12ਵੀਂ ਦੇ ਨਤੀਜਿਆਂ ਨੇ ਰਚਿਆ ਇਤਿਹਾਸ,  90.98 ਫੀਸਦੀ ਰਿਹਾ ਨਤੀਜਾ

Education

ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ 94.32 ਫੀਸਦੀ ਰਹੀ

ਮੋਹਾਲੀ (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਜੋ ਪੰਜਾਬ ਵਿੱਚ ਨਵਾਂ ਇਤਿਹਾਸ ਸਿਰਜ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਮੀਡੀਆ ਨੂੰ ਜਾਰੀ ਦਸਤਾਵੇਜਾਂ ਅਨੁਸਾਰ ਮੰਗਲਵਾਰ ਨੂੰ ਸਭ ਤੋਂ ਵਧੀਆ ਕਾਰਗੁਜ਼ਾਰੀ ਵਿਸ਼ਾ ਫਾਰਮੂਲੇ ਦੇ ਆਧਾਰ ‘ਤੇ ਬਾਰਵੀਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਕੋਵਿਡ-19 ਸ਼ੁਰੂ ਹੋਣ ਤੋਂ ਪਹਿਲਾਂ 2,86,378 ਵਿਦਿਆਰਥੀਆਂ ਨੇ ਇਹ ਇਮਤਿਹਾਨ ਦਿੱਤਾ ਜਿਨ੍ਹਾਂ ਵਿੱਚੋਂ 2,60,547 ਵਿਦਿਆਰਥੀ (90.98 ਫੀਸਦੀ) ਪਾਸ ਹੋਏ ਹਨ।

ਦੂਜੇ ਸਾਲ ਸਰਕਾਰੀ ਸਕੂਲਾਂ ਦਾ ਨਤੀਜਾ ਐਫਿਲੀਏਟਡ ਅਤੇ ਐਸੋਸ਼ੀਏਟਿਡ ਸਕੂਲਾਂ ਨਾਲੋਂ ਵਧੀਆ ਰਿਹਾ ਹੈ। ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ 94.32 ਫੀਸਦੀ ਰਹੀ ਹੈ ਜਦਕਿ ਐਫਿਲੀਏਟਡ ਸਕੂਲਾਂ ਦੀ 91.84 ਫ਼ੀਸਦੀ ਅਤੇ ਐਸੋਸ਼ੀਏਟਿਡ ਸਕੂਲਾਂ ਦੀ 87.04 ਫ਼ੀਸਦੀ ਰਹੀ ਹੈ। ਬੋਰਡ ਵੱਲੋਂ ਐਲਾਨੇ ਨਤੀਜੇ ਮੁਤਾਬਕ 92.77 ਫ਼ੀਸਦੀ ਰੈਗੂਲਰ ਵਿਦਿਆਰਥੀਆਂ ਨੇ ਇਹ ਇਮਤਿਹਾਨ ਪਾਸ ਕੀਤਾ ਹੈ। ਦਿਹਾਤੀ ਇਲਾਕਿਆਂ ਨਾਲ ਸਬੰਧਿਤ ਵਿਦਿਆਰਥੀਆਂ ਦੀ ਪਾਸ ਫ਼ੀਸਦੀ ਸ਼ਹਿਰੀ ਇਲਾਕਿਆਂ ਦੇ ਵਿਦਿਆਰਥੀਆਂ ਨਾਲੋਂ ਵੱਧ ਰਹੀ ਹੈ। ਇਹ ਕ੍ਰਮਵਾਰ 93.39 ਫੀਸਦੀ ਅਤੇ 91.26 ਫ਼ੀਸਦੀ ਰਹੀ ਹੈ। ਇਸ ਸਾਲ ਬਾਰਵੀਂ ਦੀ ਓਪਨ ਸਕੂਲ ਸ੍ਰੇਣੀ ਵਿੱਚ 68.26 ਫ਼ੀਸਦੀ ਵਿਦਿਆਰਥੀ ਪਾਸ ਹੋਏ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਕਲਾਸ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਬੋਰਡ ਵੱਲੋਂ ਐਲਾਨੇ ਨਤੀਜਾ ਕਈ ਨਵੇਂ ਰਿਕਾਰਡ ਕਾਇਮ ਕਰ ਗਿਆ ਹੈ। ਬੋਰਡ ਵੱਲੋਂ 1970 ਪਹਿਲੀ ਵਾਰ ਲਈ ਗਈ ਪ੍ਰੀਖਿਆ ਤੋਂ ਲੈ ਕੇ ਅੱਜ ਐਲਾਨਿਆ ਗਿਆ ਨਤੀਜਾ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਰਹੀ।  ਇਹ ਵੀ ਪਹਿਲੀ ਵਾਰ ਹੀ ਹੋਇਆ ਕਿ ਮੈਰਿਟ ਲਿਸਟ ਤਿਆਰ ਜਾਰੀ ਨਹੀਂ ਕੀਤੀ ਗਈ। ਇਸ ਦੇ ਨਾਲ ਇਹ ਵੀ ਪਹਿਲੀ ਵਾਰ ਹੀ ਹੈ ਕਿ ਕੋਰੋਨਾ ਦੇ ਚਲਦਿਆਂ ਕੁਝ ਰਹਿੰਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਤੋਂ ਬਾਅਦ ਨਤੀਜਾ ਤਿਆਰ ਕੀਤਾ ਗਿਆ ਹੈ।

