ਸਿੱਖਿਆ ਵਿਭਾਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਖਾਲੀ ਅਸਾਮੀਆਂ ਨੂੰ ਤੁਰੰਤ ਭਰੇ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਮਲੋਟ, (ਮਨੋਜ)। ਪੰਜਾਬ ਦੇ ਸਰਕਾਰੀ ਸਕੂਲਾਂ ਰਾਹੀਂ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਅਤੇ ਜਨਤਕ ਸਿੱਖਿਆ ਦੇ ਵਿਕਾਸ ਅਤੇ ਵਾਧੇ ਲਈ ਰਾਜ ਦੇ ਕੁੱਲ ਘਰੇਲੂ ਉਤਪਾਦ (ਸਟੇਟ ਜੀ ਡੀ ਪੀ) ਦਾ ਛੇ ਪ੍ਰਤੀਸ਼ਤ ਖਰਚ ਕਰਨ ਦਾ ਚੋਣ ਵਾਅਦਾ ਕਰਨ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਦੇ ਪੰਜਵੇਂ ਸਾਲ ਵਿੱਚ ਵੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ 228 ਪੋਸਟਾਂ ਵਿੱਚੋਂ 157 ਪੋਸਟਾਂ ਖਾਲੀ ਹਨ ਜੋਕਿ 69 ਪ੍ਰਤੀਸ਼ਤ ਬਣਦੀਆਂ ਹਨ
ਵੱਡੀ ਗਿਣਤੀ ਵਿੱਚ ਖਾਲੀ ਪ੍ਰਾਇਮਰੀ ਵਿਭਾਗ ਦੀਆਂ ਇਨ੍ਹਾਂ ਪ੍ਰਬੰਧਕੀ ਪੋਸਟਾਂ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁੁਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ ਪ੍ਰਧਾਨਗੀ ਮੰਡਲ ਦੀ ਵਰਚੂਅਲ ਮੀਟਿੰਗ ਵਿੱਚ ਚਿੰਤਾ ਦਾ ਪ੍ਰਗਟਾਵਾ ਕੀਤਾ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 14 ਪ੍ਰਤੀਸ਼ਤ ਬੱਚਿਆਂ ਦੀ ਗਿਣਤੀ ਵਧਣ ਦੇ ਬਾਵਜੂਦ ਅਧਿਆਪਕਾਂ ਦੀਆਂ ਪੋਸਟਾਂ ਲਗਾਤਾਰ ਘਟਾਈਆਂ ਜਾ ਰਹੀਆਂ ਹਨ,
ਸੀਐਂਡਵੀ ਦੀਆਂ ਪੋਸਟਾਂ ਮਿਡਲ ਸਕੂਲਾਂ ਵਿੱਚੋਂ ਖ਼ਤਮ ਕੀਤੀਆਂ ਜਾ ਰਹੀਆਂ ਹਨ, ਮਿਡਲ ਸਕੂਲਾਂ ਦੇ 228 ਪੀ ਟੀ ਆਈਜ਼ ਨੂੰ ਪੋਸਟਾਂ ਸਮੇਤ ਬਲਾਕਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ, ਬਦਲੀਆਂ ਦੇ ਨਾਂਅ ’ਤੇ ਵੀ ਪੋਸਟਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ, ਲੈਕਚਰਾਰ ਕਾਡਰ ਨੂੰ ਮਾਸਟਰ ਕਾਡਰ ਦੇ ਪੀਰੀਅਡ ਦੇ ਕੇ ਮਾਸਟਰ ਕਾਡਰ ਦੀਆਂ ਪੋਸਟਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ, ਪ੍ਰਾਇਮਰੀ ਵਿੱਚ ਸੱਤ ਕਲਾਸਾਂ ਹੋਣ ਦੇ ਬਾਵਜੂਦ ਨਵੀਆਂ ਪੋਸਟਾਂ ਨਾ ਦੇਣਾ ਅਤੇ ਅਪਰ ਪ੍ਰਾਇਮਰੀ ਵਿੱਚ ਵਿਸ਼ਾਵਾਰ ਅਧਿਆਪਕਾਂ ਦੀਆਂ ਪੋਸਟਾਂ ਨਾ ਦੇਣਾ ਪੰਜਾਬ ਦੀ ਜਨਤਕ ਸਿੱਖਿਆ ਨੂੰ ਤਬਾਹੀ ਵੱਲ ਲਿਜਾਏਗਾ
ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਮਨੋਹਰ ਲਾਲ ਸ਼ਰਮਾ, ਜਨਰਲ ਸਕੱਤਰ ਮਨਜੀਤ ਸਿੰਘ ਥਾਂਦੇਵਾਲਾ ਅਤੇ ਪ੍ਰੈਸ ਸਕੱਤਰ ਪਰਮਜੀਤ ਸਿੰਘ, ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੇਸ਼ ਵਿੱਚ ਸਾਮਰਾਜੀ ਨਿਰਦੇਸ਼ਤ ਨਵ ਉਦਾਰਵਾਦੀ ਨੀਤੀਆਂ ਲਾਗੂ ਕਰਨ ਨਾਲ ਆਰਥਿਕ ਸੁਧਾਰਾਂ ਦੇ ਨਾਂਅ ਹੇਠ ਜਿਸ ਤਰ੍ਹਾਂ ਦੇਸ਼ ਦੀ ਆਰਥਿਕਤਾ ਤਬਾਹ ਕੀਤੀ ਗਈ ਹੈ, ਉਸ ਤਰ੍ਹਾਂ ਸਿੱਖਿਆ ਸੁਧਾਰਾਂ ਦੇ ਨਾਂਅ ਹੇਠ ਨਵੀਂ ਸਿੱਖਿਆ ਨੀਤੀ ਲਾਗੂ ਕਰਕੇ ਪੰਜਾਬ ਦੀ ਜਨਤਕ ਸਿੱਖਿਆ ਨੂੰ ਤਬਾਹ ਕੀਤਾ ਜਾ ਰਿਹਾ ਹੈ
ਮੀਟਿੰਗ ਵਿੱਚ ਗੁਰਵਿੰਦਰ ਸਿੰਘ, ਪਿ੍ਰੰ. ਅਮਨਦੀਪ ਸ਼ਰਮਾ, ਪੁਸ਼ਪਿੰਦਰ ਸਿੰਘ, ਹਰਪਾਲਪੁਰ, ਮਨੋਹਰ ਲਾਲ ਸ਼ਰਮਾ, ਗੁਰਦੀਪ ਸਿੰਘ ਬਾਜਵਾ, ਕੁਲਦੀਪ ਪੁਰੋਵਾਲ, ਕਰਨੈਲ ਫਿਲੌਰ, ਬਲਵਿੰਦਰ ਭੁੱਟੋ, ਸੁਰਜੀਤ ਸਿੰਘ ਮੁਹਾਲੀ, ਰਣਜੀਤ ਮਾਨ, ਮੰਗਲ ਟਾਂਡਾ, ਭਗਵੰਤ ਭਟੇਜਾ, ਦੇਵੀ ਦਿਆਲ, ਹਰਿੰਦਰ ਮੱਲੀਆਂ, ਦਿਲਬਾਗ ਸਿੰਘ ਤੁੜ, ਬੋਧ ਰਾਜ ਭੋਆ, ਪਰਮਜੀਤ ਸਿੰਘ ਸ਼ੋਰੇਵਾਲਾ, ਗੁਰਦਾਸ ਸਿੰਘ ਸਿੱਧੂ, ਹਰਮਨਪ੍ਰੀਤ ਕੌਰ ਗਿੱਲ ਆਦਿ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.