ਪੰਜਾਬ ‘ਚ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਿਵੇਂ

ਨਸ਼ਿਆਂ ਕਾਰਨ ਪੰਜਾਬ ਦੀ ਸਥਿਤੀ ਉਸ ਗੁਬਾਰੇ ਵਰਗੀ ਹੈ ਜੋ ਅਨਗਿਣਤ ਸੂਈਆਂ ਦੀ ਨੋਕ ‘ਤੇ ਖੜ੍ਹਾ ਹੋਵੇ ਬਹੁਤ ਸਾਰੇ ਪਿੰਡਾਂ ਦੀ ਪਛਾਣ ਨਸ਼ਈ ਪਿੰਡ, ਵਿਧਵਾਵਾਂ ਦੇ ਪਿੰਡ, ਛੜਿਆਂ ਦੇ ਪਿੰਡ, ਨਸ਼ੇ ਵੇਚਣ ਵਾਲੇ ਪਿੰਡ ਤੇ ਖੁਦਕੁਸ਼ੀਆਂ’ ਵਾਲੇ ਪਿੰਡ ਵਜੋਂ ਬਣ ਗਈ ਹੈ ਇੱਕ ਪਾਸੇ ਕੁਦਰਤ ਦੀ ਕਰੋਪੀ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਤੇ ਦੂਜੇ ਪਾਸੇ ਨਸ਼ਿਆਂ ਦੀ ਮਹਾਂਮਾਰੀ ਕਾਰਨ ਨਸਲਾਂ ਦਾ ਸਿਵਿਆਂ ਦੇ ਰਾਹ ਪੈਣਾ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈ ਉਮੰਗਾਂ ਅਤੇ ਤਰੰਗਾਂ ਨਾਲ ਭਰਪੂਰ ਅੱਖਾਂ ‘ਚ ਘੋੜਿਆਂ ਤੋਂ ਵੀ ਤੇਜ਼ ਰਫ਼ਤਾਰ ਰੱਖਣ ਵਾਲੀ ਸ਼ਕਤੀ ਵਾਲੇ ਨੌਜਵਾਨਾਂ ਦਾ ਵੱਡਾ ਹਿੱਸਾ ਨਸ਼ਿਆਂ ਦੀਆਂ ਪੌੜੀਆਂ ਨਾਲ ਬਰਬਾਦੀ ਦਾ ਸਫ਼ਰ ਤੈਅ ਕਰ ਰਿਹਾ ਹੈ ਅਜਿਹਾ ਵਰਤਾਰਾ ਚੰਗੇ ਸਿਹਤਮੰਦ ਸਮਾਜ ਦੀ ਨਹੀਂ ਸਗੋਂ ਘ੍ਰਿਣਤ ਪਸ਼ੂ ਬਿਰਤੀ ਸਮਾਜ ਦੀ ਨਿਸ਼ਾਨੀ ਹੈ ਜੰਗਲੀ ਕਿਸਮ ਦੇ ਹਿੰਸਕ, ਨੈਤਿਕਤਾ, ਸਦਾਚਾਰ, Àੁੱਚ ਆਦਰਸ਼, ਸਹਿਨਸ਼ੀਲਤਾ ਤੋਂ ਸੱਖਣੇ ਨੌਜਵਾਨ ਜਿਸਮਾਨੀ ਤੇ ਰੂਹਾਨੀ ਪੱਖੋਂ ਖੋਖਲੇ ਹੋ ਕੇ ਬੇਰਾਂ ਵਾਂਗ ਝੜ ਰਹੇ ਹਨ
ਪੰਜਾਬ ‘ਚ ਹਰ ਰੋਜ਼ 144 ਅਪਰਾਧਕ ਮਾਮਲੇ, 10 ਘੰਟਿਆਂ ਬਾਦ 1 ਕਤਲ, 2 ਕਾਤਲਾਨਾ ਹਮਲੇ, 11 ਚੋਰੀ ਦੀਆਂ ਵਾਰਦਾਤਾਂ, ਹਰ 2 ਦਿਨਾਂ ਬਾਦ 1 ਵਿਅਕਤੀ ਦਾ ਅਗਵਾ ਹੋਣਾ ਤੇ ਬਾਦ ‘ਚ ਫਿਰੌਤੀਆਂ ਤੇ ਕਤਲਾਂ ਦਾ ਰੁਝਾਨ, 2 ਦਿਨਾਂ ‘ਚ 5 ਔਰਤਾਂ ਨਾਲ ਜਬਰ ਜਨਾਹ, 2 ਦਿਨਾਂ ‘ਚ 7 ਝਪਟਮਾਰੀ ਤੇ ਗੈਂਗਸਟਰਾਂ ਵੱਲੋਂ ਦਿਨ-ਦਿਹਾੜੇ ਕੀਤੀਆਂ ਵਾਰਦਾਤਾਂ ਨੇ ਪੰਜਾਬ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੈ ਪੰਜਾਬ ‘ਚ ਧੀਆਂ ਦੀ ਰਾਖੀ ਕਰਨ ਵਾਲੇ ਬਾਬਲਾਂ ਦਾ ਦਿਨ ਦਿਹਾੜੇ ਕਤਲ ਹੋਣਾ, ਗੋਲੀਆਂ ਦੀ ਵਾਛੜ ਕਰਕੇ ਧੀਆਂ ਨੂੰ ਘਰੋਂ ਉਧਾਲ ਕੇ ਲੈ ਜਾਣਾ, ਬਿਨਾ ਕਿਸੇ ਡਰ ਭੈਅ ਦੇ ਨਜਾਇਜ਼ ਹਥਿਆਰਾਂ ਦੀ ਨੁਮਾਇਸ਼ ਕਰਕੇ ਨਜਾਇਜ਼ ਨਸ਼ੇ ਵੇਚਣ ਦੇ ਧੰਦੇ ਨੇ 21ਵੀਂ ਸਦੀ ਦੇ ਪੰਜਾਬ ਦੀ ਨੀਂਹ ਹੈਰੋਇਨ, ਸਮੈਕ ਦੇ ਪੈਕੇਟ, ਨਸ਼ੇ ਦੇ ਕੈਪਸੂਲ, ਗੋਲੀਆਂ, ਟੀਕਿਆਂ, ਸ਼ਰਾਬ ਦੀਆਂ ਬੋਤਲਾਂ ਅਤੇ ਭੁੱਕੀ ਦੇ ਢੇਰਾਂ ‘ਤੇ ਰੱਖ ਦਿੱਤੀ ਹੈ ਅਜਿਹੀ ਸਥਿਤੀ ਨੇ ਮੁਲਕ ਦੇ ਪਛੜੇਪਨ ਅਤੇ ਵਿਕਾਸ ‘ਚ ਖੜੋਤ ਲਿਆਉਣ ਦੇ ਨਾਲ-ਨਾਲ ਸਿਰਜਨਾਤਮਿਕ ਸ਼ਕਤੀਆਂ ਨੂੰ ਜੂੜ ਲਾਇਆ ਹੈ ਘਰਾਂ ਅੰਦਰ ਵਿਛੇ ਸੱਥਰ ਅਤੇ ਠੰਢੇ ਚੁੱਲ੍ਹਿਆਂ ਨੇ ਪੰਜਾਬੀਆਂ ਦੀ ਸਥਿਤੀ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਕਰ ਦਿੱਤੀ ਹੈ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਚਿੰਤਨ ਕਰਨ ਤੋਂ ਪਹਿਲਾਂ ਕੁਝ ਘਟਨਾਵਾਂ ਦਾ ਵਰਨਣ ਕਰਨਾ ਜ਼ਰੂਰੀ ਹੈ
ਕੁਝ ਸਮਾਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਨਸ਼ਿਆਂ ਦੇ ਰੁਝਾਨ ਸਬੰਧੀ ਹੋਏ ਸੈਮੀਨਾਰ ‘ਚ ਇੱਕ ਦਿਆਨਤਦਾਰ , ਇਮਾਨਦਾਰ ਤੇ ਨਸ਼ਿਆਂ ਦੀ ਸਥਿਤੀ ਤੋਂ ਦੁਖੀ ਸੀਨੀਅਰ ਪੁਲਿਸ ਅਧਿਕਾਰੀ ਦਾ ਅੰਤਾਂ ਦੀ ਉਦਾਸੀ ‘ਚ ਇਹ ਕਹਿਣਾ, ਅਸੀਂ ਪੁਲਿਸ ਵਾਲੇ ਜੇ ਚਾਹੀਏ ਤਾਂ ਇੱਕ ਹਫ਼ਤੇ ‘ਚ ਨਸ਼ਾ ਖਤਮ ਕਰ ਸਕਦੇ ਹਾਂ, ਪਰ ਸਾਥੋਂ ਆਸ ਨਾ ਰੱਖੋ
ਜਲੰਧਰ ਦੂਰਦਰਸ਼ਨ ਤੋਂ ਬੋਲਦਿਆਂ ਇੱਕ ਹੋਰ ਸੇਵਾ ਮੁਕਤ ਸੀਨੀਅਰ ਪੁਲਿਸ ਅਧਿਕਾਰੀ ਦਾ ਇਹ ਪ੍ਰਗਟਾਵਾ ਜਦੋਂ ਮੈਂ ਪੰਜਾਬ ਦੇ ਇੱਕ ਸਰਹੱਦੀ ਜਿਲ੍ਹੇ ਦਾ ਐਸਐਸਪੀ  ਸੀ ਤਾਂ ਮੈਂ 55 ਕਿੱਲੋ ਹੈਰੋਇਨ ਦੀ ਖੇਪ ਫੜੀ ਸੀ ਸਮਗਲਰਾਂ ਵਿਰੁੱਧ ਤੁਰੰਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਸੀਖਾਂ ਅੰਦਰ ਕਰ ਦਿੱਤਾ ਸੀ ਸਮਗਲਰਾਂ ਨੂੰ ਛੱਡਣ ਲਈ ਮੇਰੇ ‘ਤੇ ਸਿਆਸੀ ਦਬਾਅ ਪਾਇਆ ਗਿਆ ਪਰ ਮੈਂ ਨਹੀਂ ਝੁਕਿਆ ਅਗਲੇ ਦਿਨ ਹੀ ਮੇਰੀ ਬਦਲੀ ਦੇ ਹੁਕਮ ਜਾਰੀ ਹੋ ਗਏ ਸਨ
