ਵਿਧਾਨ ਸਭਾ ਸੈਸ਼ਨ : ਸ਼ਰਧਾਂਜਲੀਆਂ ‘ਤੇ ਹੰਗਾਮਾ

ਅਕਾਲੀਆਂ ਵੱਲੋਂ ਬਾਈਕਾਟ, ਕੇਪੀਐੱਸ ਗਿੱਲ ਨੂੰ ਸ਼ਰਧਾਂਜਲੀ ਦੇਣ ‘ਤੇ ਪ੍ਰਗਟਾਈ ਨਰਾਜ਼ਗੀ
ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਬੈਂਸ ਭਰਾਵਾਂ ਨੇ ਵੀ ਕੀਤਾ ਕਾਰਵਾਈ ਦਾ ਬਾਈਕਾਟ

ਅਸ਼ਵਨੀ ਚਾਵਲਾ
ਚੰਡੀਗੜ੍ਹ,
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਰਮਿਆਨ ਮੁੱਖ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਨੂੰ ਲੈ ਕੇ ਹੰਗਾਮਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ਦਾ ਵਿਰੋਧ ਕਰ ਰਹੇ ਸਨ, ਜਦੋਂ ਕਿ ਕਾਂਗਰਸ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ‘ਤੇ ਅੜੀ ਹੋਈ ਸੀ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਿਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅੱਜ ਦੀ ਕਾਰਵਾਈ ਨੂੰ ਵਿਚਕਾਰ ਛੱਡਦੇ ਹੋਏ ਕਾਰਵਾਈ ਦਾ ਬਾਈਕਾਟ ਕਰ ਦਿੱਤਾ।
ਇਸ ਤੋਂ ਕੁਝ ਦੇਰ ਬਾਅਦ ਹੀ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਵੀ ਕਾਰਵਾਈ ਦਾ ਬਾਈਕਾਟ ਕਰਕੇ ਬਾਹਰ ਚਲੇ ਗਏ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਜਿਵੇਂ ਹੀ ਮੁੱਖ ਸ਼ਖਸੀਅਤਾਂ ਨੂੰ ਸਰਧਾਂਜਲੀ ਦੇਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਤਾਂ ਸਾਬਕਾ ਪੁਲਿਸ ਮੁਖੀ ਕੰਵਰ ਪਾਲ ਸਿੰਘ ਗਿੱਲ ਨੂੰ ਸਰਧਾਂਜਲੀ ਨਾ ਦੇਣ ‘ਤੇ ਅਕਾਲੀ ਦਲ ਅੜ ਗਿਆ ਅਤੇ ਸੁਖਬੀਰ ਬਾਦਲ ਸਣੇ ਅਕਾਲੀ ਵਿਧਾਇਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ‘ਤੇ ਸਪੀਕਰ ਕੰਵਰਪਾਲ ਸਿੰਘ ਨੇ ਅਕਾਲੀ ਵਿਧਾਇਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅਕਾਲੀ ਵਿਧਾਇਕ ਹੰਗਾਮਾ ਕਰਦੇ ਹੋਏ ਸਦਨ ‘ਚੋਂ ਬਾਈਕਾਟ ਕਰਕੇ ਚਲੇ ਗਏ
ਇਸ ਉਪਰੰਤ ਸਦਨ ਵੱਲੋਂ ਸੰਸਦ ਮੈਂਬਰ ਵਿਨੋਦ ਖੰਨਾ ਅਤੇ ਸੂਬੇ ਦੇ ਸਾਬਕਾ ਪੁਲਿਸ ਮੁਖੀ ਕੰਵਰ ਪਾਲ ਸਿੰਘ ਗਿੱਲ ਤੋਂ ਇਲਾਵਾ ਨਿਸ਼ਾਨ ਸਿੰਘ, ਗੁਰਦੇਵ ਸਿੰਘ ਅਤੇ ਬੰਤਾ ਸਿੰਘ (ਸਾਰੇ ਆਜ਼ਾਦੀ ਘੁਲਾਟੀਏ), ਸ਼ਹੀਦ ਪਰਮਜੀਤ ਸਿੰਘ ਅਤੇ ਇੰਸਪੈਕਟਰ-ਕਮ-ਕੰਪਨੀ ਕਮਾਂਡਰ (ਸੀ.ਆਰ.ਪੀ.ਐਫ) ਰਘੁਬੀਰ ਸਿੰਘ, ਕਾਂਸਟੇਬਲ ਲਵਪ੍ਰੀਤ ਸਿੰਘ, ਖੇਤੀ ਵਿਗਿਆਨੀ ਡਾ. ਦਿਲਬਾਗ ਸਿੰਘ ਅਠਵਾਲ ਅਤੇ ਕਿਰਪਾਲ ਸਿੰਘ ਖੀਰਨੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਥੇ ਹੀ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਦੀ ਅਪੀਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਸਪੀਕਰ ਨੂੰ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਜਿਸ ਲਈ ਸਪੀਕਰ ਸਹਿਮਤ ਹੋ ਗਏ।
ਮੁੱਖ ਝਲਕੀਆਂ
ਿਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਦਨ ਵਿੱਚ ਆਉਂਦੇ ਸਾਰ ਹੀ ਆਪ ਵਿਧਾਇਕਾਂ ਕੋਲ ਜਾ ਕੇ ਖ਼ੁਦ ਹੱਥ ਮਿਲਾਇਆ, ਜਿਸ ਨੂੰ ਦੇਖ ਕੇ ਆਪ ਵਿਧਾਇਕ ਉਤਸ਼ਾਹਿਤ ਹੋ ਗਏ।
ਿਆਪ ਤੋਂ ਬਾਅਦ ਜਿਵੇਂ ਹੀ ਅਮਰਿੰਦਰ ਸਿੰਘ ਸੁਖਬੀਰ ਬਾਦਲ ਵੱਲ ਗਏ ਤਾਂ ਸਾਰੇ ਅਕਾਲੀ ਵਿਧਾਇਕ ਸੀਟਾਂ ਤੋਂ ਖੜ੍ਹੇ ਹੋ ਕੇ ਅਮਰਿੰਦਰ ਸਿੰਘ ਨੂੰ ਮਿਲਣ ਲਈ ਖੁਦ ਅੱਗੇ ਆ ਗਏ।
ਿਅਮਰਿੰਦਰ ਸਿੰਘ ਦੀ ਪਹਿਲ ਨੂੰ ਦੇਖ ਕੇ ਸੁਖਬੀਰ ਬਾਦਲ ਵੀ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵਧਾਈ ਦੇਣ ਲਈ ਉਨ੍ਹਾਂ ਦੀਆਂ ਸੀਟਾਂ ਵਲ ਚਲੇ ਗਏ।
ਿਸੁਖਬੀਰ ਬਾਦਲ ਨਾਲ ਸਾਰੇ ਕਾਂਗਰਸੀ ਮੰਤਰੀਆਂ ਨੇ ਖੜ੍ਹੇ ਹੋ ਕੇ ਹੱਥ ਮਿਲਾਇਆ ਪਰ ਮਨਪ੍ਰੀਤ ਆਪਣੀ ਸੀਟ ਤੋਂ ਨਹੀਂ ਉੱਠੇ ਤੇ ਚੰਗੀ ਤਰ੍ਹਾਂ ਹੱਥ ਵੀ ਨਹੀਂ ਮਿਲਾਇਆ