ਮੋਰਚੇ ’ਤੇ ਬਿਤਾਏ ਜ਼ਿੰਦਗੀ ਦੇ ਕੁੱਝ ਪਲ
ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪੂਰੇ ਦੇਸ਼ ਵਿਚ ਅੰਦੋਲਨ ਚੱਲ ਰਹੇ ਹਨ ਪਰ ਜੇਕਰ ਇਸ ਅੰਦੋਲਨ ਦਾ ਜਨਮਦਾਤਾ ਪੰਜਾਬ ਨੂੰ ਕਿਹਾ ਜਾਵੇ ਤਾਂ ਇਸ ’ਤੇ ਕੋਈ ਪ੍ਰਸ਼ਨਚਿੰਨ੍ਹ ਨਹੀਂ ਹੋਵੇਗਾ। ਪੰਜਾਬ ਨੇ ਸੰਘਰਸ਼ ਦੀ ਅਜਿਹੀ ਚੇਟਕ ਲਾਈ ਕਿ ਅੱਜ ਦੂਸਰੇ ਰਾਜਾਂ ਦੇ ਲੋਕ ਵੀ ਇਸ ਸੰਘਰਸ਼ ਦੇ ਨਾਲ ਖੜੇ੍ਹ ਹੋਏ ਹਨ। ਇੱਕ ਕਿਸਾਨ ਦਾ ਪੁੱਤਰ ਹੋਣ ਕਰਕੇ ਮੇਰਾ ਵੀ ਫਰਜ ਸੀ ਕਿ ਹੋਂਦ ਲਈ ਲੜੇ ਜਾ ਰਹੇ ਅੰਦੋਲਨ ਦਾ ਹਿੱਸਾ ਬਣਿਆ ਜਾਵੇ। ਪੰਜਾਬ ਤੋਂ ਭਾਰੀ ਗਿਣਤੀ ਵਿਚ ਲੋਕ ਸਿੰਘੂ, ਕੁੰਡਲੀ ਤੇ ਟਿੱਕਰੀ ਬਾਡਰ ’ਤੇ ਟਿਕੇ ਹੋਏ ਸਨ। ਮੈਨੂੰ ਵੀ ਆਪਣੇ ਪਿੰਡ ਦੇ ਲੋਕਾਂ ਨਾਲ ਟਿੱਕਰੀ ਬਾਡਰ ’ਤੇ ਜਾਣ ਦਾ ਮੌਕਾ ਮਿਲਿਆ। ਪਹਿਲੇ ਦਿਨ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੋ ਕਿ ਸੁਭਾਵਿਕ ਹੈ ਜਦ ਅਸੀਂ ਕਿਸੇ ਦੂਸਰੀ ਥਾਂ ’ਤੇ ਜਾਂਦੇ ਹਾਂ ਤਾਂ ਸਾਨੂੰ ਨਵੇਂ ਸਿਰੇ ਤੋਂ ਜਿੰਦਗੀ ਦੀ ਸ਼ੁਰੂਆਤ ਕਰਨੀ ਪੈਂਦੀ ਹੈ।
ਜਦ ਮੈਂ ਅੰਦੋਲਨ ਦਾ ਹਿੱਸਾ ਬਣਿਆ ਤਾਂ ਸਭ ਤੋਂ ਪਹਿਲਾਂ ਮੈਨੂੰ ਸਾਡੇ ਗੁਰੂ ਸਾਹਿਬਾਨਾਂ ਦੁਆਰਾ ਕਈ ਸੌ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਲੰਗਰ ਦੀ ਪਰੰਪਰਾ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਰੋਟੀ ਤੋਂ ਲੈ ਕੇ ਬਦਾਮਾਂ ਤੱਕ ਦੇ ਲੰਗਰ ਲੱਗੇ ਹੋਏ ਸਨ। ਪੰਜਾਬ ਦੇ ਮਿਹਨਤੀ ਲੋਕਾਂ ਨੇ ਫੁੱਟਪਾਥਾਂ ਨੂੰ ਆਪਣੇ ਰੈਣ-ਬਸੇਰੇ ਬਣਾ ਲਿਆ ਸੀ। ਦਿਨ ਦੀ ਸ਼ੁਰੂਆਤ ਗੁਰਬਾਣੀ ਨਾਲ ਹੁੰਦੀ ਸੀ ਟਰਾਲੀਆਂ ’ਤੇ ਲੱਗੇ ਸਪੀਕਰਾਂ ਵਿਚ ਚੱਲਦੀ ਗੁਰਬਾਣੀ ਪਿੰਡਾਂ ਦੇ ਗੁਰੂਘਰਾਂ ਨੂੰ ਯਾਦ ਕਰਵਾਉਂਦੀ।
