ਜੇ ਸਮਝੀਏ ਤਾਂ ਬਹੁਤ ਗੂੜ੍ਹਾ ਹੁੰਦੈ ਨੂੰਹ-ਸੱਸ ਦਾ ਰਿਸ਼ਤਾ!
ਨੂੰਹ ਵੀ ਕਿਸੇ ਦੀ ਧੀ ਹੁੰਦੀ ਹੈ, ਫਰਕ ਸਿਰਫ ਇੰਨਾ ਹੁੰਦਾ ਹੈ। ਕੁੜੀ ਵਿਆਹ ਕੇ ਸਹੁਰੇ ਘਰ ਤੋਰਨੀ ਪੈਂਦੀ ਹੈ। ਬੱਸ ਸ਼ਬਦ ਹੀ ਬਦਲੀ ਹੁੰਦੇ ਹਨ ਬਾਕੀ ਕੁਝ ਨਹੀਂ। ਕਿਉਂਕਿ ਧੀਆਂ ਤਾਂ ਰਾਜੇ-ਮਹਾਰਾਜੇ ਵੀ ਆਪਣੇ ਘਰ ਵਿਚ ਨਹੀਂ ਰੱਖ ਸਕੇ। ਹੁਣ ਗੱਲ ਜੇ ਕਰੀਏ ਤਾਂ ਅੱਜ ਨਹੀਂ, ਜਦੋਂ ਦੀ ਸਮਾਜ ਦੀ ਸਿਰਜਣਾ ਹੋਈ ਹੋਵੇਗੀ ਉਸ ਸਮੇਂ ਤੋਂ ਹੀ ਲੋਕ ਕੁਝ ਤਾਂ ਜ਼ੁਬਾਨ ਬੋਲਦੇ ਹੋਣਗੇ। ਜ਼ੁਬਾਨ ਤੋਂ ਬਾਅਦ ਬੋਲ ਤੇ ਬੋਲ ਤੋਂ ਬਾਅਦ ਬੋਲੀਆਂ। ਜੋ ਸਮਾਜ ਦੇ ਸਿਰ ਚੜ੍ਹ ਕੇ ਬੋਲਦੀਆਂ ਹਨ। ਖਾਸ ਕਰਕੇ ਜੇ ਅਸੀਂ ਗੱਲ ਪੰਜਾਬ ਜਾਂ ਪੰਜਾਬੀ ਦੀ ਕਰੀਏ ਤਾਂ ਇੱਥੇ ਸੱਸ ਨੂੰ ਹਊਆ ਹੀ ਸਮਝਿਆ ਜਾਂਦਾ ਹੈ। ਸਾਡੇ ਲੋਕਗੀਤ ਵੀ ਸੱਸ ਦੇ ਹੱਕ ਵਿਚ ਵਕਾਲਤ ਨਹੀਂ ਕਰਦੇ। ਸਗੋਂ ਤਾਹਨੇ-ਮਿਹਣੇ ਤੇ ਨਫਰਤ ਭਰੀਆਂ ਬੋਲੀਆਂ ਹੀ ਬੋਲਦੇ ਹਨ। ਪਤਾ ਨਹੀਂ ਕਿਹੜੇ-ਕਿਹੜੇ ਸ਼ਬਦਾਂ ਨਾਲ ਕੁੜੀਆਂ ਸੱਸ ਨੂੰ ਨਿਵਾਜ਼ਦੀਆਂ ਹਨ। ਜਦ ਕਿ ਸਮੇਂ ਦੀ ਤਬਦੀਲੀ ਅਨੁਸਾਰ ਉਹ ਸਾਰਾ ਸੱਚ ਨਹੀਂ ਰਿਹਾ ਜੋ ਗੀਤਾ ’ਚ ਮਿਲਦਾ ਹੈ।
