ਫ਼ੌਜ, ਐਨਡੀਆਰਐੱਫ ਤੇ ਐੱਸਡੀਆਰਐੱਫ ਦਾ ਕੀਤਾ ਇੰਤਜ਼ਾਮ | Flood Punjab
- 24 ਘੰਟੇ ਨਿਗਰਾਨੀ ਲਈ ਸਥਾਪਿਤ ਕੀਤਾ ਗਿਆ ਕੰਟਰੋਲ ਰੂਮ | Flood Punjab
- ਡੀਸੀ ਨੇ ਸੰਵੇਦਨਸ਼ੀਲ ਇਲਾਕਿਆਂ ਦਾ ਕੀਤਾ ਦੌਰਾ ਤੇ ਅਫ਼ਸਰਾਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਦਿੱਤੇ ਹੁਕਮ | Flood Punjab
ਫਿਰੋਜਪੁਰ (ਸਤਪਾਲ ਥਿੰਦ)। ਰੋਪੜ ਹੈੱਡਵਰਕ ਤੋਂ 2,40,930 ਕਿਊਸਿਕ ਪਾਣੀ ਛੱਡੇ ਜਾਣ ਦੀ ਸੂਚਨਾ ਮਿਲਣ ‘ਤੇ ਪੱਬਾਂ ਭਾਰ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਹਰਕਤ ‘ਚ ਆਇਆ, ਜਿਸਦੇ ਚੱਲਦਿਆਂ ਡਿਪਟੀ ਕਮਿਸ਼ਨਰ ਚੰਦਰ ਗੈਂਦ ਤੇ ਐੱਸਐੱਸਪੀ ਵਿਵੇਕ ਐੱਸ. ਸੋਨੀ ਨੇ ਹੁਸੈਨੀਵਾਲਾ ਦੇ ਆਲੇ-ਦੁਆਲੇ ਤੇ ਹੋਰ ਥਾਵਾਂ ‘ਤੇ ਜਾ ਕੇ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕੀਤਾ ਤੇ ਜਿੱਥੇ ਪਹਿਲਾਂ ਕਈ ਵਾਰ ਨੁਕਸਾਨ ਹੋ ਚੁੱਕਾ ਹੈ, ਉਨ੍ਹਾਂ ਇਲਾਕਿਆਂ ਵਿਚ ਡਿਊਟੀ ‘ਤੇ ਤੈਨਾਤ ਅਫ਼ਸਰਾਂ ਨੂੰ ਖ਼ਾਸ ਨਿਗਰਾਨੀ ਕਰਨ ਦੇ ਹੁਕਮ ਦਿੱਤੇ।
ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਇਹ ਪਾਣੀ ਦਰਮਿਆਨੀ ਰਾਤ ਤੱਕ ਫਿਰੋਜ਼ਪੁਰ ਪਹੁੰਚਣ ਦੀ ਸੰਭਾਵਨਾ ਹੈ। ਫ਼ਿਲਹਾਲ ਹਰੀਕੇ ਹੈੱਡ ਵਰਕਸ ਵਿਖੇ ਪਾਣੀ ਪੱਧਰ 70,000 ਕਿਊਸਿਕ ਹੈ, ਜੋਕਿ ਅੱਜ ਰਾਤ ਵਧ ਕੇ 1,50,000 ਤੱਕ ਪੁੱਜਣ ਦੀ ਸੰਭਾਵਨਾ ਹੈ। ਉੱਧਰ ਡਿਪਟੀ ਕਮਿਸ਼ਨਰ ਨੇ ਦਾਅਵਾ ਕਰਦੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਪ ਮੰਡਲ ਮੈਜਿਸਟਰੇਟ ਫਿਰੋਜਪੁਰ ਤੇ ਜ਼ੀਰਾ ਨੂੰ ਹਾਈ ਅਲਰਟ ‘ਤੇ ਰਹਿਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਸਿੰਚਾਈ ਤੇ ਨਹਿਰੀ ਵਿਭਾਗ ਦੇ ਅਫ਼ਸਰਾਂ ਨੂੰ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਬ੍ਰਾਜੀਲ ਦੇ ਅਮੇਜਨ ਜਹਾਜ ਹਾਦਸੇ ’ਚ 14 ਦੀ ਮੌਤ