ਸਾਡੇ ਨਾਲ ਗਏ ਇੱਕ ਬਾਬੇ ਵਿਚ ਮੈਨੂੰ ਸੱਚਮੁੱਚ ਭਾਈ ਘਨੱਈਆ ਜੀ ਦੀ ਰੂਹ ਜਾਪੀ। ਇਸ ਬਜ਼ੁਰਗ ਬਾਬਾ ਜੀ ਨੇ ਸਭ ਤੋਂ ਪਹਿਲਾਂ ਸਵੇਰੇ ਚਾਰ ਵਜੇ ਉੱਠ ਕੇ ਆਪ ਠੰਢੇ ਪਾਣੀ ਨਾਲ ਇਸ਼ਨਾਨ ਕਰਨਾ ਤੇ ਫਿਰ ਦੂਸਰਿਆਂ ਲਈ ਪਾਣੀ ਗਰਮ ਕਰ ਦੇਣਾ ਤੇ ਚਾਹ ਬਣਾ ਕੇ ਸਾਰਿਆਂ ਲਈ ਟਰਾਲੀ ਵਿਚ ਪੁੱਜਦੀ ਕਰਨੀ। ਮੈਂ ਬਾਕੀਆਂ ਤੋਂ ਸੁਣਿਆ ਸੀ ਕਿ ਇਹ ਬਾਬਾ ਜੀ ਜਦੋਂ ਤੋਂ ਮੋਰਚਾ ਲੱਗਾ ਨਿਸਵਾਰਥ ਇਹ ਸੇਵਾ ਨਿਭਾ ਰਹੇ ਹਨ ਸਿਜਦਾ ਕਰਨਾ ਬਣਦਾ ਹੈ ਅਜਿਹੀਆਂ ਰੱਬੀ ਰੂਹਾਂ ਨੂੰ ਜਿਹੜੇ ਮੀਡੀਆ ਦੇ ਕੈਮਰੇ ਤੋਂ ਪਾਸੇ ਹੋ ਕੇ ਮੋਰਚੇ ਦੀ ਚੜ੍ਹਦੀ ਕਲਾ ਲਈ ਦਿ੍ਰੜ ਹਨ। ਚਾਹ ਤੋਂ ਬਾਅਦ ਸਵੇਰ ਦੀ ਰੋਟੀ ਚੱਲ ਪੈਂਦੀ ਕੋਈ ਸਬਜੀ ਚੀਰਦਾ, ਕੋਈ ਆਟਾ ਗੁੰਨ੍ਹਦਾ, ਕੋਈ ਚੁੱਲ੍ਹੇ ’ਚ ਅੱਗ ਮਚਾ ਦਿੰਦਾ ਪਤਾ ਹੀ ਨਾ ਲੱਗਦਾ ਕਦ ਰੋਟੀ ਤਿਆਰ ਹੋ ਜਾਂਦੀ।
ਆਸ-ਪਾਸ ਦੇ ਤੰਬੂਆਂ ’ਚ ਕਿਸੇ ਸਾਗ ਬਣਾਇਆ ਹੋਣਾ ਉਹ ਦੇ ਜਾਣਾ, ਕਿਸੇ ਨੇ ਮੱਕੀ ਦੀਆਂ ਰੋਟੀਆਂ, ਕੋਈ ਕਹਿ ਦਿੰਦਾ, ਬਾਈ ਸਾਡੇ ਕੋਲ ਲੱਸੀ ਪਈ ਆ ਲੈ ਆਇਉ! ਇਸ ਤਰ੍ਹਾਂ ਸੱਚਮੁੱਚ ਭਾਈਚਾਰੇ ਦਾ ਖਾਣਾ ਬਣਦਾ। ਸਵੇਰ ਦੇ ਖਾਣੇ ਤੋਂ ਬਾਅਦ ਫਿਰ ਡਿਊਟੀਆਂ ਲੱਗਦੀਆਂ ਬਜੁਰਗ ਨਹਾ ਕੇ ਪਰਨੇ-ਪੱਗਾਂ ਬੰਨ੍ਹ ਕੇ ਹੱਥਾਂ ’ਚ ਕਿਸਾਨੀ ਝੰਡੇ ਫੜ ਕੇ ਸਟੇਜ ਲਈ ਤਿਆਰ ਹੁੰਦੇ ਤੇ ਬਾਕੀਆਂ ਦੀ ਜਿੰਮੇਵਾਰੀ ਤੰਬੂ ’ਚ ਰਹਿ ਕੇ ਬਾਕੀ ਰਹਿੰਦੇ ਕੰਮ ਜਿਵੇਂ ਕਿ ਭਾਂਡੇ ਤੇ ਕੱਪੜੇ ਧੋਣ ਦੀ ਹੁੰਦੀ।