ਮੋਡੀਫਿਕੇਸ਼ਨ ਆਫ ਰਿਜਲਟ ਦੀ ਨੀਤੀ ਤਹਿਤ ਦਿੱਤੀ ਗਰੇਸ ਨੇ ਕਰਵਾਈ ਬੱਲੇ-ਬੱਲੇ

ਅੱਜ ਐਲਾਨੇ ਗਏ ਨਤੀਜੇ ਨੂੰ ਸਰਕਾਰ ਵੱਲੋਂ ਆਪਣੀ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ।  ਕਾਂਗਰਸੀ ਸਰਕਾਰ ਸਹੁੰ ਚੁੱਕ ਤੋਂ ਕੁਝ ਮਹੀਨੇ ਬਾਅਦ 2017 ਦਾ ਐਲਾਨਿਆ ਨਤੀਜਾ 63 ਫੀਸਦੀ ਰਿਹਾ ਸੀ। ਉਸ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤੱਤਕਾਲੀ ਚੇਅਰਮੈਨ ਬਲਬੀਰ ਸਿੰਘ ਢੋਲ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਦੌਰਾਨ ਬਿਨਾਂ ਕਿਸੇ ਤਰ੍ਹਾਂ ਦੀ ਗਰੇਸ ਦੇ ਨਤੀਜਾ ਐਲਾਨਣ ਦਾ ਦਾਅਵਾ ਕੀਤਾ ਗਿਆ ਸੀ। ਜਦੋਂ ਕਿ ਸਾਲ 2018 ਅਤੇ ਸਾਲ 2019 ਵਿੱਚ ਮੋਡੀਫਿਕੇਸ਼ਨ ਆਫ ਰਜਿਲਟ ਦੀ ਨੀਤੀ ਤਹਿਤ ਗਰੇਸ ਦੇ ਨਤੀਜਾ ਐਲਾਨਿਆ ਜਾਂਦਾ ਰਿਹਾ ਹੈ। ਜਿਸ ਤਹਿਤ 2018 ਵਿੱਚ ਨਤੀਜਾ 65.97 ਫੀਸਦੀ ਅਤੇ 2019 ਵਿਚ 86.41 ਫੀਸਦੀ ਰਿਹਾ ਸੀ। ਇਸ ਵਾਰ ਐਲਾਨਿਆ ਨਤੀਜਾ  90.98 ਫੀਸਦੀ ਰਿਹਾ ਹੈ।

ਮੁੱਖ ਮੰਤਰੀ ਦਾ ਜ਼ਿਲ੍ਹਾ 7ਵੇਂ ਤੇ ਸਿੱਖਿਆ ਮੰਤਰੀ ਦਾ ਥੱਲੇ ਤੋਂ ਚੌਥੇ ਨੰਬਰ ‘ਤੇ

ਪੰਜਾਬ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਮੌਜੂਦਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਜ਼ਿਲ੍ਹੇ ਅਕਾਲੀ ਦਲ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੇ ਜ਼ਿਲ੍ਹੇ ਨਾਲੋਂ ਫਾਡੀ ਰਹੇ। ਕੈਪਟਨ ਅਮਰਿੰਦਰ ਸਿੰਘ ਦਾ ਜ਼ਿਲ੍ਹਾ 7ਵੇਂ ਸਥਾਨ ‘ਤੇ ਰਿਹਾ, ਜਦੋਂ ਕਿ ਸਿੱਖਿਆ ਮੰਤਰੀ ਦਾ ਜ਼ਿਲ੍ਹਾ ਹੇਠਾਂ ਤੋਂ ਚੌਥੇ ਸਥਾਨ ‘ਤੇ ਹੈ। ਇਸ ਵਾਰ ਜ਼ਿਲ੍ਹਾ ਰੂਪਨਗਰ ਪੰਜਾਬ ਭਰ ਵਿੱਚੋਂ ਪਹਿਲੇ ਸਥਾਨ ‘ਤੇ ਰਿਹਾ।

DSP, Ferozepur, Dismiss

ਐਲਾਨੇ ਨਤੀਜੇ ‘ਚ ਜ਼ਿਲ੍ਹਾ ਰੂਪਨਗਰ 96.93 ਪਾਸ ਫ਼ੀਸਦੀ ਰਿਹਾ, ਜਦਕਿ ਫਰੀਦਕੋਟ 96.61 ਫੀਸਦੀ ਨਾਲ ਦੂਜੇ ਸਥਾਨ ‘ਤੇ , ਫਿਰੋਜ਼ਪਰ 95.68 ਫੀਸਦੀ ਨਾਲ ਤੀਜੇ ਸਥਾਨ ‘ਤੇ ਰਿਹਾ ਇਸੇ ਤਰ੍ਹਾਂ ਬਠਿੰਡਾ ਤੇ ਮੋਗਾ 95.65 ਫੀਸਦੀ ਨਾਲ ਚੌਥੇ ਸਥਾਨ ਉਤੇ, ਸ੍ਰੀ ਮੁਕਤਸਰ ਸਾਹਿਬ 95.02 ਫੀਸਦੀ ਨਾਲ 5ਵੇਂ ‘ਤੇ, ਕਪੂਰਥਲਾ 93.96 ਫੀਸਦੀ ਨਾਲ 6ਵੇਂ,  ਪਟਿਆਲਾ 93.87 ਫੀਸਦੀ ਨਾਲ 7ਵੇਂ, ਜਲੰਧਰ 93.86 ਫੀਸਦੀ ਨਾਲ 8ਵੇਂ,  ਹੁਸ਼ਿਆਰਪੁਰ  93.80 ਫੀਸਦੀ ਨਾਲ 9 ਵੇਂ, ਐੱਸ. ਏ. ਐੱਸ. ਨਗਰ 93.16 ਫੀਸਦੀ ਨਾਲ 10 ਵੇਂ,  ਫਾਜਿਲਕਾ 93.10 ਫੀਸਦੀ ਨਾਲ 11 ਵੇਂ, ਐੱਸ. ਬੀ ਐੱਸ ਨਗਰ 92.83 ਫੀਸਦੀ ਨਾਲ 12ਵੇਂ,  ਗੁਰਦਾਸਪਰ 92.30 ਫੀਸਦੀ ਨਾਲ 13ਵੇਂ, ਸ੍ਰੀ ਅੰਮ੍ਰਿਤਸਰ 92.22 ਫੀਸਦੀ ਨਾਲ 14 ਵੇਂ,  ਫਤਿਹਗੜ ਸਾਹਿਬ 91.96 ਫੀਸਦੀ ਨਾਲ 15ਵੇਂ, ਤਰਨਤਾਰਨ 91.81 ਫੀਸਦੀ ਨਾਲ 16ਵੇਂ, ਪਠਾਨਕੋਟ 91.38 ਫੀਸਦੀ ਨਾਲ 17ਵੇਂ,  ਸੰਗਰੂਰ 91.17 ਫੀਸਦੀ ਨਾਲ 18ਵੇਂ,  ਲੁਧਿਆਣਾ 89.99 ਫੀਸਦੀ ਨਾਲ 19ਵੇਂ, ਮਾਨਸਾ 89.80 ਫੀਸਦੀ ਨਾਲ 20ਵੇਂ,  ਬਰਨਾਲਾ 84.69 ਫੀਸਦੀ ਨਾਲ 21ਵੇਂ ‘ਤੇ ਸਥਾਨ ‘ਤੇ ਰਿਹਾ।

