400ਵੇਂ ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼
ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਬਰਾਬਰੀ ਹਿੱਤ ਆਪਾ ਨਿਛਾਵਰ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪਹਿਲੀ ਅਪਰੈਲ 1621 ਈ. ਨੂੰ ਪਿਤਾ ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਹੋਇਆ। ਆਪ ਜੀ ਆਪਣੇ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਥਾਂ ’ਤੇ ਸਨ। ਬਚਪਨ ਤੋਂ ਹੀ ਆਪ ਸੰਤ ਸੁਭਾਅ, ਸੋਚਵਾਨ, ਦਲੇਰ, ਤਿਆਗੀ ਤੇ ਪਰਉਪਕਾਰੀ ਤਬੀਅਤ ਦੇ ਮਾਲਕ ਸਨ। ਗੁਰਮਤਿ ਦੇ ਗਿਆਤਾ ਹੋਣ ਦੇ ਨਾਲ ਹੀ ਆਪ ਜੰਗੀ ਪੈਂਤੜਿਆਂ ਤੋਂ ਵੀ ਪੂਰੀ ਤਰ੍ਹਾਂ ਜਾਣਕਾਰ ਹੋ ਗਏ। 1634 ਈ. ਨੂੰ ਆਪ ਜੀ ਦਾ ਵਿਆਹ ਮਾਤਾ ਗੁਜਰ ਕੌਰ ਜੀ ਨਾਲ ਹੋਇਆ ਵਿਆਹ ਤੋਂ 32 ਸਾਲ ਬਾਅਦ ਆਪ ਜੀ ਨੂੰ ਗੋਬਿੰਦ ਰਾਏ ਦੇ ਰੂਪ ਵਿਚ ਪੁੱਤਰ ਦੀ ਦਾਤ ਪ੍ਰਾਪਤ ਹੋਈ।
ਗੁਰੂ ਘਰ ਪ੍ਰਤੀ ਸਮੱਰਪਣ ਦੀ ਭਾਵਨਾ ਨੂੰ ਦੇਖ ਕੇ ਸੱਤਵੇਂ ਪਾਤਸ਼ਾਹ ਨੇ (ਗੁਰੂ) ਤੇਗ ਬਹਾਦਰ ਸਾਹਿਬ ਨੂੰ 1656 ਈ. ਵਿੱਚ ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿ ਪੂਰਬੀ ਪ੍ਰਾਂਤਾਂ ਵਿੱਚ ਗੁਰਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਨ੍ਹਾਂ ਨੇ ਇੱਕ ਪ੍ਰਚਾਰਕ ਜੱਥਾ ਤਿਆਰ ਕਰ ਲਿਆ। ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕਿ੍ਰਸ਼ਨ ਜੀ ਆਪਣੇ ਜੋਤੀ-ਜੋਤ (30 ਮਾਰਚ 1664 ਈ.) ਸਮਾਉਣ ਤੋਂ ਇੱਕ ਦਿਨ ਪਹਿਲਾਂ ਗੁਰਤਾ-ਗੱਦੀ ਦੀ ਸੌਂਪਣਾ ਆਦਿ ਆਪਣੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ‘ਬਾਬਾ ਬਕਾਲੇ’ ਦੇ ਸ਼ਬਦਾਂ ਨਾਲ ਕਰ ਗਏ ਸਨ, ਪਰ ਇਸ ਐਲਾਨ ਦਾ ਵੱਡੀ ਪੱਧਰ ’ਤੇ ਪ੍ਰਚਾਰ ਨਾ ਹੋਣ ਕਰਕੇ ਇਸ ਮੌਕੇ ਦਾ ਲਾਭ ਕਈ ਸਵਾਰਥੀ ਅਤੇ ਭੇਖਧਾਰੀ ਲੋਕਾਂ ਨੇ ਵੀ ਲੈਣਾ ਚਾਹਿਆ।
