ਤੇਜ਼ੀ ਨਾਲ ਡਿੱਗ ਰਿਹਾ ਪਾਣੀ ਦਾ ਪੱਧਰ

ਤੇਜ਼ੀ ਨਾਲ ਡਿੱਗ ਰਿਹਾ ਪਾਣੀ ਦਾ ਪੱਧਰ

ਪੰਜਾਬ ਵਿੱਚ ਨਹਿਰੀ ਪਾਣੀ ਨਾਲ 29.3 ਫੀਸਦੀ ਅਤੇ 70.7 ਫੀਸਦੀ ਰਕਬੇ ਦੀ ਸਿੰਚਾਈ ਬੋਰਾਂ ਨਾਲ ਕੀਤੀ ਜਾਂਦੀ ਹੈ। ਜਿਸ ਕਰਕੇ ਨਰਮੇ ਅਤੇ ਕਪਾਹ ਦੀ ਬਿਜਾਈ ਨਾਲ ਡੂੰਘੇ ਹੋ ਰਹੇ ਧਰਤੇ ਹੇਠਲੇ ਪਾਣੀ ਦੀ ਕਹਾਣੀ ਵੀ ਜੁੜੀ ਹੋਈ ਹੈ। ਜੇਕਰ ਸਰਕਾਰ ਵੱਲੋਂ ਨਰਮੇ ਦੀ ਕਾਸ਼ਤ ਵੱਲ ਧਿਆਨ ਦੇ ਕੇ ਕਿਸਾਨਾਂ ਨੂੰ ਪੂਰਨ ਤੌਰ ’ਤੇ ਨਹਿਰੀ ਪਾਣੀ ਦਿੱਤਾ ਜਾਵੇ ਤਾਂ ਨਰਮੇ ਦੀ ਪੈਦਾਵਾਰ ਨਾਲ ਡੂੰਘੇ ਹੋ ਰਹੇ ਪਾਣੀ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾ ਸਕਦਾ ਹੈ। ਕਿਉਂਕਿ ਖੇਤੀ ਵਰਤੋਂ ਵਾਲਾ 42 ਫੀਸਦੀ ਪਾਣੀ ਖ਼ਰਾਬ ਹੋਣ ਕਿਨਾਰੇ ਖੜ੍ਹਾ ਹੈ। ਇਹ ਸਮੱਸਿਆ ਸਭ ਤੋਂ ਜਿਆਦਾ ਮਾਲਵੇ ਵਿੱਚ ਹੈ। ਜਿਥੇ ਪਾਣੀ ਅੰਦਰ ਖਾਰਾਪਣ ਅਤੇ ਸ਼ੋਰੇ ਦੀ ਮਾਤਰਾ ਵਧੇਰੇ ਹੋਣ ਕਰਕੇ ਫਸਲਾਂ ਲਈ ਨੁਕਸਾਨ ਦੇਹ ਸਾਬਤ ਹੋ ਰਿਹਾ ਹੈ।

