ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home ਵਿਚਾਰ ਲੇਖ ਜ਼ਿੰਦਗੀ ’ਚ ਕਾਮ...

    ਜ਼ਿੰਦਗੀ ’ਚ ਕਾਮਯਾਬੀ ਲਈ ਅਨੁਸ਼ਾਸਨ ਬਹੁਤ ਅਹਿਮ

    ਜ਼ਿੰਦਗੀ ’ਚ ਕਾਮਯਾਬੀ ਲਈ ਅਨੁਸ਼ਾਸਨ ਬਹੁਤ ਅਹਿਮ

    ਅਨੁਸ਼ਾਸਨ ਦੀ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ। ਅਨੁਸ਼ਾਸਨ ਸ਼ਬਦ ਅੰਗਰੇਜ਼ੀ ਦੇ ਸ਼ਬਦ ਡਿਸਿਪਲਿਨ ਦਾ ਸਮਾਨਾਰਥੀ ਹੈ, ਜਿਸ ਦਾ ਅਰਥ ਹੈ ਆਪਣੇ-ਆਪ ਨੂੰ ਕੁਝ ਬੰਧਨਾਂ ਵਿੱਚ ਰੱਖ ਕੇ ਅਜ਼ਾਦੀ ਮਾਣਨਾ। ਆਕਸਫੋਰਡ ਸ਼ਰ ਅਨੁਸਾਰ ਇਸਦੇ ਅਰਥ ਹਨ, ‘‘ਮਨੁੱਖ ਦੇ ਦਿਮਾਗ਼ ਅਤੇ ਆਚਰਨ ਨੂੰ ਅਜਿਹੀ ਸਿਖਲਾਈ ਦੇਣਾ, ਜਿਸ ਨਾਲ ਉਹ ਸਵੈ-ਕਾਬੂ ਹੋ ਕੇ ਸਿੱਖੇ ਅਤੇ ਆਪਣੇ ਵਿੱਚ ਆਪਣੇ ਤੋਂ ਵੱਡੇ ਅਧਿਕਾਰੀ ਜਾਂ ਪ੍ਰਬੰਧਕ ਤੇ ਸਥਾਪਿਤ ਸੱਤਾ ਦਾ ਆਗਿਆਕਾਰੀ ਬਣਨ ਦੀ ਰੁਚੀ ਪੈਦਾ ਕਰੇ’’

    ਬੇਸ਼ੱਕ ਆਜ਼ਾਦੀ ਨੂੰ ਮਾਣਨਾ ਸਾਡਾ ਜਮਾਂਦਰੂ ਅਧਿਕਾਰ ਹੈ, ਪਰੰਤੂ ਅਸੀਂ ਪੂਰਨ ਆਜ਼ਾਦੀ ਕੁੱਝ ਨਿਯਮਾਂ ਦੀ ਪਾਲਣਾ ਕਰਕੇ ਤੇ ਆਪਣੇ-ਆਪ ਨੂੰ ਕੁੱਝ ਬੰਧਨਾਂ ਵਿਚ ਰੱਖ ਕੇ ਹੀ ਮਾਣ ਸਕਦੇ ਹਾਂ ਅਸਲ ਵਿਚ ਸਾਰਾ ਬ੍ਰਹਿਮੰਡ ਤੇ ਸਾਰੀਆਂ ਕੁਦਰਤੀ ਸ਼ਕਤੀਆਂ ਵੀ ਇੱਕ ਅਨੁਸ਼ਾਸਨ ਵਿਚ ਬੱਝੀਆਂ ਹੋਈਆਂ ਹਨ।

