ਕੀ ਅਸਲ ਅਰਥਾਂ ਵਿੱਚ ਮਿਲੀ ਹੈ ਔਰਤ ਨੂੰ ਅਜ਼ਾਦੀ?
ਅੱਜ ਦੇ ਯੁੱਗ ਵਿੱਚ ਹਰ ਕੋਈ ਗ਼ੁਲਾਮ ਹੈ। ਕੋਈ ਆਪਣੀਆਂ ਇੱਛਾਵਾਂ ਦਾ, ਕੋਈ ਕਿਸੇ ਦੂਜੇ ਇਨਸਾਨ ਦਾ। ਔਰਤ ਨੂੰ ਇੱਕੀਵੀਂ ਸਦੀ ਦੀ ਔਰਤ ਕਹਿ ਕੇ ਉਸਦੀ ਆਜ਼ਾਦੀ ਨੂੰ ਨਿਸ਼ਚਿਤ ਤੇ ਯਕੀਨੀ ਬਣਾਇਆ ਜਾਂਦਾ ਹੈ। ਜੇਕਰ ਇਸ ਇੱਕੀਵੀਂ ਸਦੀ ਨਾਂਅ ਦੀ ਪ੍ਰਯੋਗਸ਼ਾਲਾ ਵਿੱਚ ਔਰਤ ਦੀ ਆਜ਼ਾਦੀ ਨੂੰ ਪਰਖਿਆ ਜਾਵੇ ਤਾਂ ਇਹ ਹੋਰ ਵੀ ਕਮਜ਼ੋਰ ਸਾਬਿਤ ਹੋਵੇਗੀ। ਸਿਰਫ਼ ਇੱਕੀਵੀਂ ਸਦੀ ਦੀ ਔਰਤ ਦਾ ਟੈਗ ਲਾ ਕੇ ਔਰਤ ਦੀ ਆਜ਼ਾਦੀ ਨੂੰ ਸੰਪੂਰਨ ਨਹੀਂ ਕੀਤਾ ਜਾ ਸਕਦਾ।
ਇੱਕ ਆਜ਼ਾਦ ਮਨ ਹੀ ਸੱਚੀਂ ਆਜ਼ਾਦੀ ਦਾ ਪ੍ਰਤੀਕ ਹੈ। ਪਰ ਹਰ ਇਨਸਾਨ ਦਾ ਮਨ ਤਾਂ ਸਮਾਜੀ ਰਸਮਾਂ-ਰਿਵਾਜਾਂ ਦੀ ਚਾਰਦੀਵਾਰੀ ਵਿਚ ਕੈਦ ਹੈ। ਇਨ੍ਹਾਂ ਦੇ ਚਾਅ ਕਿਸੇ ਖੂੰਜੇ ਲੱਗੇ ਪਏ ਰਹਿ ਜਾਂਦੇ ਹਨ। ਇਨ੍ਹਾਂ ਦੇ ਸੁਪਨਿਆਂ ਦਾ ਅਸਮਾਨ ਕਿਸੇ ਦੂਜੇ ਦੇ ਪੈਰਾਂ ਹੇਠ ਲਿਤਾੜਿਆ ਜਾਂਦਾ ਹੈ। ਇੱਕ ਔਰਤ ਲੱਖਾਂ ਹੀ ਸੁਪਨੇ ਲੈ ਕੇ ਆਪਣੇ ਸਹੁਰੇ ਘਰ ਜਾਂਦੀ ਹੈ। ਪਰ ਉੱਥੇ ਉਸ ਤੋਂ ਬੱਚੇ ਦੀ ਹੀ ਆਸ ਕੀਤੀ ਜਾਂਦੀ ਹੈ, ਜੇ ਬੱਚਾ ਮਾਦਾ ਹੈ ਤਾਂ ਉਸਨੂੰ ਹੋਰ ਦੁੱਖ ਭੋਗਣੇ ਪੈਂਦੇ ਹਨ, ਕਿਉਂਕਿ ਇੱਛਾ ਤਾਂ ਨਰ ਦੀ ਕੀਤੀ ਜਾਂਦੀ ਹੈ। ਔਰਤਾਂ ਦੇ ਸੁਪਨੇ ਤਾਂ ਇਹ ਰਸਮਾਂ ਤੇ ਇੱਛਾਵਾਂ ਦੇ ਚੁੱਲ੍ਹੇ ਵਿੱਚ ਜਲ ਕੇ ਰਾਖ ਹੋ ਜਾਂਦੇ ਹਨ ਤੇ ਜ਼ਿੰਮੇਵਾਰੀਆਂ ਦੇ ਬੋਝ ਹੇਠਾਂ ਦੱਬ ਕੇ ਉਸਦੇ ਸੁਪਨੇ ਦਮ ਤੋੜ ਦਿੰਦੇ ਹਨ।
