ਕੌਹਰੀਆਂ ਵਿਖੇ ਬਲਾਕ ਪੱਧਰੀ ਸਿਹਤ ਮੇਲੇ ਦੌਰਾਨ 400 ਲੋੜਵੰਦਾਂ ਨੇ ਉਠਾਇਆ ਲਾਭ

Health Fair Sachkahoon

ਐਸ.ਡੀ.ਐਮ ਜਸਪ੍ਰੀਤ ਸਿੰਘ ਸਮੇਤ ਕਈ ਵਲੰਟੀਅਰਾਂ ਨੇ ਕੀਤਾ ਖੂਨਦਾਨ

(ਨਰੇਸ਼ ਕੁਮਾਰ) ਸੰਗਰੂਰ। ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜਿਲ੍ਹੇ ਦੇ ਸਿਹਤ ਬਲਾਕਾਂ ਵਿੱਚ ਸਿਹਤ ਮੇਲਿਆਂ ਦਾ ਆਯੋਜਨ ਆਰੰਭ ਹੋ ਗਿਆ ਹੈ। ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸਾਂ ਹੇਠ ਸਿਹਤ ਬਲਾਕ ਕੌਹਰੀਆਂ ਵਿਖੇ ਲੱਗੇ ਸਿਹਤ ਮੇਲੇ ਦਾ ਲੋੜਵੰਦਾਂ ਨੇ ਵਧ ਚੜ੍ਹ ਕੇ ਲਾਭ ਉਠਾਇਆ। ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ ਕਰਵਾਏ ਮੇਲੇ ਦੌਰਾਨ ਜਸਪ੍ਰੀਤ ਸਿੰਘ ਐੱਸ.ਡੀ.ਐਮ.ਸੁਨਾਮ, ਰਾਜੇਸ ਕੁਮਾਰ ਐੱਸ.ਡੀ.ਐਮ ਦਿੜ੍ਹਬਾ ਅਤ ਤਪਿੰਦਰ ਸਿੰਘ ਸੋਹੀ ਓ.ਐਸ.ਡੀ., ਨੇ ਸਿਹਤ ਵਿਭਾਗ ਵੱਲੋਂ ਵੱਖ ਵੱਖ ਸੇਵਾਵਾਂ ਦੇਣ ਲਈ ਲਗਾਏ ਕਾਊਂਟਰਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ।

ਮੇਲੇ ਵਿਚ ਸ਼ਾਮਿਲ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਸਿਹਤ ਮੇਲੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਲਈ ਕਾਫ਼ੀ ਲਾਹੇਵੰਦ ਸਾਬਿਤ ਹੋਣਗੇ।ਡਾ. ਸਤਿੰਦਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਇਕੋਂ ਥਾਂ ਤੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆ ਦੇਣ ਨਾਲ ਮਰੀਜ਼ਾਂ ਦੇ ਸਮੇਂ ਦੀ ਕਾਫ਼ੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੂਰ ਦੁਰਾਡੇ ਹਸਪਤਾਲ ਨਹੀਂ ਜਾ ਸਕਦੇ, ਉਨ੍ਹਾਂ ਦੀ ਸੁਵਿਧਾ ਲਈ ਸਰਕਾਰ ਵੱਲੋਂ ਬਲਾਕ ਪੱਧਰ ’ਤੇ ਸਿਹਤ ਮੇਲੇ ਲਗਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਕਰੀਬ 400 ਮਰੀਜ਼ਾਂ ਨੇ ਮਾਹਿਰ ਡਾਕਟਰਾਂ ਤੋਂ ਆਪਣੀ ਸਰੀਰਕ ਜਾਂਚ ਕਰਵਾ ਕੇ ਸਿਹਤ ਮੇਲੇ ਦਾ ਲਾਭ ਲਿਆ।

ਇਸ ਮੌਕੇ ਲਗਾਏ ਖੂਨਦਾਨ ਕੈਂਪ ਵਿੱਚ ਜਸਪ੍ਰੀਤ ਸਿੰਘ ਐਸ.ਡੀ.ਐਮ ਤੋਂ ਇਲਾਵਾ ਹੋਰਨਾਂ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ। ਹੋਮੀ ਭਾਬਾ ਕੈਂਸਰ ਹਸਪਤਾਲ ਦੀ ਟੀਮ ਵੱਲੋਂ ਕੈਂਸਰ ਸਕਰੀਨਿੰਗ ਕੀਤੀ ਗਈ ਅਤੇ ਲੋਕਾਂ ਨੂੰ ਕੈਂਸਰ ਦੇ ਲੱਛਣਾਂ ਬਾਰੇ ਜਾਗਰੂਕ ਵੀ ਕੀਤਾ ਗਿਆ। ਮੇਲੇ ਦੌਰਾਨ ਲੋਕਾਂ ਦੀ ਸਿਹਤ ਜਾਂਚ ਤੋਂ ਇਲਾਵਾ ਆਨਲਾਈਨ ਸਿਹਤ ਪਛਾਣ ਪੱਤਰ ਬਣਾਉਣਾ, ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ, ਦਿਵਿਯਾਂਗ ਲੋਕਾਂ ਦੇ ਯੂ.ਡੀ.ਆਈ.ਡੀ ਕਾਰਡ ਬਣਵਾਏ ਗਏ, ਗੈਰ ਸੰਚਾਰੀ ਰੋਗ ਦੀ ਜਾਂਚ, ਟੈਲੀ ਮੈਡੀਸਿਨ , ਮੁਫ਼ਤ ਲੈਬ ਟੈਸਟ, ਮੁਫ਼ਤ ਦਵਾਈਆਂ, ਸਿਹਤ ਸਿੱਖਿਆ ਦੇ ਸਟਾਲ ਲਗਾਏ ਗਏ। ਇਸ ਮੇਲੇ ਵਿੱਚ ਤਹਿਸੀਲਦਾਰ ਕੁਲਦੀਪ ਸਿੰਘ ਸਮੇਤ ਹੋਰ ਸਖਸੀਅਤਾਂ ਨੇ ਵੀ ਸ਼ਿਰਕਤ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here