ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home ਵਿਚਾਰ ਲੇਖ ਘਰ-ਘਰ ਰੁੱਖ ਦੇ...

    ਘਰ-ਘਰ ਰੁੱਖ ਦੇਵੇ ਸੁੱਖ

    Value of a Tree

    ਘਰ-ਘਰ ਰੁੱਖ ਦੇਵੇ ਸੁੱਖ

    ਮਨੁੱਖ ਅਤੇ ਰੁੱਖ ਦਾ ਰਿਸ਼ਤਾ ਬੜਾ ਗਹਿਰਾ ਅਤੇ ਸਦੀਵੀ ਹੈ। ਰੁੱਖ ਤੇ ਮਨੁੱਖ ਸਾਹਾਂ ਦੇ ਸਾਂਝੀ ਹਨ ਇੱਕ ਤੋਂ ਬਿਨਾਂ ਦੂਸਰੇ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜਨਮ ਤੋਂ ਲੈ ਕੇ ਮਰਨ ਤੱਕ ਰੁੱਖ ਮਨੁੱਖ ਦੇ ਅੰਗ-ਸੰਗ ਰਹਿਣ ਦਾ ਫਰਜ਼ ਨਿਭਾਉਂਦਾ ਆ ਰਿਹਾ ਹੈ ਰੁੱਖ ਕੁਦਰਤ ਵੱਲੋਂ ਬਖਸ਼ੀ ਅਣਮੁੱਲੀ ਦਾਤ ਹੈ ਰੁੱਖ ਤੇ ਮਨੁੱਖ ਇੱਕ-ਦੂਜੇ ’ਤੇ ਨਿਰਭਰ ਹਨ ਭਾਵ ਕਿ ਰੁੱਖਾਂ ਤੋਂ ਸਾਨੂੰ ਆਕਸੀਜ਼ਨ ਮਿਲਦੀ ਹੈ ਅਤੇ ਬਦਲੇ ਵਿਚ ਅਸੀਂ ਉਹਨਾਂ ਨੂੰ ਕਾਰਬਨ ਡਾਈਆਕਸਾਈਡ ਦਿੰਦੇ ਹਾਂ ਅਸੀਂ ਇੱਥੋਂ ਤੱਕ ਕਹਿ ਸਕਦੇ ਹਾਂ ਕੇ ਧਰਤੀ ਦਾ ਜੀਵਨ ਰੁੱਖਾਂ ਦੀ ਹੋਂਦ ਨਾਲ ਹੀ ਚੱਲਦਾ ਰਹਿ ਸਕਦਾ ਹੈ। ਕਿਉਂਕਿ ਰੁੱਖ ਧਰਤੀ ਦੇ ਤਾਪਮਾਨ ਨੂੰ ਕੰਟਰੋਲ ਵਿਚ ਰੱਖਦੇ ਹਨ।

    ਇਸ ਲਈ ਜੇ ਧਰਤੀ ਉੱਤੇ ਰੁੱਖ ਨਹੀਂ ਹੋਣਗੇ ਤਾਂ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਹੀ ਚਲਿਆ ਜਾਵੇਗਾ ਤੇ ਉਹ ਇੰਨੀ ਗਰਮ ਹੋ ਜਾਵੇਗੀ ਕਿ ਉਸ ’ਤੇ ਜੀਵਨ ਮੁਸ਼ਕਲ ਹੋ ਜਾਵੇਗਾ। ਪਰੰਤੂ ਅਜੋਕੇ ਸਮੇਂ ਵਿਚ ਇਹ ਸਮੱਸਿਆ ਬਹੁਤ ਹੀ ਵਧ ਚੁੱਕੀ ਹੈ ਮਨੁੱਖ ਨੇ ਰੁੱਖਾਂ ਪ੍ਰਤੀ ਆਪਣੇ ਫਰਜ਼ਾਂ ਤੋਂ ਬੁਰੀ ਤਰ੍ਹਾਂ ਕਿਨਾਰਾ ਕਰ ਲਿਆ ਹੈ ਜਿਸ ਕਰਕੇ ਮਨੁੱਖੀ ਹੋਂਦ ਅਤੇ ਜੰਗਲੀ-ਜੀਵਨ ਸਮੱਸਿਆਂ ਦੇ ਘੇਰੇ ਵਿਚ ਆ ਗਏ ਹਨ। ਪ੍ਰਦੂਸ਼ਣ ਲਗਾਤਾਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਅਤੇ ਹਵਾ ਦੀ ਗੁਣਵੱਤਾ ’ਚ ਗਿਰਵਾਟ ਆ ਰਹੀ ਹੈ ਜਿਸ ਕਾਰਨ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਦਾ ਪਸਾਰ ਹੋ ਰਿਹਾ ਹੈ ਅਤੇ ਮਨੁੱਖ ਦੀ ਉਮਰ ਵੀ ਲਗਾਤਾਰ ਘਟਦੀ ਜਾ ਰਹੀ ਹੈ