ਕਹਿਣ ਨੂੰ ਤਾਂ ਬਹੁਤ ਸਾਰੇ ਕਾਨੂੰਨ ਵੀ ਬਣੇ ਹਨ ਜੋ ਔਰਤ ਦੇ ਆਜ਼ਾਦ ਹੋਣ ਦਾ ਦਾਅਵਾ ਕਰਦੇ ਹਨ। ਪਰ ਕੀ ਇਹ ਆਜ਼ਾਦੀ ਅਸਲ ਵਿੱਚ ਹੈ? ਜੇਕਰ ਇੱਕ ਔਰਤ ਸਮਾਜ ਵਿੱਚ ਖੁੱਲ੍ਹ ਕੇ ਜਿਉਣਾ ਚਾਹੁੰਦੀ ਹੈ ਤਾਂ ਉਸਨੂੰ ਲੱਖਾਂ ਹੀ ਮਿਹਣਿਆਂ ਭਰੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਇਨ੍ਹਾਂ ਦੇ ਚਿਹਰੇ ਤੇਜ਼ਾਬ ਨਾਲ ਸਾੜੇ ਜਾਂਦੇ ਹਨ, ਇਨ੍ਹਾਂ ਦੇ ਜਿਸਮਾਂ ਨੂੰ ਦਰਿੰਦਿਆਂ ਦੁਆਰਾ ਬੇਰਹਿਮੀ ਨਾਲ ਨੋਚਿਆ ਜਾਂਦਾ ਹੈ ਤਾਂ ਉਦੋਂ ਇਹ ਕਾਨੂੰਨ ਆਰਾਮ ਦੀ ਨੀਂਦ ਸੌਂ ਰਹੇ ਹੁੰਦੇ ਹਨ।
ਲੋਕ ਵੀ ਰੋ-ਚੀਕ ਕੇ ਬੈਠ ਜਾਂਦੇ ਹਨ ਪਰ ਇਹ ਵਾਰਦਾਤਾਂ ਆਏ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਸਮਝ ਹੀ ਨਹੀਂ ਆਉਂਦੀ ਕਿ ਆਖ਼ਿਰ ਕਾਨੂੰਨ ਦੇ ਰਖਵਾਲੇ ਰਾਖੀ ਕਿਸਦੀ ਕਰ ਰਹੇ ਹਨ? ਕਿਉਂਕਿ ਜ਼ੁਲਮ ਵਧਦੇ ਹੀ ਜਾ ਰਹੇ ਹਨ। ਆਜ਼ਾਦੀ ਦੇ ਨਾਂਅ ਹੇਠ, ਨਵੇਂ-ਨਵੇਂ ਕਾਨੂੰਨ, ਨਵੀਆਂ-ਨਵੀਆਂ ਨੀਤੀਆਂ ਲੋਕਾਂ ਸਾਹਮਣੇ ਲਿਆਂਦੀਆਂ ਜਾ ਰਹੀਆਂ ਹਨ। ਜਿਵੇਂ ਕਿ ਹਾਲ ਹੀ ਔਰਤਾਂ ਦਾ ਕਿਰਾਇਆ ਮਾਫ਼ ਕਰਨ ਦੀ ਸਹੂਲਤ ਸਾਹਮਣੇ ਆਈ ਹੈ। ਜਿਸ ਕਾਰਨ ਔਰਤਾਂ ਮੁਫ਼ਤ ਸਫ਼ਰ ਕਰ ਸਕਦੀਆਂ ਹਨ। ਪਰ ਕੀ ਇਹ ਸੱਚਮੁੱਚ ਔਰਤਾਂ ਦੀ ਆਜ਼ਾਦੀ ਹੈ? ਇਹ ਆਜ਼ਾਦੀ ਨਹੀਂ, ਸਗੋਂ ਇਸ ਰਾਹੀਂ ਸਾਨੂੰ ਮਾਨਸਿਕ ਤੌਰ ’ਤੇ ਗ਼ੁਲਾਮ ਬਣਾਇਆ ਜਾ ਰਿਹਾ ਹੈ।