ਉਨ੍ਹਾਂ ਕਿਹਾ ਕਿ ਐੱਸਡੀਐੱਮਜ਼ ਵੱਲੋਂ ਨੀਵੇਂ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ‘ਤੇ ਲੋਕਾਂ ਨੂੰ ਪਹੁੰਚਾਉਣ ਲਈ ਪਹਿਲਾਂ ਹੀ ਜ਼ਿਲ੍ਹੇ ਵਿੱਚ ਸੁਰੱਖਿਅਤ ਥਾਵਾਂ ਦੀ ਪਹਿਚਾਣ ਕਰ ਲਈ ਗਈ ਹੈ ਤੇ ਇਨ੍ਹਾਂ ਥਾਵਾਂ ‘ਤੇ ਰਿਲੀਫ ਸੈਂਟਰ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜਾਨਵਰਾਂ ਲਈ ਸੁੱਕੇ ਰਾਸ਼ਨ ਦੇ ਪ੍ਰਬੰਧ ਵੀ ਹੋ ਚੁੱਕੇ ਹਨ ਤੇ ਲੋੜ ਪੈਣ ‘ਤੇ ਮੰਡੀਆਂ ਨੂੰ ਰਾਹਤ ਕੈਂਪਾਂ ‘ਚ ਤਬਦੀਲ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਫ਼ੌਜ, ਐਨਡੀਆਰਐੱਫ ਤੇ ਐੱਸਡੀਆਰਐੱਫ ਦੇ ਸੰਪਰਕ ਵਿੱਚ ਹੈ।
ਉਨ੍ਹਾਂ ਨੇ ਦਰਿਆਈ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਪੂਰੀ ਸਥਿਤੀ ‘ਤੇ ਨਿਗਰਾਨੀ ਵਾਲੇ 24 ਘੰਟੇ ਕੰਮ ਕਰਨ ਵਾਲਾ ਇੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੇ ਸ਼ਿਫ਼ਟਾਂ ‘ਚ ਮੁਲਾਜ਼ਮ ਡਿਊਟੀ ਕਰ ਰਹੇ ਹਨ ਤੇ ਹਾਲਤਾਂ ਬਾਰੇ ਰਿਪੋਰਟ ਤਿਆਰ ਕਰ ਰਹੇ ਹਨ।
ਜ਼ਿਲ੍ਹੇ ਦੇ 52 ਮੋਸਟ ਸੈਂਸਟਿਵ ਪਿੰਡਾਂ ਨੂੰ ਖ਼ਾਲੀ ਕਰਵਾਉਣ ਦੇ ਆਦੇਸ਼
ਹੜ੍ਹ ਵਰਗੇ ਹਲਾਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਅਤੇ ਜ਼ੀਰਾ ਤਹਿਸੀਲ ਨਾਲ ਸਬੰਧਿਤ 52 ਨੀਵੇਂ ਇਲਾਕੇ ਤੇ ਮੋਸਟ ਸੈਂਸਟਿਵ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੇ ਆਦੇਸ਼ ਦਿੱਤੇ ਗਏ ਹਨ ਇਨ੍ਹਾਂ ਪਿੰਡਾਂ ‘ਚੋਂ 38 ਪਿੰਡ ਫਿਰੋਜ਼ਪੁਰ ਤਹਿਸੀਲ ਤੇ 14 ਪਿੰਡ ਜ਼ੀਰਾ ਤਹਿਸੀਲ ਦੇ ਹਨ, ਜਿਨ੍ਹਾਂ ‘ਚ ਹਾਮਦ ਵਾਲਾ, ਕਮਾਲਾ ਮਿੱਡਾ, ਦੁੱਲਾ ਸਿੰਘ ਵਾਲਾ, ਬੱਗੇ ਵਾਲਾ, ਗੁਰਦਿੱਤੀ ਵਾਲਾ, ਮਸਤੇ ਕੇ, ਕਾਲੇ ਕੇ ਹਿਠਾੜ, ਰੁਕਨੇ ਵਾਲਾ, ਗੱਟੀ ਚੱਕ ਜਦੀਦ, ਕਾਮਲ ਵਾਲਾ, ਟੱਲੀ ਗੁਲਾਮ, ਪੱਲਾ ਮੇਘਾ, ਜਾਮਾ ਮੇਘਾ (ਗੱਟੀ ਮੱਤੜ), ਦੋਨਾ ਮੱਤੜ, ਕੁਤੁਬਦੀਨ ਵਾਲਾ। (Flood Punjab)
