ਤੇਲ ਦੀ ਮਹਿੰਗਾਈ ਤੋਂ ਬਚਣ ਲਈ ਆਦਤਾਂ ਬਦਲਣ ਦੀ ਲੋੜ

ਤੇਲ ਦੀ ਮਹਿੰਗਾਈ ਤੋਂ ਬਚਣ ਲਈ ਆਦਤਾਂ ਬਦਲਣ ਦੀ ਲੋੜ

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਿੱਥੇ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਹਨ, ਉੱਥੇ ਮੱਧ ਵਰਗੀ ਪਰਿਵਾਰਾਂ ਦੇ ਮਹੀਨਾਵਾਰ ਬਜਟ ’ਤੇ ਵੀ ਭਾਰੂ ਪੈ ਰਹੀਆਂ ਹਨ ਤੇਲ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ਨੂੰ ਘੱਟ ਕਰ ਸਕਣਾ ਜਿੱਥੇ ਆਮ ਨਾਗਰਿਕ ਦੇ ਵੱਸ ਦੀ ਗੱਲ ਨਹੀਂ ਹੈ, ਪਰ ਜੇਕਰ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਨੂੰ ਲੈ ਕੇ ਆਪਣੀਆਂ ਆਦਤਾਂ ਬਦਲ ਲਈਆਂ ਜਾਣ ਤਾਂ ਬਹੁਤ ਹੱਦ ਤੱਕ ਮੱਧ ਵਰਗੀ ਪਰਿਵਾਰਾਂ ਦੇ ਬਜਟ ਨੂੰ ਪ੍ਰਭਾਵਿਤ ਕਰ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਰਾਹਤ ਮਿਲ ਸਕਦੀ ਹੈ

ਇਹ ਗੱਲ ਸੋਲ਼ਾਂ ਆਨੇ ਸੱਚ ਹੈ ਕਿ ਬਹੁਤ ਸਾਰੇ ਲੋਕ ਆਵਾਜਾਈ ਦੇ ਸਾਧਨਾਂ ਦੀ ਦੁਰਵਰਤੋਂ ਕਰਦੇ ਹਨ ਜਾਂ ਇਹ ਕਹਿ ਲਓ ਕਿ ਜੇਕਰ ਇਹਨਾਂ ਸਾਧਨਾਂ ਦੀ ਸਹੀ ਵਰਤੋਂ ਕਰਨਾ ਸ਼ੁਰੂ ਕਰ ਦੇਈਏ ਤਾਂ ਅਸੀਂ ਆਪਣੀ ਜੇਬ੍ਹ ਵਿੱਚ ਤੇਲ ’ਤੇ ਹੋ ਰਹੇ ਖਰਚ ਵਿੱਚੋਂ ਕੁੱਝ ਪੈਸੇ ਆਸਾਨੀ ਨਾਲ ਬਚਾ ਸਕਦੇ ਹਾਂ ਅਸੀਂ ਗੱਲ ਕਰਦੇ ਹਾਂ ਆਵਾਜਾਈ ਸਾਧਨਾਂ ਦੀ ਵਰਤੋਂ ਦੀ, ਇਹ ਵਰਤੋਂ ਵਾਧੂ ਹੈ ਜਾਂ ਨਹੀਂ ਫ਼ੈਸਲਾ ਤੁਸੀਂ ਖੁਦ ਕਰ ਲੈਣਾ
ਇੱਕ ਸਮਾਂ ਸੀ ਜਦੋਂ ਸਾਈਕਲ ਹਰ ਘਰ ਦਾ ਸ਼ਿੰਗਾਰ ਸੀ ਜੋ ਅੱਜ ਜਾਂ ਤਾਂ ਪੂਰੀ ਤਰ੍ਹਾਂ ਗਾਇਬ ਹੋ ਗਿਆ ਹੈ ਜਾਂ ਘਰ ਵਿੱਚ ਪਏ ਕਬਾੜ ਦਾ ਹਿੱਸਾ ਬਣ ਗਿਆ ਹੈ ਜੇਕਰ ਵੱਡੇ ਘਰਾਂ ਵਿੱਚ ਹੈ ਵੀ ਤਾਂ ਉਹ ਇੱਕ ਵਿਖਾਵੇ ਦਾ ਜਰੀਆ ਬਣ ਕੇ ਰਹਿ ਗਿਆ ਹੈ, ਜਿਸਨੂੰ ਚਲਾਉਣ ਲਈ ਗੱਡੀ ’ਤੇ ਜਾਇਆ ਜਾਂਦਾ ਹੈ