ਕੁੱਝ ਸਮਾਂ ਪਹਿਲਾਂ ਹੀ ਲੁਧਿਆਣਾ ਵਿਖੇ ਇੱਕ ਕਾਰ ‘ਚੋਂ ਨੌਜਵਾਨ ਦੀ ਲਾਸ਼ ਮਿਲੀ ਸੀ ਪੋਸਟਮਾਰਟਮ ਰਿਪੋਰਟ ‘ਚ ਪ੍ਰਗਟਾਵਾ ਹੋਇਆ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰ ਡੋਜ਼ ਕਾਰਨ ਹੋਈ ਹੈ ਉਸ ਵੇਲੇ ਆਪਣੇ ਇਕਲੌਤੇ ਪੁੱਤ ਦੀ ਮੌਤ ‘ਤੇ ਖੂਨ ਦੇ ਅਥਰੂ ਕੇਰਦਿਆਂ ਉਸ ਦੇ ਬਾਪ ਨੇ ਰਾਜ ਸੱਤਾ ਭੋਗ ਰਹੇ ਆਗੂਆਂ ਨੂੰ ਮਿਹਣਾ ਮਾਰਦਿਆਂ ਕਿਹਾ ਸੀ , ਮੈਂ ਮੰਨਦਾ ਹਾਂ ਕਿ ਮੇਰਾ ਪੁੱਤ ਨਸ਼ਿਆਂ ਦੀ ਓਵਰ ਡੋਜ਼ ਕਾਰਨ ਮਰਿਆ ਹੈ ਪਰ ਇਹ ਨਸ਼ਾ ਆਇਆ ਕਿੱਥੋਂ?
ਰਾਜ ਸੱਤਾ ਦੀ ਤਬਦੀਲੀ ਤੋਂ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਇੱਕ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਤੋਂ ਨਸ਼ਾ ਮੁਕਤ ਹੋਏ ਨੌਜਵਾਨ ਨੇ ਰੇਡੀਓ ਸਟੇਸ਼ਨ ਪਟਿਆਲਾ ਦੇ ਨਿਰਦੇਸ਼ਕ ਨਾਲ ਪ੍ਰਸਾਰਤ ਹੋਈ ਇੰਟਰਵਿਊ ‘ਚ ਪ੍ਰਗਟਾਵਾ ਕੀਤਾ ਸੀ ਕਿ ਲੁਧਿਆਣਾ ‘ਚ ਰੋਟੀ ਪਕਾਉਣ ਲਈ ਦੁਕਾਨ ਤੋਂ ਆਟਾ ਦੇਰ ਨਾਲ ਪਹੁੰਚ ਸਕਦਾ ਹੈ, ਪਰ ਮੁਬਾਇਲ ‘ਤੇ ਆਰਡਰ ਦੇਣ ਨਾਲ ਨਸ਼ੇ ਦੀ ਤੁਰੰਤ ਹੋਮ ਡਿਲੀਵਰੀ ਹੋ ਜਾਂਦੀ ਹੈ ਇਹ ਚਾਰ ਜਿਉਂਦੀਆਂ ਜਾਗਦੀਆਂ ਮਿਸਾਲਾਂ ਤੋਂ ਇਕ ਗੱਲ ਸਪਸ਼ਟ ਹੈ ਕਿ ਨਸ਼ਿਆਂ ਦੇ ਗੈਰ ਕਾਨੂੰਨੀ ਧੰਦੇ ‘ਚ ਸ਼ਾਮਲ ਭ੍ਰਿਸ਼ਟ ਆਗੂਆਂ, ਸਮੱਗਲਰਾਂ, ਮੁਜ਼ਰਮਾਂ ਤੇ ਦਾਗੀ ਅਫ਼ਸਰਾਂ ਦੀ ਜੁੰਡਲੀ ਨੇ ਪੰਜਾਬ ਦੀ ਜਵਾਨੀ ਦਾ ਘਾਣ ਕਰਨ ‘ਚ ਕੋਈ ਕਸਰ ਨਹੀਂ ਛੱਡੀ