ਦੋਨਾ ਰਾਜਾ ਦੀਨਾ ਨਾਥ, ਮਹਮੂਦ ਕੇ ਮੱਲ ਹਿਠਾੜ, ਠਠੇਰਾ, ਘੀਰਾ ਘਾਰਾ, ਬੰਡਾਲਾ, ਅਕੂ ਵਾਲਾ, ਬਾਲਾ ਮੇਘਾ, ਕਾਲੂ ਵਾਲਾ, ਗੱਟੀ ਰਹੀਮੇ ਕੇ, ਲੱਗੇਆਣਾ, ਦੋਨਾ ਤੇਲੂਮਲ, ਗੰਦੂਕਿਲਚਾ, ਗੱਟੀ ਤੇਲੂਮਲ, ਦੋਨਾ ਰਹਿਮਤਵਾਲਾ, ਨਿਹਾਲਾ ਲਵੇਰਾ, ਗੁਲਾਮ ਹੁਸੈਨਵਾਲਾ, ਲਮੋਚੜ, ਭੰਬਾ ਸਿੰਘ ਵਾਲਾ, ਵੀਅਰ, ਨਿਹਾਲੇ ਵਾਲਾ, ਹਬੀਬ ਕੇ, ਅਲੀ ਔਲਖ, ਗੰਦੂ ਕਿਲਚਾ, ਮਾਨੋਮਾਛੀ, ਜਮਾਲੀਵਾਲਾ, ਚੱਕ ਮਾਨੋ ਮਾਛੀ, ਗੱਟਾ ਬਾਦਸ਼ਾਹ, ਗੱਟੀ ਹਰੀ ਕੇ, ਫੱਤੇਵਾਲਾ, ਘੁਰਾਮ, ਵਾੜਾ ਕਾਲੀ ਰਾਮ, ਕਾਮਲ ਵਾਲਾ, ਅਰਾਜੀ ਸਭਰਾ, ਫੱਤੇਗੜ ਸਭਰਾਹ, ਤੱਨਾਂ ਬੱਘਾ, ਗੱਟਾ ਦਲੇਲ, ਅਸ਼ੀਏ ਕੇ ਆਦਿ ਪਿੰਡ ਸ਼ਾਮਲ ਹਨ। (Flood Punjab)
ਘਰਾਂ ਨੂੰ ਨਹੀਂ ਛੱਡਣਾ ਚਾਹੁੰਦੇ ਲੋਕ | Flood Punjab
ਐਤਵਾਰ ਸ਼ਾਮ ਤੱਕ ਫਿਰੋਜ਼ਪੁਰ ‘ਚ ਵਗਦੇ ਸਤਲੁਜ ਦਰਿਆ ‘ਚ ਪਾਣੀ ਜ਼ਿਆਦਾ ਨਾ ਹੋਣ ਕਾਰਨ ਮਾਹੌਲ ਅਜੇ ਠੀਕ ਠਾਕ ਸੀ ਪਰ ਦਰਮਿਆਨੀ ਰਾਤ ਨੂੰ ਜ਼ਿਆਦਾ ਪਾਣੀ ਆਉਣ ਦੀ ਸੰਭਾਵਨਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਿਆ ਨਾਲ ਲੱਗਦੇ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਿੱਤੇ ਆਦੇਸ਼ਾਂ ਮਗਰੋਂ ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਘਰਾਂ ਨੂੰ ਛੱਡਣਾ ਨਹੀਂ ਚਾਹੁੰਦੇ ਤੇ ਲੋਕਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਣ ਵਾਲਾ ਤੇ ਜੇਕਰ ਕੁਝ ਹੁੰਦਾ ਹੈ ਤਾਂ ਉਹ ਸਾਹਮਣਾ ਕਰਨ ਲਈ ਤਿਆਰ ਹਨ। (Flood Punjab)