ਉਹ ਬਾਬਾ ਬਕਾਲਾ ਸਾਹਿਬ ਵਿਖੇ ਆਪੋ-ਆਪਣੀਆਂ ਗੱਦੀਆਂ ਲਾ ਕੇ ਬੈਠ ਗਏ। ਇਸ ਤਰ੍ਹਾਂ ਇਨ੍ਹਾਂ ਨਕਲਧਾਰੀ ਗੁਰੂਆਂ ਦੀ ਤਾਦਾਦ 22 ਦੇ ਕਰੀਬ ਪਹੁੰਚ ਗਈ। ਵਪਾਰੀ ਮੱਖਣ ਸ਼ਾਹ ਨੇ ਦੇਖਿਆ ਕਿ ਇੱਥੇ ਕੋਈ ਇੱਕ ਨਹੀਂ, ਸਗੋਂ ਬਹੁਗਿਣਤੀ ਆਪਣੇ-ਆਪ ਨੂੰ ਸ੍ਰੀ ਗੁਰੂ ਹਰਕਿ੍ਰਸ਼ਨ ਜੀ ਦਾ ਗੱਦੀਨਸ਼ੀਨ ਦੱਸ ਰਹੇ ਸੀ। ਇਸ ਭੰਬਲਭੂਸੇ ਵਿੱਚੋਂ ਬਾਹਰ ਨਿੱਕਲਣ ਲਈ ਭਾਈ ਮੱਖਣ ਸ਼ਾਹ ਨੇ ਹਰੇਕ ਦਾਅਵੇਦਾਰ ਅੱਗੇ ਦੋ-ਦੋ ਮੋਹਰਾਂ ਰੱਖ ਦਿੱਤੀਆਂ। ਉਨ੍ਹਾਂ ਮੋਹਰਾਂ ਨੂੰ ਦੇਖ ਕੇ ਸਾਰੇ ਗੱਦੀਦਾਰ ਪ੍ਰਸੰਨ ਤਾਂ ਹੋ ਰਹੇ ਸਨ, ਪਰ ਅਸਲ ਦਸਵੰਧ ਦੀ ਮਾਇਆ ਕੋਈ ਨਹੀਂ ਮੰਗ ਰਿਹਾ ਸੀ।
ਨਿਰਾਸ਼ ਹੋਏ ਭਾਈ ਮੱਖਣ ਸ਼ਾਹ ਨੂੰ ਕਿਸੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਟਿਕਾਣੇ ਦੀ ਦੱਸ ਪਾ ਦਿੱਤੀ। ਜਦੋਂ ਮੱਖਣ ਸ਼ਾਹ ਨੇ ਇੱਥੇ ਵੀ ਦੋ ਮੋਹਰਾਂ ਰੱਖ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਤਾਂ ਦਿਲਾਂ ਦੀਆਂ ਜਾਣਨ ਵਾਲੇ ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਘਰ ਵਿੱਚ ਮਾਇਆ ਦਾ ਕੋਈ ਲਾਲਚ ਨਹੀਂ, ਪਰ ਇਹ ਤਾਂ ਦੱਸੋ ਕਿ ਦਸਵੰਧ ਦੀ ਬਾਕੀ ਮਾਇਆ ਕਿੱਥੇ ਗਈ ਹੈ? ਇਹ ਬਚਨ ਸੁਣ ਕੇ ਮੱਖਣ ਸ਼ਾਹ ਲੁਬਾਣੇ ਦੀ ਖੁਸ਼ੀ ਉਛਾਲਾ ਮਾਰ ਗਈ ਤੇ ਉਹ ਇੱਕ ਛੱਤ ਉੱਪਰ ਚੜ੍ਹ ਕੇ ਬੁਲੰਦ ਆਵਾਜ਼ ਵਿੱਚ ਕਹਿਣ ਲੱਗਾ, ‘‘ਗੁਰੂ ਲਾਧੋ ਰੇ! ਗੁਰੂ ਲਾਧੋ ਰੇ!!’’ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਵੀ ਗਏ, ਉੱਥੇ ਹੀ ਉਨ੍ਹਾਂ ਨੇ ਕਰਮਕਾਂਡੀ ਜੀਵਨ ਨੂੰ ਤਿਆਗਣ ਅਤੇ ਪ੍ਰਮਾਤਮਾ ਦੇ ਨਾਂਅ ਨੂੰ ਵਿਆਜਣ ਦੀ ਪ੍ਰੇਰਣਾ ਦਿੱਤੀ।ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਈ ਨੂੰ ਨਿਰਭੈ ਰਹਿ ਕੇ ਅਣਖ, ਇੱਜ਼ਤ ਅਤੇ ਆਜ਼ਾਦੀ ਵਾਲਾ ਜੀਵਨ ਜਿਊੁਣ ਦਾ ਹੋਕਾ ਵੀ ਦਿੱਤਾ।
