ਖੇਤੀਬਾੜੀ ਵਿਭਾਗ ਦੀਆਂ 37 ਟੀਮਾਂ ਅੱਜ 12 ਜੁਲਾਈ ਨੂੰ ਮਾਲਵਾ ਦੇ 6 ਜ਼ਿਲ੍ਹਿਆਂ ਦਾ ਕਰਨਗੀਆਂ ਦੌਰਾ

Kuldeep Singh Dhaliwal

ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਦੇ ਟਾਕਰੇ ਲਈ ਸੂਬਾ ਸਰਕਾਰ ਹਰਕਤ ਵਿੱਚ ਆਈ

  • ਖੇਤੀਬਾੜੀ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਕਲੀ ਦਵਾਈਆਂ/ਖਾਦਾਂ/ਬੀਜਾਂ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਦੇ ਦਿੱਤੇ ਨਿਰਦੇਸ਼
  • ਕੁਲਦੀਪ ਸਿੰਘ ਧਾਲੀਵਾਲ ਨੇ ਖੇਤੀਬਾੜੀ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਗੰਭੀਰ ਸੰਕਟ ਵਿੱਚੋਂ ਕੱਢਣ, ਖੇਤੀਬਾੜੀ ਨੂੰ ਲਾਭਦਾਇਕ ਧੰਦਾ ਬਣਾਉਣ ਅਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਦਫ਼ਤਰਾਂ ਤੇ ਫਾਈਲਾਂ ਦੇ ਕੰਮ ਵਿੱਚੋਂ ਨਿਕਲ ਕੇ ਜ਼ਮੀਨੀ ਪੱਧਰ ਉੱਤੇ ਨੀਤੀਆਂ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਫੀਲਡ ਵਿੱਚ ਨਿੱਤਰਨ ਲਈ ਕਿਹਾ।

ਸ. ਧਾਲੀਵਾਲ ਨੇ ਖੇਤੀਬਾੜੀ ਵਿਭਾਗ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਪੰਜਾਬ ਮੰਡੀ ਬੋਰਡ ਭਵਨ ਵਿਖੇ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਦੌਰਾਨ ਕਹੀ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੰਗਲਾ ਪੰਜਾਬ ਸਿਰਜਣ ਦੇ ਲਏ ਸੁਫਨੇ ਨੂੰ ਪੂਰਾ ਕਰਨ ਲਈ ਸੂਬੇ ਦੀ ਖੇਤੀ ਨੂੰ ਬਚਾਉਣਾ ਸਭ ਤੋਂ ਜ਼ਰੂਰੀ ਹੈ।

  • ਖੇਤੀਬਾੜੀ ਅਧਿਕਾਰੀਆਂ ਨੂੰ ਦਫਤਰਾਂ ਤੇ ਫਾਈਲਾਂ ਦੇ ਕੰਮ ਵਿੱਚੋਂ ਨਿਕਲ ਕੇ ਜ਼ਮੀਨੀ ਪੱਧਰ ਉੱਤੇ ਕੰਮ ਕਰਨ ਲਈ ਆਖਿਆ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਸੂਬੇ ਦੀ ਅਰਥ ਵਿਵਸਥਾ ਖੇਤੀਬਾੜੀ ਆਧਾਰਿਤ ਹੈ। ਜੇ ਅਸੀਂ ਖੇਤੀ ਬਚਾ ਲਈ ਤਾਂ ਪੰਜਾਬ ਬਚਾ ਲਵਾਂਗੇ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਨਕਲੀ ਕੀਟਨਾਸਕ, ਖਾਦਾਂ ਤੇ ਬੀਜਾਂ ਨੂੰ ਮੁਕੰਮਲ ਖਤਮ ਕੀਤਾ ਜਾਵੇ। ਅਜਿਹਾ ਕੁੱਝ ਵੀ ਨਕਲੀ ਸਮਾਨ ਕਿਤੇ ਫੜਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਨਕਲੀ ਦਵਾਈਆਂ ਤੇ ਬੀਜਾਂ ਦੀ ਅਲਾਮਤ ਪੰਜਾਬ ਵਿੱਚੋਂ ਜੜੋਂ ਖਤਮ ਕਰਨ ਲਈ ਖੇਤੀਬਾੜੀ ਅਧਿਕਾਰੀਆਂ ਨੂੰ ਤਾੜਨਾ ਕੀਤੀ। ਉਨਾਂ ਕਿਹਾ ਕਿ ਇਸ ਵਿਭਾਗ ਵਿੱਚ ਉਨਾਂ ਦਾ ਪਹਿਲਾ ਟੀਚਾ ਹੀ ਇਹੋ ਹੈ।ਦਵਾਈਆਂ ਤੇ ਬੀਜਾਂ ਦੀਅੱਜ ਫੈਕਟਰੀਆਂ ਦੀ ਸੂਚੀ ਬਣਾ ਕੇ ਸੌਂਪਣ ਨੂੰ ਕਿਹਾ। (Agriculture Department)

ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਨਾਲ ਨਜਿੱਠਣ ਲਈ ਖੇਤੀਬਾੜੀ ਅਧਿਕਾਰੀਆਂ ਨੂੰ ਨਿਰਦੇਸ ਦਿੰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਫੀਲਡ ਅਧਿਕਾਰੀਆਂ ਤੋਂ ਲੈ ਕੇ ਮੁੱਖ ਦਫਤਰ ਤੱਕ ਦੇ ਸਮੂਹ ਅਧਿਕਾਰੀ ਭਲਕੇ ਤੋਂ ਹੀ ਮਾਲਵੇ ਦੀ ਨਰਮਾ ਪੱਟੀ ਦਾ ਦੌਰਾ ਕਰਨਗੇ।ਉਹ ਖੁਦ ਵੀ ਦੌਰਾ ਕਰਨਗੇ। ਉਨਾਂ ਕਿਹਾ ਕਿ ਇਸ ਵਾਰ ਕਿਸੇ ਵੀ ਕਿਸਾਨ ਦੀ ਫਸਲ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਵਿਭਾਗ ਦੀਆਂ 37 ਟੀਮਾਂ ਨਰਮਾ ਪੱਟੀ ਦੇ ਛੇ ਜ਼ਿਲ੍ਹਿਆਂ ਵਿੱਚ ਫਸਲ ਦਾ ਜਾਇਜ਼ਾ ਲੈ ਕੇ ਰਿਪੋਰਟ ਕਰਨਗੀਆਂ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਇਸ ਟੀਮ ਦਾ ਹਿੱਸਾ ਹੋਣਗੇ।

ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਕੀਤਾ ਜਾ ਰਿਹਾ ਹੈ ਉਤਸ਼ਾਹਿਤ

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਫਸਲੀ ਵਿਭਿੰਨਤਾ ਨੂੰ ਸਫਲ ਬਣਾਉਣ ਲਈ ਮੰਡੀਕਰਨ ਨੂੰ ਮਜਬੂਤ ਕੀਤਾ ਜਾਵੇਗਾ ਅਤੇ ਮੂੰਗੀ ਵਾਂਗ ਮੱਕੀ ਅਤੇ ਹੋਰ ਸਹਾਇਕ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਇਨਾਂ ਫਸਲਾਂ ਲਈ ਮੰਡੀਕਰਨ ਉੱਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਤ ਕੀਤਾ ਜਾ ਰਿਹਾ ਹੈ ਅਤੇ ਇਸ ਟੀਚੇ ਦੀ ਪੂਰਤੀ ਲਈ ਖੇਤੀਬਾੜੀ ਅਧਿਕਾਰੀ ਇਸ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪਸਾਰ ਕਰਨ ਅਤੇ ਛੋਟੇ ਕਿਸਾਨਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ।

ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਵਾਸੀਆਂ ਨੇ ਸਹੀਦੇ ਆਜਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਨੂੰ ਮੁੜ ਪੈਰਾਂ ਉੱਤੇ ਖੜਾ ਕਰਨ ਦੀ ਸਹੁੰ ਖਾਧੀ ਹੈ ਅਤੇ ਇਸੇ ਵਚਨਬੱਧਤਾ ਉੱਤੇ ਪਹਿਰਾ ਦਿੰਦੇ ਹੋਏ ਖੇਤੀਬਾੜੀ ਵਿਭਾਗ ਵਿੱਚ ਭਿ੍ਰਸਟਾਚਾਰ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਰਕਾਰੀ ਅਦਾਰਿਆਂ ਮੰਡੀ ਬੋਰਡ, ਪੰਜਾਬ ਐਗਰੋ, ਪਨਸੀਡ, ਵੇਅਰਹਾਊਸ ਨੂੰ ਤਕੜਾ ਕੀਤਾ ਜਾਵੇ।

ਇਸ ਤੋਂ ਪਹਿਲਾ ਵਿੱਤ ਕਮਿਸਨਰ ਵਿਕਾਸ ਸਰਵਜੀਤ ਸਿੰਘ ਨੇ ਖੇਤੀਬਾੜੀ ਮੰਤਰੀ ਦਾ ਸਵਾਗਤ ਕਰਦਿਆਂ ਵਿਭਾਗ ਬਾਰੇ ਜਾਣ ਪਛਾਣ ਕਰਵਾਈ। ਇਸ ਮੌਕੇ ਪੰਜਾਬ ਮੰਡੀਕਰਨ ਬੋਰਡ ਦੇ ਸਕੱਤਰ ਰਵੀ ਭਗਤ, ਖੇਤੀਬਾੜੀ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ, ਪੰਜਾਬ ਐਗਰੋ ਦੇ ਐਮ.ਡੀ. ਮਨਜੀਤ ਸਿੰਘ ਬਰਾੜ, ਪੰਜਾਬ ਵੇਅਰਹਾਊਸ ਕਾਰਪੋਰੇਸਨ ਦੇ ਐਮ.ਡੀ. ਕੰਵਲਪ੍ਰੀਤ ਕੌਰ ਬਰਾੜ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਤੇ ਪੰਜਾਬ ਮੰਡੀਕਰਨ ਬੋਰਡ ਦੇ ਵਧੀਕ ਸਕੱਤਰ ਦਲਵਿੰਦਰ ਸਿੰਘ ਸਮੇਤ ਖੇਤੀਬਾੜੀ ਵਿਭਾਗ ਦੇ ਮੁੱਖ ਦਫਤਰ ਦੇ ਅਧਿਕਾਰੀ ਅਤੇ ਸਮੂਹ ਜ਼ਿਲਿਆਂ ਦੇ ਮੁੱਖ ਖੇਤੀਬਾੜੀ ਅਫਸਰ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