    ਮਨੁੱਖ ਦੇ ਲਾਲਚ ਸਦਕਾ ਜੰਗਲੀ ਜੀਵਨ ਹੇਠ ਆਉਂਦਾ ਰਕਬਾ ਲਗਾਤਾਰ ਖ਼ਤਮ ਹੁੰਦਾ ਜਾ ਰਿਹਾ ਹੈ ਜੋ ਕਿ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਇੱਕ ਰਿਪੋਰਟ ਮੁਤਾਬਕ ਦੁਨੀਆਂ ਵਿਚ ਲਗਭਗ ਸੱਤ ਮਿਲੀਅਨ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਕਾਰਨ ਹੋ ਜਾਂਦੀ ਹੈ। ਰੁੱਖ ਮੁਫ਼ਤ ’ਚ ਹਵਾ ਨੂੰ ਸਵੱਛ ਕਰਨ ਦਾ ਕੰਮ ਕਰਦੇ ਹਨ ਪਰ ਫਿਰ ਵੀ ਅਸੀਂ ਰੁੱਖਾਂ ਦੇ ਯੋਗਦਾਨ ਨੂੰ ਅਣਗੌਲਿਆ ਕਰ ਦਿੰਦੇ ਹਾਂ। ਰੁੱਖਾਂ ਦੀ ਘਾਟ ਕਾਰਨ ਰੁੱਤਾਂ ਉੱਤੇ ਵੀ ਇਸ ਦਾ ਪ੍ਰਭਾਵ ਦਿਨੋ-ਦਿਨ ਵਧ ਰਿਹਾ ਹੈ। ਰੁੱਖਾਂ ਦੀ ਕਮੀ ਕਾਰਨ ਵਰਖਾ ਦੀ ਮਾਤਰਾ ਵੀ ਸਥਿਰ ਨਹੀਂ ਰਹੀ। ਹੁਣ ਕਿਤੇ ਬਹੁਤ ਜ਼ਿਆਦਾ ਵਰਖਾ ਹੋ ਜਾਂਦੀ ਹੈ ਜਦੋਂਕਿ ਕਿਤੇ ਸੋਕੇ ਵਰਗੇ ਹਾਲਾਤ ਬਣ ਜਾਂਦੇ ਹਨ।

    ਸਾਡਾ ਦੇਸ਼ ਖੇਤੀ ਪ੍ਰਧਾਨ ਮੁਲਕ ਹੈ। ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ ਪਰ ਪਿਛਲੇ ਕੁਝ ਦਹਾਕਿਆਂ ਤੋਂ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਕਮੀ ਦਰਜ਼ ਕੀਤੀ ਗਈ ਹੈ। ਰਸਾਇਣਕ ਖਾਦਾਂ ਤੋਂ ਇਲਾਵਾ ਇਸ ਦਾ ਇੱਕ ਹੋਰ ਮੁੱਖ ਕਾਰਨ ਰੁੱਖਾਂ ਦੀ ਕਟਾਈ ਵੀ ਹੈ ਸੋ ਅੱਜ ਲੋੜ ਹੈ ਇੱਕ-ਇੱਕ ਰੁੱਖ ਬਚਾਉਣ ਦੀ ਅਤੇ ਹਰ ਇੱਕ ਮਨੁੱਖ ਨੂੰ ਹੰਭਲਾ ਮਾਰਨ ਦੀ ਕਿ ਉਹ ਆਪਣੇ ਘਰਾਂ ਵਿੱਚ ਇੱਕ ਰੁੱਖ ਜ਼ਰੂਰ ਲਾਵੇ ਅਤੇ ਉਸਦੀ ਪਰਿਵਾਰਕ ਮੈਂਬਰ ਵਾਂਗ ਸਾਂਭ-ਸੰਭਾਲ ਕਰੇ ਇਹ ਜ਼ਰੂਰੀ ਹੈ ਕਿ ਹਰ ਵਿਅਕਤੀ ਰੁੱਖਾਂ ਦੀ ਮਹੱਤਤਾ ਨੂੰ ਸਮਝੇ ’ਤੇ ਕੁਦਰਤ ਨਾਲ ਪਿਆਰ ਕਰੇ।

