
ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਜ਼ਾਅਲੀ ਅਫ਼ਸਰ ਬਣਕੇ ਫ਼ਰਜੀ ਮੇਲ ਆਈ.ਡੀ. ਰਾਹੀਂ ਡਰਾ ਧਮਕਾ ਕੇ ਲੋਕਾਂ ਨਾਲ ਆਨਲਾਇਨ ਠੱਗੀ (Fraud) ਮਾਰਨ ਵਾਲੇ 2 ਜਣਿਆਂ ਨੂੰ ਦਬੋਚਿਆ ਹੈ। ਪੁਲਿਸ ਵੱਲੋਂ ਉਕਤ ਕਾਰਵਾਈ ਭਾਨੂੰ ਪ੍ਰਤਾਪ ਸਿੰਘ ਦੀ ਸ਼ਿਕਾਇਤ ’ਤੇ ਅਮਲ ਵਿੱਚ ਲਿਆਂਦੀ ਗਈ ਹੈ। ਜਿਸ ਤੋਂ ਜ਼ਾਅਲੀ ਅਫ਼ਸਰਾਂ ਨੇ ਬਿਜਨਸ ਲੋਨ ਦਿਵਾਉਣ ਦਾ ਝਾਸਾਂ ਦੇ ਕੇ ਸਾਢੇ 11 ਲੱਖ ਰੁਪਏ ਠੱਗੇ ਸਨ।
ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜਸਕਿਰਨਜੀਤ ਸਿੰਘ ਤੇਜ਼ਾ ਜੁਆਇੰਟ ਸੀਪੀ ਦਿਹਾਤੀ ਨੇ ਦੱਸਿਆ ਕਿ ਭਾਨੂੰ ਪ੍ਰਤਾਪ ਸਿੰਘ ਪੁੱਤਰ ਭੰਵਰ ਪਾਲ ਸਿੰਘ ਵਾਸੀ ਕਵਾਲਟੀ ਚੌਂਕ ਸ਼ਿਮਲਾਪੁਰੀ ਨੇ ਸ਼ਿਕਾਇਤ ਦਿੱਤੀ ਕਿ ਗੋਪੀਚੰਦ ਉਰਫ਼ ਮਾਨਵ ਉਰਫ਼ ਮਨੂੰ ਅਤੇ ਉਸਦਾ ਸਾਥੀ ਅਮਰੀਕ ਸਿੰਘ ਵੱਖ ਵੱਖ ਮੋਬਾਇਲ ਐਪ ’ਤੇ ਵੱਖ ਵੱਖ ਸਰਕਾਰੀ ਮਹਿਕਮਿਆਂ ਦੇ ਲੋਗੋ ਸਮੇਤ ਫ਼ਰਜੀ ਮੇਲ ਆਈ.ਡੀ. ਅਤੇ ਜ਼ਾਅਲੀ ਅਫ਼ਸਰ ਬਣਕੇ ਡਰਾਉਂਦੇ- ਧਮਕਾਉਂਦੇ ਹਨ। ਇਸੇ ਤਹਿਤ ਹੀ ਉਕਤਾਨ ਨੇ ਧਮਕੀ ਭਰੇ ਈਮੇਲ ਅਤੇ ਐਸਐਮਐਸ ਭੇਜ ਕੇ ਜਨਵਰੀ 2023 ਤੋਂ ਲੈ ਕੇ ਹੁਣ ਤੱਕ ਉਸ ਕੋਲੋਂ 11 ਲੱਖ 45 ਹਜ਼ਾਰ ਰੁਪਏ ਆਪਣੇ ਨਿੱਜ਼ੀ ਖਾਤਿਆਂ ਵਿੱਚ ਜਮਾਂ ਕਰਵਾ ਕੇ ਉਸ ਨਾਲ ਧੋਖਾਧੜੀ ਕੀਤੀ ਹੈ।
