖੜਾ ਗਈ ਡੇਵਿਡ ਵਾਰਨਰ ਦੀ ਜਗ੍ਹਾ ਕਪਤਾਨੀ ਕਰ ਰਹੇ ਕੇਨ ਵਿਲੀਅਮਜ਼ ਨੇ 20 ਦੌੜਾਂ ਬਣਾਈਆਂ। ਰਾਜਸਥਾਨ ਰਾਇਲਜ਼ ਵੱਲੋਂ ਕ੍ਰਿਸ ਮੋਰਿਸ ਅਤੇ ਮੁਸਤਾਫਿਜੁਰ ਰਹਿਮਾਨ ਨੇ ਤਿੰਨ-ਤਿੰਨ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਜੋਸ ਬਟਲਰ (124 ਦੌੜਾਂ) ਦੀ ਟੀ-20 ਕਰੀਅਰ ਦੇ ਪਹਿਲੇ ਸੈਂਕੜੇ ਅਤੇ ਕਪਤਾਨ ਸੰਜੂ ਸੈਮਸਨ (48 ਦੌੜਾਂ) ਨਾਲ ਦੂਜੀ ਵਿਕਟ ਲਈ 150 ਦੌੜਾਂ ਦੀ ਸਾਂਝੇਦਾਰੀ ਦੇ ਦਮ ’ਤੇ ਰਾਜਸਥਾਨ ਰਾਇਲਜ਼ ਨੇ ਤਿੰਨ ਵਿਕਟਾਂ ’ਤੇ 220 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ। ਬਟਲਰ ਨੇ 64 ਗੇਂਦਾਂ ਦੀ ਪਾਰੀ ’ਚ 11 ਚੌਕੇ ਅਤੇ 8 ਛੱਕੇ ਲਾ ਕੇ ਮੌਜ਼ੂਦਾ ਆਈਪੀਐਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪਾਰੀ ਖੇਡੀ। ਨਵੇਂ ਕਪਤਾਨ ਕੇਨ ਵਿਲੀਅਮਜ਼ ਦੀ ਅਗਵਾਈ ’ਚ ਉੱਤਰੀ ਸਨਰਾਈਜ਼ ਹੈਦਰਾਬਾਦ ਦੀ ਟੀਮ ’ਚ ਸਾਬਕਾ ਕਪਤਾਨ ਡੇਵਿਡ ਵਾਰਨਰ ਨੂੰ ਆਖਰੀ-11 ’ਚ ਜਗ੍ਹਾ ਨਹੀਂ ਮਿਲੀ।
ਕਪਤਾਨੀ ’ਚ ਬਦਲਾਅ ਨਾਲ ਟੀਮ ਦੀ ਰਣਨੀਤੀ ’ਚ ਵੀ ਬਦਲਾਅ ਨਜ਼ਰ ਆਇਆ। ਜਦੋਂ ਰਾਸ਼ਿਦ ਖਾਨ ਨੂੰ ਪਾਵਰ ਪਲੇਅ ’ਚ ਤੀਜੇ ਓਵਰ ’ਚ ਹੀ ਗੇਂਦਬਾਜ਼ੀ ਦੀ ਕਮਾਨ ਸੌਂਪੀ ਅਤੇ ਉਨ੍ਹਾਂ ਨੇ ਇਸ ਨੂੰ ਸਹੀ ਸਾਬਤ ਕਰਦਿਆਂ ਯਸ਼ਵੀ ਜਾਇਸਵਾਲ (12 ਦੌੜਾਂ) ਨੂੰ ਲੱਤ ਅੜਿੱਕਾ ਆਊਟ ਕੀਤਾ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਕ੍ਰੀਜ ‘ਤੇ ਕਦਮ ਰੱਖਦਿਆਂ ਹੀ ਖਲੀਲ ਅਹਿਮਦ ਦੀ ਗੇਂਦ ’ਤੇ ਛੱਕੇ ਨਾਲ ਖਾਤਾ ਖੋਲ੍ਹਿਆ ਇਸੇ ਓਵਰ ਦੀ ਚੌਥੀ ਗੇਂਦ ’ਤੇ ਬਟਲਰ ਨੇ ਵੀ ਆਪਣਾ ਪਹਿਲਾ ਚੌਕਾ ਜੜਿਆ।
ਬਟਲਰ ਨੂੰ ਰਾਸ਼ਿਦ ਦੇ ਅਗਲੇ ਓਵਰ ’ਚ ਉਸ ਸਮੇਂ ਜੀਵਨਦਾਨ ਮਿਲਿਆ ਜਦੋਂ ਵਿਜੈ ਸ਼ੰਕਰ ਨੇ ਉਨ੍ਹਾਂ ਦਾ ਮੁਸ਼ਕਲ ਕੈਚ ਛੱਡ ਦਿੱਤਾ। ਉਨ੍ਹਾਂ ਨੇ ਛੇਵੇਂ ਓਵਰ ’ਚ ਗੇਂਦਬਾਜ਼ੀ ਲਈ ਆਏ ਭੁਵਨੇਸ਼ਵਰ ਖਿਲਾਫ ਦੋ ਚੌਕੇ ਲਾਏ, ਜਿਸ ਨਾਲ ਪਾਵਰ ਪਲੇਅ ’ਚ ਰਾਜਸਥਾਨ ਦਾ ਸਕੋਰ 42 ਦੌੜਾਂ ਹੋ ਗਿਆ। ਬਟਲਰ ਨੇ 39 ਗੇਂਦਾਂ ’ਚ ਅਰਧ ਸੈਂਕੜਾ ਪੂਰਾ ਕੀਤਾ। ਰਾਸ਼ਿਦ ਖਾਨ ਹੈਦਰਾਬਾਦ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ, ਉਨ੍ਹਾਂ ਨੇ ਚਾਰ ਓਵਰਾਂ ’ਚ 24 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।