ਕਾਰਵਾਈ ਦੇ ਨਾਅ ’ਤੇ ਟੰਗ ਦਿੱਤੇ 3 ਕੱਚੇ ਕਰਮਚਾਰੀ, ਏ.ਡੀ.ਸੀ. ਅਤੇ ਬੀਡੀਪੀਓ ਨੂੰ ਮਿਲਿਆ ਸਿਰਫ਼ ਨੋਟਿਸ
- 18 ਫਰਜ਼ੀ ਜੌਬ ਕਾਰਡ ਤਿਆਰ ਕੀਤੇ ਗਏ, ਜਿਸ ’ਚ 31 ਲੱਖ ਤੋਂ ਜਿਆਦਾ ਦੀ ਦਿਖਾਈ ਗਈ ਦਿਹਾੜੀ
- ਏ.ਡੀ.ਸੀ. ਅਤੇ ਬੀਡੀਓ ਦੇ ਖ਼ਿਲਾਫ਼ ਨਹੀਂ ਹੋਈ ਕਾਰਵਾਈ, ਕੇਂਦਰ ਨੇ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਸਨ ਆਦੇਸ਼
- ਮੁਕਤਸਰ ਅਤੇ ਫਰੀਦਕੋਟ ’ਚ ਕੇਂਦਰ ਸਰਕਾਰ ਦੀ ਟੀਮ ਨੇ ਫੜਿਆ ਫਰਜ਼ੀਵਾੜਾ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਦਿਹਾਤੀ ਖੇਤਰ ਵਿੱਚ ਰਹਿਣ ਵਾਲੇ ਆਮ ਲੋਕਾਂ ਨੂੰ ਘੱਟ ਤੋਂ ਘੱਟ 100 ਦਿਨ ਦਾ ਰੁਜ਼ਗਾਰ ਦੇਣ ਵਾਲੀ ਮਨਰੇਗਾ ਯੋਜਨਾ ਵਿੱਚ ਹੀ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਕਰਮਚਾਰੀ ਮਿਲੀ ਭੁਗਤ ਕਰਕੇ 47 ਲੱਖ ਰੁਪਏ ਦਾ ਫਰਜ਼ੀਵਾੜਾ ਕਰ ਗਏ। ਸੂਬੇ ਵਿੱਚ ਮਨਰੇਗਾ ਤਹਿਤ ਵਿਕਾਸ ਕੰਮ ਕਾਗ਼ਜ਼ਾਂ ਵਿੱਚ ਹੀ ਦਿਖਾਉਂਦੇ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ 32 ਲੱਖ 22 ਹਜ਼ਾਰ 596 ਰੁਪਏ ਅਤੇ ਬਿਨਾਂ ਇਜਾਜ਼ਤ ਤੋਂ ਬਣਾਈਆਂ ਗਲੀਆਂ ਰਾਹੀਂ 11 ਲੱਖ 9 ਹਜ਼ਾਰ ਲਗਭਗ ਹਜ਼ਮ ਵੀ ਕਰ ਲਿਆ ਸੀ ਪਰ ਕੇਂਦਰ ਸਰਕਾਰ ਨੇ ਨਾ ਸਿਰਫ਼ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਅਧਿਕਾਰੀਆਂ ਦਾ ਹਾਜ਼ਮਾ ਖਰਾਬ ਕਰਕੇ ਰੱਖ ਦਿੱਤਾ ਹੈ, ਸਗੋਂ ਇਸ ਪੈਸੇ ਦੀ ਰਿਕਵਰੀ ਵੀ ਕਰ ਲਈ ਗਈ ਹੈ। ਹਾਲਾਂਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਬੀਡੀਪੀਓ ਤੋਂ ਲੈ ਕੇ ਏ.ਡੀ.ਸੀ. ਤੱਕ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਪਰ ਪੰਜਾਬ ਸਰਕਾਰ ਨੇ ਏ.