ਮਨੁੱਖੀ ਆਜ਼ਾਦੀ ਦੀ ਤਰਜਮਾਨੀ ਕਰਨ ਵਾਲੀ ਇਹ ਆਵਾਜ਼ ਮੁਗਲ ਬਾਦਸ਼ਾਹ ਦੇ ਕੰਨਾਂ ਵਿੱਚ ਰੜਕਣ ਲੱਗ ਪਈ। ਅਬੂਜ਼ਫਰ ਮੁਹੱਈਉਦੀਨ ਮੁਹੰਮਦ ਔਰੰਗਜ਼ੇਬ ਇੱਕ ਕੱਟੜ ਸੁੰਨੀ ਮੁਸਲਮਾਨ ਸੀ। ਉਹ ਅਤਿ ਦਰਜੇ ਦਾ ਨਿਰਦਈ ਤੇ ਜਨੂੰਨੀ ਸੀ। ਉਸ ਨੇ ਹਿੰਦੂਆਂ ’ਤੇ ਜਜੀਆ ਆਦਿ ਟੈਕਸ ਲਾ ਦਿੱਤੇ ਅਤੇ ਉਨ੍ਹਾਂ ’ਤੇ ਜ਼ੁਲਮ ਢਾਹ ਕੇ ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਮਜ਼ਬੂਰ ਕਰ ਰਿਹਾ ਸੀ। ਔਰੰਗਜ਼ੇਬ ਵੱਲੋਂ ਆਪਣੀ ਇਸ ਦਮਨਕਾਰੀ ਨੀਤੀ ਨੂੰ ਜਾਰੀ ਰੱਖਦਿਆਂ ਸਤੰਬਰ 1671 ਈ. ਵਿੱਚ ਇਫਤਿਖਾਰ ਖਾਨ ਨੂੰ ਸੂਬਾ ਕਸ਼ਮੀਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ।
ਕੋਈ ਅਜਿਹਾ ਅੱਤਿਆਚਾਰ ਨਹੀਂ ਬਚਿਆ ਸੀ, ਜੋ ਕਸ਼ਮੀਰ ਦੇੇ ਸੂਬੇਦਾਰ ਨੇ ਕਸ਼ਮੀਰੀ ਪੰਡਿਤਾਂ ’ਤੇ ਨਾ ਕੀਤਾ ਹੋਵੇ। ਕਸ਼ਮੀਰ ਦੇ ਹਿੰਦੂ ਵੀਰਾਂ ਨੂੰ ਧਾਰਮਿਕ ਤੌਰ ’ਤੇ ਜ਼ਲੀਲ ਕਰਨ ਲਈ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਜਾਣ ਲੱਗੀ। ਆਪਣੇ ਡੁੱਬਦੇ ਧਰਮ ਨੂੰ ਬਚਾਉਣ ਲਈ ਇਨ੍ਹਾਂ ਪਰਿਵਾਰਾਂ ਦੇ ਮੋਹਤਬਰ ਬੰਦਿਆਂ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਰਾਹ ਦਿਸਿਆ।
25 ਮਈ 1675 ਈ. ਨੂੰ ਉਹ 16 ਮੁਖੀ ਪੰਡਿਤਾਂ ਨੂੰ ਨਾਲ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਗਏ। ਡਾਹਢੇ ਦੁਖੀ ਮਨ ਨਾਲ ਕਸ਼ਮੀਰੀ ਪੰਡਿਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਨਾਲ ਹੁੰਦੀਆਂ ਵਧੀਕੀਆਂ ਦੀ ਦਰਦ ਕਹਾਣੀ ਸੁਣਾਈ ਅਤੇ ਸਰਕਾਰੀ ਅੱਤਿਆਚਾਰ ਤੋਂ ਬਚਾਉਣ ਦੀ ਬੇਨਤੀ ਕੀਤੀ। ਬਾਲ ਗੋਬਿੰਦ ਰਾਏ ਜੀ, ਜਿਨ੍ਹਾਂ ਦੀ ਉਮਰ ਉਸ ਸਮੇਂ 9 ਕੁ ਸਾਲ ਦੀ ਸੀ, ਗੁਰੂ ਪਿਤਾ ਜੀ ਕੋਲ ਆਏ ਅਤੇ ਉਦਾਸੀ ਭਰੇ ਮਾਹੌਲ ਦਾ ਕਾਰਨ ਪੁੱਛਣ ਲੱਗੇ।
