ਜਲਦ ਸ਼ੁਰੂ ਹੋਣਗੀਆਂ ਲੁਧਿਆਣਾ, ਪਠਾਨਕੋਟ ਤੇ ਆਦਮਪੁਰ ਤੋਂ ਉਡਾਣਾਂ

ਭਾਰਤ ਸਰਕਾਰ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ
ਚੰਡੀਗੜ੍ਹ, ਸੱਚ ਕਹੂੰ ਨਿਊਜ਼
ਸੂਬੇ ਦੇ ਆਮ ਲੋਕਾਂ ਵਾਸਤੇ ਵਾਜਬ ਹਵਾਈ ਸਫਰ ਨੂੰ ਉਤਸ਼ਾਹ ਦੇਣ ਵੱਲ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਦੇਸ਼ ਦੇ ਮੁੱਖ ਪ੍ਰੋਗਰਾਮ ਉਡਾਣ (ਉੜੇ ਦੇਸ਼ ਕਾ ਆਮ ਨਾਗਰਿਕ) ਹੇਠ ਭਾਰਤ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਸਹੀ ਪਾਈ ਹੈ।
ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਸ ਤਿੰਨ ਧਿਰੀ ਸਮਝੌਤੇ ‘ਤੇ ਭਾਰਤ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੰਯੁਕਤ ਸਕੱਤਰ ਊਸ਼ਾ ਪਾਧੀ, ਪੰਜਾਬ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਸਕੱਤਰ ਤੇਜਵੀਰ ਸਿੰਘ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਕਾਰਜਕਾਰੀ ਡਾਇਰੈਕਟਰ ਜੀ.ਕੇ. ਚੌਕਿਆਲ ਨੇ ਹਸਤਾਖਰ ਕੀਤੇ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਸਥਾਨਕ ਖਾਸ ਕਰ ਲੁਧਿਆਣਾ ਦੇ ਵਪਾਰ ਅਤੇ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਵੱਡੀ ਪੱਧਰ ‘ਤੇ ਨੌਕਰੀਆਂ ਪੈਦਾ ਕਰਨ ਅਤੇ ਇਸ ਸਰਹੱਦੀ ਇਲਾਕੇ ਵਿੱਚ ਵਪਾਰਕ ਸਮਰੱਥਾ ਦੀਆਂ ਸੰਭਾਵਨਾਵਾਂ ਨੂੰ ਹੋਰ ਤਲਾਸ਼ਣ ਵਿੱਚ ਮੱਦਦ ਮਿਲੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਕੀਮ ਦੇ ਹੇਠ ਬਠਿੰਡਾ, ਲੁਧਿਆਣਾ, ਪਠਾਨਕੋਟ ਅਤੇ ਆਦਮਪੁਰ ਦੇ ਚਾਰ ਹਵਾਈ ਅੱਡਿਆਂ ਦਾ ਪੰਜ ਮਤਿਆਂ ਦੇ ਰਾਹੀਂ ਸੰਪਰਕ ਸਾਧਿਆ ਗਿਆ ਹੈ। ਅਲਾਇੰਸ ਏਅਰ ਦੇ ਨਾਲ ਪਹਿਲਾਂ ਹੀ ਦਿੱਲੀ-ਬਠਿੰਡਾ-ਦਿੱਲੀ ਕਾਰਜਸ਼ੀਲ ਹੈ। ਅਲਾਇੰਸ ਏਅਰ ਨਾਲ ਦਿੱਲੀ-ਪਠਾਨਕੋਟ-ਦਿੱਲੀ ਅਤੇ ਦਿੱਲੀ-ਲੁਧਿਆਣਾ-ਦਿੱਲੀ ਜੁਲਾਈ 2017 ਤੱਕ ਕਾਰਜਸ਼ੀਲ ਹੋ ਜਾਣਗੇ। ਇਸ ਤੋਂ ਇਲਾਵਾ ਸਪਾਈਸਜੈਟ ਰਾਹੀਂ ਦਿੱਲੀ-ਆਦਮਪੁਰ-ਦਿੱਲੀ ਅਗਸਤ 2017 ਅਤੇ ਡੈਕਨ ਰਾਹੀਂ ਦਿੱਲੀ-ਲੁਧਿਆਣਾ-ਦਿੱਲੀ ਸਤੰਬਰ 2017 ਵਿੱਚ ਕਾਰਜਸ਼ੀਲ ਹੋਣਗੇ।