ਸੁਰੱਖਿਅਤ ਅਤੇ ਸਨਮਾਨਜਨਕ ਹੋਵੇ ਡਿਜ਼ੀਟਲ ਮਾਹੌਲ
ਸੋਸ਼ਲ ਮੀਡੀਆ ਅਤੇ ਓਟੀਟੀ ਪਲੇਟਫਾਰਮਾਂ ’ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂਅ ’ਤੇ ਵਧ ਰਹੀ ਅਭੱਦਰਤਾ, ਫੂਹੜਤਾ ਅਤੇ ਅਸ਼ਲੀਲਤਾ ਕਾਫ਼ੀ ਸਮੇਂ ਤੋਂ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਇਸ ਸੰਦਰਭ ਵਿੱਚ ਨਿਯਮਨ ਅਤੇ ਨਿਗਰਾਨੀ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਮਾਜ ਦਾ ਇੱਕ ਵੱਡਾ ਵਰਗ ਲੰਮੇ ਸਮੇਂ ਤੋਂ ਭਾਰਤ ਸਰਕਾਰ ਦੁਆਰਾ ਅਜਿਹੀ ਦਖ਼ਲਅੰਦਾਜ਼ੀ ਦੀ ਉਮੀਦ ਵਿੱਚ ਸੀ।
ਇੱਥੋਂ ਤੱਕ ਕਿ ਸੁਪਰੀਮ ਕੋਰਟ ਦੁਆਰਾ ਵੀ ਸੋਸ਼ਲ ਮੀਡੀਆ ਅਤੇ ਫੇਕ ਨਿਊਜ਼ ਨੂੰ ਲੈ ਕੇ ਗਾਈਡਲਾਈਨ ਬਣਾਉਣ ਦੀ ਗੱਲ ਕਹੀ ਜਾ ਚੁੱਕੀ ਹੈ। ਤਾਜ਼ਾ ਗਾਈਡਲਾਨੀਅਨਸ ਦੇ ਤਹਿਤ ਇੰਟਰਨੈਟ ਦੇ ਰਸਤੇ ਘਰ-ਘਰ ਪੁੱਜਣ ਵਾਲੀਆਂ ਭਰਮਾਊ ਸੂਚਨਾਵਾਂ, ਅਸ਼ਲੀਲਤਾ ਭਰੇ ਮਨੋਰੰਜਨ ਅਤੇ ਹੋਰ ਤਰ੍ਹਾਂ ਦੀ ਇਤਰਾਜ਼ਯੋਗ ਸਮੱਗਰੀ ਦੇ ਪ੍ਰਸਾਰ ’ਤੇ ਲਗਾਮ ਲੱਗਣ ਦੀ ਉਮੀਦ ਬੱਝੀ ਹੈ। ਅਜਿਹੇ ਵਿੱਚ ਇਹ ਵਰਚੁਅਲ ਮਾਧਿਅਮਾਂ ਦੇ ਇਸਤੇਮਾਲ ਨੂੰ ਲੈ ਕੇ ਇੱਕ ਸੀਮਾ ਰੇਖਾ ਖਿੱਚਣ ਵਾਲਾ ਫ਼ੈਸਲਾ ਹੈ।
ਔਰਤਾਂ ਦੇ ਮਾਣ ਨੂੰ ਠੇਸ ਪਹੁੰਚਾਉਣ ਵਾਲੇ ਕੰਟੈਂਟ ਦੀ ਸ਼ਿਕਾਇਤ ਮਿਲਣ ਅਤੇ ਉਸ ਨੂੰ 24 ਘੰਟੇ ਦੇ ਅੰਦਰ ਹਟਾਉਣਾ ਹੋਵੇਗਾ। ਜ਼ਿਕਰਯੋਗ ਹੈ ਕਿ ਅਜਿਹੇ ਕੰਟੈਂਟ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੀ। ਇੰਨਾ ਹੀ ਨਹੀਂ ਬੱਚਿਆਂ ਨਾਲ ਜੁੜੇ ਅਸ਼ਲੀਲ ਕੰਟੈਂਟ ਤੱਕ ਨੂੰ ਹਟਾਉਣ ਵਿੱਚ ਢਿੱਲ-ਮੱਠ ਕੀਤੀ ਜਾਂਦੀ ਸੀ ਜਿਸ ਦੇ ਚਲਦੇ ਵਰਚੁਅਲ ਦੁਨੀਆ ਵਿੱਚ ਔਰਤਾਂ ਦੇ ਵਿਰੁੱਧ ਆਪਰਾਧਿਕ ਸੰਸਕਿ੍ਰਤੀ ਨੇ ਵੀ ਵਿਸਥਾਰ ਪਾਇਆ।
ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਮੁਲਜ਼ਮਾਂ ਨੇ ਸੋਸ਼ਲ ਸਾਈਟਸ ਤੋਂ ਚੁਰਾਈਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਉਨ੍ਹਾਂ ਦਾ ਇਸਤੇਮਾਲ ਔਰਤਾਂ ਨੂੰ ਬਲੈਕਮੇਲ ਕਰਨ ਲਈ ਕੀਤਾ। ਮੁਲਜ਼ਮਾਂ ਨੇ ਅਸ਼ਲੀਲ ਫੋਟੋ ਦੀ ਏਵਜ ਵਿੱਚ ਮੋਟੀ ਰਕਮ ਮੰਗਣ ਤੋਂ ਲੈ ਕੇ ਸਰੀਰਕ ਸ਼ੋਸ਼ਣ ਵਰਗੇ ਅਪਰਾਧਾਂ ਨੂੰ ਅੰਜਾਮ ਦਿੱਤਾ।
ਕਈ ਔਰਤਾਂ ਨੇ ਅਜਿਹੀਆਂ ਧਮਕੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਤੱਕ ਕਰ ਲਈ। ਕੁੱਝ ਸਮਾਂ ਪਹਿਲਾਂ ਬਰੇਲੀ ਵਿੱਚ ਇੱਕ ਵਿਦਿਆਰਥਣ ਨੂੰ ਨਸ਼ੀਲਾ ਪਦਾਰਥ ਖੁਆ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚ ਕੇ ਕੁੱਝ ਮੁੰਡਿਆਂ ਨੇ ਤਸਵੀਰਾਂ ਨੂੰ ਵਟਸਐਪ ਦੇ ਜ਼ਰੀਏ ਪਿੰਡ ਦੇ ਲੋਕਾਂ ਨੂੰ ਵੰਡ ਦਿੱਤਾ। ਅਸ਼ਲੀਲ ਤਸਵੀਰਾਂ ਵਟਸਐਪ ’ਚ ਵਾਇਰਲ ਹੋਣ ਦੀ ਸ਼ਰਮਿੰਦਗੀ ਵਿੱਚ ਵਿਦਿਆਰਥਣ ਨੇ ਆਪਣੀ ਜਾਨ ਦੇ ਦਿੱਤੀ ਸੀ। ਤਮਿਲਨਾਡੂ ਦੇ ਸਾਲੇਮ ਦੀ ਰਹਿਣ ਵਾਲੀ ਵਿਨੁਪਿ੍ਰਆ ਨੇ ਵੀ ਤਸਵੀਰ ਦੇ ਨਾਲ ਛੇੜਛਾੜ ਕਰਕੇ ਉਸਨੂੰ ਸੋਸ਼ਲ ਮੀਡੀਆ ’ਤੇ ਪਾ ਦਿੱਤੇ ਜਾਣ ਨਾਲ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ।
