ਸਕੂਲ ਬੰਦ ਦੇ ਵਿਰੋਧ ’ਚ ਪ੍ਰਾਈਵੇਟ ਸਕੂਲਜ਼ ਸੰਘਰਸ਼ ਫਰੰਟ ਵੱਲੋਂ ਆਈ ਟੀ ਆਈ ਚੌਂਕ ਵਿਖੇ ਦਿੱਤਾ ਧਰਨਾ

ਲੈ ਕੇ ਤੁਸੀਂ ਕੋਰੋਨਾ ਦੀ ਆੜ – ਬੱਚਿਆਂ ਦੇ ਭਵਿੱਖ ਨਾਲ ਨਾ ਕਰੋ ਖਿਲਵਾੜ ਦੇ ਲਾਏ ਨਾਅਰੇ

ਸੁਨਾਮ ਊਧਮ ਸਿੰਘ ਵਾਲਾ (ਖੁਸ਼ਪ੍ਰੀਤ ਜੋਸ਼ਨ)। ਕੋਰੋਨਾ ਦੇ ਕਾਰਨ ਸਕੂਲ ਬੰਦ ਕਰਨ ਦੇ ਸਬੰਧ ਵਿੱਚ ਅੱਜ ਰੋਸ ਵਜੋਂ ਪ੍ਰਾਈਵੇਟ ਸਕੂਲਜ਼ ਸੰਘਰਸ਼ ਫਰੰਟ ਜ਼ਿਲ੍ਹਾ ਸੰਗਰੂਰ ਵੱਲੋਂ ਆਈ ਟੀ ਆਈ ਚੌਂਕ ਸੁਨਾਮ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਫਰੰਟ ਦੇ ਆਗੂ ਸੁਦਰਸ਼ਨ ਸ਼ਰਮਾ ਲਹਿਰਾਗਾਗਾ ਅਤੇ ਯਾਦਵਿੰਦਰ ਸਿੰਘ ਲਦਾਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਜਿਥੇ ਬੱਚਿਆਂ ਦਾ ਭਵਿੱਖ ਤਬਾਹ ਕਰਨ ਤੇ ਤੁਲੀ ਹੋਈ ਹੈ ਉਥੇ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ, ਅਧਿਆਪਕਾਂ, ਨਾਨ ਟੀਚਿੰਗ ਸਟਾਫ, ਡਰਾਈਵਰ , ਕੰਡਕਟਰ ਤੋਂ ਇਲਾਵਾ ਬਾਕੀ ਕਰਮਚਾਰੀਆਂ ਨੂੰ ਆਰਥਿਕ ਮੰਦਹਾਲੀ ਵੱਲ ਧੱਕ ਕੇ ਭੁੱਖੇ ਮਰਨ ਲਈ ਮਜ਼ਬੂਰ ਕਰ ਰਹੀ ਹੈ , ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਸੰਘਰਸ਼ ਫਰੰਟ ਨੇ ਪਹਿਲਾਂ ਲਹਿਰਾਗਾਗਾ, ਦਿੜਬਾ, ਚੀਮਾ , ਮੂਨਕ , ਖਨੌਰੀ ਵਿਖੇ 27 ਮਾਰਚ ਨੂੰ ਆਪਣੇ ਸਕੂਲਾਂ ਦੇ ਸਟਾਫ ਸਮੇਤ ਰੋਸ ਰੈਲੀਆਂ ਕਰਕੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਸਰਕਾਰ ਤੋਂ ਤੁਰੰਤ ਸਕੂਲ ਖੋਲ੍ਹਣ ਦੀ ਮੰਗ ਕੀਤੀ ਸੀ ਅਤੇ ਅੱਜ ਉਸ ਦੇ ਅਗਲੇ ਕਦਮ ਵਜੋਂ ਅੱਜ ਆਈ ਟੀ ਆਈ ਚੌਂਕ ਸੁਨਾਮ ਵਿਖੇ ਧਰਨਾ ਦਿੱਤਾ ਗਿਆ ਅਤੇ ਲਗਭਗ ਇਕ ਘੰਟਾ ਟ੍ਰੈਫਿਕ ਜਾਮ ਕੀਤਾ ਗਿਆ।

ਧਰਨੇ ਨੂੰ ਸੰਬੋਧਨ ਕਰਦੇ ਹੋਏ ਤਰਸੇਮ ਪੁਰੀ ਭੁਟਾਲ, ਪ੍ਰਵੀਨ ਖੋਖਰ ਲਹਿਰਾਗਾਗਾ , ਬਿਕਰਮ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਤੁਰੰਤ ਸਵੀਕਾਰ ਨਾ ਕੀਤੀਆਂ ਤਾਂ ਫਰੰਟ ਇਸ ਤੋਂ ਵੀ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ। ਗੁਰਚਰਨ ਸਿੰਘ ਹਰੀਕਾ ਸੁਨਾਮ ਨੇ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਕੇਵਲ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਅਜਿਹਾ ਕਰ ਰਹੀ ਹੈ ਅਤੇ ਨੈੱਟਵਰਕ ਸਹੀ ਨਾ ਹੋਣ ਕਾਰਨ ਬਹੁਤੀਆਂ ਥਾਵਾਂ ’ਤੇ ਆਨਲਾਈਨ ਸਿੱਖਿਆ ਦੇਣੀ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਹੈ ਅਤੇ ਮਾਪੇ ਇਸ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ। ਇਸ ਮੌਕੇ ਫਰੰਟ ਵੱਲੋਂ ਐਸ‌‌ ਡੀ‌ ਐਮ ਸੁਨਾਮ ਮਨਜੀਤ ਕੌਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।

ਇਸ ਧਰਨੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿਚ ਇਕੱਠੇ ਹੋਏ ਸਕੂਲ ਅਧਿਆਪਕ ਨੇ ਨਾਅਰੇ ਲਗਾਏ ਜਿਵੇਂ ਕੋਰੋਨਾ ਇੱਕ ਬਹਾਨਾ ਹੈ, ਅਸਲ ਹੋਰ ਨਿਸ਼ਾਨਾ ਹੈ, ਲੈ ਕੇ ਤੁਸੀਂ ਕੋਰੋਨਾ ਦੀ ਆੜ – ਬੱਚਿਆਂ ਦੇ ਭਵਿੱਖ ਨਾਲ ਨਾ ਕਰੋ ਖਿਲਵਾੜ , ਸਰਕਾਰ ਜੀ ਕੁਝ ਤਾਂ ਬੋਲੇ- ਸਾਰੇ ਸਕੂਲ ਤੁਰੰਤ ਖੋਲ੍ਹੇ ਆਦਿ ਨਾਅਰੇ ਲਗਾਏ ਗਏ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਵੇਦ ਪ੍ਰਕਾਸ਼ ਖਨੌਰੀ, ਹਰਦੀਪ ਸਿੰਘ ਕੜੈਲ, ਸੰਜੇ ਸਿੰਗਲਾ ਲਹਿਰਾਗਾਗਾ, ਭੂਸ਼ਨ ਸ਼ਰਮਾ ਸੁਨਾਮ ਦਵਿੰਦਰ ਸਿੰਘ ਦਿੜ੍ਹਬਾ ਅਤੇ ਰਜਿੰਦਰ ਸਿੰਘ ਸੰਗਰੂਰ ਆਦਿ ਨੇ ਵੀ ਸੰਬੋਧਨ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.