ਸਾਈਕਲ ਗਾਇਬ ਹੋ ਗਿਆ ਅਤੇ ਅਸੀਂ ਉਸਦਾ ਕੰਮ ਮੋਟਰ ਸਾਈਕਲ ਜਾਂ ਸਕੂਟਰ ਤੋਂ ਲੈਣਾ ਸ਼ੁਰੂ ਕਰ ਦਿੱਤਾ ਹੈ ਹੁਣ ਜੇਕਰ ਪਿੰਡ ਜਾਂ ਸ਼ਹਿਰ ਘਰ ਦੇ ਨੇੜੇ ਹੀ ਜਾਣਾ ਹੋਵੇ, ਫਿਰ ਦਿਨ ਵਿੱਚ ਚਾਹੇ ਦਸ ਚੱਕਰ ਲੱਗ ਜਾਣ ਲੋਕ ਮੋਟਰਸਾਈਕਲ ’ਤੇ ਹੀ ਜਾਣਗੇ ਜਿੱਥੇ ਤੁਰ ਕੇ ਵੀ ਜਾਇਆ ਜਾ ਸਕਦਾ ਹੋਵੇ ਉੱਥੇ ਵੀ ਸਕੂਟਰ, ਮੋਟਰਸਾਈਕਲ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਖੇਤ ਵੀ ਭਾਵੇਂ ਨੱਕਾ ਛੱਡਣ ਜਾਣਾ ਹੋਵੇ ਜਾਂ ਫ਼ਸਲ-ਬਾੜੀ ਵਿੱਚ ਗੇੜਾ ਮਾਰਨ ਇੱਕਾ-ਦੁੱਕਾ ਨੂੰ ਛੱਡ ਕੇ ਮੋਟਰਸਾਈਕਲ ’ਤੇ ਹੀ ਜਾਇਆ ਜਾਂਦਾ ਹੈ ਮੰਨਦੇ ਹਾਂ ਕਿਸੇ ਵੇਲੇ ਕਾਹਲੀ ਹੋ ਸਕਦੀ ਹੈ ਜਾਂ ਕਿਸੇ ਨੂੰ ਕੋਈ ਸਰੀਰਕ ਸਮੱਸਿਆ ਹੋ ਸਕਦੀ ਹੈ ਤਾਂ ਆਵਾਜਾਈ ਦੇ ਇਸ ਸਾਧਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਹਰ ਰੋਜ਼ ਕਾਹਲੀ ਵੀ ਨਹੀਂ ਹੁੰਦੀ, ਸਾਡੇ ਕੋਲ ਸਮਾਂ ਵੀ ਵਧੇਰੇ ਹੁੰਦਾ ਅਤੇ ਹਰ ਕਿਸੇ ਦੇ ਗੋਡੇ ਵੀ ਨਹੀਂ ਦੁਖਦੇ ਹੁੰਦੇ ਫਿਰ ਤਾਂ ਅਸੀਂ ਸਾਈਕਲ ਦੀ ਵਰਤੋਂ ਕਰ ਸਕਦੇ ਹਾਂ!

