ਅਜ਼ਾਦੀ ਦੇ 75 ਸਾਲਾਂ ਦਾ ਸਫ਼ਰ
ਕੋਈ ਵੀ ਸਮਾਜ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਏ ਬਿਨਾਂ ਤਰੱਕੀ ਅਤੇ ਸਰਵਪੱਖੀ ਵਿਕਾਸ ਨਹੀਂ ਕਰ ਸਕਦਾ। ਗੁਲਾਮੀ ਵਿਅਕਤੀ ਨੂੰ ਸਰੀਰਕ ਰੂਪ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਕਮਜ਼ੋਰ ਬਣਾ ਦਿੰਦੀ ਹੈ। ਵਿਅਕਤੀ ਦੀ ਅਜ਼ਾਦ ਸੋਚ ਖਤਮ ਅਤੇ ਸ਼ਾਸਕ ਦੀ ਜ਼ੁਬਾਨ ਹੀ ਗੁਲਾਮ ਵਿਅਕਤੀ ਲਈ ਹੁਕਮ, ਆਦੇਸ਼ ਅਤੇ ਕਾਨੂੰਨ ਹੁੰਦੇ ਹਨ। ਅੰਗਰੇਜ਼ ਹਕੂਮਤ, ਜੋ ਸਾਡੇ ਦੇਸ਼ ਵਿੱਚ ਇੱਕ ਵਪਾਰ ਕਰਨ ਲਈ ਉੱਭਰੀ ਤੇ ਆਖਰ ਉਸਨੇ ਪੂਰੇ ਭਾਰਤ ’ਤੇ ਕਬਜਾ ਕਰਕੇ ਦੇਸ਼ ਨੂੰ ਇਤਿਹਾਸਕ, ਸਮਾਜਿਕ, ਸੱਭਿਅਕ ਅਤੇ ਆਰਥਿਕ ਪੱਖੋਂ ਕੰਗਾਲ ਕੀਤਾ। ਘੱਟ ਅਤੇ ਸਸਤੇ ਰੇਟਾਂ ’ਤੇ ਉਪਲੱਬਧ ਮਜ਼ਦੂਰਾਂ ਅਤੇ ਕੱਚੇ ਮਾਲ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਆਪਣੀ ਅਰਥਵਿਵਸਥਾ ਨੂੰ ਮਜਬੂਤ ਅਤੇ ਭਾਰਤੀ ਅਰਥਵਿਵਸਥਾ ਨੂੰ ਖੋਰਾ ਲਾਇਆ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਤਕਰੀਬਨ ਦਸ ਸਾਲ ਬਾਅਦ 1849 ਵਿੱਚ ਅੰਗਰੇਜਾਂ ਦਾ ਪੰਜਾਬ ’ਤੇ ਕਬਜ਼ਾ ਹੋ ਗਿਆ। ਪੰਜਾਬ ਦੀ ਇਹ ਬਹਾਦਰੀ ਅਤੇ ਸੂਰਬੀਰਤਾ ਦੀ ਹੀ ਨਿਸ਼ਾਨੀ ਹੈ ਕਿ ਉਸਨੇ ਅੰਗਰੇਜ ਹਕੂਮਤ ਦਾ ਡਟ ਕੇ ਮੁਕਾਬਲਾ ਕੀਤਾ ਪਰ ਆਖ਼ਰ ਜਦੋਂ ਪੰਜਾਬ ਨੂੰ ਇੱਕਜੁਟ ਅਤੇ ਅਗਵਾਈ ਕਰਨ ਵਾਲਾ ਕੋਈ ਨਾ ਮਿਲਿਆ ਤਾਂ ਫਿਰ ਅੰਗਰੇਜਾਂ ਨੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਅਧੀਨ ਕਰਕੇ ਬਿ੍ਰਟਿਸ਼ ਰਾਜ ਦਾ ਹੋਰ ਵਿਸਥਾਰ ਕੀਤਾ।