2006-07 ’ਚ ਪਾਣੀ ਦੇ ਨਮੂਨੇ ਇਕੱਠੇ ਕੀਤੇ ਗਏ ਸਨ। ਇਸ ਕੰਮ ਲਈ ਰਾਜ ਦੇ ਕਈ ਹਿੱਸਿਆਂ ਦੇ ਬੋਰਾਂ ਤੋਂ ਲਏ ਗਏ 6107 ਨਮੂਨਿਆਂ ’ਚੋਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ 5160, ਨੈਸ਼ਨਲ ਬਿਊਰੋ ਵੱਲੋਂ 588 ਤੇ ਖੇਤੀਬਾੜੀ ਵਿਭਾਗ ਵੱਲੋਂ 359 ਪਾਣੀ ਦੇ ਨਮੂਨੇ ਲਏ ਗਏ। ਸਿੰਚਾਈ ਵਾਲੇ ਪਾਣੀਆਂ ਦੀ ਗੁਣਵੱਤਾ ਜਾਂਚਣ ਲਈ ਪਹਿਲੀ ਵਾਰ ਹੋਏ ਇਸ ਪ੍ਰਮਾਣਿਕ ਅਧਿਐਨ ਦੇ ਨਤੀਜਿਆਂ ਵਿੱਚ ਪਾਣੀ ਦੀ ਗੁਣਵੱਤਾ ਨੂੰ ਤਿੰਨ ਹਿੱਸਿਆਂ ’ਚ ਵੰਡਿਆ ਗਿਆ ਸੀ। ਪਹਿਲੀ ਸ਼੍ਰੇਣੀ ਜਿਸ ਨੂੰ ਖ਼ਰਾਬ ਦਾ ਨਾਂਅ ਦਿੱਤਾ ਗਿਆ ਸੀ, ਵਿੱਚ 6.3 ਫੀਸਦੀ ਪਾਣੀ ਹੈ ਜਦੋਂ ਕਿ ਖ਼ਰਾਬ ਹੋਣ ਕਿਨਾਰੇ ਪਹੁੰਚੇ ਪਾਣੀ ਦੀ ਮਾਤਰਾ 36.5 ਫੀਸਦੀ ਹੈ। 51.3 ਫੀਸਦੀ ਪਾਣੀ ਹੀ ਸਾਫ਼ ਬਚਿਆ ਹੈ। ਖ਼ਰਾਬ ਪਾਣੀਆਂ ਦੇ ਮਾਮਲੇ ਵਿੱਚ ਸਭ ਤੋਂ ਪਹਿਲਾ ਨੰਬਰ ਦੱਖਣੀ-ਪੱਛਮੀ ਜਿਲ੍ਹਿਆਂ ਦਾ ਹੈ। ਇਸ ਜੋਨ ਵਿੱਚ 31.7 ਫੀ ਸਦੀ ਪਾਣੀ ਖਾਰਾ ਹੈ।

ਮਾਲਵੇ ਦਾ ਬਠਿੰਡਾ ਹੀ ਇੱਕ ਅਜਿਹਾ ਜਿਲ੍ਹਾ ਹੈ ਜਿੱਥੇ ਸਿੰਚਾਈ ਯੋਗ ਪਾਣੀ 9.7 ਫੀਸਦੀ ਬਚਿਆ ਹੈ। ਫਿਰੋਜਪੁਰ ਵਿੱਚ ਸਤਲੁਜ ਤੇ ਬਿਆਸ ਦੇ ਵਹਿਣ ਕਾਰਨ ਸਾਫ਼ ਪਾਣੀ 45.2 ਫੀਸਦੀ ਹੈ। ਜਿਲ੍ਹਾ ਮੋਗਾ ਸਾਫ਼ ਪਾਣੀ ਦੇ ਮਾਮਲੇ ਵਿੱਚ ਬਹੁਤ ਹੀ ਖਤਰਨਾਕ ਨਤੀਜੇ ਦੇ ਰਿਹਾ ਹੈ। ਇਸ ਇਲਾਕੇ ਵਿੱਚ ਕੇਵਲ 16.7 ਫੀਸਦੀ ਰਕਬਾ ਹੀ ਚੰਗੇ ਪਾਣੀ ਹੇਠ ਆਉਂਦਾ ਹੈ। 42.7 ਫੀਸਦੀ ਪਾਣੀ ਸ਼ੋਰੇ ਵਾਲੀ ਮਾਤਰਾ ਨਾਲ ਭਰਿਆ ਪਿਆ ਹੈ। ਮਾਲਵੇ ਦੇ ਲੰਬੀ, ਕੋਟਭਾਈ ਅਤੇ ਤਲਵੰਡੀ ਸਾਬੋ ਬਲਾਕ ਦਾ ਤਾਂ 60 ਫੀਸਦੀ ਤੋਂ ਜਿਆਦਾ ਰਕਬਾ ਖਾਰੇ ਪਾਣੀ ਵਾਲਾ ਹੈ ਜਦੋਂਕਿ ਅਬੋਹਰ, ਮੁਕਤਸਰ, ਸੰਗਤ ਅਤੇ ਝੁਨੀਰ ਬਲਾਕ ਦਾ 40 ਤੋਂ 60 ਫੀਸਦੀ ਰਕਬਾ ਖਾਰੇ ਪਾਣੀ ਦੀ ਮਾਰ ਹੇਠ ਹੈ। ਸਤਲੁਜ ਅਤੇ ਘੱਗਰ ਦੁਆਲੇ ਪੈਂਦੇ ਜਿਲੇ੍ਹ ਰੋਪੜ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਸੰਗਰੂਰ, ਬਰਨਾਲਾ ਅਤੇ ਮੋਗਾ ਵਿੱਚ ਚੰਗੇ ਮਿਆਰ ਦੇ ਸਿੰਚਾਈ ਪਾਣੀ ਵਾਲੇ ਰਕਬੇ ਦੀ ਪ੍ਰਤੀਸ਼ਤ 16.7 ਮੋਗਾ, 13 ਫੀਸਦੀ ਲੁਧਿਆਣਾ ਦੀ ਹੈ। ਰੋਪੜ ਤੇ ਫਤਿਹਗੜ ਸਾਹਿਬ ਵਿੱਚ ਤਾਂ ਚੰਗੇ ਪਾਣੀ ਵਾਲੇ ਰਕਬੇ ਕ੍ਰਮਵਾਰ 65.9 ਅਤੇ 70.3 ਫੀ ਸਦੀ ਹਨ। ਸੰਗਰੂਰ ਵਿੱਚ ਇਹ ਰਕਬਾ 38.4 ਫੀਸਦੀ, ਬਰਨਾਲਾ ਵਿੱਚ 38 ਫੀਸਦੀ ਅਤੇ ਮੋਗਾ ਵਿੱਚ ਸਭ ਤੋਂ ਘੱਟ 16.7 ਫੀ ਸਦੀ ਹੈ।

