53 ਸਾਲ ਬਾਅਦ ਬਠਿੰਡਾ ’ਚ ਮਿਲੀ ਹੈ ਕਾਂਗਰਸ ਨੂੰ ਇਹ ਸਫਲਤਾ
ਬਠਿੰਡਾ (ਸੁਖਜੀਤ ਮਾਨ)। ਨਗਰ ਨਿਗਮ ਦੇ ਨਵੇਂ ਚੁਣੇ ਗਏ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਅਤੇ ਡਿਪਟੀ ਮੇਅਰ ਮਾ. ਹਰਮੰਦਰ ਸਿੰਘ ਸਿੱਧੂ ਸਮੇਤ ਸਾਰੇ ਕੌਂਸਲਰ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ’ਚ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਅੱਜ ਨਿਗਮ ਦੇ ਨਵੇਂ ਕੌਂਸਲਰਾਂ ਤੋਂ ਇਲਾਵਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਗੁਰੂਦੁਆਰਾ ਕਿਲਾ ਮੁਬਾਰਕ ਅਤੇ ਪੋਸਟ ਆਫਿਸ ਬਜ਼ਾਰ ’ਚ ਸਥਿਤ ਮੰਦਰ ’ਚ ਨਤਮਸਤਕ ਹੋਏ। ਉਨਾਂ ਉਮੀਦ ਪ੍ਰਗਟਾਈ ਕਿ ਜਿੰਨੇ ਵੀ ਕੌਂਸਲਰ ਨੇ ਉਹ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨਗੇ।
ਦੱਸਣਯੋਗ ਹੈ ਕਿ ਬਠਿੰਡਾ ਨਗਰ ਨਿਗਮ ’ਤੇ ਕਾਂਗਰਸ ਵੱਲੋਂ 53 ਸਾਲਾਂ ’ਚ ਪਹਿਲੀ ਵਾਰ ਆਪਣਾ ਮੇਅਰ ਬਣਾਇਆ ਗਿਆ ਹੈ। ਅੱਧੀ ਸਦੀ ਬਾਅਦ ਬਠਿੰਡਾ ਦੀ ਸਥਾਨਕ ਸਰਕਾਰ ਹੱਥ ’ਚ ਆਉਣ ’ਤੇ ਕਾਂਗਰਸੀ ਬਾਗੋਬਾਗ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਪ੍ਰਾਪਤੀ ਲਈ ਸ਼ਹਿਰੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਇਸ ਵਰੇ ਦੀਵਾਲੀ ਤੱਕ ਵੱਡੀ ਗਿਣਤੀ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.