ਬਰਾਮਦ ਹੈਰੋਇਨ ਦੀ ਕੀਮਤ 35 ਕਰੋੜ ਤੋਂ ਵੀ ਵੱਧ
ਫਿਰੋਜ਼ਪੁਰ, (ਸਤਪਾਲ ਥਿੰਦ) ਨਾਰਕੋਟਿਕ ਸੈੱਲ ਫਿਰੋਜ਼ਪੁਰ ਵੱਲੋਂ ਇੱਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਸ ਦੀ ਨਿਸ਼ਾਨਦੇਹੀ ’ਤੇ ਭਾਰਤ-ਪਾਕਿ ਸਰਹੱਦ ਤੋਂ 7 ਕਿਲੋ ਹੋਰ ਹੈਰੋਇਨ ਬਰਾਮਦ ਕਰਨ ਦਾ ਦੱਸਿਆ ਗਿਆ ਹੈ। ਫਿਲਹਾਲ ਉਕਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਜਾਰੀ ਹੈ।
ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਫਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਵੱਲੋਂ ਦੱਸਿਆ ਗਿਆ ਕਿ ਡਰੱਗ ਸਮੱਗਲਰਾਂ ਖਿਲਾਫ਼ ਵਿੱਢੀ ਗਈ ਵਿਸ਼ੇਸ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਉਸ ਵਕਤ ਭਾਰੀ ਸਫਲਤਾ ਮਿਲੀ ਜਦੋਂ ਰਤਨ ਸਿੰਘ ਬਰਾੜ ਐੱਸਪੀ (ਇੰਨਵ:) ਫਿਰੋਜ਼ਪੁਰ ਸਮੇਤ ਰਵਿੰਦਰਪਾਲ ਸਿੰਘ ਡੀਐੱਸਪੀ (ਡੀ) ਫਿਰੋਜ਼ਪੁਰ ਅਤੇ ਡੀਐਸਪੀ ਮਨਮੋਹਨ ਸਿੰਘ ਔਲਖਨ ਨਾਰਕੋਟਿਕ ਫਿਰੋਜ਼ਪੁਰ ਦੀ ਅਗਵਾਈ ਹੇਠ ਇੰਸਪੈਕਟਰ ਪਰਮਿੰਦਰ ਸਿੰਘ ਇੰਚਾਰਜ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਏਐੱਸਆਈ ਮੰਗਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਖਾਸ ਮੁਖ਼ਬਰੀ ਦੀ ਇਤਲਾਹ ’ਤੇ ਰਾਜ ਸਿੰਘ ਉਰਫ ਰਾਜੂ ਪੁੱਤਰ ਪਿਆਰਾ ਸਿੰਘ ਵਾਸੀ ਟੇਂਡੀ ਵਾਲਾ ਨੂੰ ਪਿੰਡ ਮੱਧਰੇ ਤੋਂ ਕਾਬੂ ਕਰਕੇ ਉਸ ਕੋਲੋਂ 110 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਖਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰਾਇਆ ਗਿਆ ।
ਐੱਸਐੱਸਪੀ ਫਿਰੋਜ਼ਪੁਰ ਵੱਲੋਂ ਦੱਸਿਆ ਗਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਉਸਦੇ ਪਾਕਿ ਸਮੱਗਲਰਾਂ ਨਾਲ ਗੂੜੇ੍ਹ ਸਬੰਧ ਹਨ, ਜਿਸ ਦੇ ਅਧਾਰ ’ਤੇ ਰਾਜ ਸਿੰਘ ਦੀ ਨਿਸ਼ਾਨਦੇਹੀ ’ਤੇ 2 ਬਟਾਲੀਅਨ ਬੀਐਸਐਫ ਜਲਾਲਾਬਾਦ ਦੀ ਚੌਕੀ ਸੰਤੋਖ ਸਿੰਘ ਵਾਲਾ ਨਾਲ ਮਿਲਕੇ ਕੀਤੇ ਗਏ ਸਾਂਝੇ ਅਪ੍ਰੇਸ਼ਨ ਦੌਰਾਨ ਕੰਡਿਆਲੀ ਤਾਰ ਤੋਂ ਪਾਰ ਲੰਘ ਕੇ ਇੰਡੋ-ਪਾਕਿ ’ਜ਼ੀਰੋ’ ਲਾਇਨ ਦੇ ਕੋਲ ਗੇਟ ਨੰ: 228/ਐਮ ਭਾਰਤ ਵਾਲੇ ਪਾਸਿਓ 7 ਕਿਲੋ ਹੈਰੋਇਨ ਬਰਾਮਦ ਹੋਈ ।
ਐੱਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ’ਚ ਕੀਮਤ ਲਗਭਗ 35 ਕਰੋੜ 50 ਲੱਖ 50 ਹਜ਼ਾਰ ਰੁਪਏ ਦੀ ਦੱਸੀ ਜਾ ਰਹੀ ਹੈ।
ਪਰਿਵਾਰਕ ਮੈਂਬਰਾਂ ਨੇ ਹੈਰੋਇਨ ਦਾ ਝੂਠਾ ਮੁਕੱਦਮਾ ਪਾਉਣ ਦੇ ਲਗਾਏ ਦੋਸ਼, ਉੱਚ ਪੱਧਰੀ ਜਾਂਚ ਦੀ ਕੀਤੀ ਮੰਗ
ਨਾਰਕੋਟਿਕ ਸੈੱਲ ਵੱਲੋਂ ਪਿੰਡ ਟੇਂਡੀ ਵਾਲਾ ਦੇ ਰਾਜ ਸਿੰਘ ਨੂੰ ਕਾਬੂ ਕਰਨ ਮਗਰੋਂ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਨਾਲ ਮਿਲ ਕੇ ਐਸ.ਐਸ.ਪੀ. ਦਫਤਰ ਫਿਰੋਜਪੁਰ ਸਾਹਮਣੇ ਸੜਕ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਤਫਤੀਸ਼ ਲਈ ਲਿਆਂਦੇ ਗਏ ਸਾਡੇ ਲੜਕੇ ਖਿਲਾਫ ਝੂਠਾ ਵਕੂਆ ਬਣਾ ਕੇ ਪਰਚਾ ਦਰਜ ਕੀਤਾ ਗਿਆ ਹੈ, ਜਿਸਦੀ ਨਿਰਪੱਖ ਜਾਂਚ ਪੜਤਾਲ ਕਰਕੇ ਇਨਸਾਫ ਦਵਾਇਆ ਜਾਵੇ।
ਉਨ੍ਹਾਂ ਕਿਹਾ ਕਿ 6 ਅਪਰੈਲ ਨੂੰ ਸਵੇਰੇ ਸਾਢੇ 4 ਵਜੇ ਨਾਰਕੋਟਿਕ ਸੈੱਲ ਦੀ ਪੁਲਿਸ ਵੱਲੋਂ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਗਈ ਸੀ, ਜਿਸ ਦੌਰਾਨ ਉਨ੍ਹਾਂ ਤਫਤੀਸ਼ ਲਈ ਰਾਜ ਸਿੰਘ ਨੂੰ ਫਿਰੋਜਪੁਰ ਵਿਖੇ ਲਿਆਂਦਾ। ਜਦ ਉਹ ਆਪਣੇ ਲੜਕੇ ਨੂੰ ਲੈਣ ਲਈ ਨਾਰਕੋਟਿਕ ਸੈੱਲ ਪਹੰੁਚੇ ਤਾਂ ਉਨ੍ਹਾਂ ਅੱਗੋਂ ਇਹ ਕਹਿ ਕੇ ਟਾਲ ਮਟੋਲ ਕਰ ਦਿੱਤਾ ਕਿ ਤੁਹਾਡੇ ਲੜਕੇ ਨੂੰ ਭਲਕੇ ਛੱਡ ਦਿੱਤਾ ਜਾਵੇਗਾ, ਪਰ ਅੱਜ ਪਤਾ ਚੱਲਿਆ ਕਿ ਉਸ ਉੱਪਰ 7 ਕਿਲੋ ਹੈਰੋਇਨ ਬਰਾਮਦਗੀ ਦਾ ਪਰਚਾ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ’ਤੇ ਕੋਈ ਇਤਰਾਜ਼ ਹੈ ਤਾਂ ਪਰਿਵਾਰ ਮਾਮਲੇ ਦੀ ਜਾਂਚ ਲਗਵਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.