ਬੱਚੀਆਂ ਨੂੰ ਬੰਧਕ ਬਣਾ ਕੇ ਡਕੈਤੀ ਕਰਨ ਵਾਲੇ 4 ਕਾਬੂ 2 ਫ਼ਰਾਰ

ਜਸਵੰਤ ਰਾਏ

ਕੁਝ ਦਿਨ ਪਹਿਲਾਂ ਸਥਾਨਕ ਕੱਚਾ ਮਲਕ ਰੋਡ ਸਥਿੱਤ ਪ੍ਰੀਤ ਬਿਹਾਰ ਦੀ ਇੱਕ ਆਲੀਸ਼ਾਨ ਕੋਠੀ ‘ਚ ਦਾਖਲ ਹੋਏ ਨਕਾਬਪੋਸ਼ ਲੁਟੇਰਿਆਂ ਵੱਲੋਂ ਘਰ ‘ਚ ਮੌਜੂਦ ਦੋ ਬੱਚੀਆਂ ਨੂੰ ਪਿਸਤੌਲ ਦੀ ਨੋਕ ‘ਤੇ ਬੰਧਕ ਬਣਾ ਕੇ ਲੱਖਾਂ ਰੁਪਏ ਦੀ ਡਕੈਤੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 6 ਵਿਅਕਤੀਆਂ ਵਿੱਚੋਂ ਪੁਲਿਸ ਨੇ 4 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ 2 ਫਰਾਰ ਹਨ । ਜਗਰਾਓਂ ਦੇ ਐੱਸਐੱਸਪੀ ਦਫ਼ਤਰ ਵਿਖੇ ਰੱਖੀ ਗਈ ਕਾਨਫਰੰਸ ਦੌਰਾਨ ਜਲੰਧਰ ਜੋਨ ਦੇ ਆਈਜੀ ਅਰਪਿਤ ਸ਼ੁਕਲਾ, ਲੁਧਿਆਣਾ ਰੇਂਜ ਦੇ ਡੀਆਈਜੀ ਯੁਰਿੰਦਰ ਸਿੰਘ ਹੇਅਰ, ਜਗਰਾਓਂ ਦੇ ਐੱਸਐੱਸਪੀ ਸ੍ਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਬੇਰੀ ਪੁੱਤਰ ਰਾਮ ਰਛਪਾਲ ਬੇਰੀ ਵਾਸੀ ਕੱਚਾ ਮਲਕ ਰੋਡ ਜਗਰਾਓਂ ਦੇ ਘਰ ਦਾਖਲ ਹੋ ਕੇ ਉਸ ਦੀਆਂ ਦੋ ਬੇਟੀਆਂ ਮਹਿਕ ਉਮਰ 15 ਸਾਲ ਅਤੇ ਹਿਮਾਨੀ ਉਮਰ 10 ਸਾਲ ਜੋ ਕਿ ਘਰ ਵਿੱਚ ਇੱਕਲੀਆਂ ਸਨ ਨੂੰ ਅਣਪਛਾਤੇ ਛੇ ਦੋਸ਼ੀਆਂ ਵੱਲੋਂ ਬੀਤੀ 5 ਜੂਨ ਨੂੰ ਦਿਨ-ਦਹਾੜੇ ਘਰੇ ਬੰਧਕ ਬਣਾ ਕੇ 20 ਲੱਖ ਰੁਪਏ ਦਾ ਡਾਕਾ ਮਾਰ ਕੇ ਦੋਸ਼ੀ ਫਰਾਰ ਹੋ ਗਏ ਸਨ। ਜਿਸ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 181 ਦਰਜ ਰਜਿਸਟਰ ਕੀਤਾ ਗਿਆ। ਇਸ ੂਮਾਮਲੇ ਦੀ ਜਾਂਚ ਕਰ ਰਹੀ ਟੀਮ ਨੇ ਇਸ ਡਾਕੇ ‘ਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਸ਼ਨਾਖਤ ਕਰਕੇ ਉਨ੍ਹਾਂ ‘ਚੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਫੜੇ ਗਏ ਮੁਲਜ਼ਮਾਂ ਨੇ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਵਾਰਦਾਤ ਵਾਲੀ ਜਗ੍ਹਾ ਦੀ ਰੇਕੀ ਕੀਤੀ ਸੀ ਤੇ ਰੇਕੀ ਕਰਨ ਤੋਂ ਬਾਅਦ ਮੋਗੇ ਕਿਰਾਏ ‘ਤੇ ਲਏ ਮਕਾਨ ਵਿੱਚ ਜਾ ਕੇ ਸਾਰੀ ਵਾਰਦਾਤ ਦਾ ਪਲਾਨ ਤਿਆਰ ਕੀਤਾ ਸੀ। ਗ੍ਰਿਫਤਾਰ ਕੀਤੇ ਮੁਲਜ਼ਮ ਮਨਿੰਦਰਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਭਿੰਡਰ ਕਲਾਂ ਜ਼ਿਲ੍ਹਾ ਮੋਗਾ, ਮਨੀ ਸਿੰਘ ਪੁੱਤਰ ਚਰਨਜੀਤ ਸਿੰਘ, ਵਰਿੰਦਰ ਸਿੰਘ ਪੁੱਤਰ ਕਰਤਾਰ ਸਿੰਘ, ਸੁੱਖਾ ਸਿੰਘ ਉਰਫ ਗੋਰਾ ਪੁੱਤਰ ਸਤਨਾਮ ਸਿੰਘ ਕੋਠੇ ਖੰਜੂਰਾਂ ਜਗਰਾਓਂ ਹਨ। ਮੁਲਜ਼ਮਾਂ ਪਾਸੋਂ ਡਾਕੇ ਦੌਰਾਨ ਲੁੱਟੀ ਰਕਮ ਚਾਰ ਲੱਖ ਰੁਪਏ ਦੀ ਨਗਦੀ ਅਤੇ ਡਾਕੇ ਦੀ ਰਕਮ ਨਾਲ ਖਰੀਦੇ  ਦੋ ਮਹਿੰਗੇ ਮੋਬਾਇਲ ਸੈਟ ਸਮੇਤ ਵਾਰਦਾਤ ਵਿੱਚ ਵਰਤੇ ਦੋ ਮੋਟਰਸਾਇਕਲ ਨੰਬਰ ਪੀ ਬੀ 29 ਟੀ 5790 ਅਤੇ ਪੀ ਬੀ 10 ਐਫ ਵਾਈ 2135, ਵਾਰਦਾਤ ‘ਚ ਵਰਤੇ ਤੇਜਧਾਰ ਹਥਿਆਰ ਅਤੇ ਰਾਡ ਬਰਾਮਦ ਕੀਤੇ ਗਏ ਹਨ। ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਵਾਰਦਾਤ ਦਾ ਮੁੱਖ ਦੋਸ਼ੀ ਮਨਿੰਦਰਦੀਪ ਸਿੰਘ ਜੋ ਸਰਦੇ ਪੁੱਜਦੇ ਘਰ ਦਾ ਹੈ, ਜਿਸ ਨੇ ਨਸ਼ੇ ਦੀ ਪੂਰਤੀ ਲਈ ਆਪਣੇ ਨਸ਼ਈ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।