ਰੈਲੀ ਕਲਚਰ ਦਾ ਰੋਗ ਵੀ ਖਤਮ ਹੋਵੇ

ਵਿਸਾਖੀ ਮੌਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਪੂਰੇ ਧੜੱਲੇ ਨਾਲ ਰੈਲੀਆਂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਖਾਸਕਰ ਸੱਤਾਧਾਰੀ ਕਾਂਗਰਸ ਸਰਕਾਰ ਆਪਣਾ ਪ੍ਰਭਾਵ ਚੰਗਾ ਵਿਖਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ  ਵੱਖ-ਵੱਖ ਵਿਧਾਇਕਾਂ ਵੱਲੋਂ ਇੱਕ-ਦੂਜੇ ਤੋਂ ਵੱਧ ਬੱਸਾਂ ਭੇਜਣ ਦੀ ਵੀ ਹੋੜ ਹੈ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੀ ਆਪਣੀ ਹੋਂਦ ਦਾ ਅਹਿਸਾਸ ਕਰਾਉਣ ਲਈ ਰੈਲੀਆਂ ਕਰ ਰਹੀਆਂ ਹਨ ਰੈਲੀਆਂ ਦਾ ਇਹ ਰੁਝਾਨ ਵੀ ਵੀਆਈਪੀ ਕਲਚਰ ਦੀ ਤਰਜ਼ ‘ਤੇ ਖ਼ਤਮ ਹੋਣਾ ਚਾਹੀਦਾ ਹੈ ਪੰਜਾਬ ਕਾਂਗਰਸ ਨੇ ਵੀਆਈਪੀ ਕਲਚਰ ਖ਼ਤਮ ਕਰਨ ਦੀ ਸ਼ਲਾਘਾਯੋਗ ਪਹਿਲ ਕੀਤੀ ਹੈ ਰੈਲੀਆਂ ਪੱਖੋਂ ਵੀ ਪਾਰਟੀ ਨੂੰ ਇਸ ਦਿਸ਼ਾ ‘ਚ ਮਿਸਾਲ ਬਣਨਾ ਚਾਹੀਦਾ ਹੈ ਉਂਜ ਵੀ ਸੂਬੇ ਦੇ ਆਰਥਿਕ ਹਾਲਾਤ ਤੇ ਪ੍ਰਸ਼ਾਸਨਿਕ ਜਿੰਮੇਵਾਰੀਆਂ ਅਜਿਹੀਆਂ ਹਨ ਕਿ ਰੈਲੀਆਂ ਘਾਟੇ ਦਾ ਸੌਦਾ ਤੇ ਵਿਕਾਸ ਕਾਰਜਾਂ ‘ਚ ਅੜਿੱਕੇ ਦਾ ਹੀ ਦੂਜਾ ਨਾਂਅ ਹਨ ਸਾਰੀ ਅਫ਼ਸਰਸ਼ਾਹੀ ਸੱਤਾਧਿਰ ਦੀ ਰੈਲੀ ਨੂੰ ਸਫ਼ਲ ਬਣਾਉਣ ਤੇ ਕਾਨੂੰਨ ਪ੍ਰਬੰਧ ਕਾਇਮ ਰੱਖਣ ‘ਤੇ ਸਾਰਾ ਤਾਣ ਲਾ ਦੇਂਦੀ  ਹੈ ਸਰਕਾਰੀ ਖ਼ਜਾਨੇ ‘ਤੇ ਵੀ ਬੋਝ ਪੈਂਦਾ ਹੈ ਰੈਲੀ ਤੋਂ ਕਈ ਦਿਨ ਪਹਿਲਾਂ ਅਫ਼ਸਰ ਦਫ਼ਤਰਾਂ ‘ਚ ਨਜ਼ਰ ਨਹੀਂ ਆਉਂਦੇ ਆਪਣੇ ਕੰਮਾਂ ਧੰਦਿਆਂ ਲਈ ਦਫ਼ਤਰਾਂ ‘ਚ ਆਉਂਦੇ ਲੋਕਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪੈਂਦਾ ਹੈ ਦੂਜੇ ਪਾਸੇ ਦਹਾਕਿਆਂ ਤੋਂ ਲੋਕਾਂ ਨੂੰ ਜਬਰੀ ਰੈਲੀਆਂ ‘ਚ ਲਿਜਾਣ ਤੇ ਨਿੱਜੀ ਟਰਾਂਸਪੋਰਟਰਾਂ ਨੂੰ ਬਣਦੇ ਪੈਸੇ ਨਾ ਦੇਣ ਦੇ ਮਾਮਲੇ ਵੀ ਚਰਚਾ ‘ਚ ਰਹੇ ਹਨ ਅਜਿਹੇ ਹਾਲਾਤਾਂ ‘ਚ ਰੈਲੀਆਂ ਪਾਰਟੀ ਵਰਕਰਾਂ ਤੇ ਆਮ ਲੋਕਾਂ ‘ਤੇ ਬੋਝ ਹੁੰਦੀਆਂ ਹਨ ਰੈਲੀਆਂ ਦਾ ਭੀੜ ਭੜੱਕਾ ਲੋਕਾਂ ਲਈ ਖੱਜਲ ਖੁਆਰੀ ਦਾ ਕਾਰਨ ਬਣਦਾ ਹੈ ਦਰਅਸਲ ਪੰਜਾਬ ‘ਚ ਸਰਕਾਰੀ ਕੰਮ ਕਾਜ ਦੀ ਕਲਚਰ ਪੈਦਾ  ਕਰਨ ਦੀ ਜ਼ਰੂਰਤ ਹੈ ਦਫ਼ਤਰਾਂ ‘ਚ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਮੌਜ਼ੂਦਗੀ, ਲੋਕਾਂ ਦੀ ਸੰਤੁਸ਼ਟੀ ਹੀ ਕਿਸੇ ਸਰਕਾਰ ਦੀ ਸਭ ਤੋਂ ਵੱਡੀ ਕਾਮਯਾਬੀ ਹੈ ਸੱਤਾਧਾਰੀ ਆਗੁ ਰੈਲੀਆਂ ਦੇ ਇਕੱਠ ਨੂੰ ਆਪਣੀ ਸਫ਼ਲਤਾ ਮੰਨਣ ਦੀ ਬਜਾਇ ਦਫ਼ਤਰਾਂ ‘ਚ ਕੰਮਕਾਜ ਦੀ ਦਰੁਸਤੀ ਨੂੰ ਸਫ਼ਲਤਾ ਮੰਨਣ ਸਰਕਾਰੀ ਕੰਮਾਂ ਨੂੰ ਸੁਚੱਜਾ ਬਣਾ ਕੇ ਸੱਤਾਧਿਰ ਬਿਨਾਂ ਰੈਲੀਆਂ ਤੋਂ ਆਪਣੀਆਂ ਨੀਤੀਆਂ ਤੇ ਪ੍ਰੋਗਰਾਮਾਂ ‘ਤੇ ਲੋਕਾਂ ਦੀ ਮੋਹਰ ਲੁਆ ਸਕਦੀ ਹੈ ਇਹ ਵੀ ਤੱਥ ਹਨ ਕਿ ਰੈਲੀਆਂ ‘ਚ ਵਿਕਾਸ ਨਾਲੋਂ ਵੱਧ ਦੂਸ਼ਣਬਾਜੀ ‘ਤੇ ਹੀ ਜ਼ੋਰ ਹੁੰਦਾ ਹੈ ਕੁਝ ਪਾਰਟੀਆਂ ਦੀ ਰੈਲੀ ‘ਚ ਚਟਪਟੇ ਭਾਸ਼ਣ ਇਕੱਠ ਦਾ ਕਾਰਨ ਬਣਦੇ ਹਨ ਫਾਲਤੂ ਦੂਸ਼ਣਬਾਜ਼ੀ ਦਾ ਦੌਰ ਖ਼ਤਮ ਕਰਕੇ ਉਸਾਰੂ ਸਿਆਸਤ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਲੋਕ ਕੰਮ ਚਾਹੁੰਦੇ ਹਨ, ਨਿੰਦਾ ਪ੍ਰਚਾਰ ਨਹੀਂ ਜੇਕਰ ਪਿਛਲੇ ਸਮੇਂ ਨੂੰ ਵੀ ਵੇਖਿਆ ਜਾਵੇ ਤਾਂ ਚੋਣਾਂ ਦੇ ਨਤੀਜੇ ਰੈਲੀਆਂ ਦੇ ਇਕੱਠ ਤੋਂ ਉਲਟ ਹੀ ਨਿੱਕਲੇ ਹਨ ਮਾਘੀ ਦੀ ਰੈਲੀ ‘ਚ ਸਭ ਤੋਂ ਵੱਡਾ ਇਕੱਠ ਕਰਨ ਦੇ ਬਾਵਜ਼ੂਦ ਆਮ ਆਦਮੀ ਪਾਰਟੀ 20 ਸੀਟਾਂ ਤੋਂ ਅੱਗੇ ਨਹੀਂ ਲੰਘ ਸਕੀ ਇਸੇ ਤਰ੍ਹਾਂ ਅਕਾਲੀ ਦਲ ਦੀਆਂ ਰੈਲੀਆਂ ਵੀ ਕਾਂਗਰਸ ਨੂੰ ਟੱਕਰ ਦਿੰਦੀਆਂ ਰਹੀਆਂ ਪਰ ਚੋਣਾਂ ਦੇ ਨਤੀਜੇ ਰੈਲੀਆਂ ਦਾ ਝਲਕਾਰਾ ਨਹੀਂ ਦੇ ਸਕੇ ਸੱਤਾਧਾਰ ਸਮੇਤ ਸਾਰੀਆਂ ਪਾਰਟੀਆਂ ਨੂੰ ਅਮਰੀਕਾ ਤੇ ਯੂਰਪੀ ਦੇਸ਼ਾਂ ਦੀ ਤਰਜ਼ ‘ਤੇ ਰੈਲੀ ਕਲਚਰ ਛੱਡ ਕੇ ਸੰਚਾਰ ਦੇ ਸਸਤੇ, ਆਧੁਨਿਕ ਤੇ ਤੇਜ਼ ਰਫ਼ਤਾਰ ਵਾਲੇ ਸਾਧਨਾਂ ਨੂੰ ਅਪਣਾਉਣ ਦੀ ਹਿੰਮਤ ਕਰਨੀ ਚਾਹੀਦੀ ਹੈ ਧਾਰਮਿਕ ਸਥਾਨਾਂ ‘ਤੇ ਰੈਲੀਆਂ ਪੁਰਾਤਨ ਸਮੇਂ ਦੀ ਜ਼ਰੂਰਤ ਸਨ ਬਦਲਦੇ ਹਾਲਾਤਾਂ ‘ਚ ਸਿਆਸਤਦਾਨ ਵੀ ਸਮੇਂ ਦੇ ਹਾਣੀ ਬਣਨ ਤਾਂ ਸੂਬੇ ਦੀ ਨੁਹਾਰ ਬਦਲ ਸਕਦੀ ਹੈ