ਗੱਲ ਬਹੁਤੀ ਪੁਰਾਣੀ ਨਹੀਂ, ਜਦੋਂ ਘਰ ਖੇਤੀ ਦੇ ਕੰਮਾਂ ਲਈ ਬਲਦ ਰੇਹੜੀ ਦੀ ਵਰਤੋਂ ਆਮ ਹੁੰਦੀ ਸੀ ਪਰ ਹੁਣ ਪਿੰਡਾਂ ਵਿੱਚ ਵੀ ਹਰਾ ਚਾਰਾ ਅਤੇ ਗੋਹਾ-ਕੂੜਾ ਸੁੱਟਣ ਲਈ ਮੋਟਰਸਾਈਕਲ ਪਿੱਛੇ ਰੇਹੜੀ ਪਾ ਕੇ ਕੰਮ ਕਰਨਾ ਸ਼ੁਰੂ ਹੋ ਗਿਆ ਹੈ ਹਾਂ ਜੇਕਰ ਬਲਦ ਰੇਹੜੀ ਠੀਕ ਨਹੀਂ ਬਹਿੰਦੀ ਤਾਂ ਹੱਥ ਰੇਹੜੀ ਨਾਲ ਕੰਮ ਸਾਰਿਆ ਜਾ ਸਕਦਾ ਹੈ ਤੁਸੀਂ ਆਮ ਵੇਖਿਆ ਹੋਣਾ ਹੈ ਕਿ ਪਿੰਡਾਂ ਜਾਂ ਸ਼ਹਿਰਾਂ ਵਿੱਚ ਸ਼ਾਮ ਨੂੰ ਖੇਡ ਮੈਦਾਨਾਂ ਵਿੱਚ ਨੌਜਵਾਨਾਂ ਦੀ ਭਰਮਾਰ ਹੁੰਦੀ ਹੈ ਜੋ ਬਹੁਤ ਵਧੀਆ ਗੱਲ ਹੈ ਪਰ ਨਾਲ ਹੀ ਇਹ ਵੀ ਦੇਖਿਆ ਹੋਣਾ ਕਿ 80 ਫ਼ੀਸਦੀ ਤੋਂ ਵੱਧ ਕਸਰਤ ਕਰਨ ਆਏ ਨੌਜਵਾਨ ਮੋਟਰਸਾਈਕਲਾਂ ਜਾਂ ਐਕਟਿਵਾ ’ਤੇ ਆਏ ਹੁੰਦੇ ਹਨ ਅਤੇ ਕੁੱਝ ਗੱਡੀਆਂ ’ਤੇ ਭਲੇ ਲੋਕੋ ਆਏ ਸਰੀਰ ਵਿੱਚੋਂ ਪਸੀਨਾ ਕੱਢਣ ਹੋ ਅਤੇ ਆਏ ਹੋ ਤੇਲ ਫੂਕ ਕੇ, ਘਰੋਂ ਭੱਜ ਕੇ ਹੀ ਆ ਜਾਂਦੇ ਉਸ ਬਦਲੇ ਖੇਡ ਮੈਦਾਨ ਵਿੱਚ ਥੋੜ੍ਹਾ ਘੱਟ ਭੱਜ ਲੈਂਦੇ

ਹਾਂ ਸਾਡੇ ਖੇਡ ਮੈਦਾਨ ਇੰਨੀ ਦੂਰ ਵੀ ਨਹੀਂ ਹਨ ਕਿ ਉੱਥੇ ਸਾਈਕਲ ਜਾਂ ਤੁਰ ਕੇ ਨਾ ਜਾਇਆ ਜਾ ਸਕੇ ਇਹੀ ਹਾਲ ਜਿੰਮ ਜਾਣ ਵਾਲਿਆਂ ਦਾ ਹੈ ਇੱਥੇ ਵੀ ਆਦਤ ਜੇ ਬਦਲੀ ਜਾਵੇ ਤਾਂ ਅਸੀਂ ਅਜਾਈਂ ਫੂਕਿਆ ਜਾਣ ਵਾਲਾ ਤੇਲ ਬਚਾ ਸਕਦੇ ਹਾਂ ਇੱਕ ਹੋਰ ਤੁਸੀਂ ਅਕਸਰ ਵੇਖਿਆ ਹੋਣਾ ਹੈ ਕਿ ਬਹੁਤੇ ਲੋਕ ਦੁਕਾਨ ਅੰਦਰ ਕੋਈ ਵਸਤੂ ਲੈਣ ਵੜ ਜਾਂਦੇ ਹਨ ਤੇ ਬਾਹਰ ਮੋਟਰਸਾਈਕਲ ਚਲਦਾ ਖੜ੍ਹਾ ਹੁੰਦਾ ਕੋਈ ਪੁੱਛੇ ਕੀ ਗੱਲ ਭਾਈ ਦੁਬਾਰਾ ਕਿੱਕ ਮਾਰਨ ਲੱਗੇ ਲੱਤ ਦੁਖਦੀ ਹੈ? ਨਾਲੇ ਹੁਣ ਤਾਂ ਸਾਧਨ ਵੀ ਸੈਲਫ਼ ਸਟਾਰਟ ਆਉਣ ਲੱਗ ਪਏ ਇਹੀ ਹਾਲ ਸ਼ਹਿਰਾਂ ਵਿੱਚ ਲਾਲ ਬੱਤੀ ’ਤੇ ਹੁੰਦਾ ਹੈ ਪੂਰਾ ਸਮਾਂ ਰਹਿੰਦਾ ਹੋਣ ’ਤੇ ਵੀ ਸਾਧਨ ਸਟਾਰਟ ਖੜੇ੍ਹ ਰੱਖੇ ਜਾਂਦੇ ਹਨ

