ਖੁਸ਼ਵੀਰ ਸਿੰਘ ਤੂਰ ਪਟਿਆਲਾ। ਦਿੱਲੀ-ਕਟੜਾ ਐਕਸਪ੍ਰੈਸ ਹਾਈਵੇਅ ਲਈ ਜਬਰੀ ਅਤੇ ਘੱਟ ਰੇਟ ‘ਤੇ ਜ਼ਮੀਨਾਂ ਐਕਵਾਇਰ ਕਰਨ ਦਾ ਵਿਰੋਧ ਕਰ ਰਹੇ ਪੰਜਾਬ ਭਰ ਤੋਂ ਆਏ ਕਿਸਾਨਾਂ ਨੇ ਅੱਜ ਪਟਿਆਲਾ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੋਤੀ ਮਹਿਲਾ ਨੂੰ ਚਾਰੇ ਪਾਸਿਓਂ ਘੇਰ ਲਿਆ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਜਥੇਬੰਦੀ ਵੱਲੋਂ ਮੋਤੀ ਮਹਿਲ ਨੂੰ ਇਸ ਤਰਾਂ ਘੇਰਿਆ ਗਿਆ ਹੋਵੇ। ਕਿਸਾਨਾਂ ਵੱਲੋਂ ਭਾਵੇਂ ਪਹਿਲਾਂ ਸ਼ਹਿਰ ਵਿੱਚ ਟਰੈਕਟਰ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਮਹਿਲ ਦੇ ਘਿਰਾਓ ਕਰਨ ਦਾ ਪ੍ਰੋਗਰਾਮ ਕਿਸਾਨਾਂ ਨੇ ਗੁਪਤ ਰੱਖਿਆ। ਬਾਵਜੂਦ ਇਸ ਦੇ ਪੁਲੀਸ ਨੇ ਮਜ਼ਬੂਤ ਬੰਦੋਬਸਤ ਕੀਤੇ ਹੋਏ ਸਨ ਪਰ ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਬੈਰੀਕੇਡ ਹਟਾ ਕੇ ਲੰਘਣ ਲਈ ਰਸਤਾ ਬਣਾ ਲਿਆ ਅਤੇ ਮਹਿਲ ਦੇ ਵੱਖ ਵੱਖ ਮੋੜਾਂ ਵਿੱਚ ਜਾ ਕੇ ਧਰਨੇ ਮਾਰ ਦਿੱਤੇ।
ਇਸ ਦੌਰਾਨ ਵਾਈਪੀਐੱਸ ਚੌਕ ਵਿਚ ਹੀ ਕਿਸਾਨਾਂ ਤੇ ਪੁਲੀਸ ਦਰਮਿਆਨ ਝੜਪ ਹੋਈ, ਕਿਉਂਕਿ ਪੁਲੀਸ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਸੀ ਪਰ ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਬੈਰੀਕੇਡ ਲਾਂਭੇ ਕਰਕੇ ਰਾਹ ਬਣਾ ਲਿਆ। ਇਸ ਦੌਰਾਨ ਕਿਸਾਨਾਂ ਵੱਲੋਂ ਮੁੱਖ ਮੰਤਰੀ ਨਿਵਾਸ ਦੇ ਪਿਛੇ ਸਥਿਤ ਸੂਲਰ ਰੋਡ ਵਾਲੇ ਚੌਕ ਵਿੱਚ, ਮਹਿੰਦੀ ਚੌਕ ਅਤੇ ਵਾਈਪੀਐੱਸ ਚੌਕ ਵਿੱਚ ਧਰਨੇ ਲਾਏ ਹੋਏ ਹਨ। ਇਸ ਤੋਂ ਇਲਾਵਾ ਇਨ੍ਹਾਂ ਕਿਸਾਨਾਂ ਦੀ ਹਮਾਇਤ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਟਰੈਕਟਰ ਲੈ ਕੇ ਆਏ ਕਿਸਾਨਾਂ ਨੂੰ ਪੁਲੀਸ ਨੇ ਫੁਹਾਰਾ ਚੌਕ ‘ਤੇ ਹੀ ਰੋਕ ਲਿਆ, ਜਿਸ ਕਰਕੇ ਉਨ੍ਹਾਂ ਨੇ ਫੁਹਾਰਾ ਚੌਕ ‘ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।