ਕਿਰਾਇਆ ਮੁਫ਼ਤ ਕਰਨ ਨਾਲ ਕੁੱਝ ਨਹੀਂ ਬਣਨਾ ਸਗੋਂ ਔਰਤਾਂ ਨੂੰ ਉਨ੍ਹਾਂ ’ਤੇ ਕੀਤੇ ਜਾਂਦੇ ਆਏ ਦਿਨ ਜ਼ੁਲਮਾਂ ਤੋਂ ਮੁਕਤ ਕਰਵਾਇਆ ਜਾਵੇ। ਥਾਂ-ਥਾਂ ’ਤੇ ਖੜ੍ਹੇ ਦੁਰਾਚਾਰੀਆਂ ਤੋਂ ਮੁਕਤ ਕਰਵਾਉਣਾ ਹੀ ਇਨ੍ਹਾਂ ਦੀ ਅਸਲ ਆਜ਼ਾਦੀ ਤੇ ਕਾਨੂੰਨ ਦੀ ਅਸਲ ਪ੍ਰਾਪਤੀ ਹੋਵੇਗੀ।
ਔਰਤਾਂ ਨੂੰ ਸਮਾਜ ਵਿੱਚ ਹਮੇਸ਼ਾ ਤੋਂ ਹੀ ਨੀਵਾਂ ਦਰਜਾ ਮਿਲਿਆ ਹੈ, ਭਾਵੇਂ ਕਿ ਇਸਦਾ ਦਰਜਾ ਸਭਨਾਂ ਤੋਂ ਉੱਚਾ ਹੈ। ਇਸਦੀ ਛੋਟੀ ਜਿਹੀ ਗਲ਼ਤੀ ਨੂੰ ਵੀ ਉਛਾਲਿਆ ਜਾਂਦਾ ਹੈ। ਭਾਵੇਂ ਕਿ ਗਲ਼ਤੀ ਨੂੰ ਉਛਾਲਣ ਵਾਲੇ ਕਿੰਨੇ ਹੀ ਵੱਡੇ ਗੁਨਾਹਾਂ ਵਾਲੇ ਕਿਉਂ ਨਾ ਹੋਣ ਜਿਵੇਂ ਕਿ ਦਾਦਰ ਭੰਡੋਰਵੀ ਦਾ ਇੱਕ ਸ਼ਿਅਰ ਹੈ-
ਇੱਕ ਮੇਰਾ ਝੂਠ ਕੀ ਫੜਿਆ ਗਿਆ,
ਉਸ ਵਕਤ ਹੀ,
ਇਸ ਮਹਾਂਨਗਰੀ ਦੇ ਸਾਰੇ ਲੋਕ ਸੁੱਚੇ ਹੋ ਗਏ।
ਇਹ ਇਲਜ਼ਾਮਾਂ, ਗੁਨਾਹਾਂ, ਹੰਝੂਆਂ, ਇੱਜ਼ਤਾਂ-ਬੇਇਜ਼ਤੀਆਂ ਦਾ ਦਰਿਆ ਸਿਰਫ਼ ਔਰਤਾਂ ਲਈ ਹੀ ਬਣਿਆ ਹੈ, ਜੋ ਹਰ ਸਦੀ ਵਿੱਚ ਇਨ੍ਹਾਂ ਨੂੰ ਪਾਰ ਕਰਨਾ ਪਿਆ ਹੈ ਤੇ ਅੱਗੇ ਵੀ ਕਰਨਾ ਪਵੇਗਾ। ਕਹਿਣ ਨੂੰ ਤਾਂ ਔਰਤ ਆਜ਼ਾਦ ਹੈ ਪਰ ਉਹ ਹਾਲੇ ਵੀ ਗ਼ੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜੀ ਪਈ ਹੈ। ਹਾਲੇ ਵੀ ਜ਼ੁਲਮ ਸਹਿਣ ਕਰਦੀ ਹੈ।
