ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home ਵਿਚਾਰ ਲੇਖ ਗੁਰੁੂ ਨਾਨਕ ਦਰ...

    ਗੁਰੁੂ ਨਾਨਕ ਦਰਬਾਰ ’ਚ ਕੀਰਤਨ ਦਾ ਮੁੱਢ ਬੰਨ੍ਹਣ ਵਾਲੇ, ਭਾਈ ਮਰਦਾਨਾ ਜੀ

    ਗੁਰੁੂ ਨਾਨਕ ਦਰਬਾਰ ’ਚ ਕੀਰਤਨ ਦਾ ਮੁੱਢ ਬੰਨ੍ਹਣ ਵਾਲੇ, ਭਾਈ ਮਰਦਾਨਾ ਜੀ

    ਸਿੱਖ ਇਤਿਹਾਸ ਵਿਚ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂਅ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਨਾਲ ਲਿਆ ਜਾਂਦਾ ਹੈ, ਉੱਥੇ ਭਾਈ ਮਰਦਾਨਾ ਜੀ ਦਾ ਨਾਂਅ ਵੀ ਬਹੁਤ ਹੀ ਅਦਬ ਅਤੇ ਪਿਆਰ ਨਾਲ ਲਿਆ ਜਾਂਦਾ ਹੈ। ਧਰਤ ਲੋਕਾਈ ਨੂੰ ਸੋਧਣ ਹਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ-ਕਈ ਮੀਲ ਬਿਖੜਿਆਂ ਪੈਂਡਿਆਂ ਦਾ ਸਫਰ ਤੈਅ ਕੀਤਾ ਹੈ। ਇਸ ਸਫਰ ਵਿਚ ਬਾਬੇ ਦਾ ਡੱਟਵਾਂ ਸਾਥ ਦੇਣ ਵਾਲਿਆਂ ਵਿੱਚ ਭਾਈ ਮਰਦਾਨਾ ਜੀ ਦਾ ਨਾਂਅ ਉੱਭਰਵੇਂ ਰੂਪ ਵਿੱਚ ਲਿਆ ਜਾਂਦਾ ਹੈ।

    ਭਾਈ ਮਰਦਾਨਾ ਜੀ, ਜਿਨ੍ਹਾਂ ਦਾ ਪਹਿਲਾ ਨਾਂਅ ਭਾਈ ‘ਦਾਨਾ’ ਸੀ, ਦਾ ਜਨਮ 6 ਫਰਵਰੀ 1459 ਈ. ਨੂੰ ਪਿੰਡ ਤਲਵੰਡੀ (ਰਾਏ ਭੋਏ ਦੀ) ਦੇ ਵਸਨੀਕ ਚੌਂਭੜ ਜਾਤ ਦੇ ਮਿਰਾਸੀ ਮੀਰ ਬਾਦਰੇ ਅਤੇ ਮਾਤਾ ਲੱਖੋ ਜੀ ਦੇ ਘਰ ਹੋਇਆ। ਉਮਰ ਪੱਖੋਂ ਭਾਈ ਮਰਦਾਨਾ ਜੀ ਗੁਰੂੁ ਨਾਨਕ ਪਾਤਿਸ਼ਾਹ ਨਾਲੋਂ ਲਗਭਗ ਸਵਾ 10 ਸਾਲ ਵੱਡੇ ਸਨ।