ਰੋਜ਼ਾਨਾ ਕੰਮ-ਕਾਰ ਲਈ ਜਾਣ ਵਾਲੇ ਵੀ ਜੇਕਰ ਥੋੜ੍ਹਾ ਜਿਹਾ ਆਪਣੇ-ਆਪ ਨੂੰ ਢਾਲ ਲੈਣ ਤਾਂ ਤੇਲ ਖਰਚ ਬਚ ਸਕਦਾ ਹੈ ਅਸਲ ਵਿੱਚ ਸਾਨੂੰ ਬੇਲੋੜੀ ਕਾਹਲੀ ਹਰ ਥਾਂ ਮਾਰ ਰਹੀ ਹੈ ਬਹੁਤ ਸਾਰੇ ਹੱਥੀਂ ਆਸਾਨੀ ਨਾਲ ਹੋਣ ਵਾਲੇ ਕੰਮ ਵੀ ਅਸੀਂ ਮਸ਼ੀਨਾਂ ਨਾਲ ਕਰਨ ਲੱਗ ਪਏ ਹਾਂ ਘਰ, ਖੇਤੀ ਜਿੱਥੇ ਮੁਨਾਫ਼ਾ ਲੈਣ ਵਾਲੀ ਗੱਲ ਵੀ ਨਹੀਂ ਉੱਥੇ ਵੀ ਅਸੀਂ ਮਸ਼ੀਨਾਂ ਨੂੰ ਤਰਜੀਹ ਦੇਣ ਲੱਗ ਪਏ ਹਾਂ ਬਹੁਤੇ ਘਰਾਂ ਦੀ ਇਹ ਕਹਾਣੀ ਹੈ ਕਿ ਘਰ ਜਾਂ ਖੇਤੀ ਦੇ ਕੰਮ ਕਰਨ ਲਈ ਮਜ਼ਦੂਰ ਰੱਖਿਆ ਹੈ ਅਤੇ ਕਾਕੇ ਹੁਣੀ ਸਰੀਰਕ ਕਸਰਤ ਲਈ ਦੋ ਟਾਈਮ ਜਿੰਮ ਜਾਂਦੇ ਹਨ