ਕਾਮਰਸ, ਹਿਊਮੈਨਟੀਜ਼, ਸਾਇੰਸ, ਵੋਕੇਸ਼ਨਲ ਗਰੁੱਪ ਦਾ ਨਤੀਜਾ

12ਵੀਂ ਸ਼੍ਰੇਣੀ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ ‘ਚ ਕਾਮਰਸ ਗਰੁੱਪ ਦੇ 28,242 ਪ੍ਰੀਖਿਆਰਥੀਆਂ ‘ਚੋਂ 25,713 (ਪਾਸ ਫੀਸਦੀ 91.05 ਫੀਸਦੀ) ਪ੍ਰੀਖਿਆਰਥੀ ਪਾਸ ਹੋਏ ਹਨ, ਇਸੇ ਤਰ੍ਹਾਂ ਹਿਊਮੈਨਟੀਜ ਗਰੁੱਪ ਦੇ 1,88,460 ਪ੍ਰੀਖਿਆਰਥੀਆਂ ‘ਚੋਂ 1,75,022 ਪ੍ਰੀਖਿਆਰਥੀ ਪਾਸ (ਪਾਸ ਫੀਸਦੀ 92.87 ਫੀਸਦੀ) ਹੋਏ ਹਨ ਇਸੇ ਤਰ੍ਹਾਂ ਸਾਇੰਸ ਗਰੁੱਪ ਦੇ 37,153 ਪ੍ਰੀਖਿਆਰਥੀਆਂ ‘ਚੋਂ 35,227 ਪ੍ਰੀਖਿਆਰਥੀ ਪਾਸ (ਪਾਸ ਫੀਸਦੀ 94.82 ਫੀਸਦੀ) ਹੋਏ ਹਨ ਮੈਡੀਕਲ ਗਰੁੱਪ ਦੇ 12,954 ਪ੍ਰੀਖਿਆਰਥੀਆਂ ‘ਚੋਂ 12,151 ਪ੍ਰੀਖਿਆਰਥੀ ਪਾਸ (ਪਾਸ ਫੀਸਦੀ 93.80 ਫੀਸਦੀ) ਹੋਏ ਹਨ ।

ਨਾਨ ਮੈਡੀਕਲ ਦੇ 24,199 ਪ੍ਰੀਖਿਆਰਥੀਆਂ ‘ਚੋਂ 23,076 ਪ੍ਰੀਖਿਆਰਥੀ ਪਾਸ (ਪਾਸ ਫੀਸਦੀ 95.36 ਫੀਸਦੀ) ਹੋਏ ਹਨ। ਇਸੇ ਤਰ੍ਹਾਂ ਵੋਕੇਸ਼ਨਲ ਗਰੁੱਪ ਦੇ 11,594 ਪ੍ਰੀਖਿਆਰਥੀਅ’ਚੋਂ 10,297 ਪ੍ਰੀਖਿਆਰਥੀ ਪਾਸ (ਪਾਸ ਪ੍ਰਤੀਸ਼ਤਤਾ 88.81 ਫੀਸਦੀ) ਹੋਏ ਹਨ ।

