ਕੈਪਟਨ ਅਮਰਿੰਦਰ ਸ਼ੁੱਕਰਵਾਰ ਨੂੰ ਸੌਂਪਣਗੇ ਨਿਯੁਕਤੀ ਪੱਤਰ
ਚੰਡੀਗੜ੍ਹ: ਨਵੇਂ ਭਰਤੀ ਹੋਏ ਪਟਵਾਰੀਆਂ ਲਈ ਖੁਸ਼ੀ ਵਾਲੀ ਖ਼ਬਰ ਹੈ। ਸਿੰਜਾਈ ਵਿਭਾਗ ਵੱਲੋਂ 732 ਨਹਿਰੀ ਪਟਵਾਰੀਆਂ ਦੀ ਭਰਤੀ ਪ੍ਰਕ੍ਰਿਆ ਮੁਕੰਮਲ ਕਰ ਲਈ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 14 ਜੁਲਾਈ ਦਿਨ ਸ਼ੁੱਕਰਵਾਰ ਨੂੰ ਇੰਨਾਂ ਨਵੇਂ ਭਰਤੀ ਹੋਏ ਨਹਿਰੀ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ।
ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਹ ਖੁਲਾਸਾ ਕਰਦਿਆਂ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਵਾਲਿਕ ਪਬਲਿਕ ਸਕੂਲ ਮੁਹਾਲੀ ਵਿਖੇ ਕਰਵਾਏ ਜਾ ਰਹੇ ਇਕ ਸਾਦਾ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੇਂ ਭਰਤੀ ਹੋਏ 732 ਨਹਿਰੀ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਉਨ੍ਹਾਂ ਕਿਹਾ ਕਿ ਇਸ ਭਰਤੀ ਦੀ ਬਹੁਤ ਲੋੜ ਵੀ ਸੀ ਕਿਉਂਕਿ 1997-98 ਵਿੱਚ ਸਿੰਜਾਈ ਵਿਭਾਗ ਵਿੱਚੋਂ ਲਗਭਗ 800 ਨਹਿਰੀ ਪਟਵਾਰੀ ਪੰਜਾਬ ਦੇ ਮਾਲ ਵਿਭਾਗ ਵਿੱਚ ਤਬਦੀਲ ਕਰ ਦਿੱਤੇ ਗਏ ਸਨ, ਉਦੋਂ ਤੋਂ ਸਿੰਜਾਈ ਵਿਭਾਗ ਨਹਿਰੀ ਪਟਵਾਰੀਆਂ ਦੀ ਬਹੁਤ ਘਾਟ ਮਹਿਸੂਸ ਕਰ ਰਿਹਾ ਸੀ ਅਤੇ ਕੰਮ ਬਹੁਤ ਪ੍ਰਭਾਵਿਤ ਹੋ ਰਿਹਾ ਸੀ।
ਸਿੰਜਾਈ ਮੰਤਰੀ ਨੇ ਕਿਹਾ ਕਿ ਨਵੇਂ ਭਰਤੀ ਕੀਤੇ ਗਏ 732 ਨਹਿਰੀ ਪਟਵਾਰੀਆਂ ਵਿੱਚੋਂ 236 ਸਰਹੰਦ ਨਹਿਰ ਹਲਕਾ ਲੁਧਿਆਣਾ, 116 ਫਿਰੋਜ਼ਪੁਰ ਨਹਿਰ ਹਲਕਾ ਫਿਰੋਜ਼ਪੁਰ, 214 ਆਈ.ਬੀ. ਹਲਕਾ ਪਟਿਆਲਾ, 41 ਭਾਖੜਾ ਮੇਨ ਲਾਈਨ ਹਲਕਾ ਪਟਿਆਲਾ, 83 ਅੱਪਰ ਬਾਰੀ ਦੁਆਬ ਨਹਿਰ ਹਲਕਾ ਅੰਮ੍ਰਿਤਸਰ ਅਤੇ 42 ਬਿਸਤ ਦੁਆਬ ਮੰਡਲ ਜਲੰਧਰ ਵਿਖੇ ਤੈਨਾਤ ਕੀਤੇ ਜਾਣਗੇ।
ਰਾਣਾ ਗੁਰਜੀਤ ਸਿੰਘ ਨੇ ਅੱਗੇ ਕਿਹਾ ਕਿ ਇਨਾਂ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਸਿੰਜਾਈ ਵਿਭਾਗ ਵੱਲੋਂ 3 ਮਹੀਨਿਆਂ ਦੀ ਸਖਤ ਸਿਖਲਾਈ ਦਿੱਤੀ ਗਈ ਹੈ ਜਿਸ ਉਪਰੰਤ ਇਹਨਾਂ ਉਮੀਦਵਾਰਾਂ ਵੱਲੋਂ ਨਿਯਮਾਂ ਅਨੁਸਾਰ ਵਿਭਾਗੀ ਇਮਤਿਹਾਨ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਬਹੁਤ ਥੋੜੇ ਸਮੇਂ ਅਤੇ ਇੱਕ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਗਈ ਹੈ।