10ਵੀਂ ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਵਿਦਿਆਰਥੀ ਨਗਦ ਰਾਸ਼ੀ ਨਾਲ ਸਨਮਾਨਿਤ

ਡਾ. ਪ੍ਰਭਦੇਵ ਸਿੰਘ ਬਰਾੜ ਨੇ ਆਪਣੇ ਪਿਤਾ ਦੀ ਯਾਦ ’ਚ ਕੀਤਾ ਵਿਸ਼ੇਸ਼ ਉਪਰਾਲਾ

ਕੋਟਕਪੂਰਾ (ਸੁਭਾਸ਼ ਸ਼ਰਮਾ)। ਸ਼ਹੀਦ ਗੁਰਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਢਿੱਲਵਾਂ ਕਲਾਂ ਵਿਖੇ ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ ਵੱਲੋਂ ਸੇਵਾਮੁਕਤ ਮੁੱਖ ਅਧਿਆਪਕ ਮਰਹੂਮ ਜਗਦੇਵ ਸਿੰਘ ਬਰਾੜ ਦੀ ਯਾਦ ਵਿੱਚ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਡਾਕਟਰ ਪ੍ਰਭਦੇਵ ਸਿੰਘ ਬਰਾੜ ਨੇ ਦੱਸਿਆ ਕਿ ਉਨਾ ਦੇ ਸਤਿਕਾਰਤ ਪਿਤਾ ਜਗਦੇਵ ਸਿੰਘ ਬਰਾੜ ਜੀ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਸਹਿਮਤੀ ਮਿਲਣ ’ਤੇ ਇਸ ਸਕੂਲ ਦੇ ਦਸਵੀਂ ਜਮਾਤ ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਲੜੀ ਤਹਿਤ ਉਹ ਅੱਜ ਸਕੂਲ ਦੇ ਸਟਾਫ ਅਤੇ ਬੱਚਿਆਂ ਦੇ ਸਨਮੁੱਖ ਹੋਏ ਹਨ।

ਉਨਾਂ ਕਿਹਾ ਕਿ ਉਕਤ ਸਿਲਸਿਲਾ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗਾ। ਸਟੇਜ ਸੰਚਾਲਨ ਕਰਦਿਆਂ ਮਾਸਟਰ ਕੁਲਵੰਤ ਸਿੰਘ ਚਾਨੀ ਨੇ ਦੱਸਿਆ ਕਿ ਬਰਾੜ ਪਰਿਵਾਰ ਵੱਲੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਨੂੰ ਕ੍ਰਮਵਾਰ 10 ਹਜਾਰ ਰੁਪਏ, 7500 ਰੁਪਏ ਅਤੇ 5000 ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਮਾਸਟਰ ਦਰਸ਼ਨ ਸਿੰਘ ਫੌਜ਼ੀ, ਸੋਮਨਾਥ ਅਰੋੜਾ, ਪ੍ਰੇਮ ਚਾਵਲਾ, ਮਨਦੀਪ ਸਿੰਘ ਮਿੰਟੂ ਗਿੱਲ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿ ਨੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਆਖਿਆ ਕਿ ਦੇਸ਼ ਦੀ ਆਜਾਦੀ ਦੀ ਅਗਲੇ ਦਿਨਾ ਵਿੱਚ ਆਉਣ ਵਾਲੀ 75ਵੀਂ ਵਰੇਗੰਢ ਮੌਕੇ ਸਾਨੂੰ ਸਮਾਜ ਸੁਧਾਰਕ ਕਾਰਜਾਂ ’ਚ ਸਰਗਰਮ ਹੋਣ ਦਾ ਵੀ ਸੰਕਲਪ ਲੈਣਾ ਪਵੇਗਾ।

ਅੰਤ ਵਿੱਚ ਮੁੱਖ ਅਧਿਆਪਕਾ ਮੈਡਮ ਮਿਤਰੇਸ਼ੀ ਗੁਪਤਾ ਨੇ ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ ਅਤੇ ਡਾਕਟਰ ਪੀ.ਐੱਸ. ਬਰਾੜ ਦਾ ਧੰਨਵਾਦ ਕੀਤਾ। ਇਕਬਾਲ ਸਿੰਘ ਮੰਘੇੜਾ ਅਤੇ ਸੁਖਮੰਦਰ ਸਿੰਘ ਰਾਮਸਰ ਮੁਤਾਬਿਕ ਸੁਸਾਇਟੀ ਵੱਲੋਂ ਛੇਵੀਂ ਤੋਂ ਦਸਵੀਂ ਤੱਕ ਦੇ ਪਹਿਲਾ, ਦੂਜਾ, ਤੀਜਾ ਸਥਾਨ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਉਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਡਾਕਟਰ ਪ੍ਰਭਦੇਵ ਸਿੰਘ ਬਰਾੜ ਤੇ ਉਨਾਂ ਦੇ ਬੇਟੇ ਆਜ਼ਮਵੀਰ ਸਿੰਘ ਬਰਾੜ ਸਮੇਤ ਸਕੂਲ ਮੁਖੀ ਮੈਡਮ ਮਿਤਰੇਸ਼ੀ ਗੁਪਤਾ ਦਾ ਵੀ ਵਿਸ਼ੇਸ਼ ਸਨਮਾਨ ਹੋਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