‘ਇੱਕ ਵਿਧਾਇਕ ਇੱਕ ਪੈਨਸ਼ਨ’ ਹੋਈ ਲਾਗੂ ਤਾਂ ਲਗਭਗ 17 ਕਰੋੜ ਰੁਪਏ ਦੀ ਹੋਵੇਗੀ ਸਾਲਾਨਾ ਬਚਤ
- 275 ਸਾਬਕਾ ਵਿਧਾਇਕ ਲੈ ਰਹੇ ਹਨ ਪੈਨਸ਼ਨ ਦਾ ਫਾਇਦਾ, 154 ਨੂੰ ਮਿਲਦੀ ਐ ਇੱਕ ਪੈਨਸ਼ਨ
- 3 ਵਿਧਾਇਕ 6-6 ਅਤੇ 3 ਹੀ ਵਿਧਾਇਕ ਲੈ ਰਹੇ ਹਨ 5-5 ਪੈਨਸ਼ਨਾਂ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ 121 ਸਾਬਕਾ ਵਿਧਾਇਕ ਇੱਕ ਨਹੀਂ ਸਗੋਂ ਕਈ-ਕਈ ਪੈਨਸ਼ਨਾਂ ਦਾ ਲਾਭ ਲੈ ਰਹੇ ਹਨ ਤੇ 154 ਸਾਬਕਾ ਵਿਧਾਇਕ ਇਹੋ ਜਿਹੇ ਵੀ ਹਨ, ਜਿਹੜੇ ਇੱਕ ਵਾਰ ਵਿਧਾਇਕ ਬਣਨ ਕਰਕੇ ਸਿਰਫ਼ ਇੱਕ ਵਾਰ ਦੀ ਪੈਨਸ਼ਨ ਹੀ ਲੈ ਰਹੇ ਹਨ। ਪੰਜਾਬ ਵਿਧਾਨ ਸਭਾ ਵੱਲੋਂ ਇਸ ਸਮੇਂ 275 ਸਾਬਕਾ ਵਿਧਾਇਕਾਂ ਨੂੰ ਹਰ ਮਹੀਨੇ ਪੈਨਸ਼ਨ ਦਿੱਤੀ ਜਾ ਰਹੀ ਹੈ। ਇਨ੍ਹਾਂ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਦੀ ਅਦਾਇਗੀ ’ਤੇ ਹੀ ਹਰ ਸਾਲ ਪੰਜਾਬ ਸਰਕਾਰ 37 ਕਰੋੜ 24 ਲੱਖ ਰੁਪਏ ਤੋਂ ਜ਼ਿਆਦਾ ਦਾ ਖ਼ਰਚ ਕਰਦੀ ਆ ਰਹੀ ਹੈ। ਜਿਹੜੀ ਕਿ ਅਗਲੇ ਸਾਲ ਅਪਰੈਲ 2022 ਤੋਂ 40 ਕਰੋੜ ਰੁਪਏ ਨੂੰ ਪਾਰ ਕਰ ਜਾਵੇਗੀ। ਇਨ੍ਹਾਂ ਸਾਬਕਾ ਵਿਧਾਇਕਾਂ ਵਿੱਚ ਕਈ ਵਿਧਾਇਕ ਇਹੋ ਜਿਹੇ ਹਨ, ਜਿਹੜੇ ਕਿ 4-5 ਜਾਂ ਫਿਰ 6-6 ਪੈਨਸ਼ਨ ਲੈ ਰਹੇ ਹਨ। ਇਨ੍ਹਾਂ ਕੁਝ ਵਿਧਾਇਕਾਂ ’ਤੇ ਹੀ ਹਰ ਸਾਲ 6 ਕਰੋੜ ਰੁਪਏ ਤੋਂ ਜ਼ਿਆਦਾ ਦਾ ਖ਼ਰਚ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਸਾਬਕਾ ਵਿਧਾਇਕਾਂ ਨੂੰ ਕਈ-ਕਈ ਪੈਨਸ਼ਨਾਂ ਮਿਲਣ ਦਾ ਮੁੱਦਾ ਇਸ ਸਮੇਂ ਕਾਫ਼ੀ ਜ਼ਿਆਦਾ ਭਖਿਆ ਹੋਇਆ
ਜੇਕਰ ਸਾਰੇ ਸਾਬਕਾ ਵਿਧਾਇਕਾਂ ਨੂੰ ਇੱਕ ਤੋਂ ਜ਼ਿਆਦਾ ਪੈਨਸ਼ਨਾਂ ਦੇਣ ਦਾ ਲਾਭ ਕਰਕੇ ਹੋਏ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਪੈਟਰਨ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਪੰਜਾਬ ਸਰਕਾਰ ਨੂੰ ਹਰ ਸਾਲ 17 ਕਰੋੜ ਰੁਪਏ ਦੀ ਕਰੀਬ ਬੱਚਤ ਹੋ ਜਾਵੇਗੀ। ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਵਿਧਾਇਕਾਂ ਨੂੰ ਕਈ-ਕਈ ਪੈਨਸ਼ਨਾਂ ਮਿਲਣ ਦਾ ਮੁੱਦਾ ਇਸ ਸਮੇਂ ਕਾਫ਼ੀ ਜ਼ਿਆਦਾ ਭਖਿਆ ਹੋਇਆ ਹੈ ਅਤੇ ਆਮ ਜਨਤਾ ਦੀ ਮੰਗ ਤੋਂ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਫ਼ਾਰਮੂਲਾ ਲਾਗੂ ਕਰਨ ਦੀ ਮੰਗ ਕਰ ਦਿੱਤੀ ਹੈ।
