ਕੇਂਦਰ ਨੂੰ ਅਪੀਲ, 6800 ਰੁਪਏ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਨੂੰ ਵਧਾਇਆ ਜਾਵੇ
ਪੀਣ ਵਾਲਾ ਪਾਣੀ, ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਭੇਜਿਆ ਗਿਆ
Sunam Flood Relief: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਅੱਜ ਜਦੋਂ ਪੰਜਾਬ ਬਿਪਤਾ ਦੀ ਘੜੀ ਵਿੱਚੋਂ ਲੰਘ ਰਿਹਾ ਹੈ ਤਾਂ ਉਹਨਾਂ ਦੀ ਚੁੱਪ ਹੈਰਾਨ ਕਰਨ ਵਾਲੀ ਹੈ। ਅਜਿਹੇ ਮੌਕੇ ਕੇਂਦਰ ਨੂੰ ਤੁਰੰਤ ਪੈਕੇਜ ਜਾਰੀ ਕਰਨ ਲਈ ਦਬਾਅ ਪਾਉਣ ਦੀ ਬਿਜਾਏ ਭਾਜਪਾ ਆਗੂਆਂ ਵੱਲੋਂ ਸਿਰਫ਼ ਸੂਬਾ ਸਰਕਾਰ ਦੀਆਂ ਕਮੀਆਂ ਲੱਭਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਬਿਪਤਾ ਦੀ ਘੜੀ ’ਚ ਪੰਜਾਬ ਦੇ ਭਾਜਪਾ ਆਗੂਆਂ ਦੀ ਚੁੱਪ ਹੈਰਾਨ ਕਰਨ ਵਾਲੀ : ਅਮਨ ਅਰੋੜਾ
ਅੱਜ ਸਥਾਨਕ ਅਨਾਜ ਮੰਡੀ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਸਮੱਗਰੀ ਦੇ 11 ਟਰੱਕ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪਾਣੀ ਦੇ ਕੋਟੇ ਵਿੱਚ ਕਟੌਤੀ ਕਰਨ ਬਾਰੇ ਕਹਿਣ ਨਾਲ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ, ਕੇਂਦਰ ਸਰਕਾਰ ਅਤੇ ਪੰਜਾਬ ਦੇ ਭਾਜਪਾ ਆਗੂਆਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ। ਉਹਨਾਂ ਕਿਹਾ ਕਿ ਇਸ ਬਿਪਤਾ ਦੀ ਘੜੀ ਵਿੱਚ ਪੰਜਾਬ ਦੇ ਭਾਜਪਾ ਆਗੂਆਂ ਦੀ ਚੁੱਪ ਤਾਂ ਬਿਲਕੁਲ ਹੀ ਹੈਰਾਨੀ ਪੈਦਾ ਕਰਦੀ ਹੈ।
ਹਰਿਆਣਾ ਸਰਕਾਰ ਵੱਲੋਂ ਪਾਣੀ ਵਿੱਚ ਕਟੌਤੀ ਕਰਨ ਦੀ ਗੱਲ ਨਾਲ ਭਾਜਪਾ ਅਤੇ ਕੇਂਦਰ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋਇਆ
ਉਹਨਾਂ ਕਿਹਾ ਕਿ ਜਦੋਂ ਪੰਜਾਬ ਨੂੰ ਆਪਣੀਆਂ ਫ਼ਸਲਾਂ ਲਈ ਪਾਣੀ ਚਾਹੀਦਾ ਹੁੰਦਾ ਹੈ ਤਾਂ ਉਸ ਵੇਲੇ ਹਰਿਆਣਾ ਵਾਧੂ ਪਾਣੀ ਮੰਗਦਾ ਹੈ ਪਰ ਅੱਜ ਅਸੀਂ ਹਰਿਆਣਾ ਨੂੰ ਕਹਿ ਰਹੇ ਹਾਂ ਕਿ ਉਹ ਵਾਧੂ ਪਾਣੀ ਲੈ ਲਵੇ ਤਾਂ ਜੋ ਸੂਬੇ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ ਤਾਂ ਹਰਿਆਣਾ ਸਰਕਾਰ ਨੇ ਕਹਿ ਦਿੱਤਾ ਕਿ ਉਹਨਾਂ ਨੂੰ ਹੁਣ ਪਾਣੀ ਦੀ ਲੋੜ ਨਹੀਂ ਹੈ। ਉਲਟਾ ਨਿਰਧਾਰਤ ਕੋਟੇ ਵਿੱਚੋਂ ਵੀ ਕਟੌਤੀ ਕਰਨ ਬਾਰੇ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਕਿੱਥੋਂ ਦਾ ਇਨਸਾਫ ਹੈ ਕਿ ਜਦੋਂ ਪਾਣੀ ਦੀ ਮਾਰ ਪੈਣੀ ਹੈ ਤਾਂ ਪੰਜਾਬ ਇਕੱਲਾ ਬਰਦਾਸ਼ਤ ਕਰੇ ਪਰ ਹੁਣ ਵਾਧੂ ਪਾਣੀ ਨੂੰ ਸੰਭਾਲਣ ਵੇਲੇ ਹਰਿਆਣਾ ਸਰਕਾਰ ਪੱਲਾ ਝਾੜ ਗਈ ਹੈ।
ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਮਹਿਜ਼ 6800 ਰੁਪਏ ਪ੍ਰਤੀ ਏਕੜ ਦੇਣ ਦੀ ਬਜਾਏ ਮੁਆਵਜ਼ਾ ਰਾਸ਼ੀ ਨੂੰ ਵਧਾਇਆ ਜਾਵੇ। ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਸੂਬੇ ਪੰਜਾਬ ਦਾ ਲੱਖਾਂ ਏਕੜ ਫ਼ਸਲੀ ਨੁਕਸਾਨ ਹੋਇਆ ਹੈ। ਇਸ ਲਈ ਸੂਬੇ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਸਹਾਇਤਾ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਾਰੇ ਮੰਤਰੀ, ਸਾਰੇ ਵਿਧਾਇਕ ਅਤੇ ਪ੍ਰਸ਼ਾਸ਼ਨ ਰਾਹਤ ਕਾਰਜਾਂ ’ਚ ਜੁੱਟੇ ਹੋਏ ਹਨ
ਉਹਨਾਂ ਕਿਹਾ ਕਿ ਅੱਜ ਪੰਜਾਬ ਨੂੰ ਕੁਦਰਤ ਦੀ ਵੱਡੀ ਮਾਰ ਪਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਕਾਰਨ ਪੰਜਾਬ ਦੇ 7-8 ਜ਼ਿਲ੍ਹੇ ਬਹੁਤ ਪ੍ਰਭਾਵਿਤ ਹੋਏ ਹਨ। ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਾਰੇ ਮੰਤਰੀ, ਸਾਰੇ ਵਿਧਾਇਕ ਅਤੇ ਪ੍ਰਸ਼ਾਸ਼ਨ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਲੋਕਾਂ ਦੇ ਜਾਨ ਮਾਲ ਅਤੇ ਆਰਥਿਕ ਵਸੀਲਿਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪਰ ਸਾਡਾ ਸਾਰਿਆਂ ਦਾ ਨੈਤਿਕ ਤੌਰ ਉੱਤੇ ਫਰਜ਼ ਬਣਦਾ ਹੈ ਕਿ ਆਪਾਂ ਸਾਰੇ ਰਲ਼ ਮਿਲ ਕੇ ਪੀੜਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਈਏ। Sunam Flood Relief

ਉਹਨਾਂ ਕਿਹਾ ਕਿ ਅੱਜ ਹਲਕਾ ਸੁਨਾਮ ਵੱਲੋਂ ਸਮੂਹ ਧਿਰਾਂ ਦੇ ਸਹਿਯੋਗ ਨਾਲ ਹੜ੍ਹ ਤੋਂ ਜ਼ਿਆਦਾ ਪ੍ਰਭਾਵਿਤ ਡੇਰਾ ਬਾਬਾ ਨਾਨਕ, ਅਜਨਾਲਾ, ਰਾਜਾਸਾਂਸੀ, ਫਾਜ਼ਿਲਕਾ, ਭੋਆ ਅਤੇ ਪੱਟੀ ਲਈ 11 ਟਰੱਕ ਭੇਜੇ ਗਏ ਹਨ, ਜਿਸ ਵਿੱਚ ਪਾਣੀ, ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਭੇਜਿਆ ਗਿਆ ਹੈ। ਉਹਨਾਂ ਇਸ ਰਾਹਤ ਸਮੱਗਰੀ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮੁਕੇਸ਼ ਜੁਨੇਜਾ ਚੇਅਰਮੈਨ ਮਾਰਕਿਟ ਕਮੇਟੀ ਸੁਨਾਮ, ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ, ਆੜਤੀ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਰਾਜਨ ਹੋਡਲਾ, ਸੈਲਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਸੰਜੀਵ ਪੋਨੀ, ਸ਼ੈਲਰ ਐਸੋਸੀਏਸ਼ਨ ਦੇਹਾਤੀ ਦੇ ਸੰਦੀਪ ਝੂਜਾ, ਭੱਠਾ ਐਸੋਸੀਏਸ਼ਨ ਪ੍ਰਧਾਨ ਹਕੂਮਤ ਰਾਏ ਜਿੰਦਲ, ਫਲੋਰ ਮਿਲਰਜ਼ ਪ੍ਰਧਾਨ ਅਨਿਲ ਪੋਪਲੀ, ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ, ਟਰੱਕ ਯੂਨੀਅਨ ਸੁਨਾਮ ਪ੍ਰਧਾਨ ਯਾਦਵਿੰਦਰ ਸਿੰਘ ਰਾਜਾ, ਟਰੱਕ ਯੂਨੀਅਨ ਸੰਗਰੂਰ ਪ੍ਰਧਾਨ ਰਣਦੀਪ ਸਿੰਘ ਮਿੰਟੂ, ਸਮੂਹ ਪਿੰਡ ਨਿਵਾਸੀ ਈਲਵਾਲ, ਪਿੰਡ ਖੇੜੀ, ਪਿੰਡ ਦੁੱਗਾਂ, ਲੌਗੋਂਵਾਲ, ਤੱਕੀਪੁਰ, ਸਾਹੋਕੇ, ਮੰਡੇਰ ਕਲਾਂ, ਤੋਗੇਵਾਲ, ਲੋਹਾਖੇੜਾ, ਚੀਮਾ ਦੇ ਲੋਕ, ਸਮੂਹ ਸੰਗਤ ਮਾਡਲ ਟਾਊਨ ਇੱਕ, ਸਮੂਹ ਮਾਡਲ ਟਾਊਨ ਦੇ ਅਤੇ ਨਗਰ ਕੋਟਲਾ ਕੋਟੜਾ ਦੇ ਵਾਸੀ, ਸਮੂਹ ਬਲਾਕ ਟੀਮ ਆਮ ਆਦਮੀ ਪਾਰਟੀ ਸੁਨਾਮ, ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਰਕਰ ਹਾਜ਼ਰ ਸਨ।