2014 ‘ਚ ਲੋਕ ਸਭਾ ਦੀਆਂ ਚੋਣਾ ਸਮੇਂ ਪੰਜਾਬ ਦੀ ਗੰਭੀਰ ਸਮੱਸਿਆ ਉੱਭਰ ਕੇ ਸਾਹਮਣੇ ਆਈ ਸੀ ਤੇ ਉਸ ਵੇਲੇ ਸੱਤਾ ‘ਤੇ ਕਾਬਜ ਪਾਰਟੀ ਨੂੰ ਅੰਦਾਜ਼ਨ 12.5% ਵੋਟ ਬੈਂਕ ਦਾ ਖੋਹਰਾ ਲੱਗਣ ਕਾਰਨ ਉਨ੍ਹਾਂ ਨੂੰ ਇਸ ਗੰਭੀਰ ਸਮੱਸਿਆ ਨੇ ਝੰਜੋੜਿਆ ਸੀ ਪ੍ਰਧਾਨ ਮੰਤਰੀ ਦਾ ਆਪਣੀ ‘ਮਨ ਕੀ ਬਾਤ’ ‘ਚ ਪੰਜਾਬ ਦੀ ਨਸ਼ਿਆਂ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਨਾ, ਉਸ ਵੇਲੇ ਦੀ ਪੰਜਾਬ ਸਰਕਾਰ ਵੱਲੋਂ ਸਰਹੱਦ ਰਾਹੀਂ ਨਸ਼ਿਆਂ ਦੇ ਦਾਖਲ ਹੋਣ ਦਾ ਦੋਸ਼ ਲਾ ਕੇ ਗੇਂਦ ਕੇਂਦਰ ਸਰਕਾਰ ਦੇ ਪਾਲੇ ‘ਚ ਸੁੱਟਣ ‘ਤੇ ਪੰਜਾਬ ਦੇ ਬੁੱਧੀਜੀਵੀਆਂ, ਚਿੰਤਕਾਂ ਤੇ ਆਮ ਲੋਕਾਂ ਵੱਲੋਂ ਇਸ ਤਰ੍ਹਾਂ ਦੀ ਸ਼ਿਕਵੇ ਭਰਪੂਰ ਆਵਾਜ ਉੱਠੀ ਸੀ-
ਤੂੰ ਇਧਰ ਉਧਰ ਕੀ ਨਾ ਬਾਤ ਕਰ,
ਯੇਹ ਬਤਾ ਕਿ ਕਾਫ਼ਲਾ ਕਿਉਂ ਲੁਟਾ
ਮੁਝੇ ਰਾਹਜ਼ਨੋ ਸੇ ਗਰਜ਼ ਨਹੀਂ,
ਤੇਰੀ ਰਹਿਬਰੀ ਕਾ ਸਵਾਲ ਹੈ
ਲੋਕਾਂ ਦੇ ਭਾਰੀ ਦਬਾਅ ਤੇ ਵੋਟ ਬੈਂਕ ਦੇ ਖੋਰੇ ਨੂੰ ਭਰਨ ਲਈ ਉਸ ਵੇਲੇ ਸਰਕਾਰ ਵੱਲੋਂ ‘ਨਸ਼ਾ ਵਿਰੋਧੀ’ ਮੁਹਿੰਮ ਸ਼ੁਰੂ ਕਰਕੇ ਇੱਕ ਪਾਸੇ ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ ਦਵਾਈਆਂ ਦਾ ਡਮਰੂ ਵਜਾਇਆ ਗਿਆ ( ਉਨ੍ਹਾਂ ਦਵਾਈਆਂ ‘ਚ ਨਸ਼ੇ ਦੀ ਕਾਫੀ ਮਾਤਰਾ ਸ਼ਾਮਲ ਸੀ) ਤੇ ਦੂਜੇ ਪਾਸੇ ਨਸ਼ਈਆਂ ਨੂੰ ਧੜਾਧੜ ਫੜ ਕੇ ਜੇਲ੍ਹਾਂ ਅੰਦਰ ਸੁੱਟਿਆ ਗਿਆ ਪਰ ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾਇਆ ਗਿਆ ਸਗੋਂ ਉਹ ਤਾਂ ਨਸ਼ਿਆਂ ਸਬੰਧੀ ਹੁੰਦੇ ਸੈਮੀਨਾਰਾਂ ‘ਚ ਰਾਜਸੀ ਆਗੂਆਂ ਨਾਲ ਪਤਵੰਤੇ ਸ਼ਹਿਰੀ ਹੋਣ ਕਾਰਨ ਸਟੇਜ਼ਾਂ ‘ਤੇ ਸੁਸ਼ੋਭਿਤ ਹੁੰਦੇ ਰਹੇ ਨਸ਼ਈਆਂ ਨੂੰ ਜੇਲ੍ਹਾਂ ‘ਚ ਸੁੱਟਣ ‘ਤੇ ਇੱਕ ਵਿਦਵਾਨ ਸੱਜਣ ਨੇ ਹਾਅ ਦਾ ਨਾਅਰਾ ਮਾਰਦਿਆਂ ਲਿਖਿਆ ਸੀ, ”ਨਸ਼ਈ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ ਇਨ੍ਹਾਂ ਨਾਲ ਪੀੜਤਾਂ ਵਾਲਾ ਵਰਤਾਉ ਕਰਕੇ ਸਮੱਸਿਆ ਦਾ ਹੱਲ ਲੱਭਿਆ ਜਾਵੇ ਸਮੱਸਿਆ ਦਾ ਹੱਲ ਚੋਰ ਨਹੀਂ, ਚੋਰ ਦੀ ਮਾਂ ਹੈ ਉਸ ਨੂੰ ਫੜ ਕੇ ਸਖ਼ਤ ਸਜ਼ਾ ਦਿੱਤੀ ਜਾਵੇ ਸਮਾਜ ਉਨ੍ਹਾਂ ਲੋਕਾਂ ਦੀ ਚਿੰਤਾ ਨਹੀਂ ਕਰਦਾ ਜੋ ਜੇਲ੍ਹਾਂ ‘ਚ ਹਨ, ਸਗੋਂ ਉਨ੍ਹਾਂ ਦੀ ਚਿੰਤਾ ਕਰਕੇ ਦੁਖੀ ਹੈ ਜੋ ਹੋਣੇ ਜੇਲ੍ਹ ‘ਚ ਚਾਹੀਦੇ ਹਨ, ਪਰ ਦਨਦਨਾਉਂਦੇ ਫਿਰਦੇ ਹਨ”
