ਪੰਜਾਬ ’ਚ ਪਟਿਆਲਾ ਅਤੇ ਅੰਮ੍ਰਿਤਸਰ ਸਣੇ ਫਰੀਦਕੋਟ ਵਿੱਚ ਚੱਲ ਰਹੇ ਨੇ ਪਲਾਜ਼ਮਾ ਬੈਂਕ
ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਵਿੱਚ ਕੋਰੋਨਾ ਦੀ ਮਹਾਂਮਾਰੀ ਦੌਰਾਨ ਗੰਭੀਰ ਮਰੀਜ਼ ਨੂੰ ਬਚਾਉਣ ਲਈ ਕਾਰਗਰ ਸਾਬਤ ਹੋਣ ਵਾਲਾ ਕੋਵਿਡ ਪਲਾਜ਼ਮਾ ਬੈਂਕ ਇਸ ਸਮੇਂ ਖ਼ਾਲੀ ਚੱਲ ਰਹੇ ਹਨ। ਪੰਜਾਬ ਦੇ ਤਿੰਨੇ ਕੋਵਿਡ ਪਲਾਜ਼ਮਾ ਬੈਂਕਾਂ ਵਿੱਚ ਇੱਕ ਵੀ ਪਲਾਜਮਾ ਦਾ ਯੂਨਿਟ ਮੌਜੂਦ ਨਹੀਂ ਹੈ। ਜਿਸ ਕਾਰਨ ਗੰਭੀਰ ਮਰੀਜ਼ਾਂ ਲਈ ਆਸ ਦੀ ਇਹ ਕਿਰਨ ਵੀ ਬੁਝਦੀ ਨਜ਼ਰ ਆ ਰਹੀ ਹੈ। ਪਲਾਜਮਾ ਬੈਂਕ ਖਾਲੀ ਹੋਣ ਪਿੱਛੇ ਕੋਰੋਨਾ ਦੇ ਮਰੀਜ਼ਾਂ ਤੋਂ ਪਲਾਜ਼ਮਾ ਨਾ ਲੈਣਾ ਹੀ ਮੁੱਖ ਕਾਰਨ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਸਰਕਾਰ ਵੱਲੋਂ ਕਿਸੇ ਵੀ ਕੋਰੋਨਾ ਮਰੀਜ਼ ਨੂੰ ਪਲਾਜ਼ਮਾ ਦੇਣ ਲਈ ਅਪੀਲ ਹੀ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਨੇ ਸੰਪਰਕ ਕੀਤਾ ਹੈ। ਜਿਸ ਕਾਰਨ ਠੀਕ ਹੋਣ ਵਾਲੇ ਕੋਰੋਨਾ ਪੀੜਤਾਂ ਵੱਲੋਂ ਪਲਾਜਮਾ ਵੀ ਨਹੀਂ ਦਿੱਤਾ ਗਿਆ ਹੈ ਅਤੇ ਹੁਣ ਪੰਜਾਬ ਦੇ ਤਿੰਨ ਪਲਾਜਮਾ ਬੈਂਕ ਪੂਰੀ ਤਰ੍ਹਾਂ ਖ਼ਾਲੀ ਹੋ ਗਏ ਹਨ।
ਜਾਣਕਾਰੀ ਅਨੁਸਾਰ, ਕੋਰੋਨਾ ਨਾਲ ਪੀੜਤ ਗੰਭੀਰ ਮਰੀਜ਼ਾਂ ਨੂੰ ਬਚਾਉਣ ਲਈ ਪਿਛਲੇ ਸਾਲ ਦੇਸ਼ ਭਰ ਵਿੱਚ ਪਲਾਜਮਾ ਥੈਰੇਪੀ ਦੀ ਵਰਤੋਂ ਕੀਤੀ ਗਈ ਸੀ ਅਤੇ ਕਈ ਵੀਆਈਪੀਜ਼ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਨੂੰ ਦੇਸ਼ ਭਰ ਵਿੱਚ ਪਲਾਜਮਾ ਥੈਰੇਪੀ ਦਿੰਦੇ ਹੋਏ ਉਨ੍ਹਾਂ ਦੀ ਜਾਨ ਵੀ ਬਚਾਈ ਗਈ ਸੀ।
ਦੇਸ਼ ਵਿੱਚ ਪਲਾਜ਼ਮਾ ਥੈਰੇਪੀ ਨੂੰ ਪੰਜਾਬ ਨੇ ਵੀ ਸ਼ੁਰੂ ਕੀਤਾ ਸੀ ਕਿਉਂਕਿ ਪੰਜਾਬ ਵਿੱਚ ਹੀ ਕੋਰੋਨਾ ਨਾਲ ਮੌਤ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਸਾਰਿਆਂ ਨਾਲੋਂ ਜਿਆਦਾ ਸੀ। ਪੰਜਾਬ ਵਿੱਚ ਪਲਾਜਮਾ ਨੂੰ ਇਕੱਠਾ ਕਰਨ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਪਹਿਲਾ ਕੋਵਿਡ ਪਲਾਜਮਾ ਬੈਂਕ ਬਣਾਇਆ ਗਿਆ ਸੀ ਅਤੇ ਇਸ ਬੈਂਕ ਵਿੱਚ ਇਕੱਠੇ ਹੋਣ ਵਾਲੇ ਪਲਾਜ਼ਮਾ ਨੂੰ ਲੋੜ ਪੈਣ ’ਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਵੀ ਦਿੱਤਾ ਜਾਂਦਾ ਸੀ।