ਉਨਾਂ ਦੱਸਿਆ ਕਿ ਭਾਨੂੰ ਪ੍ਰਤਾਪ ਸਿੰਘ ਦੇ ਬਿਆਨਾਂ ’ਤੇ 23 ਜੂਨ ਨੂੰ ਮਾਮਲਾ ਦਰਜ਼ ਕਰਨ ਪਿੱਛੋਂ ਉਕਤਾਨ ਦੋਵਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਉਨਾਂ ਦੱਸਿਆ ਕਿ ਪੁੱਛਗਿੱਛ ਅਤੇ ਤਫ਼ਤੀਸ ਦੌਰਾਨ ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਗੋਪੀਚੰਦ ਉਰਫ਼ ਮਾਨਵ ਨੇ ਕੁੱਝ ਮੋਬਾਇਲ ਐਪਸ ਦੀ ਮੱਦਦ ਨਾਲ ਮੁੱਦਈ ਦੇ ਫੋਨ ’ਤੇ ਫੇਕ ਮੈਸੇਜ ਅਤੇ ਓਟੀਪੀ ਭੇਜ ਕੇ ਵੱਖ ਵੱਖ ਸਰਕਾਰੀ ਮਹਿਕਮਿਆਂ ਦੇ ਲੋਗੋ ਸਮੇਤ ਫ਼ਰਜੀ ਮੇਲ ਆਈ.ਡੀ. ਕੀਤੀ ਅਤੇ ਡਰਾ-ਧਮਕਾ ਕੇ ਭਾਨੂੰ ਪ੍ਰਤਾਪ ਸਿੰਘ ਪਾਸੋਂ 11 ਲੱਖ 45 ਹਜ਼ਾਰ ਰੁਪਏ ਠੱਗ ਲਏ।
ਇਹ ਵੀ ਪੜ੍ਹੋ : ਦਮਨ ਬਾਜਵਾ ਨਾਲ 5 ਕਰੋੜ ਦੀ ਠੱਗੀ ਦੀ ਕੋਸ਼ਿਸ਼, 1 ਗ੍ਰਿਫਤਾਰ, ਦੂਜੇ ਦੀ ਭਾਲ ਜਾਰੀ
ਉਨਾਂ ਅੱਗੇ ਦੱਸਿਆ ਕਿ ਗੋਪੀਚੰਦ ਉਰਫ਼ ਮਾਨਵ ਫੇਸਬੁੱਕ ’ਤੇ ਵੀ ਲੜਕੀਆਂ ਦੀ ਫਰਜੀ ਆਈ.ਡੀ. ਬਣਾ ਕੇ ਮਰਦਾਂ ਨਾਲ ਦੋਸਤੀ ਕਰਦੇ ਮੈਸੈਂਜਰ ’ਤੇ ਚੈਟ ਰਾਹੀ ਪੈਸੇ ਠੱਗਦੇ ਸਨ ਅਤੇ ਬਾਅਦ ’ਚ ਆਈ.ਡੀ. ਬਲੌਕ ਕਰ ਦਿੰਦੇ ਸਨ। ਥਾਣਾ ਸ਼ਿਮਲਾਪੁਰੀ ਦੇ ਮੁਖੀ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਗਿ੍ਰਫ਼ਤਾਰ ਗੋਪੀਚੰਦ ਉਰਫ਼ ਮਾਨਵ ਉਰਫ਼ ਮਨੂੰ ਵਾਸੀ ਜਨਤਾ ਨਗਰ ਥਾਣਾ ਡਵੀਜਨ ਨੰਬਰ 6 ਲੁਧਿਆਣਾ ਅਤੇ ਅਮਰੀਕ ਸਿੰਘ ਵਾਸੀ ਕੋਟ ਮੰਗਲ ਸਿੰਘ ਥਾਣਾ ਡਵੀਜਨ ਨੰਬਰ-6 ਲੁਧਿਆਣਾ ਤੋਂ ਪੁਲਿਸ ਨੂੰ ਦੋ ਮੋਬਾਇਲ ਫੋਨ ਬਰਾਮਦ ਹੋਏ ਹਨ। ਉਨਾਂ ਦੱਸਿਆ ਕਿ ਉਕਤਾਨ ਤੋਂ ਪੁਲਿਸ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਜਿਸ ’ਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। (Fraud)