    ਅਨੁਸ਼ਾਸਨ ਕੀ ਹੈ? ਅਨੁਸ਼ਾਸਨ ਦਾ ਅਰਥ ਹੈ- ਮਨੁੱਖ ਦੇ ਦਿਮਾਗ ਅਤੇ ਆਚਰਨ ਨੂੰ ਅਜਿਹੀ ਸਿਖਲਾਈ ਦੇਣਾ, ਜਿਸ ਨਾਲ ਉਹ ਸਵੈ-ਕਾਬੂ ਰੱਖਣਾ ਸਿੱਖੇ ਤੇ ਆਗਿਆਕਾਰੀ ਬਣੇ। ਸਾਡੇ ਸਰੀਰ ਦੇ ਅੰਗ ਵੀ ਅਨੁਸ਼ਾਸਨ ਅਨੁਸਾਰ ਇੱਕ-ਦੂਜੇ ਦੀ ਸਹਾਇਤਾ ਕਰਦੇ ਹਨ। ਜ਼ਿੰਦਗੀ ਵਿੱਚ ਸਭ ਤੋਂ ਵੱਡੀ ਉਦਾਹਰਨ ਛੋਟੀਆਂ-ਛੋਟੀਆਂ ਕੀੜੀਆਂ ਦੀ ਹੈ ਕਿ ਉਹ ਕਿਵੇਂ ਅਨੁਸ਼ਾਸਨਬੱਧ ਰਹਿ ਕੇ ਕੰਮ ਕਰਦੀਆਂ ਹਨ। ਜੇ ਅਸੀਂ ਸੜਕ ’ਤੇ ਸੱਜੇ ਪਾਸੇ ਚੱਲੀਏ ਤਾਂ ਸੱਟ ਸਾਨੂੰ ਹੀ ਲੱਗੇਗੀ ਸੋ ਜਦੋਂ ਅਸੀਂ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਾਂਗੇ ਤਾਂ ਸਭ ਤੋਂ ਪਹਿਲਾਂ ਨੁਕਸਾਨ ਸਾਨੂੰ ਹੀ ਹੋਵੇਗਾ।

    ਵਿਦਿਆਰਥੀ-ਅਨੁਸ਼ਾਸਨ ਤੋਂ ਭਾਵ ਹੈ। ਸਕੂਲ ਦੁਆਰਾ ਬਣਾਏ ਨਿਯਮ ਦੇ ਅੰਤਰਗਤ ਰਹਿ ਕੇ ਸਿੱਖਿਆ ਪ੍ਰਾਪਤ ਕਰਨਾ। ਸਾਰੀਆਂ ਕੁਦਰਤੀ ਸ਼ਕਤੀਆਂ ਵੀ ਅਨੁਸ਼ਾਸਨ ਵਿੱਚ ਬੱਝੀਆਂ ਹੋਈਆਂ ਹਨ। ਇੱਕ ਅਨੁਸ਼ਾਸਨਹੀਣ ਵਿਦਿਆਰਥੀ ਆਪਣੇ ਜੀਵਨ ਵਿੱਚ ਕਦੀ ਸਫ਼ਲਤਾ ਨਹੀਂ ਪਾ ਸਕਦਾ। ਅਨੁਸ਼ਾਸਨ ਸਾਡੇ ਜੀਵਨ ਉੱਪਰ ਨਿਯੰਤਰਣ ਰੱਖਦਾ ਹੈ ਅਤੇ ਸਹੀ ਸੇਧ ਦਿੰਦਾ ਹੈ। ਇਹ ਮਨੁੱਖੀ ਚਰਿੱਤਰ ਦੀ ਰੀੜ੍ਹ ਦੀ ਹੱਡੀ ਹੈ। ਅਨੁਸ਼ਾਸਨ ਮਨੁੱਖ ਦੀ ਸ਼ਖ਼ਸੀਅਤ ਨੂੰ ਨਿਖਾਰਦਾ ਹੈ।

    ਇਸ ਤੋਂ ਬਿਨਾਂ ਸਾਡੀ ਜ਼ਿੰਦਗੀ ਨੀਰਸ ਅਤੇ ਅਰਥਹੀਣ ਹੁੰਦੀ ਹੈ। ਅਨੁਸ਼ਾਸਨ ਦਾ ਅਰਥ ਹੈ ਸਮਾਜਿਕ ਨਿਯਮਾਂ, ਮਰਿਆਦਾਵਾਂ ਅਤੇ ਕਾਨੂੰਨ ਦੀ ਪਾਲਣਾ ਕਰਨਾ। ਹਰੇਕ ਸੱਭਿਅਕ ਸਮਾਜ ਦੇ ਆਪਣੇ ਨਿਯਮ, ਅਸੂਲ, ਮਰਿਆਦਾਵਾਂ ਤੇ ਰੀਤੀ-ਰਿਵਾਜ਼ ਹੁੰਦੇ ਹਨ। ਅਨੁਸ਼ਾਸਨ ਹਰ ਸੱਭਿਅਕ ਸਮਾਜ ਦੀ ਨੀਂਹ ਹੁੰਦਾ ਹੈ। ਕੁਦਰਤ ਵੀ ਅਨੁਸ਼ਾਸਨ ਵਿੱਚ ਬੱਝੀ ਹੋਈ ਹੈ। ਸੂਰਜ, ਚੰਨ, ਤਾਰੇ, ਹਵਾ, ਪਾਣੀ, ਧਰਤੀ, ਰੁੱਤਾਂ, ਦਿਨ, ਰਾਤ ਅਨੁਸ਼ਾਸਨ ਵਿੱਚ ਬੱਝੇ ਹੋਏ ਹਨ।