ਇੱਕ ਗਲੀ, ਮੁਹੱਲੇ ਜਾਂ ਪਿੰਡ ਤੋਂ ਇੱਕ ਹੀ ਥਾਂ ਕੰਮ ਲਈ ਜਾਣ ਵਾਲੇ ਲੋਕ ਅਕਸਰ ਵੱਖੋ-ਵੱਖਰੇ ਸਾਧਨਾਂ ’ਤੇ ਜਾਂਦੇ ਵੇਖ਼ੇ ਜਾ ਸਕਦੇ ਹਨ ਉਹ ਦੋ-ਦੋ ਰਲ ਕੇ ਵੀ ਜਾ ਸਕਦੇ ਹਨ ਜਾਂ ਅੱਧੇ ਦਿਨ ਕੋਈ ਇੱਕ ਬਾਕੀ ਦਿਨ ਦੂਸਰਾ ਵੀ ਆਪਣਾ ਸਾਧਨ ਲੈ ਕੇ ਜਾ ਸਕਦਾ ਹੈ ਇਸ ਨਾਲ ਕਾਫ਼ੀ ਬੱਚਤ ਹੋ ਸਕਦੀ ਹੈ, ਜੇਕਰ ਸਾਧਨ ਚਾਰ ਪਹੀਆ ਹੈ ਤਾਂ ਪੰਜ ਲੋਕ ਮਿਲ ਕੇ ਜਾ ਸਕਦੇ ਹਨ ਇੱਥੇ ਆਮ ਵੇਖਣ ਨੂੰ ਮਿਲਦਾ ਹੈ ਕਿ ਸਾਧਨ ਚਾਰ ਪਹੀਆ ਹੁੰਦਾ ਪਰ ਉਸ ’ਤੇ ਸਵਾਰ ਇੱਕ ਵਿਅਕਤੀ ਹੁੰਦਾ ਹੈ ਹੁਣ ਬਹੁਤੇ ਲੋਕ ਜਨਤਕ ਆਵਾਜਾਈ ਦੇ ਸਾਧਨ ਜਿਵੇਂ ਬੱਸ, ਟਰੇਨ ਜਾਂ ਥ੍ਰੀ ਵ੍ਹੀਲਰ ਦੀ ਥਾਂ ਨਿੱਜੀ ਸਾਧਨ ਨੂੰ ਤਰਜੀਹ ਦੇਣ ਲੱਗੇ ਹਨ, ਇਸ ਮਾਮਲੇ ਵਿੱਚ ਵੀ ਸੋਚਿਆ ਜਾ ਸਕਦਾ ਹੈ

ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਬਿਨਾਂ ਜ਼ਰੂਰਤ ਦੋ ਪਹੀਆ ਈਂਧਨ ’ਤੇ ਚੱਲਦੇ ਸਾਧਨਾਂ ਨੂੰ ਲਈ ਫਿਰਦੇ ਹਨ ਮੈਂ ਖੁਦ ਦੇਖਿਆ ਹੈ ਕਿ ਲੋਕ ਤਾਸ਼ ਖੇਡਣ ਵੀ ਘਰੋਂ ਦੋ ਪਹੀਆ ਸਾਧਨ ’ਤੇ ਆਉਂਦੇ-ਜਾਂਦੇ ਹਨ ਹੁਣ ਇਹ ਨਾ ਕਹਿ ਦਿਓ ਸੱਥ ਵਿੱਚ ਬੈਠ ਕੇ ਤਾਸ਼ ਖੇਡਣ ਨਾਲੋਂ ਜਰੂਰੀ ਕੰਮ ਕਿਹੜਾ ਹੁੰਦਾ! ਪਾਰਕ ਜਾਣਾ ਹੋਵੇ, ਘਰੋਂ ਸ਼ਬਜੀ ਲੈਣ ਜਾਣਾ ਹੋਵੇ ਜਾਂ ਕੋਈ ਦੋ ਆਨੇ ਦੀ ਚੀਜ ਲੈਣ ਲੋਕ ਤੁਰ ਕੇ ਜਾਣਾ ਜਾਂ ਸਾਈਕਲ ’ਤੇ ਜਾਣਾ ਤਾਂ ਜਿਵੇਂ ਭੁੱਲ ਹੀ ਗਏ ਹੋਣ ਜਾਂ ਬੇਇੱਜਤੀ ਸਮਝਦੇ ਹੋਣ ਪਰ ਹੁਣ ਭਾਈ ਸਮਾਂ ਸੰਭਲਣ ਦਾ ਆ ਗਿਆ ਹੈ ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ ਜ਼ਿਆਦਾ ਨਹੀਂ ਤਾਂ ਜੇਕਰ ਪੰਜ ਤੋਂ ਸੱਤ ਕਿਲੋਮੀਟਰ ਦਾ ਸਫ਼ਰ ਹੈ ਤਾਂ ਉਹ ਸਾਈਕਲ ’ਤੇ ਕਰਨਾ ਚਾਹੀਦਾ ਹੈ

