ਜੇਕਰ ਫਿਰ ਵੀ ਮੁਲਾਜਮ ਮੰਗਾਂ ਦਾ ਹੱਲ ਨਾ ਕੀਤਾ ਤਾਂ 4 ਮਈ ਤੋਂ ਮੁੱਖ ਮੰਤਰੀ ਦੇ ਸ਼ਹਿਰ ’ਚ ਲਾਇਆ ਜਾਵੇਗਾ ਪੱਕਾ ਮੋਰਚਾ : ਆਗੂ
ਪਟਿਆਲਾ, (ਨਰਿੰਦਰ ਸਿੰਘ ਬਠੋਈ (ਸੱਚ ਕਹੂੰ))। ਪੰਜਾਬ ਯੂ.ਟੀ. ਮੁਲਾਜਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ 16 ਅਪਰੈਲ ਨੂੰ ਪਟਿਆਲਾ ਸ਼ਹਿਰ ਵਿੱਚ ਕੀਤੀ ਜਾ ਰਹੀ ਸਾਂਝੀ ਜੋਨਲ ਰੈਲੀ ਦੀ ਤਿਆਰੀ ਲਈ ਤਰਕਸ਼ੀਲ ਹਾਲ ਪਟਿਆਲਾ ਵਿਖੇ 6 ਜ਼ਿਲ੍ਹਿਆਂ ਲੁਧਿਆਣਾ, ਫਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਮੋਹਾਲੀ, ਚੰਡੀਗੜ੍ਹ ਤੇ ਪਟਿਆਲਾ ਦੀ ਜੋਨਲ ਮੀਟਿੰਗ ਹੋਈ। ਇਸ ਮੌਕੇ 6 ਜ਼ਿਲ੍ਹਿਆਂ ਦੇ ਆਗੂ ਵੱਡੀ ਗਿਣਤੀ ’ਚ ਸ਼ਾਮਲ ਹੋਏ।
ਇਸ ਮੀਟਿੰਗ ਦੀ ਅਗਵਾਈ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ ਤੇ ਅਨਿਲ ਕੁਮਾਰ ਬਰਨਾਲਾ ਨੇ ਕੀਤੀ। ਇਸ ਮੌਕੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਖੋਖਰ, ਨਿਰਭੈ ਸਿੰਘ ਲੁਧਿਆਣਾ, ਸੁਖਦੇਵ ਸਿੰਘ ਚੰਗਾਲੀਵਾਲਾ, ਗੁਰਵਿੰਦਰ ਸਿੰਘ ਚੰਡੀਗੜ੍ਹ, ਦਰਸ਼ਨ ਸਿੰਘ ਬੜ੍ਹਵਾ ਰੋਪੜ ਤੇ ਲਖਵਿੰਦਰ ਸਿੰਘ ਖਾਨਪੁਰ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਮੌਕੇ ਕੀਤੇ ਵਾਅਦੇ 4 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਲਾਗੂ ਨਹੀਂ ਕੀਤੇ ਗਏ ਜਿਸ ਕਾਰਨ ਮੁਲਾਜਮਾਂ ’ਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ।
ਬੁਲਾਰਿਆਂ ਨੇ ਮੰਗ ਕੀਤੀ ਕਿ ਪੇ ਕਮਿਸ਼ਨ ਦੀ ਰਿਪੋਰਟ ਵਾਰ-ਵਾਰ ਸਮਾਂ ਵਧਾਉਣ ਦੀ ਬਜਾਏ ਤੁਰੰਤ ਜਾਰੀ ਕੀਤੀ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ, ਵੱਖ-ਵੱਖ ਅਦਾਰਿਆਂ ਦਾ ਪੁਨਰਗਠਨ ਕਰਨਾ ਬੰਦ ਕੀਤਾ ਜਾਵੇ ਤੇ ਖਤਮ ਕੀਤੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਸਾਰੇ ਮੁਲਾਜਮਾਂ ’ਤੇ ਲਾਗੂ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਸਾਂਝੇ ਫਰੰਟ ਵੱਲੋਂ 16 ਅਪਰੈਲ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਰੈਲੀ ਪ੍ਰਤੀ ਮੁਲਾਜਮਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਫਿਰ ਵੀ ਮੁਲਾਜਮ ਮੰਗਾਂ ਦਾ ਹੱਲ ਨਾ ਕੀਤਾ ਤਾਂ 4 ਮਈ ਤੋਂ ਮੁੱਖ ਮੰਤਰੀ ਦੇ ਸ਼ਹਿਰ ’ਚ ਪੱਕਾ ਮੋਰਚਾ ਲਾਇਆ ਜਾਵੇਗਾ।
ਇਸ ਤੋਂ ਇਲਾਵਾ ਬਲਵਿੰਦਰ ਸਿੰਘ ਮੰਡੋਲੀ, ਬੀਰਪਾਲ, ਹਰਦੇਵ ਸਿੰਘ ਨਮਦਾ, ਰਜਿੰਦਰ ਸਿੰਘ ਧਾਰੀਵਾਲ, ਹਰਬੀਰ ਸਿੰਘ ਸੁਨਾਮ, ਬਲਬੀਰ ਸਿੰਘ ਮੰਡੋਲੀ, ਸ਼ੇਰ ਸਿੰਘ ਸਰਹਿੰਦ, ਭਜਨ ਸਿੰਘ, ਗੁਰਜੰਟ ਸਿੰਘ ਪਸ਼ੂ ਪਾਲਣ, ਤੇਜਿੰਦਰ ਪਾਲ, ਹਰਿੰਦਰ ਸਿੰਘ ਖਾਲਸਾ, ਗੁਰਜੀਤ ਸਿੰਘ ਗੋਕਲ ਗਰਾਮ, ਬਲਬੀਰ ਸਿੰਘ ਨਰੜੂ, ਮੇਹਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.