ਮੰਗਲ ਪਾਂਡੇ ਦੁਆਰਾ ਸ਼ੁਰੂ ਕੀਤੇ 1857 ਦੇ ਵਿਦਰੋਹ, ਜਿਸ ਨੂੰ ਅਜਾਦੀ ਦਾ ਪਹਿਲਾ ਵਿਦਰੋਹ ਕਿਹਾ ਜਾਂਦਾ ਹੈ, ਨੂੰ ਬਾਅਦ ਵਿੱਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ, ਸੁਖਦੇਵ, ਰਾਜਗੁਰੂ, ਬਟੁਕੇਸ਼ਵਰ ਦੱਤ, ਝਾਂਸੀ ਦੀ ਰਾਣੀ ਲਕਸ਼ਮੀ ਬਾਈ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਇਸ ਪ੍ਰਕਾਰ ਇਹ ਸੂਚੀ ਇੰਨੀ ਲੰਮੀ ਹੈ ਕਿ ਇਸ ਦਾ ਖਤਮ ਹੋਣਾ ਮੁਸ਼ਕਲ ਜਾਪਦਾ ਹੈ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹਿੰਦੁਸਤਾਨ ਅੱਜ ਅਜ਼ਾਦ ਅਤੇ ਖੁੱਲ੍ਹੇ ਅਸਮਾਨ ਹੇਠਾਂ ਸਾਹ ਲੈਂਦਾ ਹੋਇਆ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।
ਪਗੜੀ ਸੰਭਾਲ ਜੱਟਾ, ਕੂਕਾ ਲਹਿਰ, ਗਦਰ ਪਾਰਟੀ ਦੀ ਸਥਾਪਨਾ, ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ, ਕਾਕੋਰੀ ਕਾਂਡ, ਚੌਰਾ ਚੌਰੀ ਦੀ ਘਟਨਾ, ਸਾਈਮਨ ਕਮਿਸ਼ਨ ਦਾ ਬਾਈਕਾਟ, ਜਲ੍ਹਿਆਂਵਾਲੇ ਬਾਗ ਦਾ ਦੁਖਾਂਤ, ਸਿਵਲ ਨਾ ਫੁਰਮਾਨੀ ਅੰਦੋਲਨ, ਨੌਜਵਾਨ ਭਾਰਤੀ ਸਭਾ ਦੀ ਸਥਾਪਨਾ, ਜੈਤੋ ਦਾ ਮੋਰਚਾ ਆਦਿ ਇਤਿਹਾਸ ਦੇ ਪੰਨਿਆਂ ’ਤੇ ਦਰਜ ਵਿਸ਼ੇਸ਼ ਘਟਨਾਕ੍ਰਮ ਹਨ ਜਿਨ੍ਹਾਂ ਨੇ ਭਾਰਤ ਦੀ ਤਾਰੀਖ ਵਿੱਚ ਗੂੜ੍ਹੀ ਛਾਪ ਛੱਡੀ, ਜਿਸ ਨੂੰ ਭੁਲਾਉਣਾ ਅਸੰਭਵ ਲੱਗਦਾ ਹੈ। ਹਿੰਦ ਦੀ ਤਾਰੀਖ ਵਿੱਚ ਵਾਪਰੀਆਂ ਇਸ ਪ੍ਰਕਾਰ ਦੀਆਂ ਇਤਿਹਾਸਕ ਘਟਨਾਵਾਂ ਨੇ ਭਾਰਤ ਨੂੰ ਅੰਗਰੇਜ ਹਕੂਮਤ ਦੇ ਪੰਜਿਆਂ ’ਚੋਂ ਮੁਕਤ ਕਰਨ ਲਈ ਮਹੱਤਵਪੂਰਨ ਰੋਲ ਅਦਾ ਕੀਤਾ।