ਇਸ ਨਾਲ ਇੱਕ ਤਾਂ ਅਸੀਂ ਬੁਢਾਪੇ ਵਿੱਚ ਕਸਰਤ ਕਰਨ ਵਾਲੇ ਸਾਈਕਲ ਨੂੰ ਚਲਾਉਣ ਦੀ ਨੌਬਤ ਨੂੰ ਝੱਲਣ ਤੋਂ ਬਚ ਜਾਵਾਂਗੇ, ਦੂਸਰਾ ਹੁਣ ਵੀ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ ਜੇਕਰ ਕੋਈ ਇਹ ਸਮਝੇ ਕਿ ਮੇਰੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਹੈ, ਮੈਨੂੰ ਇਹਨਾਂ ਗੱਲਾਂ ’ਤੇ ਅਮਲ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਤਾਂ ਪਹਿਲੀ ਗੱਲ ਇਹ ਕਿ ਤੁਹਾਡੇ ਕੋਲ ਜਿੰਨਾਂ ਵੀ ਹੋਵੇ ਫਾਲਤੂ ਗਵਾਉਣਾ ਕੋਈ ਸਮਝਦਾਰੀ ਨਹੀਂ ਹੁੰਦੀ, ਦੂਸਰਾ ਏਥੇ ਗੱਲ ਕੇਵਲ ਪੈਸੇ ਬਚਾਉਣ ਦੀ ਹੀ ਨਹੀਂ ਕੁਦਰਤੀ ਸਾਧਨਾਂ ਨੂੰ ਬਚਾਉਣ ਦੀ ਵੀ ਹੈ

ਅਸੀਂ ਧਰਤੀ ਹੇਠਲੇ ਪਾਣੀ ਨੂੰ ਵਾਧੂ ਅਤੇ ਅਮੁੱਕ ਸਮਝ ਕੇ ਬਹਾਈ ਜਾ ਰਹੇ ਹਾਂ, ਦਰੱਖਤਾਂ ’ਤੇ ਦਿਨ-ਰਾਤ ਸਾਡਾ ਆਰਾ ਚੱਲ ਰਿਹਾ ਹੈ, ਪਹਾੜ ਕੱਟ-ਕੱਟ ਕੇ ਅਸੀਂ ਮੈਦਾਨ ਬਣਾਈ ਜਾ ਰਹੇ ਹਾਂ, ਵਾਹੀਯੋਗ ਜ਼ਮੀਨਾਂ ਘਟਾ ਕੇ ਅਸੀਂ ਕੋਠੀਆਂ ਖੜ੍ਹੀਆਂ ਕਰਨ ਵੱਲ ਭੱਜੇ ਹੋਏ ਹਾਂ, ਹਵਾ ਅਸੀਂ ਸ਼ੁੱਧ ਨਹੀਂ ਛੱਡੀ, ਪਾਣੀ ਅਸੀਂ ਬੋਤਲਾਂ ਦਾ ਪੀਣ ਨੂੰ ਮਜ਼ਬੂਰ ਹਾਂ, ਹੁਣ ਤੇਲ ਭਾਵੇਂ ਮੁੱਕਣ ਕਿਨਾਰੇ ਹੋਵੇ ਜਾਂ ਗੱਲ ਭਾਅ ਦੇ ਅਸਮਾਨ ਨੂੰ ਛੂਹਣ ਦੀ ਹੋਵੇ ਸਾਡੀਆਂ ਆਦਤਾਂ ਉਹੀ ਰਹਿਣਗੀਆਂ! ਨਹੀਂ ਹੁਣ ਸਮਾਂ ਮੰਗ ਕਰ ਰਿਹਾ ਕਿ ਸਾਨੂੰ ਆਪਣੀ ਜੀਵਨਸ਼ੈਲੀ ਸਮੇਂ ਦੇ ਹਿਸਾਬ ਨਾਲ ਬਦਲਣੀ ਪਵੇਗੀ ਤਾਂ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਕੁਦਰਤੀ ਸਾਧਨ ਛੱਡ ਕੇ ਜਾਵਾਂਗੇ
ਮੋ. 94644-42300
ਰਾਜੇਸ਼ ਰਿਖੀ ਪੰਜਗਰਾਰੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.