ਡੀ.ਸੀ. ਅਤੇ ਬੀ.ਡੀ.ਪੀ.ਓ. ਦੀ ਕਾਰਵਾਈ ਨੂੰ ਸਿਰਫ਼ ਕਾਰਨ ਦੱਸੋ ਨੋਟਿਸ ਤੱਕ ਹੀ ਸੀਮਤ ਰੱਖ ਦਿੱਤਾ, ਜਦੋਂ ਕਿ ਇਸ ਘਪਲੇ ਨੂੰ ਅੰਜਾਮ ਦੇਣ ਵਾਲੇ ਤਿੰਨ ਕੱਚੇ ਕਰਮਚਾਰੀਆਂ ਦੀ ਛੁੱਟੀ ਕਰਕੇ ਉਨਾਂ ਨੂੰ ਘਰ ਤੌਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਵਿਖੇ ਮਨਰੇਗਾ ਦੇ ਚਲ ਰਹੇ ਕੰਮਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕੁਝ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਤਾਂ ਫਿਰੋਜਪੁਰ ਦੇ ਸੰਸਦ ਮੈਂਬਰ ਸੁਖਬੀਰ ਬਾਦਲ ਨੇ ਵੀ ਦੋਵਾਂ ਜ਼ਿਲੇ ਦੀ ਸ਼ਿਕਾਇਤ ਕੇਂਦਰ ਸਰਕਾਰ ਨੂੰ ਕਰਦੇ ਹੋਏ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ।ਇਸ ਸ਼ਿਕਾਇਤ ਤੋਂ ਬਾਅਦ ਕੇਂਦਰ ਸਰਕਾਰ ਨੇ ਜਾਂਚ ਲਈ ਇੱਕ ਟੀਮ ਪੰਜਾਬ ਵਿੱਚ ਭੇਜ ਦਿੱਤੀ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਜਾਂਚ ਟੀਮ ਨੇ ਜਦੋਂ ਵਧੀਕ ਡਿਪਟੀ ਕਮਿਸ਼ਨ ਵਿਕਾਸ ਹਰਿੰਦਰ ਸਿੰਘ ਸਰਾਂ ਅਤੇ ਬੀ.ਡੀ.ਪੀ.ਓ. ਸੁਰਜੀਤ ਕੌਰ ਸਣੇ ਜਿਲਾ ਮਨਰੇਗਾ ਕੋਆਰਡੀਨੇਟਰ ਹਰਪ੍ਰੀਤ ਸ਼ਰਮਾ ਤੋਂ ਸਹਿਯੋਗ ਮੰਗੀਆਂ ਤਾਂ ਇਨਾਂ ਤਿੰਨੇ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੀ ਜਾਂਚ ਟੀਮ ਨੂੰ ਠੀਕ ਢੰਗ ਨਾਲ ਸਹਿਯੋਗ ਹੀ ਨਹੀਂ ਦਿੱਤਾ। ਜਿਸ ਤੋਂ ਬਾਅਦ ਕੇਂਦਰੀ ਟੀਮ ਨੇ ਜਾਂਚ ਆਪਣੇ ਪੱਧਰ ’ਤੇ ਜਾਰੀ ਰੱਖਦੇ ਹੋਏ ਇਸ ਫਰਜ਼ੀਵਾੜੇ ਦਾ ਖ਼ੁਲਾਸਾ ਕੀਤਾ ਹੈ।