ਵਿਨੁਪਿ੍ਰਆ ਦੀਆਂ ਤਸਵੀਰਾਂ ਫੇਸਬੁੱਕ ਤੋਂ ਚੁੱਕ ਕੇ ਮਾਰਫ ਕੀਤੀਆਂ ਗਈਆਂ ਸਨ । ਫੋਟੋ ਨੂੰ ਮਾਰਫ ਕਰਕੇ ਵਿਨੁਪਿ੍ਰਆ ਦੀ ਸ਼ਕਲ ਨੂੰ ਬਿਕਨੀ ਪਹਿਨੇ ਇੱਕ ਔਰਤ ਦੇ ਧੜ ਨਾਲ ਜੋੜ ਦਿੱਤਾ ਗਿਆ। ਇਹ ਤਸਵੀਰਾਂ ਉਸਦੇ ਪਿਤਾ ਕੋਲ ਵੀ ਪਹੁੰਚ ਗਈਆਂ ਤਾਂ ਵਿਨੁਪਿ੍ਰਆ ਡਰ ਗਈ ਅਤੇ ਉਸ ਨੇ ਖੁਦਕੁਸ਼ੀ ਵਰਗਾ ਕਦਮ ਚੁੱਕ ਲਿਆ। ਵਿਨੁਪਿ੍ਰਆ ਨੇ ਸੁਸਾਈਡ ਨੋਟ ਵਿੱਚ ਲਿਖਿਆ ਸੀ ਕਿ ਜੋ ਵੀ ਹੋਇਆ, ਮੈਂ ਉਸਦਾ ਸਾਹਮਣਾ ਨਹੀਂ ਕਰ ਸਕਦੀ। ਮਾਂ-ਬਾਪ ਵੀ ਇਹੀ ਸਮਝਦੇ ਹਨ ਕਿ ਇਹ ਮੇਰੀ ਗਲਤੀ ਸੀ ਭਾਵ ਆਪਣੀ ਹੀ ਬਦਨਾਮੀ ਵਿੱਚ ਮੇਰਾ ਹੱਥ ਸੀ। ਆਜ਼ਮਗੜ ਤੋਂ ਸਾਹਮਣੇ ਆਏ ਇੱਕ ਵਾਕੇ ਵਿੱਚ ਤਾਂ ਪਤੀ ਨੇ ਹੀ ਦਹੇਜ ਨਾ ਮਿਲਣ ’ਤੇ ਪਤਨੀ ਦਾ ਮੋਬਾਇਲ ਨੰਬਰ ਅਤੇ ਉਸਦੀਆਂ ਫੋਟੋਆਂ ਨੂੰ ਅਸ਼ਲੀਲ ਬਣਾ ਕੇ ਵਾਇਰਲ ਕਰ ਦਿੱਤਾ।
ਫੇਸਬੁੱਕ ਪੋਸਟ ’ਤੇ ਪਤਨੀ ਦਾ ਮੋਬਾਇਲ ਨੰਬਰ ਦੇਣ ਕਾਰਨ ਗਲਤ ਮਕਸਦ ਨਾਲ ਫੋਨ ਕਾਲ ਆਉਣ ਲੱਗੀਆਂ ਉਦੋਂ ਪਤਨੀ ਨੇ ਆਪਣੇ ਪਤੀ ਦੇ ਖਿਲਾਫ ਪੁਲਿਸ ’ਚ ਸ਼ਿਕਾਇਤ ਦਰਜ ਕਰਾਈ। ਦਰਅਸਲ, ਬੀਤੇ ਕੁੱਝ ਸਾਲਾਂ ’ਚ ਅਜਿਹੀਆਂ ਕਈ ਆਪਰਾਧਿਕ ਘਟਨਾਵਾਂ ਹੋਈਆਂ ਹਨ, ਜੋ ਔਰਤਾਂ ਲਈ ਸੋਸ਼ਲ ਸਾਈਟਸ ’ਤੇ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ੍ਹ ਕਰਦੀਆਂ ਹਨ। ਸ਼ਰਾਰਤੀ ਅਤੇ ਅਰਾਜਕ ਤੱਤਾਂ ਦੁਆਰਾ ਆਏ ਦਿਨ ਕਿਸੇ ਨਾ ਕਿਸੇ ਔਰਤ ਦੀ ਫੋਟੋ ਜਾਂ ਵੀਡੀਓ ਪਾ ਕੇ ਅਸੱਭਿਆ ਵਿਹਾਰ ਵਿਖਾਇਆ ਜਾਂਦਾ ਹੈ। ਅਜਿਹੇ ਵਿੱਚ ਔਰਤਾਂ ਨਾਲ ਜੁੜੇ ਅਸੱਭਿਆ ਕੰਟੈਂਟ ਦੇ ਸਿਲਸਿਲੇ ਵਿੱਚ ਰੱਖੀ ਗਈ ਇਹ ਸਖਤੀ ਜਰੂਰੀ ਹੈ।