ਪੰਜਾਬ ’ਚ ਇੱਕ ਵਾਰ ਤੋਂ ਜ਼ਿਆਦਾ ਪੈਨਸ਼ਨਾਂ ਬੰਦ ਕਰਨ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਵਿੱਚ ਵੀ ਆਵਾਜ਼ ਉਠਾਉਣ ਦੀ ਗੱਲ ਆਖ ਰਹੀ ਹੈ ਤਾਂ ਬੀਤੇ ਦਿਨੀਂ ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਇਸ ਸਬੰਧੀ ਮੰਗ ਪੱਤਰ ਵੀ ਸੌਂਪ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਇਹ ਪੰਜਾਬ ਦੇ ਹਰ ਵਿਅਕਤੀ ਦੀ ਜ਼ੁਬਾਨ ’ਤੇ ਆ ਗਿਆ ਹੈ।
ਪੰਜਾਬ ਵਿਧਾਨ ਸਭਾ ਦੇ ਰਿਕਾਰਡ ਅਨੁਸਾਰ ਇਸ ਸਮੇਂ 275 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ, ਜਿਸ ਵਿੱਚੋਂ 154 ਸਾਬਕਾ ਵਿਧਾਇਕਾਂ ਨੂੰ ਇੱਕ ਪੈਨਸ਼ਨ, 62 ਸਾਬਕਾ ਵਿਧਾਇਕਾਂ ਨੂੰ 2 ਪੈਨਸ਼ਨਾਂ, 41 ਵਿਧਾਇਕਾਂ ਨੂੰ 3 ਪੈਨਸ਼ਨਾਂ, 12 ਸਾਬਕਾ ਵਿਧਾਇਕਾਂ ਨੂੰ 4 ਪੈਨਸ਼ਨਾਂ, 3 ਸਾਬਕਾ ਵਿਧਾਇਕਾਂ 5 ਪੈਨਸ਼ਨ ਅਤੇ 3 ਹੀ ਸਾਬਕਾ ਵਿਧਾਇਕਾਂ ਨੂੰ 6-6 ਪੈਨਸ਼ਨਾਂ ਮਿਲ ਰਹੀਆਂ ਹਨ।
ਪਹਿਲੀ ਪੈਨਸ਼ਨ 75 ਹਜ਼ਾਰ ਤੇ ਹਰ ਪੈਨਸ਼ਨ ਦਾ ਮਿਲਦੈ 50 ਹਜ਼ਾਰ ਵਾਧਾ
ਪੰਜਾਬ ਵਿਧਾਨ ਸਭਾ ਵਿੱਚ ਇੱਕ ਵਾਰ ਮੈਂਬਰ ਰਹੇ ਸਾਬਕਾ ਵਿਧਾਇਕ ਨੂੰ 75 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ, ਜਦੋਂ ਕਿ ਉਸ ਤੋਂ ਬਾਅਦ ਹਰ ਵਾਰ ਦੇ 50 ਹਜ਼ਾਰ ਰੁਪਏ ਦਾ ਵਾਧਾ ਮਿਲਦਾ ਹੈ। ਜੇਕਰ ਕੋਈ 5 ਵਾਰ ਵਿਧਾਇਕ ਬਣਨ ਤੋਂ ਬਾਅਦ ਪੈਨਸ਼ਨ ਲੈਂਦਾ ਹੈ ਤਾਂ ਉਸ ਨੂੰ 75 ਹਜ਼ਾਰ ਰੁਪਏ ਪਹਿਲੀ ਵਾਰ ਦੇ ਮਿਲਦੇ ਹਨ ਅਤੇ ਅਗਲੀ 4 ਵਾਰ ਦੇ 50-50 ਹਜ਼ਾਰ ਰੁਪਏ ਦੇ ਹਿਸਾਬ ਨਾਲ 2 ਲੱਖ ਰੁਪਏ ਮਿਲਦਾ ਹੈ। ਇਸ ਹਿਸਾਬ ਨਾਲ 5 ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਵਿਧਾਇਕ ਨੂੰ ਹਰ ਮਹੀਨੇ 2 ਲੱਖ 75 ਰੁਪਏ ਤੋਂ ਜ਼ਿਆਦਾ ਦੀ ਪੈਨਸ਼ਨ ਮਿਲਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