ਦਿਨ ਦਿਹਾੜੇ ਹੋਏ ਕਤਲ ਮਾਮਲੇ ’ਚ 4 ਗ੍ਰਿਫ਼ਤਾਰ

21 ਅਗਸਤ ਨੂੰ ਇੰਪਰੂਵਮੈਂਟ ਟਰੱਸਟ ਕੋਲ ਚੱਲੀਆਂ ਸੀ ਗੋਲੀਆਂ

ਬਠਿੰਡਾ, (ਸੁਖਜੀਤ ਮਾਨ) । ਕਰੀਬ 9 ਦਿਨ ਪਹਿਲਾਂ ਇੱਥੋਂ ਦੇ ਇੰਪਰੂਵਮੈਂਟ ਟਰੱਸਟ ਕੋਲੀ ਦਿਨ ਦਿਹਾੜੇ ਚੱਲੀਆਂ ਗੋਲੀਆਂ ਦੇ ਮਾਮਲੇ ’ਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਸ ਗੋਲੀਬਾਰੀ ’ਚ ਲਲਿਤ ਕੁਮਾਰ ਨਾਂਅ ਦੇ ਇੱਕ ਵਿਅਕਤੀ ਦੀ ਸਿਰ ’ਤੇ ਗੋਲੀ ਲੱਗਣ ਕਾਰਨ ਇਲਾਜ਼ ਦੌਰਾਨ ਮੌਤ ਹੋ ਗਈ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਕੱਲ ਬਠਿੰਡਾ ਦੇ ਮੁਲਤਾਨੀਆ ਰਿੰਗ ਰੋਡ ਚੌਂਕ ’ਚੋਂ ਗਿ੍ਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਬਠਿੰਡਾ : ਕਤਲ ਮਾਮਲੇ ’ਚ ਕਾਬੂ ਕੀਤੇ ਗਏ ਮੁਲਜ਼ਮ ਪੁਲਿਸ ਪਾਰਟੀ ਨਾਲ।

ਵੇਰਵਿਆਂ ਮੁਤਾਬਿਕ 21 ਅਗਸਤ ਨੂੰ ਇੰਪਰੂਵਮੈਂਟ ਟਰੱਸਟ (ਪੁੱਡਾ ਦਫ਼ਤਰ) ਕੋਲ ਸਕਾਰਪਿਉ ਸਵਾਰ, ਇੱਕ ਕਾਰ ਅਤੇ ਮੋਟਰਸਾਈਕਲ ਰਾਹੀਂ ਆਏ ਨੌਜਵਾਨਾਂ ਨੇ ਉੱਥੇ ਮੌਜੂਦ ਸਕੌਡਾ ਕਾਰ ’ਤੇ ਅੰਨੇਵਾਹ ਗੋਲੀਆਂ ਵਰਾ ਦਿੱਤੀਆਂ ਸਨ। ਇਸ ਗੋਲੀਬਾਰੀ ਦੌਰਾਨ ਇੱਕ ਗੋਲੀ ਲਲਿਤ ਕੁਮਾਰ ਉਰਫ ਲੱਕੀ ਪੁੱਤਰ ਮੇਹਰ ਚੰਦ ਵਾਸੀ ਪਰਸਰਾਮ ਨਗਰ ਬਠਿੰਡਾ ਦੇ ਸਿਰ ਵਿੱਚ ਲੱਗੀ ਸੀ ਜਿਸਦੀ ਬਾਅਦ ’ਚ ਆਦੇਸ਼ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਸਿਵਲ ਲਾਈਨ ’ਚ ਮਿ੍ਰਤਕ ਲਲਿਤ ਕੁਮਾਰ ਦੇ ਪਿਤਾ ਮੇਹਰ ਚੰਦ ਵਾਸੀ ਪਰਸਰਾਮ ਨਗਰ ਬਠਿੰਡਾ ਦੇ ਬਿਆਨਾਂ ’ਤੇ ਮੁਕੱਦਮਾ ਦਰਜ਼ ਕੀਤਾ ਸੀ ।

ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ

ਇਸ ਮਾਮਲੇ ’ਚ ਇੱਕ ਹਫ਼ਤੇ ਬਾਅਦ ਪੁਲਿਸ ਨੂੰ ਕੱਲ ਉਦੋਂ ਸਫਲਤਾ ਮਿਲੀ ਜਦੋਂ ਐਸ ਆਈ ਤਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ-2 ਬਠਿੰਡਾ ਅਤੇ ਐਸ ਆਈ ਕਰਮਜੀਤ ਸਿੰਘ ਥਾਣਾ ਸਿਵਲ ਲਾਇਨ ਬਠਿੰਡਾ ਦੀ ਟੀਮ ਨੇ ਮੁਲਤਾਨੀਆ ਰਿੰਗ ਰੋਡ ਚੌਂਕ ਨੇੜੇ ਲਾਏ ਨਾਕੇ ਦੌਰਾਨ ਮੁਲਜ਼ਮ ਅਰੁਣ ਕੁਮਾਰ ਉਰਫ ਰਾਹੁਲ ਪੁੱਤਰ ਰਾਧੇ ਸ਼ਾਮ ਵਾਸੀ ਪ੍ਰਤਾਪ ਨਗਰ ਬਠਿੰਡਾ, ਹੀਤੇਸ਼ ਸਿੰਗਲਾ ਉਰਫ ਸੱਫੂ ਪੁੱਤਰ ਰਾਜਿੰਦਰ ਸਿੰਗਲਾ ਵਾਸੀ ਪਰਸਰਾਮ ਨਗਰ ਬਠਿੰਡਾ, ਕੇਸ਼ਵ ਕੁਮਾਰ ਪੁੱਤਰ ਲਾਲ ਚੰਦ ਵਾਸੀ ਆਵਾ ਬਸਤੀ ਬਠਿੰਡਾ, ਸਾਹਿਲ ਸ਼ਰਮਾ ਉਰਫ ਕਿ੍ਰਸ਼ਨ ਪੁੱਤਰ ਦੇਸ ਰਾਜ ਵਾਸੀ ਪ੍ਰਤਾਪ ਨਗਰ ਬਠਿੰਡਾ ਨੂੰ ਗਿ੍ਰਫਤਾਰ ਕਰ ਲਿਆ। ਗਿ੍ਰਫ਼ਤਾਰ ਮੁਲਜ਼ਮਾਂ ਕੋਲੋਂ ਵਾਰਦਾਤ ਦੌਰਾਨ ਵਰਤੀ ਇੱਕ ਰਾਇਫਲ 12 ਬੋਰ ਦੋਨਾਲੀ ਅਤੇ ਇੱਕ ਗੱਡੀ ਸਕਾਰਪਿਓ ਬਿਨਾ ਨੰਬਰੀ ਬਰਾਮਦ ਕਰਵਾ ਲਈ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.