1947 ਵਿੱਚ ਭਾਰਤ ਅਤੇ ਪਾਕਿਸਤਾਨ ਦੀ ਦਰਦਨਾਕ ਤੇ ਇਤਿਹਾਸਿਕ ਵੰਡ ਦੋਵਾਂ ਮੁਲਕਾਂ ਦੇ ਲੋਕਾਂ ਲਈ ਇੱਕ ਹੋਰ ਵੱਡੀ ਤ੍ਰਾਸਦੀ ਸੀ। ਬੇਗੁਨਾਹ ਲੋਕਾਂ ਦੀਆਂ ਗਈਆਂ ਜਾਨਾਂ ਅਤੇ ਪੰਜ ਦਰਿਆਵਾਂ ਦੀ ਧਰਤੀ ’ਤੇ ਵਗੇ ਲਹੂ ਕਰਕੇ ਪੰਜਾਬ ਦੀ ਧਰਤੀ ਨੇ ਖੂਨ ਦੇ ਹੰਝੂ ਬਹਾਏ। ਸਮੇਂ ਦੀ ਰਫਤਾਰ ਨੇ ਇਨ੍ਹਾਂ ਜਖਮਾਂ ’ਤੇ ਕੁਝ ਮੱਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਅਤੇ 26 ਜਨਵਰੀ 1950 ਵਿੱਚ ਡਾ. ਭੀਮ ਰਾਓ ਅੰਬੇਡਕਰ ਅਤੇ ਸੰਵਿਧਾਨ ਕਮੇਟੀ ਦੇ ਹੋਰ ਮੈਂਬਰਾਂ ਦੀ ਬਦੌਲਤ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਅਤੇ ਭਾਰਤ ਹੁਣ ਗੁਲਾਮ ਦੇਸ਼ਾਂ ਦੀ ਸੂਚੀ ਵਿੱਚੋਂ ਬਾਹਰ ਹੋ ਕੇ ਗਣਤੰਤਰ ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ ਸੀ।
ਅਜਾਦੀ ਤੋਂ ਪਝੱਤਰ ਸਾਲ ਬਾਅਦ ਵੀ ਭਾਰਤ ਅੱਜ ਵੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਸਮਾਜਿਕ ਕੁਰੀਤੀਆਂ ਦੀਆਂ ਬੇੜੀਆਂ ਵਿੱਚ ਜਕੜਿਆ ਹੋਇਆ ਹੈ। ਭਿ੍ਰਸ਼ਟਾਚਾਰ, ਬੇਰੁਜ਼ਗਾਰੀ, ਵਧਦੀ ਅਬਾਦੀ ਤੇ ਮਹਿੰਗਾਈ, ਨਸ਼ੇ, ਬਾਲ ਵਿਆਹ, ਔਰਤਾਂ ਖਿਲਾਫ ਆਪਰਾਧਿਕ ਮਾਮਲਿਆਂ ’ਚ ਵਾਧਾ, ਬਾਲ ਮਜਦੂਰੀ, ਲੜਖੜਾਉਂਦੀ ਭਾਰਤੀ ਅਰਥ-ਵਿਵਸਥਾ, ਸਿੱਖਿਆ ਵਿੱਚ ਆ ਰਹੇ ਨਿਘਾਰ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵਧਦਾ ਰੁਝਾਨ, ਕਰਮਚਾਰੀਆਂ ਤੇ ਕਿਸਾਨਾਂ ਦੇ ਧਰਨੇ ਅਤੇ ਅੰਦੋਲਨ, ਵਧਦੀਆਂ ਖੁਦਕੁਸ਼ੀਆਂ, ਭਟਕਿਆ ਹੋਇਆ ਨੌਜਵਾਨ ਵਰਗ, ਧਰਮ ਅਤੇ ਜਾਤ-ਪਾਤ ਦੇ ਨਾਂ ’ਤੇ ਵਧਦੀ ਹਿੰਸਾ ਅਤੇ ਸਰਕਾਰ ਦੀਆਂ ਕਾਰਪੋਰੇਟਪੱਖੀ ਨੀਤੀਆਂ ਅਜਾਦੀ ਦੀ ਦਸ਼ਾ ਨੂੰ ਬਾਖੂਬੀ ਬਿਆਨ ਕਰਦੀਆਂ ਹਨ।