ਜਦੋਂ ਕਿ ਮੁੰਡੇ ਦੀ ਮਾਂ ਆਪਣੀ ਆਉਣ ਵਾਲੀ ਨੂੰਹ ਬਾਰੇ ਪਤਾ ਨਹੀਂ ਕੀ-ਕੀ ਸੁੱਖਾਂ ਸੁੱਖਦੀ ਥੱਕਦੀ ਨਹੀਂ। ਆਹ ਵੀ ਕਰ ਲਉ! ਉਹ ਵੀ ਕਰ ਲਉ! ਕੱਲ੍ਹ ਨੂੰ ਨੂੰਹ ਰਾਣੀ ਨੇ ਆਉਣਾ ਹੈ ਉਹ ਕੀ ਕਹੇਗੀ। ਉਸ ਨੂੰ ਸਾਡਾ ਘਰ ਓਪਰਾ-ਓਪਰਾ ਨਾ ਲੱਗੇ! ਰਿਸ਼ਤੇਦਾਰਾਂ ਵਿਚ ਵੀ ਆਪਣੀ ਨੂੰਹ ਦੇ ਸਿਫਤਾਂ ਦੇ ਪੁਲ ਬੰਨ੍ਹਦੀਆਂ ਥੱਕਦੀਆਂ ਨਹੀਂ ਹਨ। ਘਰ ਸੋਹਣਾ ਸਜਾਉਣਾ ਕਿ ਸਾਰਿਆਂ ਨੂੰ ਸੋਹਣਾ ਲੱਗੇ। ਬੱਸ ਚਾਅ ਹੀ ਇੰਨਾਂ ਹੁੰਦਾ ਹੈ ਕਿ ਮਾਵਾਂ ਫੁੱਲੀਆਂ ਨਹੀਂ ਸਮਾਉਂਦੀਆਂ। ਇੱਕ ਪਾਸੇ ਇਹ ਸਭ ਕੁਝ ਦੂਜੇ ਪਾਸੇ ਸੱਸ ਭੂਤਨੀ, ਚੁੜੇਲ, ਕੋਹੜੀ ਪਤਾ ਨਹੀਂ ਕੀ ਕੁਝ ਬੋਲਿਆ ਜਾਂਦਾ ਹੈ।
ਅਜੇ ਕੁੜੀ ਆਪਣੇ ਘਰ ਵਿਚ ਹੁੰਦੀ ਹੈ ਤੇ ਸੱਸ ਆਪਣੇ ਘਰ ਵਿੱਚ। ਫਿਰ ਇਹ ਸਭ ਕੁਝ ਕਿਉਂ? ਨਹੀਂ ਧੀਆਂ ਨੂੰ ਮਾਵਾਂ ਹੀ ਸਮਝਾ ਸਕਦੀਆਂ ਹਨ। ਇਹ ਕਹਿਣਾ ਚਾਹੀਦਾ ਹੈ ਕਿ ਨਹੀਂ ਧੀਏ, ਅੱਜ ਤੋਂ ਬਾਅਦ ਤੇਰੀ ਮਾਂ ਮੈਂ ਨਹੀਂ, ਤੇਰੀ ਮਾਂ ਉਹ ਹੈ ਜਿਸ ਘਰ ਵਿਚ ਤੂੰ ਜਾ ਰਹੀ ਹੈਂ। ਜੇ ਇੱਕ ਵੇਲੇ ਕੁਝ ਤੇਰੀ ਮਾਂ ਬੋਲ ਵੀ ਲਵੇ ਤਾਂ ਤੂੰ ਚੁੱਪ ਕਰਕੇ ਸਹਿਣ ਕਰ ਲਵੀਂ। ਕੋਈ ਨਹੀਂ ਅਕਸਰ ਤੇਰੀ ਉਹ ਵੀ ਮੇਰੇ ਵਰਗੀ ਮਾਂ ਹੈ। ਮੈਂ ਤੈਨੂੰ ਮੱਤ-ਕੁਮੱਤ ਤੋਂ ਝਿੜਕ ਹੀ ਲੈਂਦੀ ਸੀ।