    ਰੁੱਖ ਜੇ ਘਰਾਂ ਦੀ ਰੌਣਕ ਹਨ ਤਾਂ ਇਨ੍ਹਾਂ ਉੱਪਰ ਵੱਸਦੇ ਪੰਛੀ ਵਿਹੜੇ ਦਾ ਸ਼ਿੰਗਾਰ ਹਨ, ਜਿਵੇਂ ਕਹਿੰਦੇ ਹਨ, ਕਾਂ ਵੀ ਵੱਸਦੇ ਘਰ ਦੇ ਬਨ੍ਹੇਰੇ ’ਤੇ ਹੀ ਬੈਠਦਾ ਹੈ, ਉਸੇ ਤਰ੍ਹਾਂ ਰੁੱਖ ਵੀ ਵੱਸਦੇ ਵਿਹੜੇ ਦੀ ਰੌਣਕ ਹੁੰਦੇ ਹਨ। ਉੱਜੜੇ ਵਿਹੜੇ ਵਿਚ ਰੁੱਖ ਨਹੀਂ, ਜੰਗਲ ਹੁੰਦਾ ਹੈ।
    ਰੁੱਖਾਂ ਹੇਠ ਹੀ ਕਦੇ ਸੱਥਾਂ ਜੁੜਦੀਆਂ ਸਨ, ਤੀਆਂ ਦੇ ਮੇਲੇ ਲੱਗਦੇ ਸਨ, ਮੁਟਿਆਰਾਂ ਪੀਂਘਾਂ ਝੂਟਦੀਆਂ ਸਨ, ਗਿੱਧੇ ਦਾ ਪਿੜ ਬੱਝਦਾ ਸੀ, ਗੀਤਾਂ ਦੀ ਛਹਿਬਰ ਲੱਗਦੀ ਸੀ ਅਤੇ ਅਤਿ ਦੀਆਂ ਗਰਮੀਆਂ ਵਿੱਚ ਲੋਕ ਇਨ੍ਹਾਂ ਰੁੱਖਾਂ ਦੀ ਠੰਢੀ-ਮਿੱਠੀ ਛਾਂ ਦਾ ਅਨੰਦ ਮਾਣਿਆ ਕਰਦੇ ਸਨ। ਪਰੰਤੂ ਧਰਤੀ ’ਤੇ ਹੋ ਰਹੇ ਵਿਨਾਸ਼ ਨੂੰ ਸੱਦਾ ਵੀ ਮਨੁੱਖ ਨੇ ਹੀ ਦਿੱਤਾ ਹੈ,

    ਹੁਣ ਇਸ ਨੂੰ ਰੋਕਣ ਦਾ ਉਪਰਾਲਾ ਵੀ ਮਨੁੱਖ ਨੂੰ ਹੀ ਕਰਨਾ ਪਵੇਗਾ ਅਤੇ ਬਣਾਉਟੀ ਪੌਦਿਆਂ ਦੀ ਸਜ਼ਾਵਟ ਘਰਾਂ ’ਚ ਕਰਨ ਦੀ ਥਾਂ ਅਸਲ ਰੁੱਖ ਲਾਉਣ ਦਾ ਉੱਦਮ ਜ਼ਰੂਰ ਕਰਨਾ ਪਵੇਗਾ ਤੇ ਇਸਨੂੰ ਇੱਕ ਲਹਿਰ ਦਾ ਰੂਪ ਦੇਣਾ ਪਵੇਗਾ। ਜਿਸ ਨਾਲ ਆਮ ਲੋਕ ਜਾਗਰੂਕ ਹੋਣ ਅਤੇ ਘਰ-ਘਰ ਰੁੱਖ ਲਾਉਣ ਦਾ ਉਪਰਾਲਾ ਕੀਤਾ ਜਾਵੇ ਕਿਉਂਕਿ ਰੁੱਖਾਂ ਨਾਲ ਹੀ ਮਨੁੱਖ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਵੇਗੀ ਅਤੇ ਵਾਤਾਵਰਨ ਸਾਫ਼ ਹੋਣ ਨਾਲ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਤੋਂ ਨਿਜਾਤ ਮਿਲੇਗੀ ਜੇਕਰ ਇਸ ਨੂੰ ਅੱਜ ਵੀ ਅਣਗੌਲਿਆਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਮਨੁੱਖਤਾ ਨੂੰ ਬਹੁਤ ਪ੍ਰਭਾਵੀ ਸੰਕਟਾਂ ’ਚੋਂ ਗੁਜ਼ਰਨਾ ਪਵੇਗਾ।
    ਪਟਿਆਲਾ
    ਮੋ. 94636-80877
    ਗੁਰਸੇਵਕ ਰੰਧਾਵਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.