ਸੜਕ ਹਾਦਸੇ ਨੇ ਨਿਗਲੇ 3 ਸਕੂਲੀ ਬੱਚੇ

ਮ੍ਰਿਤਕਾਂ ਵਿੱਚ ਸਕੇ ਭਰਾ-ਭੈਣ ਵੀ ਸ਼ਾਮਲ
ਬੱਸ ਦੇ ਡਰਾਇਵਰ ਦੀ ਵੀ ਮੌਤ, 11 ਜ਼ਖ਼ਮੀ, 5 ਗੰਭੀਰ
ਰਾਜੀਵ ਸ਼ਰਮਾ
ਹੁਸ਼ਿਆਰਪੁਰ  
ਦਸੂਹਾ ਤਲਵਾੜਾ ਰੋਡ ‘ਤੇ ਸਵੇਰ ਵੇਲੇ ਸਕੂਲ ਬੱਸ ਅਤੇ ਪਿਕਅਪ ਵਿਚਕਾਰ ਹੋਈ ਟੱਕਰ ‘ਚ ਤਿੰਨ ਸਕੂਲੀ ਬੱਚਿਆਂ ਤੇ ਸਕੂਲ ਬੱਸ ਦੇ ਡਰਾਈਵਰ ਸਮੇਤ ਚਾਰ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ ਇਸ ਹਾਦਸੇ ‘ਚ ਬੱਸ ਵਿੱਚ ਸਵਾਰ 11 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ 5 ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ
ਜਾਣਕਾਰੀ ਅਨੁਸਾਰ ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਬੱਸ ਵੱਖ-ਵੱਖ ਪਿੰਡਾਂ ‘ਚੋਂ ਬੱਚਿਆਂ ਨੂੰ ਲੈ ਕੇ ਪਿੰਡ ਸਿੰਹਪੁਰ ਕੋਲ ਪਹੁੰਚੀ ਹੀ ਸੀ ਕਿ ਉਲਟ ਦਿਸ਼ਾ ਤੋਂ ਆ ਰਹੀ ਮਹਿੰਦਰਾ ਪਿਕਅਪ ਦਾ ਟਾਇਰ ਫਟ ਗਿਆ ਤੇ ਪਿਕਅਪ ਬੱਸ ਨਾਲ ਜਾ ਟਕਰਾਈ ਟੱਕਰ ਇੰਨੀ ਤੇਜ਼ ਸੀ ਕਿ ਪਿਕਅਪ ਬੱਸ ਦੇ ਡਰਾਈਵਰ ਵਾਲੇ ਪਾਸਿਓਂ ਬੱਸ ਨੂੰ ਚੀਰਦੀ ਹੋਈ ਅੰਦਰ ਜਾ ਵੜੀ  ਹਾਦਸੇ ਵਿੱਚ ਬੱਸ ਦੇ ਡਰਾਈਵਰ ਅਤੇ ਡਰਾਈਵਰ ਸੀਟ ਦੇ ਪਿੱਛੇ ਬੈਠੇ 3 ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ  ਮ੍ਰਿਤਕਾਂ ਦੀ ਪਛਾਣ ਅਨੀਰੁਧ ਉਮਰ 7 ਸਾਲ ਜਮਾਤ ਪਹਿਲੀ, ਸੁਰਭੀ ਉਮਰ 7 ਸਾਲ ਜਮਾਤ ਪਹਿਲੀ (ਦੋਵੇਂ ਭਰਾ-ਭੈਣ), ਕਨਿਸ਼ਕ ਉਮਰ 12 ਸਾਲ,  ਜਮਾਤ ਪੰਜਵੀਂ ਅਤੇ ਬੱਸ ਡਰਾਈਵਰ ਰਣਜੀਤ ਸਿੰਘ ਦੇ ਵਜੋਂ ਹੋਈ ਹੈ
ਹਾਦਸੇ ਤੋਂ ਬਾਅਦ ਰਾਹਗੀਰਾਂ ਅਤੇ ਆਸ-ਪਾਸ ਦੇ ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਜ਼ਖਮੀ ਬੱਚਿਆਂ ਨੂੰ ਬੱਸ ‘ਚੋਂ ਕੱਢਿਆ ਅਤੇ ਜਖ਼ਮੀਆਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਦਸੂਹਾ ਲਿਜਾਇਆ ਗਿਆ ਜਿੱਥੋਂ 5 ਨੂੰ ਗੰਭੀਰ ਹਾਲਤ ਕਾਰਨ ਰੈਫਰ ਕਰ ਦਿੱਤਾ ਗਿਆ ਇਹਨਾਂ ਵਿੱਚ ਸ਼ਿਵਾਨ ਠਾਕੁਰ , ਸ਼ਿਵਾਂਗੀ ਠਾਕੁਰ , ਅਕੇਸ਼ ਕੁਮਾਰ ,  ਦਾਸੀ ਪ੍ਰਿਆ ਤੇ ਇੱਕ ਹੋਰ ਵਿਦਿਆਰਥੀ ਸ਼ਾਮਿਲ ਹੈ ਹਸਪਤਾਲ ਵਿੱਚ ਇਲਾਜ ਅਧੀਨ ਜਖ਼ਮੀਆਂ ਵਿੱਚ ਪਲਕ ਸ਼ਰਮਾ , ਵਰਦਾਨ ਸ਼ਰਮਾ , ਨਵਿਆ , ਰਾਕੇਸ਼ ਸ਼ਰਮਾ , ਅਰਾਧਿਆ ਅਤੇ ਸਾਰਥਨ ਸ਼ਾਮਿਲ ਹਨ  ਦਸੂਹਾ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਇਸ ਸਬੰਧੀ  ਡੀਐਸਪੀ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਪਿਕਅਪ ਡਰਾਈਵਰ ਵੀ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਸੀ ਜਿਸਨੂੰ ਗੰਭੀਰ ਹਾਲਤ ਕਾਰਨ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