ਗੁਰੂ ਜੀ ਨੇ ਆਪਣੇ ਲਾਲ ਨੂੰ ਜਿੱਥੇ ਕਸ਼ਮੀਰੀ ਪੰਡਿਤਾਂ ਦੀ ਦਰਦਨਾਕ ਦਾਸਤਾਨ ਸੁਣਾਈ, ਉੱਥੇ ਨਾਲ ਹੀ ਕਹਿ ਦਿੱਤਾ ਕਿ ਇਸ ਦਰਦ ਨੂੰ ਦੂਰ ਕਰਨ ਲਈ ਪਵਿੱਤਰ ਆਤਮਾ ਦੀ ਕੁਰਬਾਨੀ ਦੀ ਲੋੜ ਹੈ, ਜੋ ਜ਼ਾਲਮਾਂ ਦਾ ਮਨ ਬਦਲ ਦੇਵੇ। ਬਾਲ ਗੋਬਿੰਦ ਰਾਏ ਜੀ ਦੇ ਮੁਖਾਰਬਿੰਦ ਵਿੱਚੋਂ ਸੁਭਾਵਿਕ ਹੀ ਨਿੱਕਲਿਆ ਕਿ ਉਹ ਪਵਿੱਤਰ ਅਤੇ ਪੂਰਨ ਆਤਮਾ ਆਪ ਜੀ ਤੋਂ ਬਗੈਰ ਹੋਰ ਕੌਣ ਹੋ ਸਕਦੀ ਹੈ। ਸਾਹਿਬਜ਼ਾਦੇ ਦਾ ਜਵਾਬ ਸੁਣ ਕੇ ਸਾਰੀ ਸੰਗਤ ਵਿੱਚ ਹੈਰਾਨੀ ਛਾ ਗਈ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਫਰਜ਼ੰਦ ਦੀ ਰਾਏ ਨਾਲ ਪ੍ਰਸੰਨ ਹੋ ਗਏ। ਉਨ੍ਹਾਂ ਨੇ ਗੋਬਿੰਦ ਰਾਏ ਜੀ ਨੂੰ ਘੁੱਟ ਕੇ ਛਾਤੀ ਨਾਲ ਲਗਾਇਆ ਅਤੇ ਬੋਲੇ ਕਿ ਲਾਲ ਜੀ ਤੁਸਾਂ ਦੀ ਗੱਲ ਸੁਣ ਕੇ ਮੇਰੀ ਚਿੰਤਾ ਦੂਰ ਹੋ ਗਈ ਹੈ। ਮੇਰੀ ਸ਼ਹਾਦਤ ਤੋਂ ਬਾਅਦ ਤੁਸੀਂ ਕੌਮ ਨੂੰ ਸਹੀ ਅਤੇ ਸੁਚੱਜੀ ਅਗਵਾਈ ਦੇਣ ਦੇ ਸਮਰੱਥ ਹੋ।
ਨੌਵੇਂ ਗੁਰਾਂ ਨੇ ਪੰਡਿਤ ਕਿਰਪਾ ਰਾਮ ਨੂੰ ਆਖ ਦਿੱਤਾ ਕਿ ਔਰੰਗਜ਼ੇਬ ਤੱਕ ਮੇਰਾ ਇਹ ਸੰਦੇਸ਼ ਪਹੁੰਚਾ ਦਿਓ ਕਿ ਜੇਕਰ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਵੇ ਤਾਂ ਦੇਸ਼ ਦੇ ਸਾਰੇ ਹਿੰਦੂ ਆਪਣੇ-ਆਪ ਹੀ ਇਸਲਾਮ ਨੂੰ ਕਬੂਲ ਕਰ ਲੈਣਗੇ। ਹੌਂਸਲੇ ਵਿੱਚ ਆਏ ਕਸ਼ਮੀਰੀ ਪੰਡਿਤ ਸ੍ਰੀ ਆਨੰਦਪੁਰ ਸਾਹਿਬ ਤੋਂ ਚਾਲੇ ਪਾ ਗਏ। 8 ਜੁਲਾਈ 1675 ਈ. ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ ਅਤੇ ਨਾਲ ਹੀ ਆਉਣ ਵਾਲੇ ਸਮੇਂ ਦੀ ਗੰਭੀਰਤਾ ਤੋਂ ਗਿਆਤ ਕਰਵਾ ਦਿੱਤਾ।
ਗੁਰੂ ਸਾਹਿਬ ਆਪਣੇ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਇੱਧਰ ਗੁਰੂ ਸਾਹਿਬ ਦੀ ਵੰਗਾਰ ਦਿੱਲੀ ਦੇ ਹਾਕਮ ਔਰੰਗਜੇਬ ਤੱਕ ਵੀ ਪਹੁੰਚ ਗਈ। ਉਸਨੇ ਹਸਨ-ਅਬਦਾਲ ਤੋਂ ਗੁਰੂ ਸਾਹਿਬ ਦੀ ਗਿ੍ਰਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਤਿੰਨ ਸਿੱਖਾਂ ਨੂੰ ਗਿ੍ਰਫਤਾਰ ਕਰਕੇ ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਖਾਨ ਨੇ ਪੁਲਿਸ ਦਸਤੇ ਦੀ ਨਿਗਰਾਨੀ ਹੇਠ ਸਰਹਿੰਦ ਦੇ ਸੂਬੇਦਾਰ ਦੇ ਹਵਾਲੇ ਕਰ ਦਿੱਤਾ।