ਖ਼ਰਾਬ ਹੋਣ ਵੱਲ ਵਧ ਰਹੇ ਪਾਣੀ ਵਾਲੇ ਖੇਤਰਾਂ ਵਿੱਚ ਮਾਲਵੇ ਦਾ ਸਭ ਤੋਂ ਵਧੇਰੇ 57.3 ਫੀਸਦੀ ਇਲਾਕਾ, ਸਤਲੁਜ ਅਤੇ ਘੱਗਰ ਵਿਚਾਲੇ 38.9 ਫੀਸਦੀ ਅਤੇ ਅਪਰਬਾਰੀ ਦੋਆਬ, ਬਿਸਤਰ ਦੋਆਬ ਇਲਾਕਿਆਂ ਵਿੱਚ 16.5 ਫੀਸਦੀ ਰਕਬਾ ਸ਼ਾਮਲ ਹੈ। ਖਾਰੇ ਪਾਣੀਆਂ ਵਾਲੇ ਇਲਾਕਿਆਂ ਵਿੱਚ ਦੱਖਣ-ਪੱਛਮੀ ਜਿਲ੍ਹਿਆਂ ਦਾ 31.7 ਫੀਸਦੀ ਰਕਬਾ ਆਉਣ ਤੋਂ ਇਲਾਵਾ ਸਤਲੁਜ ਤੇ ਘੱਗਰ ਵਿਚਲੇ ਇਲਾਕੇ ਵਿੱਚ 36.4 ਫੀਸਦੀ ਰਕਬਾ ਸੋਢੇ ਦੀ ਬਹੁਤਾਤ ਵੱਲ ਵਧ ਰਿਹਾ ਹੈ।