ਜਾਂਚ ਦੌਰਾਨ ਪਾਇਆ ਗਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ 18 ਵਿਅਕਤੀਆਂ ਅਤੇ ਮਹਿਲਾਵਾਂ ਦੇ ਬਤੌਰ ਮਜ਼ਦੂਰ ਜੌਬ ਕਾਰਡ ਤਿਆਰ ਕੀਤੇ ਗਏ, ਜਿਨਾਂ ਨੂੰ 1 ਅਪ੍ਰੈਲ 2017 ਤੋਂ ਲੈ ਕੇ 30 ਨਵੰਬਰ 2019 ਤੱਕ ਲਗਾਤਾਰ ਕੰਮ ਦਿੱਤਾ ਗਿਆ। ਇਸ ਦੌਰਾਨ ਇਨਾਂ ਵੱਲੋਂ ਦਿਹਾੜੀ ਕਰਦੇ ਹੋਏ 31 ਲੱਖ 22 ਹਜ਼ਾਰ 596 ਰੁਪਏ ਕਮਾਈ ਵੀ ਕਰ ਲਈ ਗਈ ਪਰ ਅਸਲ ਵਿੱਚ ਇਨਾਂ 18 ਜਣਿਆਂ ਵੱਲੋਂ ਦਿਹਾੜੀ ਕੀਤੀ ਹੀ ਨਹੀਂ ਗਈ। ਇਨਾਂ ਦੇ ਨਾਅ ’ਤੇ ਤਾਂ ਸਿਰਫ਼ ਮਨਰੇਗਾ ਸਕੀਮ ਵਿੱਚ ਜੌਬ ਕਾਰਡ ਤਿਆਰ ਕੀਤੇ ਗਏ ਸਨ। ਇਨਾਂ ਨੂੰ ਮਿਲਣ ਵਾਲੀ ਦਿਹਾੜੀ ਦੀ ਅਦਾਇਗੀ ਇਨਾਂ ਦੇ ਖਾਤੇ ਵਿੱਚ ਕਰਨ ਦੀ ਥਾਂ ’ਤੇ ਕਿਸੇ ਹੋਰ ਖਾਤੇ ਵਿੱਚ ਕੀਤੀ ਜਾ ਰਹੀ ਸੀ। ਜਿਹੜੇ ਖਾਤੇ ਵਿੱਚ ਇਹ ਪੈਸੇ ਗਏ, ਉਨਾਂ ਦਾ ਦਿਹਾੜੀ ਜਾਂ ਫਿਰ ਮਨਰੇਗਾ ਨਾਲ ਹੀ ਕੋਈ ਲੈਣਾ ਦੇਣਾ ਨਹੀਂ ਸੀ। ਕੇਂਦਰ ਦੀ ਟੀਮ ਨੇ ਨਾ ਸਿਰਫ਼ ਇਹ ਸਾਰਾ ਪੈਸਾ ਰਿਕਵਰੀ ਕਰਨ ਦੇ ਆਦੇਸ਼ ਦਿੱਤੇ, ਸਗੋਂ ਇਸੇ ਬਲਾਕ ਵਿੱਚ 174 ਹੋਰ ਜੌਬ ਕਾਰਡ ਗਲਤ ਮਿਲੇ ਸਨ। ਜਿਨਾਂ ਨੂੰਰੱਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ।
ਓਧਰ ਫਰੀਦਕੋਟ ਜ਼ਿਲੇ ਵਿੱਚ ਬਿਨਾਂ ਮਨਜ਼ੂਰੀ ਲਏ ਹੀ ਵਾਧੂ ਕੰਮ ਕਰਦੇ ਹੋਏ ਗਲੀਆਂ ਨੂੰ ਬਣੀਆਂ ਹੋਈਆਂ ਦਿਖਾਇਆ ਗਿਆ ਸੀ। ਇਹ ਗਲੀਆਂ ਵੀ ਪ੍ਰਾਈਵੇਟ ਘਰਾਂ ਨੂੰ ਹੀ ਜਾ ਰਹੀਆਂ ਸਨ। ਜਿਸ ਨੂੰ ਲੈ ਕੇ ਕੇਂਦਰੀ ਜਾਂਚ ਟੀਮ ਨੇ 11 ਲੱਖ 9 ਹਜ਼ਾਰ ਰੁਪਏ ਗਲਤ ਕਰਾਰ ਦਿੰਦੇ ਹੋਏ ਇਸ ਦੀ ਰਿਕਵਰੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਥੇ ਹੀ ਬੀਡੀਪੀਓ ਅਸ਼ੋਕ ਕੁਮਾਰ ਅਤੇ ਸਰਬਜੀਤ ਸਿੰਘ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਸਨ।
2 ਤਨਖ਼ਾਹਾਂ ’ਚ ਬੰਦ ਹੋਣਾ ਸੀ ਵਾਧਾ, ਸਰਕਾਰ ਨੇ ਜਾਰੀ ਦਿੱਤੇ ਸਿਰਫ਼ ਨੋਟਿਸ