ਕੁੱਝ ਦਿਨਾਂ ਬਾਅਦ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਾਥੀਆਂ ਨੂੰ ਬੱਸੀ ਪਠਾਣਾਂ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ। ਇਸ ਜੇਲ੍ਹ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਸਾਥੀ ਤਿੰਨ ਮਹੀਨਿਆਂ ਤੋਂ ਵਧੀਕ ਸਮੇਂ ਤੱਕ ਰਹੇ।ਗੁਰੂ ਜੀ ਦੀ ਕੈਦ ਦੀ ਕਨਸੋਅ ਹਸਨ-ਅਬਦਾਲ ਵਿੱਚ ਔਰੰਗਜ਼ੇਬ ਤੱਕ ਵੀ ਪਹੁੰਚ ਗਈ । ਇਸ ਤੋਂ ਬਾਅਦ ਗੁਰੂ ਸਾਹਿਬ ਆਗਰੇ ਦੇ ਇੱਕ ਬਾਗ ’ਚ ਪਹੁੰਚ ਗਏ ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਜਾਇਆ ਗਿਆ 4 ਨਵੰਬਰ 1675 ਈ. ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੂਬੇਦਾਰ ਸਾਫੀਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ।
6 ਨਵੰਬਰ ਵਾਲੇ ਦਿਨ ਕਾਜ਼ੀ ਕੋਤਵਾਲੀ ਆ ਧਮਕਿਆ।ਉਸ ਨੇ ਦਰੋਗੇ ਨੂੰ ਗੁਰੂ ਸਾਹਿਬ ਨੂੰ ਖੌਫ਼ਨਾਕ ਤਸੀਹੇ ਦੇਣ ਦੀ ਸਲਾਹ ਦਿੱਤੀ ਤਾਂ ਜੋ ਉਹ ਆਪਣੀ ਹਾਰ ਮੰਨ ਕੇ ਇਸਲਾਮੀ ਕਦਰਾਂ-ਕੀਮਤਾਂ ਨੂੰ ਅਪਣਾ ਲੈਣ। ਦਰੋਗੇ ਨੇ ਲਗਾਤਾਰ ਤਿੰਨ ਦਿਨ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇ ਕੇ ਗੁਰੂੂ ਸਾਹਿਬ ਨੂੰ ਈਨ ਮਨਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਨਵੰਬਰ ਮਹੀਨੇ ਦੇ ਦੱਸਵੇਂ ਦਿਨ ਤਾਂ ਮੁਗਲੀਆ ਹਕੂਮਤ ਦੇ ਤਸ਼ੱਦਦ ਵਾਲੀ ਹੱਦ ਹੀ ਹੋ ਗਈ। ਇਸ ਦਿਨ ਗੁਰੂ ਸਾਹਿਬ ਨੂੰ ਤੱਤੇ ਥੰਮ੍ਹ ਨਾਲ ਲਗਾਇਆ ਗਿਆ।