ਵਰਤਮਾਨ ਸਰਕਾਰ ਨੇ ਸੱਤਾ ‘ਤੇ ਕਾਬਜ਼ ਹੋਣ ਤੋਂ ਪਹਿਲਾਂ ਹੀ ਪੰਜਾਬ ‘ਚੋਂ ਇੱਕ ਮਹੀਨੇ ਦੇ ਅੰਦਰ-ਅੰਦਰ ਨਸ਼ਿਆਂ ਦੇ ਖਾਤਮੇ ਲਈ ਦ੍ਰਿੜ ਇੱਛਾ ਸ਼ਕਤੀ ਦਾ ਪ੍ਰਗਟਾਵਾ ਕੀਤਾ ਸੀ ਉਨ੍ਹਾਂ ਵੱਲੋਂ ਇਸ ਸਬੰਧ ‘ਚ ਸਪੈਸ਼ਲ ਟਾਸਕ ਫੋਰਸ ਸਥਾਪਤ ਕਰਨਾ, ਸ਼ਰਾਬ ਦੇ ਠੇਕਿਆਂ ਦੀ ਗਿਣਤੀ ‘ਚ ਕਟੌਤੀ ਕਰਨਾ ਤੇ 5 ਸਾਲਾਂ ‘ਚ  ਸ਼ਰਾਬ ਦੇ 50% ਠੇਕੇ ਖਤਮ ਕਰਨਾ ਉਸਾਰੂ ਤੇ ਸਵਾਗਤਯੋਗ ਫੈਸਲੇ ਹਨ ਨਸ਼ਿਆਂ ਰੂਪੀ ਦੈਂਤ ਦੇ ਖਾਤਮੇ ਲਈ ਸਰਕਾਰ ਦੀ ਦ੍ਰਿੜ ਇੱਛਾ ਸ਼ਕਤੀ, ਲੋਕਾਂ ਦਾ ਭਰਵਾਂ ਸਹਿਯੋਗ, ਸਰਕਾਰੀ ਤੰਤਰ ਦੀ ਸੁਹਿਰਦਤਾ ਤੇ ਇਮਾਨਦਾਰੀ ਬੇਹੱਦ ਜ਼ਰੂਰੀ ਹੈ ਵੱਖ-ਵੱਖ ਸਰਵੇਖਣਾਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ਨਾਲ ਲਗਦੀ 553 ਕਿਲੋਮੀਟਰ ਲੰਬੀ ਸਰਹੱਦ ਰਾਹੀਂ ਜਿਹੜੀ ਹੈਰੋਇਨ ਪੰਜਾਬ ‘ਚ ਦਾਖਲ ਹੁੰਦੀ ਹੈ ਉਸ ਦੀ ਅੰਦਾਜਨ 7% ਖਪਤ ਹੀ ਪੰਜਾਬ ‘ਚ ਹੁੰਦੀ ਹੈ ਦਰਅਸਲ ਪੰਜਾਬ ਨੂੰ ਤਸਕਰ ਹੈਰੋਇੰਨ/ਸਮੈਕ ਦੀ ਸਪਲਾਈ ਲਈ ਅੰਤਰਰਾਸ਼ਟਰੀ ਪੜਾਅ ਵਜੋਂ ਵਰਤ ਰਹੇ ਹਨ ਪਾਕਿਸਤਾਨ ਤੋਂ ਤਸਕਰ ਅੰਦਾਜਨ 1 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੈਰੋਇਨ ਖਰੀਦਦੇ ਹਨ, ਜਿਸ ਨੂੰ ਪੰਜਾਬ ‘ਚ ਅੰਦਾਜਨ 5 ਲੱਖ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ ਤੇ ਅੰਤਰਰਾਸ਼ਟਰੀ ਪੱਧਰ ਤੇ ਇਹ ਹੈਰੋਇਨ 1 ਕਰੋੜ ਰੁਪਏ ਤੋਂ 5 ਕਰੋੜ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ ਚਿੰਤਾ ਵਾਲੀ ਗੱਲ ਹੈ ਕਿ ਤਸਕਰ ਬੀਐਸਐਫ  ਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਧੋਖਾ ਦੇ ਕੇ ਜਾਂ ਕੁੱਝ ਸੁਰੱਖਿਆ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਆਪਣਾ ਮਾਲ ਪੰਜਾਬ ‘ਚ ਲੈ ਵੀ ਆਉਂਦੇ ਹਨ ਤਾਂ ਫਿਰ ਅੱਗੇ ਪੰਜਾਬ ਦਾ ਸੂਹੀਆ ਤੰਤਰ ਤੇ ਪੁਲਿਸ ਵਿਭਾਗ ਇਸ ਨੂੰ ਪੰਜਾਬ ‘ਚ ਦਾਖਲ ਹੋਣ ਤੋਂ ਰੋਕਣ ਲਈ ਕਿੰਨਾ ਕੁ ਯਤਨਸ਼ੀਲ ਹੈ ਨਸ਼ਈ ਪੰਜਾਬੀ ਜਿਹੜੀ ਹੈਰੋਇਨ ਦੀ ਵਰਤੋਂ ਕਰਦੇ ਹਨ ਉਹ ਭਾਰਤ ਦੇ ਕੁੱਝ ਪ੍ਰਾਂਤਾਂ ਦੇ ਨਾਲ-ਨਾਲ ਪੰਜਾਬ ‘ਚ ਹੀ ਤਿਆਰ ਕੀਤੀ ਜਾਂਦੀ ਹੈ ਉਸ ਦਾ ਰੇਟ ਘੱਟ ਹੋਣ ਦੇ ਨਾਲ-ਨਾਲ ਮਿਆਰ ਵੀ ਅਫਗਾਨਿਸਤਾਨੀ ਹੈਰੋਇਨ ਨਾਲੋਂ ਕਾਫੀ ਘੱਟ ਹੁੰਦਾ ਹੈ ਭਲਾ ਜਿਹੜੀ ਹੈਰੋਇਨ ਭਾਰਤ ਦੇ ਕੁੱਝ ਪ੍ਰਾਂਤਾਂ ਦੇ ਨਾਲ ਨਾਲ ਪੰਜਾਬ ‘ਚ ਤਿਆਰ ਹੋ ਕੇ ਪੰਜਾਬ ਦੀ ਜਵਾਨੀ ਦਾ ਘਾਣ ਕਰਦੀ ਹੈ, ਉਸ ਲਈ ਬਾਹਰੀ ਤਾਕਤਾਂ ਜ਼ਿੰਮੇਵਾਰ ਕਿੰਜ ਹੋਈਆਂ ਕਿਸੇ ਕੌਮ ਦੀ ਬਰਬਾਦੀ ਉਦੋਂ ਹੁੰਦੀ ਹੈ ਜਦੋਂ ਰਖਵਾਲਿਆਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਮਹਿਕਾਂ ਦੀ ਪੱਤ ਉਸ ਸਮੇਂ ਰੁਲਦੀ ਹੈ ਜਦੋਂ ਮਾਲੀ ਦਗ਼ਾਬਾਜ਼ ਹੋ ਜਾਣ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਭੁੱਕੀ, ਅਫੀਮ ਅਤੇ ਸਿੰਥੈਟਿਕ ਡਰਗਜ਼ ਪੰਜਾਬ ‘ਚ ਲੈ ਕੇ ਆਉਣ ਲਈ ਫਾਜ਼ਿਲਕਾ ਰਾਹੀਂ 25 ਲਾਂਘੇ ਹਨ ਇਨ੍ਹਾਂ ਲਾਂਘਿਆਂ ‘ਤੇ ਸੁਰੱਖਿਆ ਏਜੰਸੀਆਂ ਦੀ ਬਾਜ਼ ਅੱਖ ਰੱਖਣ ਨਾਲ ਭੁੱਕੀ, ਅਫੀਮ ਤੇ ਸਿੰਥੈਟਿਕ ਡਰਗਜ਼ ਦੇ ਨਸ਼ੇ ਦੀ ਸਪਲਾਈ ਲਾਇਨ ਦਾ ਲੱਕ ਬੁਰੀ ਤਰ੍ਹਾਂ ਤੋੜਿਆ ਜਾ ਸਕਦਾ ਹੈ
ਕੋਈ ਵੀ ਲੋਕ ਲਹਿਰ ਉਨੀ ਦੇਰ ਤੱਕ ਸਫਲ ਨਹੀਂ ਹੁੰਦੀ ਜਦੋਂ ਤੱਕ ਲੋਕਾਂ ਦਾ ਭਰਵਾਂ ਸਹਿਯੋਗ ਲਹਿਰ ਦਾ ਹਿੱਸਾ ਨਹੀਂ ਬਣ ਜਾਂਦਾ ਪੇਂਡੂ ਲੋਕਾਂ ਦਾ ਸੁਭਾਅ ਹੈ ਕਿ ਗੱਡੀ ਫੜਨ ਸਮੇਂ ਉਹ ਗੱਡੀ ਦੇ ਆਉਣ ਤੋਂ 23 ਘੰਟੇ ਪਹਿਲਾਂ ਹੀ ਪੁੱਜ ਜਾਂਦੇ ਹਨ ਤੇ ਗੱਡੀ ਦੇ ਆਉਣ ਦਾ ਸਮਾਂ ਪਤਾ ਕਰਕੇ ਉਥੇ ਹੀ ਸੌਂ ਜਾਂਦੇ ਹਨ ਉਨ੍ਹਾਂ ਦੀ ਅੱਖ ਉਦੋਂ ਖੁੱਲ੍ਹਦੀ ਹੈ ਜਦੋਂ ਦਗੜ-ਦਗੜ ਕਰਕੇ ਗੱਡੀ ਲੰਘ ਜਾਂਦੀ ਹੈ ਪਰ ਹੁਣ ਸੌਣ ਦਾ ਵੇਲਾ ਨਹੀਂ ਸਗੋਂ ਜਾਗਣ ਦਾ ਵੇਲਾ ਹੈ ਕਈ ਪਿੰਡਾਂ ‘ਚ ਲੋਕਾਂ ਵੱਲੋਂ ਠੀਕਰੀ ਪਹਿਰੇ ਦੇ ਕੇ ਰਾਤ ਨੂੰ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ‘ਸੋਧਣ’ ਦੇ ਕਿੱਸੇ ਸੁਨਣ ‘ਚ ਆਉਣਾ ਇੱਕ ਚੰਗਾ ਸ਼ਗਨ ਹੈ ਤੇ ਤਸਕਰਾਂ ਲਈ ਵਗਾਂਰ ਵੀ ਇਥੇ ਵਰਣਨਯੋਗ ਹੈ ਕਿ ਨਾ ਤਾਂ ਤਸਕਰਾਂ ਦੇ ਪੈਰ ਹੀ ਇੰਨੇ ਮਜ਼ਬੂਤ ਹੁੰਦੇ ਹਨ ਕਿ ਉਨ੍ਹਾਂ ਨੂੰ ਖਦੇੜਿਆ ਨਾ ਜਾ ਸਕੇ ਅਤੇ ਨਾ ਹੀ ਨਸ਼ੇ ਦੀਆਂ ਸ਼ੀਸ਼ੀਆਂ ਇੰਨੀਆਂ ਪੱਕੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਤੋੜਿਆ ਨਾ ਜਾ ਸਕੇ ਸੰਗਰੂਰ ਦਾ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ, ਸਾਇੰਟੀਫਿਕ ਅਵੇਅਰਨੈਸ ਐਂਡ ਸੋਸ਼ਲ ਵੈੱਲਫੇਅਰ ਸੰਸਥਾ, ਬਿਰਧ ਆਸ਼ਰਮ ਬਡਰੁੱਖਾਂ ਅਤੇ ਸਮਾਜ ਭਲਾਈ ਮੰਚ ਸ਼ੇਰਪੁਰ ਨੇ ਸਾਂਝੇ ਰੂਪ ‘ਚ ਵਿਦਿਆਰਥੀ ਵਰਗ ਨੂੰ ਨਸ਼ਿਆਂ ਜਿਹੀ ਨਾਮੁਰਾਦ ਬਿਮਾਰੀ ਤੋਂ ਦੂਰ ਰੱਖਣ ਲਈ ਜਾਗਰੂਕਤਾ ਮੂਹਿੰਮ ਜਾਰੀ ਰੱਖਣ ਦੇ ਨਾਲ-ਨਾਲ ਪੰਚਾਇਤਾਂ ਨੂੰ ਪ੍ਰੇਰਣਾ ਦੇ ਕੇ ਪਿੰਡਾਂ ‘ਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਲਈ ਸਾਲ 2009 ਤੋਂ ਮੁਹਿੰਮ ਅਰੰਭ ਕੀਤੀ ਹੋਈ ਹੈ ਤੇ ਇਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ ਅਜਿਹੀਆਂ ਹੋਰ ਵੀ ਕਈ ਸੰਸਥਾਵਾਂ ਇਸ ਖੇਤਰ ‘ਚ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ ਅਜਿਹੀਆਂ ਸੰਸਥਾਵਾਂ ਨੂੰ ਸਰਕਾਰ ਵੱਲੋਂ ਹੱਲਾਸ਼ੇਰੀ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਪਿੱਠ ਥਾਪੜਨੀ ਬੇਹੱਦ ਜ਼ਰੂਰੀ ਹੈ ਤਾਂ ਜੋ ਉਹ ਹੋਰ ਵੀ ਸਮਰਪਿਤ ਭਾਵਨਾ ਨਾਲ ਇਸ ਖੇਤਰ ‘ਚ ਕੰਮ ਕਰਦੇ ਰਹਿ ਸਕਣ