ਸਾਡੀਆਂ ਕੋਸ਼ਿਸ਼ਾਂ ਦੇ ਸ਼ਾਨਦਾਰ ਨਤੀਜੇ

ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਦੇ ਗਠਨ ਤੋਂ ਬਾਅਦ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਸਿੱਖਿਆ ਦਾ ਪੱਧਰ ਉੱਚ ਚੁੱਕਣ ਲਈ ਲਗਾਤਾਰ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਾਂ ਸਾਡੀਆਂ ਕੋਸ਼ਿਸ਼ਾਂ ਨੇ ਸਾਲ ਦਰ ਸਾਲ ਸ਼ਾਨਦਾਰ ਨਤੀਜੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਅਸੀਂ ਬੋਰਡ ਦੇ ਇਮਤਿਹਾਨਾਂ ਵਿੱਚ ਪਾਸ ਫ਼ੀਸਦੀ ‘ਚ ਵਾਧਾ ਦਰਜ ਕੀਤਾ ਹੈ ਉਨ੍ਹਾਂ ਅੱਗੇ ਕਿਹਾ ਕਿ ਸਾਲ 2017 ਵਿੱਚ ਬਾਰਵੀਂ ਦੀ ਪਾਸ ਫ਼ੀਸਦੀ 63 ਫ਼ੀਸਦੀ ਤੋਂ ਵੀ ਘੱਟ ਸੀ ਜਦ ਕਿ 2018 ਵਿੱਚ ਇਹ ਵਧ ਕੇ 65.97 ਫ਼ੀਸਦੀ ਹੋ ਗਈ

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2019 ਵਿੱਚ ਨਤੀਜੇ 86.41 ਫ਼ੀਸਦੀ ਸਨ ਜੋ ਕਿ ਪਿਛਲੇ ਸਾਲਾਂ ਨਾਲੋਂ ਵੱਧ ਸਨ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕੁੱਝ ਵਿਸ਼ਿਆਂ ਦਾ ਇਮਤਿਹਾਨ ਰੱਦ ਕੀਤਾ ਗਿਆ ਸੀ ਅਤੇ ਪੀ.ਐਸ.ਈ.ਬੀ. ਨੇ ਵਧੀਆ ਕਾਰਗੁਜ਼ਾਰੀ ਵਿਸ਼ਾ ਫਾਰਮੂਲਾ ਨੂੰ ਅਪਣਾਇਆ ਇਸ ਫਰਮੂਲੇ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜੇ ਕੋਈ ਵਿਦਿਆਰਥੀ ਚਾਰ ਵਿਸ਼ਿਆਂ ਦੇ ਇਮਤਿਹਾਨ ਵਿੱਚ ਬੈਠਦਾ ਹੈ ਤਾਂ ਉਸ ਦੇ ਸਭ ਤੋਂ ਵਧੀਆ ਤਿੰਨ ਵਿਸ਼ਿਆਂ ਦੇ ਅੰਕਾਂ ਦੀ ਔਸਤ ਦੇ ਆਧਾਰ ‘ਤੇ ਰੱਦ ਵਿਸ਼ੇ ਦੇ ਨੰਬਰ ਦਿੱਤੇ ਜਾਂਦੇ ਹਨ ਸ੍ਰੀ ਸਿੰਗਲਾ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਇੱਕ ਤੋਂ ਵੱਧ ਵਿਸ਼ਿਆਂ ਲਈ ਡਵੀਜ਼ਨ ‘ਚ ਸੁਧਾਰ ਕਰਨ ਦੇ ਇਰਾਦੇ ਨਾਲ ਇਮਤਿਹਾਨ ਵਿੱਚ ਬੈਠੇ ਸਨ, ਉਨ੍ਹਾਂ ‘ਤੇ ਵੀ ਇਹੋ ਫਾਰਮੂਲਾ ਲਾਗੂ ਕੀਤਾ ਗਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