    ਅਨੁਸ਼ਾਸਨ ਦਾ ਅੰਤਮ ਸਰੂਪ ਸਵੈ-ਅਨੁਸ਼ਾਸਨ ਹੈ। ਵਿਦਿਆਰਥੀ ਆਪਣੀਆਂ ਮਾਨਸਿਕ ਅਤੇ ਸਰੀਰਕ ਸ਼ਕਤੀਆਂ ਨੂੰ ਪੜ੍ਹਾਈ, ਖੇਡਾਂ ਤੇ ਹੋਰ ਸਾਰਥਿਕ ਰੁਝੇਵਿਆਂ ਵੱਲ ਲਾਉਣ। ਜਿੰਮੇਵਾਰੀ ਦੀ ਭਾਵਨਾ ਰੱਖਣ ਸਵੈ-ਅਨੁਸ਼ਾਸਨ ਸ਼ਖ਼ਸੀਅਤ ਵਿਕਾਸ ਦਾ ਰਾਹ ਹੈ। ਵਿਦਿਆਰਥੀਆਂ ਦਾ ਅਸਲ ਉਦੇਸ਼ ਵਿੱਦਿਆ ਪ੍ਰਾਪਤ ਕਰਨਾ ਹੈ ਤਾਂ ਜੋ ਉਹ ਆਪਣਾ ਜੀਵਨ ਖੁਸ਼ਹਾਲ ਬਣਾ ਸਕਣ ਅਤੇ ਇੱਕ ਚੰਗੇ ਨਾਗਰਿਕ ਬਣ ਸਕਣ। ਇਸ ਤੋਂ ਸਿੱਧ ਹੁੰਦਾ ਹੈ ਕਿ ਅਨੁਸ਼ਾਸਨ ਮਨੁੱਖੀ ਜੀਵਨ ਲਈ ਇੱਕ ਜ਼ਰੂਰੀ ਚੀਜ਼ ਹੈ

    ਅਨੁਸ਼ਾਸਨ ਤੋਂ ਬਿਨਾਂ ਮਨੁੱਖੀ ਜੀਵਨ ਉਸ ਬੇੜੀ ਵਰਗਾ ਹੈ, ਜਿਸ ਦਾ ਮਲਾਹ ਨਾ ਹੋਵੇ, ਜਾਂ ਉਸ ਚਿੱਠੀ ਵਰਗਾ ਹੈ, ਜਿਸ ਉੱਪਰ ਸਿਰਨਾਵਾਂ ਨਾ ਲਿਖਿਆ ਹੋਵੇ ਇੱਕ ਅਨੁਸ਼ਾਸਨਹੀਣ ਵਿਅਕਤੀ ਆਪਣੇ ਜੀਵਨ ਵਿਚ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ ਅਨੁਸ਼ਾਸਨ ਦੀ ਪਾਲਣਾ ਕਰਨ ਨਾਲ ਮਨੁੱਖੀ ਜੀਵਨ ਸੁਖੀ ਅਤੇ ਖ਼ੁਸ਼ਹਾਲ ਹੋ ਜਾਂਦਾ ਹੈ। ਅਨੁਸ਼ਾਸਿਤ ਵਿਅਕਤੀ ਨੂੰ ਸਮਾਜ ਵਿੱਚ ਪਿਆਰ, ਸਤਿਕਾਰ, ਇੱਜ਼ਤ ਤੇ ਤਰੱਕੀ ਮਿਲਣ ਦੇ ਨਾਲ ਸੱਭਿਅਕ ਮਨੁੱਖ ਦਾ ਰੁਤਬਾ ਮਿਲਦਾ ਹੈ।