ਮਾਪਿਆਂ ਵੱਲੋਂ ਪਦਾਰਥਕ ਦੌੜ ‘ਚ ਸ਼ਾਮਲ ਹੋ ਕੇ ਆਪਣੀ ਔਲਾਦ ਦੀ ਲਾਪਰਵਾਹੀ, ਲੋੜ ਤੋਂ ਵੱਧ ਸਹੂਲਤਾਂ ਦੇ ਨਾਲ-ਨਾਲ ਵਾਧੂ ਜੇਬ ਖਰਚ ਨੇ ਵੀ ਬੱਚਿਆਂ ਨੂੰ ਵਿਗਾੜਿਆ ਹੈ ਮਾਪਿਆਂ ਵੱਲੋਂ ਆਪਣੀਆਂ ਫੁੱਲੀਆਂ ਜੇਬਾਂ ਦਾ ਧਿਆਨ ਰੱਖਣ ਦੀ ਥਾਂ ਆਪਣੀ ਅਸਲ ਪੂੰਜੀ ‘ਔਲਾਦ’ ਨੂੰ ਸੰਭਾਲਨ ਦੀ ਲੋੜ ਹੈ ਬੱਚਿਆਂ ਲਈ ਮਾਪਿਆਂ ਦਾ ਰੋਲ ਮਾਡਲ ਵਾਲਾ ਫਰਜ਼ ਨਾ ਨਿਭਾਉਣ ਦਾ ਖਾਮਿਆਜ਼ਾ ਉਨ੍ਹਾਂ ਨੂੰ ਉਦੋਂ ਭੁਗਤਣਾ ਪੈਂਦਾ ਹੈ ਜਦੋਂ ਉਨ੍ਹਾਂ ਦਾ ਪੁੱਤਰ ਗਲਤ ਸੰਗਤ ‘ਚ ਪੈ ਕੇ ਨਸ਼ਿਆਂ ਦੀ ਦਲਦਲ ‘ਚ ਧਸ ਜਾਂਦਾ ਹੈ
ਵਿੱਦਿਅਕ ਸੰਸਥਾਵਾਂ ‘ਚ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਜਿੰਦਗੀ ਦੀ ਪੜ੍ਹਾਈ ਦਾ ਪਾਠ ਪੜ੍ਹਾਉਣਾ ਬੇਹੱਦ ਜ਼ਰੂਰੀ ਹੈ ਨਸ਼ਿਆਂ ਦੇ ਮਾਰੂ ਪ੍ਰਭਾਵ ਦਾ ਵਿਸ਼ਾ ਵਿਦਿਆਰਥੀਆਂ ਦੇ ਪਾਠਕ੍ਰਮ ਦਾ ਹਿੱਸਾ ਹੋਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਵਰਗ ਨੈਤਿਕ ਕਦਰਾਂ ਕੀਮਤਾਂ ਦਾ ਧਾਰਨੀ ਹੋ ਕੇ ਅਜਿਹੀਆਂ ਬੁਰਾਈਆਂ ਤੋਂ ਦੂਰ ਰਹਿ ਸਕੇ ਸਰਕਾਰ ਦੀ ਦ੍ਰਿੜ ਇੱਛਾ ਸ਼ਕਤੀ, ਲੋਕਾਂ ਦਾ ਭਰਵਾਂ ਸਹਿਯੋਗ, ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਮਰਪਿਤ ਭਾਵਨਾ, ਅਧਿਆਪਕ, ਰੰਗਕਰਮੀਆਂ,ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਚਿੰਤਕਾਂ ਦੇ ਭਰਵੇਂ ਸਹਿਯੋਗ ਨਾਲ ਹੀ ਪੰਜਾਬ ਅੰਦਰ ਪੈਰ ਪਸਾਰ ਰਹੇ ਨਸ਼ਿਆਂ ਦੇ ਦੈਂਤ ਨੂੰ ਢਹਿ ਢੇਰੀ ਕੀਤਾ ਜਾ ਸਕਦਾ ਹੈ ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਨਸਲਾਂ ਦੀ ਤਬਾਹੀ ਹੋਣ ਵਾਲਾ ਇਤਿਹਾਸ ਸਾਡੀ ਹੋਣੀ ‘ਤੇ ਕੀਰਨੇ ਪਾਵੇਗਾ ਅਤੇ ਅਸੀਂ ਬੁਜਦਿਲਾਂ ਦੀ ਕਤਾਰ ‘ਚ ਸ਼ਾਮਲ ਹੋਵਾਂਗੇ
ਮੋਹਨ ਸ਼ਰਮਾ
ਪ੍ਰੋਜੈਕਟ ਡਾਇਰੈਕਟਰ,
ਨਸ਼ਾ ਛੁਡਾਊ ਕੇਂਦਰ,ਸੰਗਰੂਰ
ਮੋ: 94171-48866