ਸੜਕ ਹਾਦਸੇ ‘ਚ ਦੋ ਬੱਚਿਆਂ ਸਮੇਤ ਚਾਰ ਦੀ ਮੌਤ, ਤਿੰਨ ਗੰਭੀਰ ਜਖਮੀ

ਲਖਵੀਰ ਸਿੰਘ
ਮੋਗਾ,
ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਲੌਂਗੀਵਿੰਡ ਕੋਲ ਸਵੇਰ ਸਮੇਂ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 3 ਗੰਭੀਰ ਰੂਪ ‘ਚ ਜਖਮੀ ਹੋ ਗਏ। ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਰਾਜੂ ਵਾਸੀ ਚੱਬਾ ਜ਼ਿਲ੍ਹਾ ਫਿਰੋਜ਼ਪੁਰ ਜੋ ਕਿ ਧਰਮਕੋਟ ਨੇੜਲੇ ਆਪਣੇ ਸਹੁਰੇ ਪਿੰਡ ਸ਼ੇਰਪੁਰ ਤਾਇਬਾਂ ਤੋਂ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਮੋਟਰਸਾਈਕਲ ‘ਤੇ ਆਪਣੇ ਚੱਬਾ ਪਿੰਡ ਵਾਪਿਸ ਜਾ ਰਿਹਾ ਸੀ ਅਤੇ ਗੁਰਚਰਨ ਸਿੰਘ ਵਾਸੀ ਭੂੰਦੜੀ ਜ਼ਿਲ੍ਹਾ ਲੁਧਿਆਣਾ ਜੋ ਕਿ ਆਪਣੇ ਲੜਕੇ ਅਤੇ ਇੱਕ ਰਿਸ਼ਤੇਦਾਰ ਸਮੇਤ ਮੋਟਰਸਾਈਕਲ ‘ਤੇ ਪਿੰਡ ਚਾਂਦੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਵਾਪਿਸ ਆਪਣੇ ਪਿੰਡ ਭੂੰਦੜੀ ਜਾ ਰਿਹਾ ਸੀ। ਇਸੇ ਦੌਰਾਨ ਗੁਰਚਰਨ ਸਿੰਘ ਵਾਸੀ ਭੂੰਦੜੀ ਜਦੋਂ ਪਿੰਡ ਲੌਂਗੀਵਿੰਡ ਕੋਲ ਮੇਨ ਰੋਡ ‘ਤੇ ਹੀ ਗਲਤ ਤਰੀਕੇ ਨਾਲ ਖੜ੍ਹੇ ਇੱਕ ਟਰੱਕ ਨੂੰ ਕਰਾਸ ਕਰਨ ਲੱਗਾ ਤਾਂ ਸਾਹਮਣੇ ਪਾਸਿਓਂ ਆ ਰਹੇ ਮੋਟਰਸਾਈਕਲ ਸਵਾਰ ਰਾਜਵਿੰਦਰ ਸਿੰਘ ਰਾਜੂ ਹੋਰਾਂ ਨਾਲ ਟਕਰਾ ਗਏ।
ਇਸ ਟੱਕਰ ‘ਚ ਗੁਰਚਰਨ ਸਿੰਘ ਪੁੱਤਰ ਖਜਾਨ ਸਿੰਘ (50) ਵਾਸੀ ਭੂੰਦੜੀ, ਅਰਸ਼ਦੀਪ ਸਿੰਘ (6) ਪੁੱਤਰ ਰਾਜਵਿੰਦਰ ਰਾਜੂ ਪਿੰਡ ਚੱਬਾ, ਰਾਜਵਿੰਦਰ ਰਾਜੂ ਦੇ ਸਾਲੇ ਦੀ ਲੜਕੀ ਮੋਨਿਕਾ (13) ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਰਾਜਵਿੰਦਰ ਸਿੰਘ ਰਾਜੂ ਉਮਰ (40) ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਗਿਆ। ਇਸ ਤੋਂ ਇਲਾਵਾ ਬਲਵੀਰ ਕੌਰ ਪਤਨੀ ਰਾਜਵਿੰਦਰ ਰਾਜੂ, ਸੁਨੀਲ ਪੁੱਤਰ ਗੁਰਚਰਨ ਸਿੰਘ ਪਿੰਡ ਭੂੰਦੜੀ ਅਤੇ ਕਸ਼ਮੀਰ ਸਿੰਘ ਪੁੱਤਰ ਕਾਜੀ ਸਿੰਘ ਪਿੰਡ ਚਾਂਦੀ ਵਾਲਾ ਗੰਭੀਰ ਜ਼ਖਮੀ ਹੋ ਗਏ, ਜਿਨਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਮੋਗਾ ਰੈਫਰ ਕਰ ਦਿੱਤਾ ਗਿਆ। ਹਾਦਸੇ ਵਾਲੀ ਥਾਂ ‘ਤੇ ਡੀਐਸਪੀ ਜਸਬੀਰ ਸਿੰਘ, ਥਾਣਾ ਮੁਖੀ ਜਸਵੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜ ਗਏ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।