ਹਰ ਸਾਲ ਜਮੀਨ ਹੇਠਲੇ ਪਾਣੀ ਦਾ ਪੱਧਰ ਤਿੰਨ ਮੀਟਰ ਹੇਠਾਂ ਜਾਣ ਕਰਕੇ ਕਿਸਾਨਾਂ ਨੂੰ ਤਕਰੀਬਨ 25,000 ਨਵੇਂ ਟਿਊਬਵੈਲ ਲਾਉਣੇ ਪੈ ਰਹੇ ਹਨ। ਇੱਕ ਲੱਖ ਟਿਊਬਵੈਲ ਡੂੰਘੇ ਕਰਨੇ ਪੈਂਦੇ ਹਨ, ਜਿਸ ਨਾਲ ਪ੍ਰਤੀ ਸਾਲ ਕਿਸਾਨਾਂ ਦੀਆਂ ਜੇਬਾਂ ਵਿੱਚੋਂ 300 ਕਰੋੜ ਰੁਪਇਆ ਨਿੱਕਲ ਰਿਹਾ ਹੈ। ਖੇਤੀਬਾੜੀ ਵਿਭਾਗ ਮੁਤਾਬਿਕ ਕੇਂਦਰੀ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਭੂਮੀ ਦਾ 9059 ਵਰਗ ਕਿੱਲੋਮੀਟਰ ਇਲਾਕਾ ਅਜਿਹਾ ਹੈ ਜਿੱਥੇ ਕਿਸਾਨਾਂ ਨੂੰ 20 ਮੀਟਰ ਤੋਂ ਡੂੰਘੇ ਟਿਊਬਵੈਲ ਲਾਉਣੇ ਪੈਂਦੇ ਹਨ। ਇਸ ਤਰ੍ਹਾਂ ਹੀ 4993 ਵਰਗ ਕਿੱਲੋਮੀਟਰ ਜ਼ਮੀਨ ਹੇਠਲੇ ਪਾਣੀ ਦਾ ਪੱਧਰ 10 ਤੋਂ 15 ਮੀਟਰ ਹੈ। ਕੁਝ ਸਾਲ ਪਹਿਲਾਂ ਤੱਕ 9058 ਵਰਗ ਕਿੱਲੋਮੀਟਰ ਜਮੀਨ ਵਿੱਚ 10 ਤੋਂ 15 ਮੀਟਰ ਪਾਣੀ ਦੀ ਡੂੰਘਾਈ ਨੋਟ ਕੀਤੀ ਗਈ ਸੀ। 10096 ਵਰਗ ਕਿੱਲੋਮੀਟਰ ਜਮੀਨ ਵਿੱਚ ਪਾਣੀ ਦਾ ਪੱਧਰ 5 ਤੋਂ 10 ਸੀ। ਇਹ ਇਲਾਕਾ ਘਟ ਕੇ 4399 ਵਰਗ ਕਿੱਲੋਮੀਟਰ ਰਹਿ ਗਿਆ ਹੈ। ਪੰਜਾਬ ਵਿੱਚ ਅਜਿਹਾ ਇਲਾਕਾ ਬਹੁਤ ਹੀ ਘੱਟ ਰਹਿ ਗਿਆ ਹੈ ਜਿੱਥੇ ਪਾਣੀ ਦਾ ਪੱਧਰ ਪੰਜ ਮੀਟਰ ਤੋਂ ਉੱਪਰ ਹੈ। ਪਟਿਆਲਾ, ਬਰਨਾਲਾ, ਸੰਗਰੂਰ, ਮੋਗਾ ਤੇ ਜਲੰਧਰ ’ਚ ਹਲਾਤ ਇਹ ਬਣ ਗਏ ਹਨ ਕਿ ਜਿਆਦਾਤਰ ਬੋਰ 20 ਮੀਟਰ ਤੋਂ ਵੀ ਡੁੰਘੇ ਲੱਗ ਰਹੇ ਹਨ।

ਵਿਭਾਗ ਨੇ ਆਉਣ ਵਾਲੇ ਸਾਲਾਂ ਦੌਰਾਨ ਰਾਜ ਦੇ ਬਾਕੀ ਕੇਂਦਰੀ ਜਿਲ੍ਹਿਆਂ ਵਿੱਚ ਵੀ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸੇ ਤਰ੍ਹਾਂ ਹੇਠਾਂ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਖੇਤੀਬਾੜੀ ਵਿਭਾਗ ਦੀ ਰਿਪੋਰਟ ਮੁਤਾਬਕ ਮੌਨਸੂਨ ਦੇ ਆਉਣ ਤੋਂ ਪਹਿਲਾਂ ਦੇ, ਜੋ ਤੱਥ ਇਕੱਠੇ ਕੀਤੇ ਗਏ ਉਨ੍ਹਾਂ ਅਨੁਸਾਰ ਪੂਰੇ ਪੰਜਾਬ ਵਿੱਚ ਪਾਣੀ ਦਾ ਪੱਧਰ 60 ਤੋਂ ਲੈ ਕੇ 250 ਸੈਂਟੀਮੀਟਰ ਤੱਕ ਹੇਠਾਂ ਚਲਾ ਗਿਆ ਹੈ। ਅੰਮ੍ਰਿਤਸਰ, ਤਰਨਤਾਰਨ, ਰੋਪੜ, ਬਠਿੰਡਾ, ਹੁਸ਼ਿਆਰਪੁਰ, ਫਰੀਦਕੋਟ ਤੇ ਮੋਹਾਲੀ ਜਿਲਿਆਂ ਵਿੱਚ ਪਾਣੀ ਦੀ ਗਿਰਾਵਟ ਔਸਤਨ 65 ਤੋਂ 85 ਮੀਟਰ ਵੇਖੀ ਗਈ ਹੈ। ਸਰਕਾਰ ਨੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਜੀਰੀ ਦੀ ਕਾਸ਼ਤ 15 ਜੂਨ ਤੋਂ ਕਰਨ ਲਈ ਕਾਨੂੰਨ ਬਣਾਇਆ ਹੈ। ਪਰ ਇਸ ਨੂੰ ਵੀ 15-20 ਦਿਨ ਪਿੱਛੇ ਕਰ ਦਿੱਤਾ ਜਾਂਦਾ ਹੈ।