ਕੋਰੋਨਾ ਮਹਾਂਮਾਰੀ ਦੌਰਾਨ ਹੋਈਆਂ ਬੇਹਿਸਾਬ ਮੌਤਾਂ ਅਤੇ ਜਾਰੀ ਕੀਤੇ ਅੰਕੜਿਆਂ ਵਿੱਚ ਪੇਸ਼ ਆਈਆਂ ਕਮੀਆਂ ਨੇ ਸਰਕਾਰ ਅਤੇ ਲੋਕਾਂ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਅਜ਼ਾਦੀ ਦੇ ਪੰਝੱਤਰ ਸਾਲ ਬਾਅਦ ਵੀ ਸਰਕਾਰ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਅਤੇ ਸੁਚਾਰੂ ਢੰਗਾਂ ਨੂੰ ਅਪਣਾਉਣ ਪੱਖੋਂ ਨਾਕਾਮ ਰਹੀਆਂ ਹਨ। ਕੁਦਰਤੀ ਆਫਤਾਂ ਜਿਵੇਂ ਕਿ ਜ਼ਮੀਨ ਖਿਸਕਣ, ਹੜ੍ਹਾਂ ਦੀ ਮਾਰ, ਬੱਦਲ ਫਟਣ, ਪਹਾੜ ਦੇ ਤੋਦਿਆਂ ਦਾ ਖਿਸਕਣਾ, ਜੰਗਲਾਂ ਨੂੰ ਪੈ ਰਹੀ ਅੱਗ, ਬੇਮੌਸਮੀ ਵਰਖਾ, ਆਲਮੀ ਤਪਸ਼ ਵਿੱਚ ਵਾਧੇ ਤੇ ਵਾਤਾਵਰਨ ਪ੍ਰਤੀ ਬੇਰੁਖੀ ਨੇ ਸਰਕਾਰ ਦੀਆਂ ਕੁਦਰਤੀ ਆਫਤਾਂ ਨੂੰ ਰੋਕਣ ਤੇ ਬਚਾਅ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਸਰਕਾਰਾਂ ਦੀਆਂ ਨੀਤੀਆਂ ਕਲਿਆਣਕਾਰੀ ਹੋਣ ਦੀ ਬਜਾਏ ਵੋਟਾਂ ਬਟੋਰਨ ਤੇ ਸੱਤਾ ਦੀ ਕੁਰਸੀ ਤੱਕ ਸੀਮਿਤ ਬਣ ਕੇ ਰਹਿ ਗਈਆਂ ਹਨ। ਸੰਸਦੀ ਕੰਮ-ਕਾਜ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਤਾਂ ਜੋ ਕਲਿਆਣਕਾਰੀ ਅਤੇ ਸਮਾਜ ਦੇ ਸਰਵਪੱਖੀ ਮਸਲਿਆਂ ਉੱਤੇ ਵਿਚਾਰ-ਚਰਚਾ ਕੀਤੀ ਜਾ ਸਕੇ ਪਰ ਉਹ ਵੀ ਨੇਤਾਵਾਂ ਦੇ ਡਿੱਗ ਰਹੇ ਕਿਰਦਾਰ ਕਰਕੇ ਬੇਤੁਕੀਆਂ ਗੱਲਾਂ ਅਤੇ ਰੌਲੇ-ਰੱਪੇ ਦੀ ਭੇਂਟ ਚੜ੍ਹ ਜਾਂਦੇ ਹਨ। ਅਜਾਦੀ ਦੇ ਪਝੱਤਰ ਸਾਲ ਬਾਅਦ ਵੀ ਆਮ ਵਿਅਕਤੀ ਰੋਟੀ, ਕੱਪੜਾ ਅਤੇ ਮਕਾਨ ਲਈ ਤਮਾਮ ਉਮਰ ਸੰਘਰਸ਼ ਕਰਦਾ ਰਹਿੰਦਾ ਹੈ, ਮਹਿੰਗੀ ਪੜ੍ਹਾਈ ਤੇ ਮਹਿੰਗੇ ਇਲਾਜ ਤਾਂ ਉਸ ਲਈ ਦੂਰ ਦੀ ਗੱਲ ਹੈ।
ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਿੱਚ ਅਸਮਰੱਥ ਜਾਪਦਾ ਮੱਧ ਵਰਗ ਖੁਦਕੁਸ਼ੀਆਂ ਦੇ ਰਾਹ ਤੁਰ ਪਿਆ ਹੈ। ਸਰਕਾਰਾਂ ਦੁਆਰਾ ਇੱਕ ਠੋਸ ਅਤੇ ਕਾਰਗਰ ਨੀਤੀ ਬਣਾਉਣੀ ਚਾਹੀਦੀ ਹੈ ਜਿਸ ਦਾ ਨਿਸ਼ਾਨਾ ਕਲਿਆਣਕਾਰੀ ਅਤੇ ਸਰਵ ਪੱਖੀ ਵਿਕਾਸ ਲਈ ਯੋਜਨਾਵਾਂ ਬਣਾ ਕੇ ਉਸਨੂੰ ਪਾਰਦਰਸ਼ਿਤਾ ਨਾਲ ਲਾਗੂ ਕਰਨਾ, ਸਮਾਜ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ, ਹਰੇਕ ਖੇਤਰ ਵਿੱਚ ਸਾਰਿਆਂ ਲਈ ਬਰਾਬਰ ਮੌਕੇ ਪ੍ਰਦਾਨ ਕਰਨ ਵੱਲ ਸੇਧਿਤ ਹੋਣੀ ਚਾਹੀਦੀ ਹੈ।
ਅਸੀਂ ਸਾਰੇ ਅੱਜ ਘਰ-ਘਰ ਤਿਰੰਗਾ ਅਤੇ ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾ ਰਹੇ ਹਾਂ ਸਰਕਾਰਾਂ ਨੂੰ ਇਸ ਕੰਮ ਲਈ ਜੁਟ ਜਾਣਾ ਚਾਹੀਦਾ ਹੈ ਕਿ ਦੇਸ਼ ’ਚੋਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਤੌਰ ’ਤੇ ਖੁਸ਼ਹਾਲ ਤੇ ਸਮਾਜਿਕ ਕੁਰੀਤੀਆਂ ਖ਼ਤਮ ਹੋਣ। ਭਾਰਤ ਨੂੰ ਹਰ ਇੱਕ ਖੇਤਰ ਵਿੱਚ ਮਜ਼ਬੂਤ ਕਰਨ ਦੀ ਸਖ਼ਤ ਜ਼ਰੂਰਤ ਹੈ। ਆਉ! ਅਸੀਂ ਸਾਰੇ ਰਲ-ਮਿਲ ਕੇ ਇੱਕਜੁਟ ਹੋ ਕੇ ਪ੍ਰਣ ਕਰੀਏ ਕਿ ਅਸੀਂ ਤਨ, ਮਨ ਅਤੇ ਧਨ ਨਾਲ ਨਿਰਸਵਾਰਥ ਹੋ ਕੇ ਭਾਰਤ ਅਤੇ ਭਾਰਤੀ ਸੰਸਕਿ੍ਰਤੀ ਨੂੰ ਕਾਇਮ ਰੱਖਦੇ ਹੋਏ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਵਾਂਗੇ ਤਾਂ ਜੋ ਗੁਰੂਆਂ, ਭਗਤਾਂ ਅਤੇ ਪੀਰ-ਫਕੀਰਾਂ ਦੀ ਇਹ ਧਰਤੀ ਇੱਕ ਵਾਰ ਫਿਰ ਸੋਨੇ ਦੀ ਚਿੜੀ ਬਣ ਸਕੇ।
ਕਾਲਝਰਾਣੀ, ਬਠਿੰਡਾ
ਮੋ. 70873-67969
ਰਜਵਿੰਦਰ ਪਾਲ ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