ਕੇਂਦਰ ਸਰਕਾਰ ਵਲੋਂ ਉੱਚ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਨਾਂ ਦੀ ਤਨਖ਼ਾਹ ਵਿੱਚ ਹੋਣ ਵਾਲੇ 2 ਵਾਕਿਠ; ਲਈ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਗਏ ਸਨ ਪਰ ਪੰਜਾਬ ਸਰਕਾਰ ਨੇ ਆਪਣੇ ਅਧਿਕਾਰੀਆਂ ਨੂੰ ਸਿਰਫ਼ ਕਾਰਨ ਦੱਸੋ ਨੋਟਿਸ ਹੀ ਜਾਰੀ ਕੀਤਾ ਗਿਆ, ਜਦੋਂ ਕਿ ਮਨਰੇਗਾ ਅਧੀਨ ਕੰਮ ਕਰਦੇ 3-4 ਕੱਚੇ ਕਰਮਚਾਰੀਆਂ ਦੀ ਹੀ ਛੁੱਟੀ ਕੀਤੀ ਗਈ।
ਫਰਜ਼ੀ ਜੌਬ ਕਾਰਡ ਤਿਆਰ ਕਰਕੇ ਜਿਹੜੇ 18 ਖਾਤਿਆਂ ਵਿੱਚ ਪਾਈਆ ਗਿਆ ਪੈਸਾ
ਫਰਜ਼ੀ ਜੌਬ ਕਾਰਡ ਜਿਸ ਖਾਤੇ ’ਚ ਪੈਸੇ ਗਏ ਜਾਰੀ ਹੋਈ ਰਕਮ
ਗੁਰਵਿੰਦਰ ਕੌਰ ਬੂਟਾ ਸਿੰਘ/ਬਖਸ਼ੀਸ਼ ਸਿੰਘ 9,71,327
ਜਬਰਜੰਗ ਸਿੰਘ ਪਰਮਜੀਤ ਸਿੰਘ/ਮਿੱਠੂ ਸਿੰਘ 4,79,079
ਭੋਲਾ ਸਿੰਘ ਕੁਲਵਿੰਦਰ ਸਿੰਘ/ਪ੍ਰਿਥੀ ਸਿੰਘ 2,33,718
ਜਸਵੀਰ ਕੌਰ ਭਜਨ ਸਿੰਘ/ਕਾਲਾ ਸਿੰਘ 1,71,459
ਬਲਜਿੰਦਰ ਕੌਰ ਪਰਕਾਸ਼ ਕੌਰ/ਮਿੱਠੂ ਸਿੰਘ 1,67,420
ਬਾਦਲ ਸਿੰਘ ਸਤਪਾਲ ਸਿੰਘ/ਦਾਰਾ ਸਿੰਘ 1,56,144
ਕੇਵਲ ਸਿੰਘ ਹਰਪ੍ਰੀਤ ਸਿੰਘ/ਜਸਵੰਤ ਸਿੰਘ 1,27,971
ਕਰਮਜੀਤ ਕੌਰ ਰਮਨਦੀਪ ਸਿੰਘ/ਅੰਗਰੇਜ਼ ਸਿੰਘ 1,26,365
ਗੁਰਚਰਨ ਸਿੰਘ ਗੁਰਜੀਤ ਕੌਰ 1,09,936
ਜਸਵੰਤ ਸਿੰਘ ਸੁਖਪ੍ਰੀਤ ਕੌਰ/ਵੀਰਪਾਲ ਕੌਰ 1,09,745
ਕਿਰਨਜੀਤ ਕੌਰ ਸੇਵਾ ਸਿੰਘ/ਕਾਲਾ ਸਿੰਘ 95,763
ਬਲਕਰਨ ਸਿੰਘ ਸਰਬਜੀਤ ਕੌਰ 90,403
ਕਰਮਜੀਤ ਕੌਰ ਜਸਵਿੰਦਰ ਕੌਰ/ਗੁਰਬਚਨ ਸਿੰਘ 68,319
ਜਸਵਿੰਦਰ ਕੌਰ ਪਰਮਜੀਤ ਕੌਰ 66,431
ਚੰਦ ਸਿੰਘ ਸਪਿੰਦਰ ਕੌਰ/ਕੁਲਬੀਰ ਸਿੰਘ 63,609
ਸਿਮਰਜੀਤ ਕੌਰ ਕਿਰਨਦੀਪ ਕੌਰ 49,258
ਹਰਬੰਸ ਸਿੰਘ ਚਮਕੌਰ ਸਿੰਘ 35,649
ਪੱਪੂ ਸਿੰਘ ਗਲਤ ਖਾਤਾ
ਕੁਲ ਰਕਮ 31,22,596
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