    ਇਹ ਸੋਚਣਾ ਕਿ ਅਨੁਸ਼ਾਸਨ ਤਾਂ ਸਿਰਫ਼ ਪੜ੍ਹੇ-ਲਿਖੇ ਲੋਕਾਂ ਤੇ ਨੌਕਰੀਪੇਸ਼ਾ ਵਿਅਕਤੀਆਂ ਲਈ ਹੁੰਦਾ ਹੈ, ਗਲਤ ਹੈ। ਅਨਪੜ੍ਹ ਜਾਂ ਘਰੇਲੂ ਕੰਮਕਾਜ ਕਰਨ ਵਾਲੇ ਲੋਕਾਂ ਲਈ ਵੀ ਅਨੁਸ਼ਾਸਨ ਦੀ ਓਨੀ ਹੀ ਮਹੱਤਤਾ ਹੈ। ਭਾਵੇਂ ਗੈਸ ਸਿਲੰਡਰ ਲੈਣਾ ਹੋਵੇ ਜਾਂ ਫਿਰ ਬਿਜਲੀ ਦਾ ਬਿੱਲ ਭਰਨਾ ਹੋਵੇ, ਲਾਈਨ ਵਿੱਚ ਖੜ੍ਹ ਕੇ ਕੰਮ ਸੌਖਾ ਨਿਪਟ ਜਾਂਦਾ ਹੈ ਜਦੋਂ ਪਿੱਛੋਂ ਆਉਣ ਵਾਲੇ ਵਿਅਕਤੀ ਪਹਿਲਾਂ ਵਾਰੀ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਝਗੜਾ ਤੇ ਸਮੇਂ ਦੀ ਬਰਬਾਦੀ ਹੀ ਪੱਲੇ ਪੈਂਦੀ ਹੈ। ਅਸੀਂ ਆਪ ਹੀ ਕਹਿੰਦੇ, ਪੜ੍ਹਦੇ ਤੇ ਸੁਣਦੇ ਹਾਂ ਕਿ ਅਨੁਸ਼ਾਸਨਹੀਣ ਵਿਅਕਤੀ ਅਨੁਸ਼ਾਸਨਹੀਣ ਸਮਾਜ ਸਿਰਜਦੇ ਹਨ।

    ਅਫ਼ਸੋਸ ਦੀ ਗੱਲ ਹੈ ਕਿ ਨਵੀਂ ਪੀੜ੍ਹੀ ਅਨੁਸ਼ਾਸਨ ਨੂੰ ਆਪਣੀ ਸੁਤੰਤਰਤਾ ਵਿੱਚ ਰੁਕਾਵਟ ਸਮਝਦੀ ਹੈ। ਨੌਜਵਾਨ ਹਰ ਵਾਰ ਆਪਣੇ ਘਰ, ਸਕੂਲ, ਕਾਲਜ ਅਤੇ ਸਮਾਜ ਦੇ ਨਿਯਮ ਤੋੜਦੇ ਹਨ। ਇਸ ਦੇ ਨਤੀਜੇ ਬੁਰੇ ਹੀ ਨਿੱਕਲਦੇ ਹਨ। ਕੋਈ ਟੀਮ ਖੇਡ ਦੇ ਮੈਦਾਨ ਵਿੱਚ ਓਨਾ ਚਿਰ ਜਿੱਤ ਨਹੀਂ ਸਕਦੀ ਜਿੰਨਾ ਚਿਰ ਉਹ ਅਨੁਸ਼ਾਸਨ ਵਿੱਚ ਰਹਿ ਕੇ ਨਹੀਂ ਖੇਡਦੀ। ਕੋਈ ਸੰਸਥਾ ਤਾਂ ਹੀ ਤਰੱਕੀ ਕਰ ਸਕਦੀ ਹੈ ਜੇਕਰ ਉਸ ਦੇ ਕਰਮਚਾਰੀ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨ।