ਵੱਡਿਆ ਦੀਆਂ ਗਾਲ੍ਹਾਂ ਘਿਉ ਦੀ ਨਾਲਾਂ ਹੁੰਦੀਆਂ ਹਨ। ਮਾਂ ਦੀਆਂ ਪੁੱਤਰ ਵਿਹਾਉਣ ਤੱਕ ਬਹੁਤ ਆਸਾਂ ਹੁੰਦੀਆਂ ਹਨ। ਜੰਮਦੇ ਨੂੰ ਲੋਰੀਆਂ ਹੀ ਇਹੋ ਦਿੰਦੀਆਂ ਹਨ ਕਿ ਪੁੱਤ ਤੂੰ ਵੱਡਾ ਹੋਵੇਂਗਾ, ਤੇਰਾ ਮੈਂ ਵਿਆਹ ਕਰਕੇ ਨੂੰਹ ਲੈ ਕੇ ਆਵਾਂਗੀ। ਕੀ ਇਹ ਮਾਂ ਦੀਆਂ ਰੀਝਾਂ ਨਹੀਂ ਹਨ। ਫਿਰ ਅਸੀਂ ਕੌਣ ਹੁੰਦੇ ਹਾਂ, ਨੂੰਹ-ਸੱਸ ਦੇ ਵਿੱਚ ਤਰੇੜਾਂ ਪਾਉਣ ਵਾਲੇ। ਚੰਗੀਆਂ ਮਾਵਾਂ ਧੀਆਂ ਨੂੰ ਹਮੇਸ਼ਾ ਚੰਗੀ ਮੱਤ ਹੀ ਦਿੰਦੀਆਂ ਹਨ। ਕਹਿੰਦੇ ਹਨ ਕਿ ਚੰਗੀਆਂ ਮਾਵਾਂ ਆਪਣੀਆਂ ਧੀਆਂ ਨੂੰ ਤਿੰਨ ਭੱਬੇ ਜਰੂਰ ਸਮਝਾਉਂਦੀਆਂ ਹਨ। ਪਹਿਲਾ ਭੱਬਾ ਕਿ ਮੈਥੋਂ ਭੁੱਲ ਹੋ ਗਈ ਹੈ ਮੈਨੂੰ ਮੁਆਫ਼ ਕਰ ਦਿਉ! ਦੂਜਾ ਭੱਬਾ ਕਿ ਭਾਣਾ ਮੰਨਣਾ ਕਿ ਜੋ ਕੁਝ ਹੁੰਦਾ ਹੈ ਉਹ ਉੱਪਰ ਵਾਲੇ ਦੀ ਮਰਜ਼ੀ ਮੁਤਾਬਿਕ ਹੀ ਹੁੰਦਾ ਹੈ। ਚਲੋ ਉਸ ਦਾ ਭਾਣਾ ਮੰਨ ਲੈਣਾ। ਤੀਜਾ ਭੱਬਾ ਕਿ ਭਲਾ ਹੋਵੇ ਜੇ ਕੋਈ ਬੋਲ ਵੀ ਗਿਆ ਤਾਂ ਕਹੋ ਕਿ ਉਸ ਦਾ ਭਲਾ ਹੋਵੇ। ਪਰ ਮੇਰਾ ਇਥੇ ਕਹਿਣ ਦਾ ਭਾਵ ਇਹ ਨਹੀ ਕਿ ਨੂੰਹ ਜੁਲਮ ਸਹਿੰਦੀ ਰਹੇ
ਇਹਨਾਂ ਗੱਲਾਂ ’ਤੇ ਜੇ ਕੋਈ ਥੋੜ੍ਹਾ ਜਿਹਾ ਵੀ ਅਸਰ ਕਰੇ ਤਾਂ ਸ਼ਾਇਦ ਕਦੇ ਵੀ ਨੂੰਹ-ਸੱਸ ਦੇ ਪਵਿੱਤਰ ਰਿਸ਼ਤੇ ਵਿੱਚ ਅਣਬਣ ਨਹੀਂ ਹੋ ਸਕਦੀ। ਕਿਉਂਕਿ ਹੁਣ ਸਮਾਜ ਪਹਿਲਾਂ ਵਾਲਾ ਨਹੀਂ ਸਗੋਂ ਪੜਿ੍ਹਆ-ਲਿਖਿਆ ਤੇ ਸੂਝਵਾਨ ਹੋ ਗਿਆ ਹੈ। ਆਖ਼ਰੀ ਗੱਲ ਕਿ ਸੱਸਾਂ ਨੂੰ?ਵੀ ਨੂੰਹਾਂ ਨਾਲ ਮਾਵਾਂ ਵਾਲਾ ਵਿਹਾਰ ਕਰਨਾ ਚਾਹੀਦਾ ਹੈ ਜੇਕਰ ਨੂੰਹ ਤੋਂ?