ਭਿਆਨਕ ਤੋਂ ਭਿਆਨਕ ਤਸੀਹੇ ਦੇ ਕੇ ਵੀ ਕਾਜ਼ੀ ਦੀ ਕੋਈ ਪੇਸ਼ ਨਹੀਂ ਚੱਲ ਸਕੀ। ਥੱਕ-ਹਾਰ ਕੇ ਉਸ ਨੇ ਇੱਕ ਹੋਰ ਘਟੀਆ ਪੈਂਤੜਾ ਵਰਤੋਂ ਵਿੱਚ ਲਿਆਂਦਾ ਜਿਸ ਤਹਿਤ ਉਸ ਨੇ ਗੁਰੂ ਘਰ ਦੇ ਤਿੰਨ ਸਿਦਕੀ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਘੋਰ ਤਸੀਹੇ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਅੱਖਾਂ ਸਾਹਮਣੇ ਸ਼ਹੀਦ ਕਰ ਦਿੱਤਾ।
11 ਨਵੰਬਰ 1675 ਈ. ਨੂੰ ਗੁਰੂ ਸਾਹਿਬ ਨੂੰ ਕੋਤਵਾਲੀ ਵਿੱਚੋਂ ਬਾਹਰ ਲਿਆਂਦਾ ਗਿਆ। ਕਾਜ਼ੀ ਅਬਦੁਲ ਵਹਾਬ ਵੁਹਰਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਤਲਵਾਰ ਨਾਲ ਜੁਦਾ ਕਰ ਦੇਣ ਦਾ ਫ਼ਤਵਾ ਜਾਰੀ ਕਰ ਦਿੱਤਾ। ਕਾਜੀ ਦੇ ਫ਼ਤਵੇ ਮੁਤਾਬਕ ਦਿੱਲੀ ਦੇ ਚਾਂਦਨੀ ਚੌਂਕ ਦੇ ਕੋਤਵਾਲੀ ਵਾਲੇੇ ਬੋਹੜ ਹੇਠਾਂ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਅਮਲ ਆਰੰਭ ਕਰ ਦਿੱਤਾ ਗਿਆ। ਹਾਕਮਾਂ ਦੇ ਇਰਾਦਿਆਂ ਨੂੰ ਭਾਂਪਦੇ ਹੋਏ ਗੁਰੂ ਸਾਹਿਬ ਨੇ ਜਪੁਜੀ ਸਾਹਿਬ ਜੀ ਦਾ ਪਾਠ ਕਰਨਾ ਆਰੰਭ ਦਿੱਤਾ।
ਪਾਠ ਦੀ ਸੰਪੂਰਨਤਾ ਤੋਂ ਬਾਅਦ ਗੁਰੁੂ ਸਾਹਿਬ ਨੇ ਆਪਣੇ ਮਖ਼ਾਰਬਿੰਦ ਵਿਚੋਂ ਵਹਿਗੁਰੂ ਸ਼ਬਦ ਦਾ ੳੇੇੁਚਾਰਣ ਕੀਤਾ ਅਤੇ ਨਾਲ ਹੀ ਆਪਣਾ ਸੀਸ ਨਿਵਾਅ ਦਿੱਤਾ। ਸੀਸ ਨਿਵਾਉਂਦਿਆਂ ਸਾਰ ਹੀ ਸਮਾਣੇ ਦੇ ਜਲਾਦ ਸੱਯਦ ਜਲਾਲੁਦੀਨ ਨੇ ਤਲਵਾਰ ਦੇ ਜੋਰਦਾਰ ਵਾਰ ਨਾਲ ਗੁਰੂੁ ਪਾਤਸ਼ਾਹ ਦੇ ਸੀਸ ਨੂੰ ਧੜ ਨਾਲੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ। ਇਸ ਵਾਰ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਸਾਨੂੰ ਕੱਟੜਵਾਦੀ ਕਦਰਾਂ-ਕੀਮਤਾਂ ਤੋਂ ਕਿਨਾਰਾ ਕਰਨ ਅਤੇ ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਹੱਕਾਂ ਦੀ ਬਰਾਬਰੀ ਦੀ ਪ੍ਰੇਰਨਾ ਮਿਲਦੀ ਹੈ। ਜਿਸ ਨੂੰ ਜੀਵਨ ਵਿਚ ਧਾਨਨ ਕਰਕੇ ਸਾਨੂੰ ਆਪਣੇ ਜੀਵਨ ਨੂੰ ਸਫ਼ਲ ਕਰਨਾ ਚਾਹੀਦਾ ਹੈ।
ਰਿਸ਼ੀ ਨਗਰ ਰਮੇਸ਼ ਬੱਗਾ ਚੋਹਲਾ, ਐਕਸਟੈਨਸ਼ਨ (ਲੁਧਿਆਣਾ)ਮੋ. 94631-32719
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।