    ਮਿਰਾਸੀਆਂ ਦੇ ਘਰ ਦੀ ਪੈਦਾਇਸ਼ ਹੋਣ ਕਰਕੇ ਸੰਗੀਤ ਉਨ੍ਹਾਂ ਦੀ ਵਿਰਾਸਤੀ ਦਾਤ ਸੀ। ਭਾਈ ਮਰਦਾਨਾ ਜੀ ਸਾਥ ਗੁਰੂ ਨਾਨਕ ਦੇਵ ਜੀ ਨਾਲ ਛੋਟੀ ਉਮਰ ਵਿੱਚ ਹੀ ਬਣ ਗਿਆ ਸੀ ਜੋ ਗੁਰੂ ਸਾਹਿਬ ਵੱਲੋਂ ਮਿਲੇ ਰੱਜਵੇਂ ਪਿਆਰ ਅਤੇ ਸਤਿਕਾਰ ਕਾਰਨ ਆਖ਼ਰੀ ਦਮ ਤੱਕ ਨਿਭਦੀ ਰਹੀ। ਇਹ ਜੋਟੀ ਜਿੱਥੇ ਭਰਾਤਰੀਭਾਵ ਵਾਲੀ ਅਤੇ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੀ ਵਿਚਾਰਧਾਰਾ ਦੀ ਤਰਜ਼ਮਾਨੀ ਕਰਦੀ ਹੈ, ਉੱਥੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਵੀ ਪਕਿਆਈ ਬਖ਼ਸ਼ਦੀ ਹੈ। ਭਾਈ ਸਾਹਿਬ ਜਿੱਥੇ ਇੱਕ ਉੱਚਕੋਟੀ ਦੇ ਸੰਗੀਤਕਾਰ ਸਨ, ਉੱਥੇ ਗੁਰੂ ਸਾਹਿਬ ਦੇ ਸੱਚੇੇ ਤੇ ਪੱਕੇ ਮਿੱਤਰ ਵੀ ਸਨ।

    ਸੁਖ-ਦੁੱਖ ਦੇ ਭਾਈਵਾਲ ਹੋਣ ਦੇ ਨਾਲ-ਨਾਲ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਵੱਲੋਂ ਪ੍ਰਵਾਨਿਤ ਪ੍ਰਚਾਰਕ ਵੀ ਸਨ, ਜਿਨ੍ਹਾਂ ਨੂੰ ਗੁਰੂ ਜੀ ਵੱਲੋਂ ਕੁੱਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਇਨ੍ਹਾਂ ਅਧਿਕਾਰਾਂ ਦੀ ਵਰਤੋਂ ਉਹ ਗੁਰੂ ਨਾਨਕ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਕਰਦੇ ਸਨ। ਭਾਈ ਸਾਹਿਬ ਦੇ ਇਸ ਉਪਰਾਲੇ ਨੇ ਬਹੁਤ ਸਾਰੇ ਜਗਿਆਸੂਆਂ ਨੂੰ ਧਰਮ ਦੇ ਲੜ ਲਾਇਆ ਜਿਨ੍ਹਾਂ ਵਿੱਚ ਭਾਈ ਨੀਰੂ ਦਾ ਨਾਂਅ ਵਰਨਣਯੋਗ ਹੈ।

    ਭਾਈ ਮਰਦਾਨਾ ਜੀ ਦਾ ਇਹ ਵੀ ਇੱਕ ਸੁਭਾਗ ਰਿਹਾ ਹੈ ਕਿ ਉਨ੍ਹਾਂ ਨੂੰ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਸਾਹਿਬ ਦਾ ਵਡੇਰਾ ਅਤੇ ਲੰਮੇਰਾ (ਲਗਭਗ ਛੇ ਦਹਾਕੇ) ਸਾਥ ਪ੍ਰਾਪਤ ਹੋਇਆ ਹੈ। ਇਸ ਸਾਥ ਸਦਕਾ ਹੀ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਦੇਸ਼-ਵਿਦੇਸ਼ ਦਾ ਲਗਭਗ 40000 ਕਿਲੋਮੀਟਰ (ਚਾਰ ਉਦਾਸੀਆਂ) ਦਾ ਸਫਰ ਤੈਅ ਕੀਤਾ ਹੈ। ਇਸ ਸਫਰ ਦੌਰਾਨ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਬਿਰਤੀ ਅਕਾਲ ਪੁਰਖ ਨਾਲ ਜੁੜਦੀ ਤਾਂ ਉਹ ਭਾਈ ਸਾਹਿਬ ਨੂੰ ਸੰਬੋਧਿਤ ਹੋ ਕੇ ਆਖਦੇ, ਮਰਦਾਨਿਆ! ਰਬਾਬ ਵਜਾ ਬਾਣੀ ਆਈ ਏ! ਤੇ ਭਾਈ ਸਾਹਿਬ ਗੁਰੂ ਜੀ ਦਾ ਹੁਕਮ ਪਾ ਕੇ ਰਬਾਬ ਦੀਆਂ ਤਾਰਾਂ ਛੇੜ ਦਿੰਦੇ।

    ਜਿੱਥੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ 19 ਰਾਗਾਂ ਵਿਚ ਪਰੋ ਕੇ ਗਾਉਣ ਦਾ ਸ਼ਰਫ ਹਾਸਲ ਹੈ, ਉੱਥੇ ਨਾਲ ਹੀ ਉਨ੍ਹਾਂ ਨੂੰ ਗੁਰੂ ਘਰ ਦੇ ਪਹਿਲੇ ਕੀਰਤਨੀਏ ਹੋਣ ਦਾ ਮਾਣ ਵੀ ਮਿਲਦਾ ਹੈ। ਇਹ ਮਾਣ-ਸਤਿਕਾਰ ਭਾਈ ਮਰਦਾਨਾ ਜੀ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਤੱਕ ਬਣਿਆ ਆ ਰਿਹਾ ਹੈ। ਗੁਰੂੁ ਨਾਨਕ ਸਾਹਿਬ ਦੀ ਪੰਜਵੀਂ (ਸ੍ਰੀ ਗੁਰੂ ਅਰਜਨ ਦੇਵ ਜੀ) ਅਤੇ ਛੇਵੀਂ (ਸ੍ਰੀ ਗੁਰੂ ਹਰਗੋਬਿੰਦ ਜੀ) ਜੋਤ ਦੇ ਸਮੇਂ ਕੀਰਤਨ ਦੀ ਸੇਵਾ ਨਿਭਾਉਣ ਵਾਲੇ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਰਬਾਬੀ ਵੀ ਇਸੇ ਹੀ ਖਾਨਦਾਨ ਨਾਲ ਸਬੰਧਤ ਸਨ। ਭਾਈ ਲਾਲ ਜੀ ਅਤੇ ਭਾਈ ਸ਼ਾਦ ਜੀ ਦਾ ਨਾਮਵਰ ਕੀਰਤਨੀ ਜਥਾ ਵੀ ਇਸ ਹੀ ਘਰਾਣੇ ਨਾਲ ਜੁੜਿਆ ਹੋਇਆ ਹੈ।

    ਜਗਤ ਜਲੰਦੇ ਨੂੰ ਤਾਰਦੇ ਹੋਏ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ (ਆਪਣੀ ਚੌਥੀ ਉਦਾਸੀ ਸਮੇਂ) ਅਫ਼ਗਾਨਿਸਤਾਨ ਦੇ ਨਗਰ ਖੁਰਮ ਵਿਖੇ ਪਹੁੰਚੇ ਤਾਂ ਭਾਈ ਮਰਦਾਨਾ ਜੀ ਨੂੰ ਅਕਾਲ-ਪੁਰਖ ਦਾ ਸਦੀਵੀ ਸੱਦਾ ਆ ਗਿਆ। ਆਪਣੇ ਸੱਚੇ ਅਤੇ ਪੱਕੇ ਸਾਥੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਚਨ-ਬਿਲਾਸ ਕਰਦਿਆਂ ਅਖੀਰ 27 ਨਵੰਬਰ 1534 ਈ: ਨੂੰ ਭਾਈ ਮਰਦਾਨਾ ਜੀ ਇਸ ਭੌਤਿਕ ਸੰਸਾਰ ਤੋਂ ਰੁਖ਼ਸਤ ਪਾ ਗਏ। ਆਪਣੇ ਸੁਖ-ਦੁੱਖ ਦੇ ਭਾਈਵਾਲ ਭਾਈ ਮਰਦਾਨਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਦਰਿਆ ਕੁਰਮ ਦੇ ਕਿਨਾਰੇ ਸਪੁਰਦ-ਏ-ਖਾਕ ਕਰ ਦਿੱਤਾ, ਜਿੱਥੇ ਅੱਜ ਵੀ ਉਨ੍ਹਾਂ (ਭਾਈ ਸਾਹਿਬ) ਦੀ ਔਲਾਦ ਉਨ੍ਹਾਂ ਦੀ ਯਾਦ ਨੂੰ ਸੰਭਾਲੀ ਬੈਠੀ ਹੈ।
    ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
    ਮੋ. 94631-32719
    ਰਮੇਸ਼ ਬੱਗਾ ਚੋਹਲਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.