ਉੱਤਰ ਤੋਂ ਲੈ ਕੇ ਦੱਖਣ ਤੱਕ, ਪੂਰਬ ਤੋਂ ਪੱਛਮ ਤੱਕ ਹਰ ਥਾਂ ਪਾਣੀ ਨੂੰ ਲੈ ਕੇ ਮਾਰੋ-ਮਾਰੀ ਚੱਲ ਰਹੀ ਹੈ। ਦੇਸ਼ ਦੇ 10 ਲੱਖ ਤੋਂ ਜਿਆਦਾ ਅਬਾਦੀ ਵਾਲੇ 35 ਸ਼ਹਿਰਾਂ ਵਿੱਚੋਂ ਕਿਸੇ ਵਿੱਚ ਵੀ ਇੱਕ ਘੰਟੇ ਤੋਂ ਵੱਧ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ। ਬਹੁਤ ਗਿਣਤੀ ਸ਼ਹਿਰਾਂ ਵਿੱਚ ਤਾਂ ਟੈਂਕਰ ਹੀ ਪਾਣੀ ਦਾ ਸਾਧਨ ਬਣੇ ਹੋਏ ਹਨ। ਪਾਣੀ ਲੈਣ ਲਈ ਲਾਈਨਾਂ ਵਿੱਚ ਲੱਗਣਾ ਵੀ ਲੋਕਾਂ ਦੀ ਜਿੰਦਗੀ ਦਾ ਹਿੱਸਾ ਬਣ ਗਿਆ ਹੈ। ਪਿੰਡਾਂ ਵਿੱਚ ਹਾਲਾਤ ਇਸ ਤੋਂ ਵੀ ਮਾੜੇ ਹਨ। ਪਹਿਲਾਂ ਤਾਂ ਪਾਣੀ ਪੰਜ ਮੀਟਰ ਦੀ ਦੂਰੀ ’ਤੇ ਮਿਲ ਜਾਂਦਾ ਸੀ, ਅੱਜ ਪਾਣੀ ਲੈਣ ਲਈ ਪੰਜ ਸੌ ਮੀਟਰ ਦੂਰੀ ਤੱਕ ਜਾਣਾ ਪੈਂਦਾ ਹੈ। ਰਾਜਸਥਾਨ ਅਤੇ ਗੁਜਰਾਤ ਦੇ ਪਿੰਡਾਂ ਵਿੱਚ ਇਹ ਹਲਾਤ ਆਮ ਹਨ। ਦੱਸਿਆ ਜਾਂਦਾ ਹੈ ਕਿ ਧਰਤੀ ਦੇ 70 ਫੀਸਦੀ ਭਾਗ ਵਿੱਚ ਪਾਣੀ ਹੈ । ਪਰ ਜਲ ਸੰਕਟ ਫਿਰ ਵੀ ਵਧਦਾ ਜਾ ਰਿਹਾ ਹੈ। ਇੱਕ ਲੱਖ ਲੀਟਰ ਪਾਣੀ ਵਿੱਚੋਂ ਸਿਰਫ 7 ਲੀਟਰ ਹੀ ਪੀਣ ਯੋਗ ਹੈ। ਇਸ ਨੂੰ ਵੀ ਜ਼ਹਿਰੀਲਾ ਕਰ ਦਿੱਤਾ ਗਿਆ ਹੈ।

