ਮਹਾਰਾਣਾ ਪ੍ਰਤਾਪ ਦੇ ਨਾਂਅ ‘ਤੇ ਸਥਾਪਿਤ ਹੋਵੇਗੀ ਚੇਅਰ: ਰਾਜਪਾਲ

ਮਹਾਰਾਣਾ ਪ੍ਰਤਾਪ ਜਯੰਤੀ ਮੌਕੇ ਹੋਇਆ ਸੂਬਾ ਪੱਧਰੀ ਸਮਾਗਮ
ਕੁਲਵੰਤ ਕੋਟਲੀ
ਮੋਹਾਲੀ,
ਮਹਾਨ ਰਾਜਪੂਤ, ਕੁਸ਼ਲ ਰਣਨੀਤੀਕਾਰ ਅਤੇ ਵੀਰ ਯੋਧਾ ਮਹਾਰਾਣਾ ਪ੍ਰਤਾਪ ਜੀ ਦੇ ਨਾਂਅ ‘ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੇਅਰ ਸਥਾਪਤ ਕੀਤੀ ਜਾਵੇਗੀ। ਜਿਸ ਨਾਲ ਮਹਾਰਾਣਾ ਪ੍ਰਤਾਪ ਜੀ ਦੇ ਜੀਵਨ ਤੇ ਫਲਸਫੇ ‘ਤੇ ਅਧਾਰਿਤ ਹੋਰ ਖੋਜਾਂ ਨੂੰ ਬੜਾਵਾ ਮਿਲੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ  ਵੀ ਪੀ ਸਿੰਘ ਬਦਨੌਰ ਨੇ ਰਾਇਲ ਬੈਂਕੁਇੰਟ ਹਾਲ (ਸਵਾੜਾ) ਐਸਏਐਸ ਨਗਰ ਵਿਖੇ ਮਹਾਰਾਣਾ ਪ੍ਰਤਾਪ ਜੀ ਦੇ 477ਵੇਂ ਜਨਮ ਦਿਵਸ ‘ਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਰਾਜਪਾਲ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਹਾਰਾਣਾ ਪ੍ਰਤਾਪ ਇੱਕ ਮਹਾਨ ਦੇਸ ਭਗਤ ਅਤੇ ਵੀਰ ਯੋਧਾ ਸੀ। ਜਿਸ ਨੇ  ਮੁਗਲ ਰਾਜ ਦੇ  ਖਾਤਮੇ ਲਈ ਅਕਬਰ ਨਾਲ ਲੋਹਾ  ਲਿਆ ਅਤੇ ਮੁਗਲਾਂ ਵਿਰੁੱਧ ਪਹਿਲੀ ਵਾਰ ਗੁਰੀਲਾ ਯੁੱਧ ਦੀ ਸ਼ੁਰੂਆਤ ਕੀਤੀ। ਜਿਸ ਨਾਲ ਮਹਾਰਾਣਾ ਪ੍ਰਤਾਪ ਨੂੰ  ਮੁਗਲਾਂ ਵਿਰੁੱਧ ਵੱਡੀ ਸ਼ਕਤੀ ਮਿਲੀ ਅਤੇ ਮੁਗਲਾਂ ਦੇ ਮੇਵਾੜ ‘ਤੇ ਕਬਜ਼ਾ ਕਰਨ ਦੇ ਮਨਸੂਬਿਆਂ ਨੂੰ ਚਕਨਾਚੂਰ ਕੀਤਾ। ਉਨ੍ਹਾਂ ਕਿਹਾ ਕਿ ਇਸ ਮਹਾਨ ਵੀਰ ਯੋਧੇ ਦੇ ਜੀਵਨ ਅਤੇ ਫਲਸਫ਼ੇ ਨੂੰ ਸਮੁੱਚੇ ਭਾਰਤ ਵਿੱਚ ਜਾਣੂ ਕਰਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਹੋਰ ਮਜਬੂਤੀ ਨਾਲ ਭਰਿਆ ਜਾ ਸਕੇ। ਉਨ੍ਹਾਂ ਹੋਰ ਕਿਹਾ ਕਿ ਮਹਾਰਾਣਾ ਪ੍ਰਤਾਪ ਜੀ ਦੀ ਚੇਅਰ ਸਥਾਪਿਤ ਹੋਣ ਨਾਲ ਇਤਿਹਾਸਕ ਖੋਜ ਕੰਮਾਂ ਲਈ ਪੰਜਾਬ ਦੇ ਪ੍ਰੋਫੈਸਰ ਰਾਜਸਥਾਨ ਜਾ ਸਕਣਗੇ ਅਤੇ ਰਾਜਸਥਾਨ ਤੋਂ ਪ੍ਰੋਫੈਸਰ ਪੰਜਾਬ ਆ ਸਕਣਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਜੀ ਨੇ ਸਾਮਰਾਜੀ ਤਾਕਤਾਂ ਨਾਲ ਟੱਕਰ ਲੈ ਕੇ ਦੇਸ਼ ਦੀ ਆਜਾਦੀ ਦਾ ਮੁੱਢ ਬੰਨ੍ਹਿਆ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਅਜਿਹੇ ਮਹਾਨ ਵਿਅਕਤੀ ਸਨ। ਜਿਹੜੇ ਕਿ ਸਭ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਸਨ। ਜਿਸ ਨਾਲ ਮਾਨਵ ਏਕਤਾ ਨੂੰ ਬੜਾਵਾ ਮਿਲਿਆ। ਰਾਣਾ ਕੇ.ਪੀ. ਸਿੰਘ ਨੇ ਇਸ ਮੌਕੇ ਰਾਜਪਾਲ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦਾ ਪੰਜਾਬੀ ਯੂਨੀਵਰਸਿਟੀ ਵਿਖੇ ਮਹਾਰਾਣਾ ਪ੍ਰਤਾਪ ਦੇ ਨਾਂਅ ‘ਤੇ ਚੇਅਰ ਸਥਾਪਿਤ ਕਰਨ ਦੇ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ, ਰਾਜਸਥਾਨ ਦੇ ਸਮਾਜ ਸੇਵੀ ਅਸ਼ੋਕ ਸਿੰਘ, ਪ੍ਰਧਾਨ ਅਖਿਲ ਭਾਰਤੀ ਪ੍ਰਤਾਪ ਸੇਵਾ ਸੰਘ ਰਾਜਸਥਾਨ ਰਾਓ ਮਨੋਹਰ ਸਿੰਘ ਕ੍ਰਿਸਨਾਵੱਤ, ਰਾਣਾ ਹਰਿੰਦਰ ਸਿੰਘ ਪ੍ਰਧਾਨ ਆਲ ਇੰਡੀਆ ਕਸ਼ਤੱਰੀਯ ਮਹਾਂਸਭਾ ਪੰਜਾਬ  ਨੇ ਸੰਬੋਧਨ ਕੀਤਾ।  ਇਸ ਮੌਕੇ ਪ੍ਰਸਿੱਧ ਲੋਕ ਗਾਇਕ ਮੁਹਮੰਦ ਸਦੀਕ ਅਤੇ ਬੀਬਾ ਸੁਖਜੀਤ ਕੌਰ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਨਾਰਥ ਜੋਨ ਕਲਚਰ ਸੈਂਟਰ ਵੱਲੋਂ ਰਾਜਸਥਾਨ ਦੇ ਕਲਾਕਾਰ ਪ੍ਰੇਮ ਭੰਡਾਰੀ ਗਰੁੱਪ ਅਤੇ ਸ੍ਰੀ ਮਾਧਵ ਡਾਰਕ ਵੱਲੋਂ ਮਹਾਰਾਣਾ ਪ੍ਰਤਾਪ ਜੀ ਦੇ ਜੀਵਨ ‘ਤੇ ਅਧਾਰਿਤ ਵੀਰ ਗਾਥਾਵਾਂ ਵੀ ਪੇਸ਼ ਕੀਤੀਆਂ।
ਸਮਾਗਮ ‘ਚ ਵਿਧਾਇਕ ਬਸੀ ਪਠਾਣਾ ਜੀ ਪੀ ਸਿੰਘ, ਵਿਧਾਇਕ ਸਤਿਕਾਰ ਕੌਰ ਗਿੱਲ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋ, ਜੇ.ਜੇ. ਸਿੰਘ ਰਾਵਲ, ਜਸਟਿਸ ਰਘਬੀਰ ਸਿੰਘ ਰਾਠੌਰ ਮੈਂਬਰ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ, ਪ੍ਰਮੁੱਖ ਸਕੱਤਰ/ਰਾਜਪਾਲ ਐਮ.ਪੀ. ਸਿੰਘ, ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