ਬੇਸ਼ੱਕ ਇੱਕ ਔਰਤ ਨੂੰ ਜਿਸਮਾਨੀ ਤੌਰ ’ਤੇ ਬੰਦੀ ਜਾਂ ਗ਼ੁਲਾਮ ਬਣਾਇਆ ਜਾ ਸਕਦਾ ਹੈ ਪਰ ਕੋਈ ਵੀ ਉਸਦੇ ਅੰਦਰ ਮੱਚਦੀ ਵਿਚਾਰਾਂ ਦੀ ਅਗਨੀ ਨੂੰ ਠੱਲ੍ਹ ਨਹੀਂ ਪਾ ਸਕਦਾ। ਜ਼ਰੂਰ ਹੀ ਔਰਤ ਦੇ ਵਿਚਾਰਾਂ ਦੀ ਅਗਨੀ ਇੱਕ ਦਿਨ ਜਵਾਲਾਮੁਖੀ ਵਾਂਗ ਫਟੇਗੀ ਤੇ ਇਸਦੀ ਗੂੰਜ ਅਸਮਾਨ ਨੂੰ ਧੁਰ ਅੰਦਰ ਤੱਕ ਕੰਬਣ ਲਾ ਦੇਵੇਗੀ ਤੇ ਇਸ ਕੰਬਦੇ ਅਸਮਾਨ ਵਿੱਚ ਹੀ ਗੂੰਜੇਗੀ ਇੱਕ ਆਜ਼ਾਦ ਔਰਤ ਦੀ ਆਜ਼ਾਦ ਸੋਚ ਤੇ ਜਦੋਂ ਅਸਮਾਨ ਵਿੱਚ ਇਸ ਆਜ਼ਾਦ ਸੋਚ ਦੀ ਬਿਜਲੀ ਚਮਕੇਗੀ ਤਾਂ ਇਹ ਰੌਸ਼ਨ ਕਰ ਦੇਵੇਗੀ ਔਰਤ ਦੇ ਸੁਪਨਿਆਂ ਦੀ ਧਰਤੀ ਨੂੰ। ਫਿਰ ਇਸ ਹੀ ਧਰਤੀ ਦੀ ਹਿੱਕ ’ਚੋਂ ਫੁੱਟਣਗੀਆਂ ਔਰਤ ਦੇ ਸੁਪਨਿਆਂ, ਸੱਧਰਾਂ, ਜ਼ਜ਼ਬਿਆਂ ਦੀਆਂ ਕੋਮਲ ਕਰੂੰਬਲਾਂ ਜੋ ਜਵਾਨ ਹੋ ਕੇ ਆਪਣੀ ਆਜ਼ਾਦੀ ਡੰਕਾ ਚਾਰੇ ਪਾਸੇ ਵਜਾ ਦੇਣਗੀਆਂ।
ਉਮੀਦ ਹੈ, ਧਰਤੀ ਦਾ ਜ਼ਰਾ-ਜ਼ਰਾ ਰੌਸ਼ਨ ਹੋਵੇਗਾ ਤੇ ਸਾਰੀਆਂ ਔਰਤਾਂ ਆਪਣੇ ਵਿਚਾਰਾਂ ਦੇ ਪੈਰਾਂ ’ਚ ਨਹੀਂ ਪੈਣ ਦੇਣਗੀਆਂ ਗ਼ੁਲਾਮੀ ਦੀਆਂ ਬੇੜੀਆਂ। ਬੇਨਤੀ ਹੈ, ਪਹਿਚਾਣੋ ਆਪਣੇ ਅੰਦਰ ਵਗਦੇ ਵਿਚਾਰਾਂ ਦੇ ਦਰਿਆ ਨੂੰ ਤੇ ਵਹਾਅ ਦੇਵੋ ਪੰਨਿਆਂ ’ਤੇ ਅਤੇ ਦੁਨੀਆਂ ਨੂੰ ਵਾਕਿਫ਼ ਕਰਵਾ ਦੇਵੋ ਤੁਹਾਡੀ ਆਜ਼ਾਦ ਹਸਤੀ ਨਾਲ। ਇਹ ਸਰੀਰ ਤਾਂ ਸਦੀਆਂ ਤੋਂ ਹੀ ਗ਼ੁਲਾਮ ਰਿਹਾ ਹੈ ਪਰ ਤੁਸੀਂ ਕੱਟ ਦਿਓ ਇਨ੍ਹਾਂ ਗ਼ੁਲਾਮੀ ਦੇ ਪਰਾਂ ਨੂੰ ਤੇ ਉਗਾਓ ਆਪਣੀ ਆਜ਼ਾਦੀ ਦੇ ਖੰਭ ਤੇ ਲੰਮੀ ਪਰਵਾਜ਼ ਭਰੋ ਆਪਣੇ ਆਜ਼ਾਦ ਵਿਚਾਰਾਂ ਦੇ ਖੰਭਾਂ ਨਾਲ।
ਮੋ. 98768-71849
ਅਮਨਦੀਪ ਕੌਰ ਕਲਵਾਨੂੰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.