ਕਿਸਾਨ ਕੁਲਵਿੰਦਰ ਸਿੰਘ ਦੇ ਖੇਤਾਂ ’ਚ ਬੰਨੇ੍ਹ ਤੂੜੀ ਵਾਲੇ ਕੁੱਪ ’ਚ ਲੱਗਿਆ ਕਿਸਾਨੀ ਝੰਡਾ ਲੋਕਾਂ ਨੂੰ ਕਰ ਰਿਹਾ ਹੈ ਜਾਗਰੂਕ
ਦੁੱਧੜ ਪਿੰਡ ਦੇ ਤੂੜੀ ਬੰਨ੍ਹਣ ਵਾਲੇ ਗੈ੍ਰਜ਼ੂਏਟ ਨੌਜਵਾਨਾਂ ਨੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਦਿਆਂ ਚਲਾਈ ਕੁੱਪ ’ਚ ਝੰਡਾ ਲਾਉਣ ਦੀ ਮੁਹਿੰਮ
ਨਰਿੰਦਰ ਸਿੰਘ ਬਠੋਈ, ਪਟਿਆਲਾ। ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਖਿਲਾਫ਼ ਜਿੱਥੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ, ਉੱਥੋਂ ਹੀ ਪੰਜਾਬ ਦਾ ਨੌਜਵਾਨ ਵਰਗ ਵੀ ਇਸ ਸਾਂਝੇ ਸੰਘਰਸ਼ ’ਚ ਆਪਣੇ-ਆਪਣੇ ਤਰੀਕੇ ਨਾਲ ਹਿੱਸਾ ਪਾ ਰਿਹਾ ਹੈ। ਤੁਸੀ ਹੁਣ ਤੱਕ ਕਿਸਾਨੀ ਝੰਡੇ ਰੋਸ ਵੱਜੋਂ ਲੋਕਾਂ ਦੇ ਘਰਾਂ, ਗੱਡੀਆਂ, ਟਰੈਕਟਰਾਂ, ਮੋਟਰਸਾਇਕਲਾਂ ਜਾਂ ਵੱਖ-ਵੱਖ ਸਾਧਨਾਂ ’ਤੇ ਇਹ ਕਿਸਾਨੀ ਝੰਡੇ ਲਹਿਰਾਉਂਦੇ ਦੇਖੇ ਹੋਣੇ, ਪਰ ਅੱਜ ਉਸ ਸਮੇਂ ਬਹੁਤ ਹੀ ਭਾਵੁਕ ਅਤੇ ਜਾਗਰੂਕ ਕਰਨ ਵਾਲਾ ਦ੍ਰਿਸ਼ ਦੇਖਣ ’ਚ ਆਇਆ ਕਿ ਜਦੋਂ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਪਿੰਡ ਬਠੋਈ ਕਲਾਂ ਦੇ ਖੇਤਾਂ ਵਿੱਚ ਬੰਨ੍ਹੇ ਤੂੜੀ ਦੇ ਕੁੱਪ ਦੇ ਐਨ ਵਿਚਕਾਰ ਕਿਸਾਨੀ ਯੂਨੀਅਨ ਝੰਡਾ ਲਹਿਰਾਉਂਦਾ ਨਜ਼ਰ ਆਇਆ। ਇਹ ਕਿਸਾਨੀ ਝੰਡਾ ਆਉਂਦੇ-ਜਾਂਦੇ ਰਾਹੀਗਰਾਂ ਨੂੰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੀ ਪ੍ਰੇਰਨਾ ਦੇ ਰਿਹਾ ਹੈ।
ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਹ ਜੋ ਤੂੜੀ ਦਾ ਕੁੱਪ ਹੈ, ਉਹ ਪਿੰਡ ਬਠੋਈ ਕਲਾਂ ਦੇ ਕੁਲਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਨੰਬਰਦਾਰ ਦੇ ਖੇਤਾਂ ਵਿੱਚ ਬੰਨਿ੍ਹਆ ਹੋਇਆ ਹੈ ਅਤੇ ਇਹ ਤੂੜੀ ਦੇ ਕੁੱਪ ’ਤੇ ਲਹਿਰਾਉਂਦਾ ਕਿਸਾਨੀ ਝੰਡਾ ਆਉਂਦੇ-ਜਾਂਦੇ ਰਾਹੀਗਰਾਂ ਨੂੰ ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਦਾ ਸਾਥ ਦੇੇਣ ਲਈ ਜਾਗਰੂਕ ਕਰ ਰਿਹਾ ਹੈ। ਇਸ ਸਬੰਧੀ ਜਦੋਂ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਜੋ ਤੂੜੀ ਦੇ ਕੁੱਪ ਦੇ ਐਨ ਵਿਚਕਾਰ ਕਿਸਾਨੀ ਝੰਡਾ ਲਹਿਰਾ ਰਿਹਾ ਹੈ। ਉਹ ਉਸ ਨੇ ਨਹੀਂ, ਸਗੋਂ ਕੁੱਪ ਬੰਨ੍ਹਣ ਵਾਲੇ ਮਜ਼ਦੂਰਾਂ ਨੇ ਆਪ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਉੱਕਤ ਨੌਜਵਾਨ ਨੇੜਲੇ ਪਿੰਡ ਦੁੱਧੜ ਦੇ ਰਹਿਣ ਵਾਲੇ ਹਨ ਅਤੇ ਇਹ ਸਾਰੇ ਗ੍ਰੈਜੂਏਟ ਹਨ।
ਉਕਤ ਨੌਜਵਾਨਾਂ ’ਚ ਰੋਸ ਹੈ ਕਿ ਗੈ੍ਰੈਜੂਏਟ ਹੋਣ ਦੇ ਬਾਵਜ਼ੂਦ ਉਨ੍ਹਾਂ ਨੂੰ ਦਿਹਾੜੀਆਂ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਜਿਸ ਦੇ ਰੋਸ ਵਜੋਂ ਉੱਕਤ ਨੌਜਵਾਨ ਕਿਸੇ ਵੀ ਪਿੰਡ ਵਿੱਚ ਕੋਈ ਵੀ ਤੂੜੀ ਦਾ ਕੁੱਪ ਬੰਨ੍ਹਦੇ ਹਨ ਤਾਂ ਉਸ ਉੱਪਰ ਰੋਸ ਵਜੋਂ ਕਿਸਾਨੀ ਝੰਡਾ ਜ਼ਰੂਰ ਲਹਿਰਾਉਂਦੇ ਹਨ। ਉੱਕਤ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਤਰੀਕੇ ਨਾਲ ਰੋਸ ਪ੍ਰਗਟ ਕਰ ਰਹੇ ਹਨ। ਇਸ ਸਭ ਤੋਂ ਕੇਂਦਰ ਸਰਕਾਰ ਨੂੰ ਸਬਕ ਲੈਣ ਦੀ ਲੋੜ ਹੈ ਕਿ ਹੁਣ ਨੌਜਵਾਨ ਜਾਗ ਗਿਆ ਹੈ ਅਤੇ ਉਸ ਨੂੰ ਹੁਣ ਆਪਣੀ ਅੜੀ ਛੱਡ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ’ਚ ਨੌਜਵਾਨ ਵਰਗ ਸਰਕਾਰ ਲਈ ਹੋਰ ਵੀ ਘਾਤਕ ਸਿੱਧ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.