ਦਾਨੀ ਸੱਜਣਾਂ ਵੱਲੋਂ ਭੇਜੀ ਜਾਂਦੀ ਸੇਵਾ ਜਿਵੇਂ ਕਿ ਦੁੱਧ, ਫਲ, ਸਬਜੀ, ਲੱਕੜ ਲੋੜ ਅਨੁਸਾਰ ਸਾਰੇ ਤੰਬੂਆਂ ਵਾਲੇ ਦਿਨ ਭਰ ’ਚ ਜਮ੍ਹਾ ਕਰ ਲੈਂਦੇ। ਇਸ ਤੋਂ ਇਲਾਵਾ ਦਿਨ ਭਰ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਚੱਲਦੇ ਰਹਿੰਦੇ। ਅਲੱਗ-ਅਲੱਗ ਸੰਸਥਾਵਾਂ ਵੱਲੋਂ ਸਿਹਤ ਸੇਵਾਵਾਂ ਚੱਲ ਰਹੀਆਂ ਸਨ। ਠੰਢ ਜਿਆਦਾ ਹੋਣ ਕਰਕੇ ਕੰਬਲ, ਕੋਟੀਆਂ, ਟੋਪੀਆਂ ਦੇ ਟਰੱਕਾਂ ਦੇ ਟਰੱਕ ਪਹੁੰਚ ਰਹੇ ਸਨ। ਪੰਜ ਵਜੇ ਸਟੇਜ ਦੀ ਸਮਾਪਤੀ ਹੋਣ ਤੋਂ ਬਾਅਦ ਲੋਕ ਆਪਣੇ ਘਰਾਂ ਭਾਵ ਆਪਣੇ ਤੰਬੂਆਂ ਨੂੰ ਵਾਪਸ ਪਰਤਣ ਲੱਗ ਪੈਂਦੇ। ਸਵੇਰ ਵਾਂਗ ਸ਼ਾਮ ਦਾ ਖਾਣਾ ਵੀ ਇੱਕ-ਦੂਜੇ ਦਾ ਹੱਥ ਵਟਾ ਕੇ ਪਤਾ ਹੀ ਨਾ ਲੱਗਣਾ ਕਦ ਤਿਆਰ ਹੋ ਜਾਣਾ। ਸਟੇਜ ਦੀ ਤਰ੍ਹਾਂ ਤੰਬੂਆਂ ’ਚ ਵੀ ਅਨੁਸ਼ਾਸਨ ਤੇ ਜਿੰਮੇਵਾਰੀ ਦਾ ਪਾਠ ਪੜ੍ਹਾਇਆ ਜਾਂਦਾ ਸੀ। ਇੱਥੇ ਬਜੁਰਗਾਂ ਤੇ ਨੌਜਵਾਨ ਪੀੜ੍ਹੀ ਦਾ ਸੁਮੇਲ ਸੀ।
ਦੋਵੇਂ ਇੱਕ-ਦੂਜੇ ਨੂੰ ਸਮਝ ਰਹੇ ਸਨ। ਲੰਗਰ ਛਕਣ ਤੋਂ ਬਾਅਦ ਸਾਰਿਆਂ ਨੇ ਇਕੱਠੇ ਬੈਠ ਕੇ ਕੁਝ ਟਾਈਮ ਮੋਰਚੇ ਤੇ ਕੁਝ ਆਪਣੇ ਪਿੰਡਾਂ, ਪਰਿਵਾਰਾਂ ਦੀਆਂ ਗੱਲਾਂ ਕਰਨੀਆਂ ਤੇ ਫਿਰ ਆਪਣੇ ਸੌਣ ਬਸੇਰਿਆਂ ’ਚ ਚਲੇ ਜਾਣਾ। ਅਸੀਂ ਇਸ ਤਰ੍ਹਾਂ ਦੀ ਜਿੰਦਗੀ ਕਿਉਂ ਘੱਟ ਰਹੇ ਹਾਂ ਇਸ ਦੇ ਬਹੁਤ ਸਾਰੇ ਕਾਰਨ ਹਨ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜਮੀਨਾਂ ਤੋਂ ਬਿਨਾਂ ਕਿਸਾਨਾਂ ਦੀ ਹੋਂਦ ਨਹੀਂ ਹੈ। ਪੰਜਾਬ ਦੇ ਕਿਸਾਨਾਂ ਦਾ ਆਪਣੀਆਂ ਜਮੀਨਾਂ ਨਾਲ ਆਰਥਿਕ ਨਾਲੋਂ ਸਮਾਜਿਕ, ਪਰਿਵਾਰਕ ਮੋਹ ਜਿਆਦਾ ਹੈ। ਇਹ ਉਹ ਜਮੀਨਾਂ ਹਨ ਜੋ ਸਾਡੇ ਵੱਡ-ਵਡੇਰਿਆਂ ਨੇ ਬਲਦਾਂ, ਊਠਾਂ ਨਾਲ ਤੜਕੇ ਉੱਠ ਕੇ ਗੁਰੂਆਂ ਦੀ ਬਾਣੀ ਪੜ੍ਹ ਕੇ ਗੁੜ ਦੀਆਂ ਡਲੀਆਂ ਤੇ ਛੋਲੇ ਭਿਉਂ ਕੇ ਖਾ ਕੇ ਤੇ ਉੱਤੋ ਦੀ ਪਾਣੀ ਪੀ ਕੇ ਆਬਾਦ ਕੀਤੀਆਂ ਹਨ। ਸਾਡੇ ਤਾਂ ਵੱਡ-ਵਡੇਰਿਆਂ ਦੀਆਂ ਮੜ੍ਹੀਆਂ ਵੀ ਅੱਜ ਤੱਕ ਖੇਤਾਂ ’ਚ ਬਣਦੀਆਂ ਆਈਆਂ ਹਨ।
ਸਾਡੇ ਕਿਸਾਨਾਂ ਦੇ ਮੁੰਡੇ-ਕੁੜੀਆਂ ਦੇ ਵਿਆਹ ਵੀ ਸਾਡੇ ਖੇਤ ਸਾਡੀਆਂ ਫਸਲਾਂ ਨਿਰਧਾਰਿਤ ਕਰਦੇ ਹਨ ਕਿ ਵਿਆਹ ਕਿਹੜੀ ਫਸਲ ਤੋਂ ਬਾਅਦ ਤੇ ਕਿੰਨੇ ਖਰਚ ’ਚ ਕਰਨਾ ਹੈ। ਜੇਕਰ ਫਸਲ ਚੰਗੀ ਹੋ ਜਾਵੇ ਤਾਂ ਵਿਆਹ ਗੱਜ-ਵੱਜ ਕੇ ਕੀਤੇ ਜਾਂਦੇ ਹਨ ਪਰ ਜੇਕਰ ਫਸਲ ਨੂੰ ਕੋਈ ਕੁਦਰਤੀ ਕਰੋਪੀ ਪੈ ਜਾਵੇ ਤਾਂ ਵਿਆਹ ਅਗਲੇ ਸਾਲ ਤੱਕ ਚਲੇ ਜਾਂਦੇ ਹਨ। ਸਾਡੀਆਂ ਦਾਦੀਆਂ- ਪੜਦਾਦੀਆਂ ਦੀ ਉਮਰ ਚਰਖਾ ਕੱਤਦਿਆਂ ਦਾਜ ਜੋੜਦਿਆਂ ਲੰਘੀ ਹੈ। ਸਾਡੇ ਦਾਦੇ-ਪੜਦਾਦੇ ਅਰਗਿਆਂ ਨੇ ਜਦ ਆਪਣੀਆਂ ਕੁੜੀਆਂ ਦੇ ਵਿਆਹ ਕਰਨੇ ਹੁੰਦੇ ਸਨ ਤਾਂ ਉਨ੍ਹਾਂ ਨੂੰ ਆਪਣੇ ਘਰ ਦੀਆਂ ਸਬਾਤਾਂ ’ਚ ਪਏ ਨਰਮੇ ਦਾ ਵੱਖਰਾ ਚਾਅ ਹੁੰਦਾ ਸੀ ਤੇ ਇੱਕ ਉਮੀਦ ਹੁੰਦੀ ਸੀ ਕਿ ਇਸ ਨਾਲ ਉਨ੍ਹਾਂ ਦੇ ਕਾਰਜ ਨੇਪਰੇ ਚੜ੍ਹ ਜਾਣਗੇ।
ਸਾਡੇ ਤਾਂ ਕਿਸਾਨਾਂ ਨਾਲ ਸੰਬੰਧਤ ਇੱਕ ਕਹਾਵਤ ਵੀ ਪ੍ਰਚਲਿਤ ਹੈ ‘ਜੀਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ’ ਭਾਵ ਕਿਸਾਨਾਂ ਦੇ ਪੁੱਤ-ਪੜਪੋਤਿਆਂ ਨੂੰ ਰਿਸ਼ਤੇ ਹੀ ਇਨ੍ਹਾਂ ਖੇਤਾਂ ਕਰਕੇ ਹੁੰਦੇ ਹਨ। ਤਿਉਹਾਰਾਂ ਦੇ ਮੌਕਿਆਂ ’ਤੇ ਵੀ ਸਭ ਤੋਂ ਪਹਿਲਾਂ ਸਾਡੇ ਖੇਤ ਆਲੀ ਮੋਟਰ ’ਤੇ ਖੁਸ਼ੀਆਂ ਦਾ ਦੀਵਾ ਬਲਦਾ ਹੈ ਫਿਰ ਘਰ ਦੀਵੇ ਧਰੇ ਜਾਂਦੇ ਹਨ। ਸਾਡੇ ਬਜੁਰਗ ਸਵੇਰ ਦੀਆਂ ਸੈਰਾਂ ਪਾਰਕ ’ਚ ਨਹੀਂ ਖੇਤਾਂ ਦੀਆਂ ਕੱਚੀਆਂ ਪਹੀਆਂ ਵੱਟਾਂ ’ਤੇ ਕਰਦੇ ਹਨ। ਗਲਤੀਆਂ ਕਿਸਾਨਾਂ ਤੋਂ ਹੋਈਆਂ ਹਨ ਉਨ੍ਹਾਂ ਦੇ ਦੇਸ਼ ਦੇ ਅੰਨ ਭੰਡਾਰ ਭਰਨ ਲਈ 1966 ’ਚ ਹਰੀ ਕ੍ਰਾਂਤੀ ਲਿਆਂਦੀ। ਟਿੱਬਿਆਂ ਨੂੰ ਪੱਧਰ ਕਰਕੇ ਦਾਦੇ-ਪੜਦਾਦਿਆਂ ਦੀਆਂ ਟਾਹਲੀਆਂ ਪੁੱਟ ਸੁੱਟੀਆਂ। ਅਸੀਂ ਸਬਮਰਸੀਬਲ ਬੋਰ ਲਾ ਧਰਤੀ ਹੇਠਲਾ ਪਾਣੀ ਮੁਕਾ ਲਿਆ।
ਫਸਲਾਂ ਦਾ ਝਾੜ ਵਧਾਉਣ ਲਈ ਰਸਾਇਣਕ ਖਾਦਾਂ ਦੀ ਲੋੜੋਂ ਵੱਧ ਵਰਤੋਂ ਕਰਕੇ ਪਾਣੀ ਤੇ ਮਿੱਟੀ ਪਲੀਤ ਕਰ ਦਿੱਤੀ। ਝੋਨਾਂ ਸਾਡੀ ਫਸਲ ਨਹੀਂ ਇਸ ਨੂੰ ਸਾਡੇ ’ਤੇ ਥੋਪਿਆ ਗਿਆ ਜਦ ਕਿਸਾਨ ਇਸ ਦਾ ਆਦੀ ਹੋ ਗਿਆ ਫਿਰ ਉਸਨੂੰ ਫਸਲੀ ਚੱਕਰ ਤੋਂ ਬਾਹਰ ਨਿੱਕਲਣ ਦੇ ਤਾਹਨੇ ਦਿੱਤੇ ਜਾਣ ਲੱਗੇ। ਅੱਜ ਜਦ ਕਿਸਾਨ ਆਪਣ ਸਾਰਾ ਕੁਝ ਗੁਆ ਚੁੱਕਾ ਹੈ ਤਾਂ ਅੱਜ ਉਸ ਤੋਂ ਇਸ ਤਰ੍ਹਾਂ ਦੇ ਕਾਨੂੰਨ ਬਣਾ ਕੇ ਜਮੀਨਾਂ ਹਥਿਆਉਣ ਦੀਆਂ ਤਿਆਰੀਆਂ ਹੋਣ ਲੱਗੀਆਂ ਹਨ। ਇਸ ਕਿਸਾਨ ਸੰਘਰਸ਼ ਦਾ ਨਤੀਜਾ ਕੁਝ ਵੀ ਹੋਵੇ ਪਰ ਇੱਕ ਗੱਲ ਪ੍ਰਤੱਖ ਹੈ ਕਿ ਕਿਸਾਨ ਬੰਦਾ ਬਹਾਦਰ ਦੁਆਰਾ ਬਖਸ਼ੇ ਖੇਤਾਂ ’ਤੇ ਕਿਸੇ ਹੋਰ ਨੂੰ ਕਾਬਜ਼ ਨਹੀਂ ਹੋਣ ਦੇਵੇਗਾ।
ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ।
ਮੋ. 73077-36899
ਕਮਲ ਬਰਾੜ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.