    ਸਿੱਖਣ ਪ੍ਰਕਿਰਿਆ ਤਾਂ ਹੀ ਸਫਲ ਹੋਵੇਗੀ ਜੇਕਰ ਕਲਾਸ ਵਿੱਚ ਅਨੁਸ਼ਾਸਨ ਹੋਵੇਗਾ। ਇੱਕ ਦੇਸ਼ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਉਸ ਦੇ ਨਾਗਰਿਕ ਅਨੁਸ਼ਾਸਿਤ ਹੋਣ। ਘਰ ਵਿੱਚ ਮਾਤਾ-ਪਿਤਾ ਵੱਲੋਂ ਬੱਚੇ ਨੂੰ ਬਚਪਨ ਤੋਂ ਹੀ ਪਿਆਰ ਅਤੇ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ ਤਾਂ ਜੋ ਉਸ ਘਰ ਦੀ ਮਾਣ-ਮਰਿਆਦਾ ਦੀ ਪਾਲਣਾ ਕਰ ਸਕਣ। ਇਸੇ ਤਰ੍ਹਾਂ ਅਧਿਆਪਕ ਦਾ ਫ਼ਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਅਨੁਸ਼ਾਸਨ ਦੀ ਸਿੱਖਿਆ ਦੇਣ ਤਾਂ ਜੋ ਉਹ ਚੰਗੇ ਨਾਗਰਿਕ ਬਣ ਸਕਣ। ਮਾਪੇ ਜਾਂ ਅਧਿਆਪਕ ਵੱਲੋਂ ਬੱਚਿਆਂ ਉੱਪਰ ਅਨੁਸ਼ਾਸਨ ਠੋਸਿਆ ਨਾ ਜਾਵੇ।

    ਮਾਪੇ ਜਾਂ ਅਧਿਆਪਕ ਆਪ ਰੋਲ ਮਾਡਲ ਬਣ ਕੇ ਬੱਚਿਆਂ ਲਈ ਪ੍ਰੇਰਨਾਸ੍ਰੋਤ ਬਣਨ ਤਾਂ ਜੋ ਬੱਚਿਆਂ ਅੰਦਰ ਸਵੈ-ਅਨੁਸ਼ਾਸਨ ਦੀ ਭਾਵਨਾ ਪੈਦਾ ਹੋ ਜਾਵੇ ਭਾਵ ਅਨੁਸ਼ਾਸਨ ਵਿਅਕਤੀਤਵ ਦਾ ਅਟੁੱਟ ਅੰਗ ਬਣ ਜਾਵੇ। ਅਨੁਸ਼ਾਸਨਹੀਣਤਾ ਬਰਬਾਦੀ ਦੀ ਨਿਸ਼ਾਨੀ ਹੈ। ਸਾਨੂੰ ਸਾਰਿਆਂ ਨੂੰ ਅਨੁਸ਼ਾਸਨ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਹ ਸਾਨੂੰ ਸਨਮਾਨਜਨਕ ਜ਼ਿੰਦਗੀ ਦਿੰਦਾ ਹੈ।

    ਵਿਦਿਆਰਥੀਆਂ ਦਾ ਭਲਾ ਚਾਹੁਣ ਵਾਲੇ ਵਿਚਾਰਵਾਨ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਅਨੁਸ਼ਾਸਨਹੀਣਤਾ ਤੇ ਬੈਚੇਨੀ ਦਾ ਤਟ-ਫਟ ਇਲਾਜ ਹੋਣਾ ਚਾਹੀਦਾ ਹੈ ਅੱਜ ਦੇ ਵਿਦਿਆਰਥੀ ਕੱਲ੍ਹ ਦੇ ਆਗੂ ਹਨ ਇਹ ਦੇਸ਼ ਦੇ ਨਿਰਮਾਤਾ ਹਨ ਇਨ੍ਹਾਂ ਵਿਚ ਜੇ ਅਨੁਸ਼ਾਸਨ ਦੀ ਘਾਟ ਰਹੀ, ਤਾਂ ਇਹ ਦੇਸ਼-ਭਲਾਈ ਲਈ ਕੁਝ ਨਹੀਂ ਕਰ ਸਕਣਗੇ ਸਾਡਾ ਲੋਕ ਰਾਜ, ਭਵਿੱਖ ਸਾਡੇ ਨੌਜਵਾਨਾਂ ’ਤੇ ਨਿਰਭਰ ਹੈ ਜੇ ਉਹ ਜ਼ਿੰਮੇਵਾਰ ਨਾਗਰਿਕ ਸਾਬਤ ਹੁੰਦੇ ਹਨ, ਤਾਂ ਉਹ ਮੁਲਕ ਦੀ ਖੁਸ਼ਹਾਲੀ ਉਸਾਰੀ ਲਈ ਭਰਪੂਰ ਰੂਪ ਵਿਚ ਸਹਾਈ ਹੋ ਸਕਣਗੇ।
    ਝਲੂਰ, ਬਰਨਾਲਾ ।
    ਮੋ. 99889-33161
    ਗਗਨਦੀਪ ਧਾਲੀਵਾਲ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.