ਕੋਈ ਗਲਤੀ ਹੋ ਵੀ ਜਾਵੇ, ਕਿਉਂਕਿ ਉਹ ਨਵੇਂ ਘਰ ਵਿਚ ਆਈ ਹੁੰਦੀ ਹੈ, ਤਾਂ ਸੱਸ ਨੂੰ ਮਾਂ ਵਾਂਗ ਧੀ-ਪੁੱਤ ਕਹਿ ਕੇ ਗੱਲ ਸਮਝਾ ਦੇਣੀ ਚਾਹੀਦੀ ਹੈ ਸਿਆਣੇ ਵੀ ਕਹਿੰਦੇ ਹਨ ਕਿ ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ?ਵੱਜਦੀ ਕਿਸੇ ਦਾ ਕੂਸਰ ਘੱਟ ਅਤੇ ਕਿਸੇ ਦਾ ਵੱਧ ਹੋ ਸਕਦਾ ਹੈ
ਨੂੰਹ ਅਤੇ ਸੱਸ ਦਾ ਰਿਸ਼ਤਾ ਜੇਕਰ ਵੇਖਿਆ ਜਾਵੇ ਤਾਂ ਬਹੁਤ ਹੀ ਪਿਆਰਾ ਅਤੇ ਲੰਮੇਰਾ ਰਿਸ਼ਤਾ ਹੈ ਕਿਉਂਕਿ ਧੀਆਂ ਤਾਂ ਵਿਆਹ ਕੇ ਪਰਾਏ ਘਰ ਚਲੀਆਂ ਜਾਂਦੀਆਂ ਹਨ ਅਤੇ ਜਿਨ੍ਹਾਂ ਸਦਾ ਲਈ ਸਾਡੇ ਕੋਲ ਰਹਿਣਾ ਹੈ?ਉਹ ਨੂੰਹਾਂ ਹੀ ਹਨ ਨੂੰਹ ਜਿਸ ਘਰ ਵਿਚ ਵਿਆਹ ਕੇ ਆਉਂਦੀ ਹੈ ਉਹ ਘਰ ਨੂੰਹ ਅਤੇ ਸੱਸ ਦੋਵਾਂ?ਦਾ ਹੀ ਹੁੰਦਾ ਹੈ ਇਸ ਲਈ ਆਪਣੇ ਘਰ ਦੀ ਸ਼ਾਂਤੀ ਲਈ ਦੋਵਾਂ?ਨੂੰ?ਮਿਲ ਕੇ ਸੋਚਣਾ ਚਾਹੀਦਾ ਹੈ ਸਾਨੂੰ ਆਪਣੇ ਰੀਤੀ-ਰਿਵਾਜਾਂ ਨੂੰ ਨਹੀਂ ਭੁੱਲਣਾ ਚਾਹੀਦਾ। ਜੇ ਕੋਈ ਕਿਸੇ ਵੀ ਸੱਭਿਅਤਾ ਵਿੱਚੋਂ ਕੋਈ ਚੰਗੀ ਗੱਲ ਮਿਲ ਜਾਵੇ ਤਾਂ ਜ਼ਰੂਰ ਉਸ ਨੂੰ ਅਪਣਾਉਣਾ ਚਾਹੀਦਾ ਹੈ। ਜੇ ਕੋਈ ਕੁਰੀਤੀਆਂ ਹੋਣ ਤੇ ਉਹਨਾਂ ਨੂੰ ਛੱਡ ਕੇ ਅਗੇ ਵਧਣ ਵਿਚ ਕੋਈ ਹਰਜ਼ ਨਹੀਂ।
ਮਮਦੋਟ, ਫਿਰੋਜ਼ਪੁਰ
ਮੋ. 75891-55501
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.