ਪਟਿਆਲਾ ਵਿਖੇ ਕੋਵਿਡ ਪਲਾਜਮਾ ਬੈਂਕ ਬਣਾਉਣ ਤੋਂ ਬਾਅਦ ਅੰਮ੍ਰਿਤਸਰ ਅਤੇ ਫਰੀਦਕੋਟ ਮੈਡੀਕਲ ਕਾਲਜ ਵਿੱਚ ਪਲਾਜਮਾ ਬੈਂਕ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਜਿਆਦਾ ਪਲਾਜਮਾ ਇਕੱਠਾ ਹੋਣ ਨਾਲ ਜਿਆਦਾ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਕੁਝ ਮਹੀਨਿਆਂ ਤੱਕ ਇਨ੍ਹਾਂ ਤਿੰਨੇ ਪਲਾਜਮਾ ਬੈਂਕ ਦੇ ਚੱਲਣ ਤੋਂ ਬਾਅਦ ਜਦੋਂ ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਜਿਆਦਾ ਘਟ ਗਈ ਅਤੇ ਮੌਤਾਂ ਵੀ ਘੱਟ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਪਲਾਜਮਾ ਬੈਂਕ ਵੱਲੋਂ ਪਲਾਜਮਾ ਇਕੱਠਾ ਕਰਨਾ ਹੀ ਬੰਦ ਕਰ ਦਿੱਤਾ ਗਿਆ।
ਪਲਾਜਮਾ ਬੈਂਕ ਵੱਲੋਂ ਪਹਿਲਾਂ ਵਾਂਗ ਪਲਾਜਮਾ ਇਕੱਠਾ ਨਹੀਂ ਕਰਨ ਦੇ ਚੱਲਦੇ ਹੁਣ ਪਲਾਜਮਾ ਬੈਂਕ ਪੂਰੀ ਤਰ੍ਹਾਂ ਖ਼ਾਲੀ ਪਏ ਹਨ ਅਤੇ ਹੁਣ ਕੋਈ ਪਲਾਜਮਾ ਦਾਨ ਵੀ ਨਹੀਂ ਕਰ ਰਿਹਾ ਹੈ। ਜਿਸ ਕਾਰਨ ਹੀ ਪਟਿਆਲਾ ਅਤੇ ਅੰਮ੍ਰਿਤਸਰ ਸਣੇ ਫਰੀਦਕੋਟ ਵਿਖੇ ਇੱਕ ਵੀ ਯੂਨਿਟ ਪਲਾਜਮਾ ਨਹੀਂ ਹੈ।
ਆਈ.ਸੀ.ਐਮ.ਆਰ. ਅਨੁਸਾਰ ਨਹੀਂ ਐ ਕੋਈ ਫਾਇਦਾ: ਓ. ਪੀ. ਸੋਨੀ
ਪੰਜਾਬ ਦੇ ਮੈਡੀਕਲ ਖੋਜ ਵਿਭਾਗ ਦੇ ਮੰਤਰੀ ਓ. ਪੀ. ਸੋਨੀ ਨੇ ਕਿਹਾ ਕਿ ਆਈ.ਸੀ.ਐਮ.ਆਰ. ਅਨੁਸਾਰ ਕੋਰੋਨਾ ਦੇ ਮਰੀਜ਼ਾਂ ’ਤੇ ਕੋਵਿਡ ਪਲਾਜਮਾ ਦਾ ਕੋਈ ਜਿਆਦਾ ਅਸਰ ਨਹੀਂ ਹੈ। ਇਸ ਲਈ ਹੀ ਪਲਾਜਮਾ ਦਾਨ ਵਿੱਚ ਲੈਣਾ ਬੰਦ ਕਰ ਦਿੱਤਾ ਗਿਆ ਹੈ। ਜਿਸ ਕਰਕੇ ਹੀ ਪੰਜਾਬ ਵਿੱਚ ਪਲਾਜਮਾ ਬੈਂਕ ਖ਼ਾਲੀ ਹੋ ਗਏ ਹਨ ਅਤੇ ਇਸ ਸਮੇਂ ਪੰਜਾਬ ਦੇ ਇੱਕ ਵੀ ਪਲਾਜਮਾ ਬੈਂਕ ਵਿੱਚ ਕੋਈ ਵੀ ਯੂਨਿਟ ਪਲਾਜਮਾ ਦਾ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.