ਦੋ ਹਫ਼ਤਿਆਂ ਲਈ ਪੰਜਾਬ ਲਾ-ਵਾਰਸ ਹੋਇਆ : ਭਗਵੰਤ ਮਾਨ

Budget

ਕਿਹਾ ‘ਕੈਪਟਨ ਤੇ ਉਸਦੇ ਮੰਤਰੀ ਗਏ ਇੰਗਲੈਂਡ ਦੌਰੇ ‘ਤੇ, ਪੰਜਾਬ ਦਾ ਕੋਈ ਵਾਲੀ ਵਾਰਸ ਨਹੀਂ’

ਗੁਰਪ੍ਰੀਤ ਸਿੰਘ/ਸੰਗਰੂਰ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਮੰਤਰੀਆਂ ਦੇ ਇੰਗਲੈਂਡ ਜਾਣ ਕਰਕੇ ਅਗਲੇ ਦੋ ਹਫ਼ਤਿਆਂ ਲਈ ਪੰਜਾਬ ਦਾ ਕੋਈ ਵਾਲੀ-ਵਾਰਸ ਨਹੀਂ ਹੈ। ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਇਹ ਸ਼ੰਕਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਇਆ।

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੂਬਾ ਮੁਖੀ ਬਣਨ ਤੋਂ ਬਾਅਦ ਹੀ ਪੰਜਾਬ ਲਾ-ਵਾਰਸ ਹੋ ਗਿਆ ਸੀ, ਕਿਉਂਕਿ ਕੈਪਟਨ ਨੇ ਕਦੇ ਵੀ ਲੋਕਾਂ ਦੀਆਂ ਸਮੱਸਿਆਵਾਂ ‘ਤੇ ਗ਼ੌਰ ਨਹੀਂ ਕੀਤੀ ਪਰ ਹੁਣ ਅਗਲੇ ਦੋ ਹਫ਼ਤੇ ਪੰਜਾਬ ਦਾ ਮੁੱਖ ਮੰਤਰੀ ਤੇ ਉਸ ਦੇ ਵਜ਼ੀਰ ਇੰਗਲੈਂਡ ਦੌਰੇ ‘ਤੇ ਚਲੇ ਜਾਣ ਕਾਰਨ ਪੰਜਾਬ ਲਾਵਾਰਸ ਹੋ ਗਿਆ ਹੈ ਕਿਉਂਕਿ ਜੇਕਰ ਸੂਬੇ ਵਿੱਚ ਕੋਈ ਅਜਿਹੇ ਹਾਲਾਤ ਬਣਦੇ ਹਨ ਤਾਂ ਉਸ ਦੀ ਜ਼ਿੰਮੇਵਾਰੀ ਕੌਣ ਲਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਖ਼ਾਸਮਖ਼ਾਸ ਸੁਰੇਸ਼ ਕੁਮਾਰ ਪਹਿਲਾਂ ਤੋਂ ਹੀ ਅਮਰੀਕਾ ਦੌਰੇ ‘ਤੇ ਚੱਲ ਰਹੇ ਹਨ ਤੇ ਹੁਣ ਮੁੱਖ ਮੰਤਰੀ ਖੁਦ ਵੀ ਮੰਤਰੀਆਂ ਸਣੇ ਦੌਰੇ ‘ਤੇ ਚਲੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਦੋ ਹਫ਼ਤਿਆਂ ਦੇ ਵਿਦੇਸ਼ ਦੌਰੇ ‘ਤੇ ਜਾਣ ਤੋਂ ਪਹਿਲਾਂ ਕਿਸੇ ਹੋਰ ਮੰਤਰੀ ਨੂੰ ਰੋਜ਼ਮਰ੍ਹਾ ਦੇ ਸਰਕਾਰੀ ਕੰਮ-ਕਾਜ ਜਾਂ ਕਿਸੇ ਐਮਰਜੈਂਸੀ ਨਾਲ ਨਿਪਟਣ ਲਈ ‘ਚਾਰਜ’ ਦੇ ਕੇ ਜਾਣਾ ਵੀ ਜ਼ਰੂਰੀ ਨਹੀਂ ਸਮਝਿਆ।

ਭਗਵੰਤ ਮਾਨ ਨੇ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਨੂੰ ਆਪਣੇ ਕਿਸੇ ਮੰਤਰੀ ‘ਤੇ ਭਰੋਸਾ ਨਹੀਂ ਹੈ, ਕਿ ‘ਚਾਰਜ’ ਲੈਣ ਵਾਲਾ ਪਿੱਛੋਂ ਤਖ਼ਤਾ ਹੀ ਨਾ ਪਲਟ ਦੇਵੇ? ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦਾ ਕ੍ਰੈਡਿਟ ਉਨ੍ਹਾਂ ਲੋਕਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪਿਛਲੇ 72 ਸਾਲਾਂ ਤੋਂ ਸਾਰੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀਆਂ ਬੇਨਤੀਆਂ-ਜੋਦੜੀਆਂ ਕੀਤੀਆਂ ਹਨ। ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਵੀ ਤਾਰੀਫ਼ ਦੇ ਕਾਬਲ ਹਨ।  ਇਸ ਮਸਲੇ ‘ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।