ਕੁਦਰਤੀ ਭੰਡਾਰਾਂ ਨਾਲ ਛੇੜਛਾੜ ਕਰਨ ਵਾਲੇ ਆਧੁਨਿਕ ਮਨੁੱਖ ਲਈ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਹੈ। ਜਿਸ ਨੇ ਕੁਦਰਤ ਨਾਲ ਖਿਲਵਾੜ ਕਰਨਾ ਬੰਦ ਨਹੀਂ ਕੀਤਾ। ਪਾਣੀ ਦੀ ਬੇਲੋੜੀ ਵਰਤੋਂ ਅਤੇ ਪ੍ਰਦੂਸ਼ਣ ਕਾਰਨ ਪਾਣੀ ਖਾਤਮੇ ਵੱਲ ਹੀ ਨਹੀਂ ਜਾ ਰਿਹਾ ਸਗੋਂ ਜਹਿਰੀਲਾ ਵੀ ਹੋ ਰਿਹਾ ਹੈ। ਅੰਮ੍ਰਿਤਸਰ ਜਿਲ੍ਹੇ ਵਿੱਚ ਪੰਜ ਸਾਲਾਂ ਦੌਰਾਨ ਪਾਣੀ ਦੇ 3082 ਨਮੂਨੇ ਭਰੇ ਗਏ। ਜਿਨ੍ਹਾਂ ਵਿੱਚੋਂ 2305 ਠੀਕ ਤੇ 777 ਬੁਰੀ ਤਰ੍ਹਾਂ ਫੇਲ੍ਹ ਹੋਏ। ਬਠਿੰਡੇ ਵਿੱਚ 1800 ਨਮੂਨੇ ਪਾਣੀ ਦੇ ਲਏ ਗਏ। ਜਿਨ੍ਹਾਂ ’ਚੋਂ 1063 ਪਾਸ, 737 ਫੇਲ੍ਹ ਹੋਏ। ਮਹਾਂਨਗਰ ਲੁਧਿਆਣਾ ਵਿੱਚ 5142 ਪਾਣੀ ਦੇ ਸੈਂਪਲ ਭਰੇ ਗਏ, 3603 ਪਾਸ, 1539 ਫੇਲ੍ਹ ਹੋਏ। ਜਲੰਧਰ ਜਿਲੇ੍ਹ ’ਚ ਪੰਜ ਸਾਲਾਂ ਦੌਰਾਨ 4618 ਪਾਣੀ ਦੇ ਨਮੂਨੇ ਭਰੇ ਗਏ। ਜਿਨ੍ਹਾਂ ’ਚੋਂ 855 ਫੇਲ੍ਹ ਹੋ ਗਏ। ਪਟਿਆਲੇ ਜਿਲੇ੍ਹ ਅੰਦਰ 3259 ਭਰੇ ਗਏ ਪਾਣੀ ਦੇ ਨਮੂਨਿਆਂ ’ਚੋਂ 1423 ਬੁਰੀ ਤਰ੍ਹਾਂ ਫੇਲ੍ਹ ਹੋਏ।

ਇਹੋ-ਜਿਹੇ ਹਲਾਤ ਪੰਜਾਬ ਦੇ ਬਾਕੀ ਜਿਲ੍ਹਿਆਂ ਦੇ ਹਨ ਜਿਥੇ ਪਾਣੀ ਜਹਿਰੀਲਾ ਹੋ ਚੁੱਕਾ ਹੈ ਅਤੇ ਸਰਕਾਰ ਵੱਲੋਂ ਪਿੰਡਾਂ ਵਿੱਚ ਪਾਣੀ ਸਾਫ ਕਰਨ ਵਾਲੇ ਪ੍ਰੋਜੈਕਟ ਲਾ ਕੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੇਕਰ ਪਾਣੀ ਦਾ ਕੁਦਰਤੀ ਭੰਡਾਰ ਨਾ ਬਚਾਇਆ ਜਾ ਸਕਿਆ ਤਾਂ ਬਹੁਕੌਮੀ ਕੰਪਨੀਆਂ ਦੇ ਕਬਜੇ ਹੇਠ ਆਏ ਪਾਣੀ ਦੀਆਂ ਬੋਤਲਾਂ ਮਹਿੰਗੇ ਭਾਅ ਮਿਲਣਗੀਆਂ।

ਬ੍ਰਿਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.