ਨਾਲ ਹੀ ਫੇਕ ਨਿਊਜ਼ ਜਾਂ ਕਿਸੇ ਕੰਟੈਂਟ ਦਾ ਸੋਰਸ ਦੱਸਣ ਦੀ ਸ਼ਰਤ ਵੀ ਔਰਤਾਂ ਨਾਲ ਜੁੜੀ ਅਭੱਦਰ ਸਮੱਗਰੀ ਸ਼ੇਅਰ ਕਰਨ ’ਤੇ ਰੋਕ ਲਾਏਗੀ। ਵਰਚੁਅਲ ਦੁਨੀਆ ਵਿੱਚ ਅਪਰਾਧੀਆਂ ਦੇ ਹੌਂਸਲੇ ਬੁਲੰਦ ਰਹਿਣ ਦੀ ਇੱਕ ਵੱਡੀ ਵਜ੍ਹਾ ਉਨ੍ਹਾਂ ਦਾ ਪਕੜ ਵਿੱਚ ਨਾ ਆਉਣਾ ਹੀ ਹੈ। ਦੇਖਣ ਵਿੱਚ ਆਉਂਦਾ ਹੈ ਕਿ ਸੌੜੀ ਸੋਚ ਦੇ ਕਿਸੇ ਯੂਜ਼ਰ ਦੁਆਰਾ ਸ਼ੇਅਰ ਕੀਤੀ ਗਈ ਅਜਿਹੀ ਸਮੱਗਰੀ ਕਲਿੱਕ ਭਰ ਵਿੱਚ ਦੇਸ਼-ਦੁਨੀਆ ਵਿੱਚ ਫੈਲ ਜਾਂਦੀ ਹੈ। ਇੰਟਰਨੈਟ ਦੀ ਦੁਨੀਆ ਵਿੱਚ ਔਰਤਾਂ ਦੇ ਮਾਣ ਨਾਲ ਖੇਡਣਾ ਅਪਰਾਧਿਕ ਮਾਨਸਿਕਤਾ ਵਾਲੇ ਲੋਕਾਂ ਲਈ ਬਕਾਇਦਾ ਕਮਾਈ ਦਾ ਜ਼ਰੀਆ ਬਣ ਗਿਆ ਹੈ।
ਬੀਤੇ ਦਿਨੀਂ ਹੀ ਲਖਨਊ ਵਿੱਚ 10 ਹਜ਼ਾਰ ਲੜਕੀਆਂ ਦੀਆਂ ਫੋਟੋਆਂ ਅਸ਼ਲੀਲ ਸਾਈਟ ’ਤੇ ਅੱਪਲੋਡ ਕਰਨ ਵਾਲੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਕੁੜੀਆਂ ਨੂੰ ਫਰੈਂਡ ਰਿਕਵੈਸਟ ਭੇਜ, ਉਨ੍ਹਾਂ ਦੀ ਆਈਡੀ ਹੈਕ ਕਰਕੇ ਫੋਟੋਆਂ ਚੁਰਾਉਂਦਾ ਸੀ। ਤਸਵੀਰਾਂ ਨੂੰ ਐਡਿਟ ਕਰਕੇ ਅਸ਼ਲੀਲ ਸਾਈਟ ’ਤੇ ਅੱਪਲੋਡ ਕਰਨ ਤੋਂ ਬਾਅਦ ਲੜਕੀਆਂ ਨੂੰ ਲਿੰਕ ਭੇਜ ਕੇ ਫੋਟੋ ਹਟਵਾਉਣ ਦੇ ਨਾਂਅ ’ਤੇ ਮੋਟੀ ਰਕਮ ਵਸੂਲਦਾ ਸੀ। ਕਹਿਣਾ ਗਲਤ ਨਹੀਂ ਹੋਵੇਗਾ ਕਿ ਅਜਿਹੇ ਮਾਮਲਿਆਂ ਨੂੰ ਵੇਖਦੇ ਹੋਏ ਇੰਟਰਨੈਟ ਦੀ ਦੁਨੀਆ ਵਿੱਚ ਔਰਤਾਂ ਦੀ ਸੁਰੱਖਿਆ ਲਈ ਅਜਿਹੇ ਸਖਤ ਨਿਯਮਾਂ ਦੀ ਹੀ ਦਰਕਾਰ ਹੈ।
ਅਜੋਕੇ ਡਿਜ਼ੀਟਲ ਦੌਰ ਵਿੱਚ ਨਾ ਸਿਰਫ਼ ਇੰਟਰਨੈਟ ਯੂਜ਼ਰਸ ਵਧੇ ਹਨ ਸਗੋਂ ਸੋਸ਼ਲ ਮੀਡੀਆ ਅਤੇ ਓਟੀਟੀ ਪਲੇਟਫਾਰਮਾਂ ਨਾਲ ਜੁੜਨ ਵਾਲੇ ਲੋਕਾਂ ਦੀ ਤਾਦਾਦ ਵੀ ਤੇਜੀ ਨਾਲ ਵਧੀ ਹੈ। ਨਿਰਸੰਦੇਹ, ਇਸ ਅਨੁਪਾਤ ਵਿੱਚ ਇਸ ਤਕਨੀਕੀ ਕੰਪਨੀਆਂ ਦੀ ਕਮਾਈ ਵਿੱਚ ਵੀ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਵਟਸਐਪ ਯੂਜ਼ਰਸ ਦੀ ਗਿਣਤੀ ਕਰੀਬ 53 ਕਰੋੜ, ਫੇਸਬੁੱਕ ਯੂਜ਼ਰਸ ਦੀ ਤਾਦਾਦ 40 ਕਰੋੜ ਤੋਂ ਵੀ ਜ਼ਿਆਦਾ ਅਤੇ ਟਵਿੱਟਰ ਨਾਲ 1 ਕਰੋੜ ਤੋਂ ਜਿਆਦਾ ਭਾਰਤੀ ਜੁਡੇ ਹੋਏ ਹਨ। ਭਾਰਤ ਹੁਣ ਇਨਾਂ ਕੰਪਨੀਆਂ ਲਈ ਇੱਕ ਵੱਡਾ ਡਿਜ਼ੀਟਲ ਬਾਜ਼ਾਰ ਬਣ ਗਿਆ ਹੈ। ਮਾਹਿਰ ਮੰਨਦੇ ਹਨ ਕਿ ਅਗਲੇ ਸਾਲਾਂ ਵਿੱਚ ਟੈਕ ਕੰਪਨੀਆਂ ਦਾ ਇਹ ਕਾਰੋਬਾਰ ਹੋਰ ਤੇਜੀ ਨਾਲ ਵਿਸਥਾਰ ਪਾਵੇਗਾ। ਚਿੰਤਾਯੋਗ ਹੈ ਕਿ ਓਟੀਟੀ ਪਲੇਟਫਾਰਮਾਂ ’ਤੇ ਅਭੱਦਰ ਕੰਟੈਂਟ ਦੀ ਭਰਮਾਰ ਹੈ ਤਾਂ ਸੋਸ਼ਲ ਮੀਡੀਆ ਵੀ ਅਸ਼ਲੀਲ ਭਾਸ਼ਾ ਅਤੇ ਅਸ਼ਲੀਲ ਸਮੱਗਰੀ ਦਾ ਅੱਡਾ ਬਣ ਰਿਹਾ ਹੈ।
ਜੋ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਔਰਤਾਂ ਲਈ ਪਰੇਸ਼ਾਨੀ ਦਾ ਸਬੱਬ ਵੀ ਬਣ ਰਹੀ ਹੈ। ਅੱਧੀ ਆਬਾਦੀ ਦੀ ਸੁਰੱਖਿਆ ਨਾਲ ਜੁੜੀਆਂ ਨਵੀਆਂ ਚਿੰਤਾਵਾਂ ਖੜ੍ਹੀਆਂ ਕਰਨ ਵਾਲਾ ਹੈ। ਅਜਿਹੇ ਵਿੱਚ ਡਿਜ਼ੀਟਲ ਪਲੇਟਫਾਰਮਾਂ ਲਈ ਸਵੈ-ਨਿਯਮਨ ਨਾਲ ਜੁੜੀਆਂ ਗਾਈਡਲਾਈਨਸ ਵਾਕਈ ਜ਼ਰੂਰੀ ਹੈ। ਹਾਂ, ਸਰਕਾਰ ਨੂੰ ਇਹ ਵੀ ਪੁਖਤਾ ਕਰਨਾ ਹੋਵੇਗਾ ਕਿ ਨਵੇਂ ਡਿਜ਼ੀਟਲ ਨਿਯਮਾਂ ਨਾਲ ਵੀ ਦੇਸ਼ ਦੇ ਆਮ ਨਾਗਰਿਕਾਂ ਦੀ ਨਿੱਜਤਾ ਦਾ ਘਾਣ ਨਾ ਹੋਵੇ। ਤਾਂ ਕਿ ਤਕਨੀਕੀ ਯੁੱਗ ਵਿੱਚ ਪ੍ਰਗਟਾਵੇ ਦਾ ਜ਼ਰੀਆ ਬਣੇ ਅਜਿਹੇ ਪਲੇਟਫਾਰਮਸ ਅਰਾਜਕ ਅਤੇ ਅਸੁਰੱਖਿਅਤ ਬਣਨ ਤੋਂ ਵੀ ਬਚਣ ਅਤੇ ਆਮ ਲੋਕਾਂ ਨੂੰ ਰਚਨਾਤਮਕ ਅਤੇ ਸਾਰਥਿਕ ਪ੍ਰਗਟਾਵੇ ਦੀ ਬੇਰੋਕ ਅਜ਼ਾਦੀ ਵੀ ਮਿਲ ਸਕੇ।
ਡਾ. ਮੋਨਿਕਾ ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.