ਸੇਵਾ ਮੁਕਤੀ ਦੀ ਉਮਰ 58 ਸਾਲ ਕਰਨ ਦੀ ਉੱਠਣ ਲਗੀ ਮੰਗ

Demand, Retirement, Rises, 58 years, sukhinder singh randhwa

ਸਹਿਕਾਰਤਾ ਵਿਭਾਗ ਵੱਲੋਂ ਸੇਵਾ ਮੁਕਤੀ ਦੀ ਉਮਰ 60 ਦੀ ਬਜਾਏ 58 ਸਾਲ ਕਰਨ ਦੇ ਫੈਸਲੇ ਨਾਲ ਉੱਠੀ ਮੰਗ

ਧਰਨੇ ਤੇ ਵਿਦੇਸ਼ਾਂ ਦੇ ਰਾਹ ਪਏ ਨੌਜਵਾਨਾਂ ਨੂੰ ਮਿਲ ਸਕਦੈ ਜਲਦੀ ਰੁਜ਼ਗਾਰ

ਖੁਸ਼ਵੀਰ ਸਿੰਘ ਤੂਰ/ਪਟਿਆਲਾ

ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਵੱਲੋਂ ਚੰਗਾ ਕਦਮ ਚੁੱਕਦਿਆਂ ਆਪਣੇ ਵਿਭਾਗ ਅੰਦਰ ਮੁਲਾਜ਼ਮਾਂ ਦੀ ਸੇਵਾਮੁਕਤੀ (ਰਿਟਾਇਰਮੈਂਟ) ਦੀ ਉਮਰ 58 ਸਾਲ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਸੇਵਾਮੁਕਤੀ ਦੀ ਹੱਦ 58 ਸਾਲ ਕਰਨ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਲਈ ਕੁਝ ਸਾਲ ਪਹਿਲਾਂ ਮੌਕੇ ਪ੍ਰਦਾਨ ਹੋ ਜਾਣਗੇ। ਉਂਜ ਹੋਰ ਦੂਜੇ ਸਾਰੇ ਵਿਭਾਗਾਂ ਵਿੱਚ ਅਜੇ ਵੀ ਸੇਵਾ ਮੁਕਤੀ ਦੀ ਉਮਰ ਲਗਭਗ 60 ਸਾਲ ਹੈ। ਸਿਰਫ਼ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਹ ਪਹਿਲ ਕੀਤੀ ਗਈ ਹੈ। ਇੱਧਰ ਇਸ ਵਿਭਾਗ ਦੀ ਤਰਜ ‘ਤੇ ਹੀ ਹੋਰਨਾਂ ਵਿਭਾਗਾਂ ਅੰਦਰ ਵੀ ਸੇਵਾਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦੀ ਮੰਗ ਵੀ ਜੋਰ ਫੜਨ ਲੱਗੀ ਹੈ।

ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਹੀ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਵਿਭਾਗ ਦੀ ਇੱਕ ਮੀਟਿੰਗ ਕੀਤੀ ਗਈ ਸੀ। ਮੀਟਿੰਗ ‘ਚ ਕੀਤੇ ਗਏ ਵਿਚਾਰ ਵਟਾਂਦਰੇ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਹੁਕਮ ਸੁਣਾਇਆ ਗਿਆ ਕਿ ਸਮੂਹ ਸਿਖਰ ਸਹਿਕਾਰੀ ਸੰਸਥਾਵਾਂ, ਸਭਾਵਾਂ ਵੱਲੋਂ ਆਪਣੇ ਕਰਮਚਾਰੀਆਂ ਦੀ ਰਿਟਾਇਰਮੈਂਟ ਦੀ ਸੀਮਾ 58 ਸਾਲ ਹੀ ਰੱਖੀ ਜਾਵੇ ਅਤੇ ਕਿਸੇ ਵੀ ਕਰਮਚਾਰੀ ਨੂੰ 58 ਸਾਲ ਤੋਂ ਵੱਧ ਕੋਈ ਵਾਧਾ ਨਾ ਦਿੱਤਾ ਜਾਵੇ। 11 ਸਤੰਬਰ ਨੂੰ ਜਾਰੀ ਹੋਏ ਪੱਤਰ ਅਨੁਸਾਰ ਜਿਹੜੇ ਕਰਮਚਾਰੀਆਂ ਜਾਂ ਅਧਿਕਾਰੀਆਂ ਨੂੰ ਪਹਿਲਾਂ ਹੀ ਸੇਵਾ ਵਿੱਚ ਵਾਧਾ ਦਿੱਤਾ ਜਾ ਚੁੱਕਾ ਹੈ, ਉਹ ਕਰਮਚਾਰੀ ਚਾਹੇ ਪਹਿਲੇ ਸਾਲ ਦੇ ਵਾਧੇ ‘ਤੇ ਹਨ ਜਾਂ ਦੂਜੇ ਸਾਲ ਦੇ ਵਾਧੇ ਤੇ ਹਨ, ਉਹ ਪਹਿਲਾਂ ਤੋਂ ਦਿੱਤੇ ਵਾਧੇ ਦੇ ਸਮੇਂ ਤੱਕ ਸੇਵਾ ਵਿੱਚ ਰਹਿਣਗੇ ਤੇ ਉਨ੍ਹਾਂ ਦੇ ਪਹਿਲੇ ਜਾਂ ਦੂਜੇ ਸਾਲ ਦੇ ਵਾਧੇ ਦੀ ਮਿਆਦ ਮੁੱਕਣ ਉਪਰੰਤ ਉਨ੍ਹਾਂ ਨੂੰ ਰਿਟਾਇਰ ਕਰ ਦਿੱਤਾ ਜਾਵੇ ਤੇ ਸੇਵਾ ਵਿੱਚ ਹੋਰ ਵਾਧਾ ਨਾ ਕੀਤਾ ਜਾਵੇ। ਸਹਿਕਾਰਤਾ ਵਿਭਾਗ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਦਾ ਨੌਜਵਾਨਾਂ ਅਤੇ ਆਮ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਹੋਰ ਦੂਜੇ ਵਿਭਾਗਾਂ ਅੰਦਰ ਸੇਵਾ ਮੁਕਤੀ ਦੀ ਉਮਰ ਲਗਭਗ 60 ਸਾਲ ਹੈ। ਪਿਛਲੀ ਬਾਦਲ ਸਰਕਾਰ ਵੱਲੋਂ ਕਾਫੀ ਸਮੇਂ ਤੋਂ ਚੱਲ ਰਹੀ 58 ਸਾਲ ਦੀ ਸੇਵਾਮੁਕਤੀ ਦੀ ਉਮਰ ਨੂੰ ਵਧਾ ਕੇ 60 ਸਾਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਫੈਲੀ ਹੋਈ ਹੈ। ਆਮ ਦੇਖਣ ਵਿੱਚ ਆਇਆ ਹੈ ਕਿ 58 ਸਾਲ ਤੋਂ ਵੱਧ ਉਕਤ ਕਰਮਚਾਰੀ ਦੇ ਕਾਰਜਕਾਲ ‘ਚ ਐਕਟੈਸ਼ਨ ਦੇ ਕੇ ਦੋ ਸਾਲ ਤੱਕ ਦਾ ਵਾਧਾ ਕਰ ਦਿੱਤਾ ਜਾਂਦਾ ਹੈ ਤੇ 60 ਸਾਲ ਦੀ ਉਮਰ ਤੋਂ ਬਾਅਦ ਹੀ ਰਿਟਾਇਰਮੈਂਟ ਹੁੰਦੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸਹਿਕਾਰਤਾ ਵਿਭਾਗ ਵੱਲੋਂ ਇਹ ਵੀ ਵਿਚਾਰਿਆ ਜਾ ਰਿਹਾ ਹੈ ਕਿ ਜੋ ਕਰਮਚਾਰੀ ਜਾਂ ਅਧਿਕਾਰੀ ਦਾਗਦਾਰ ਹਨ, ਉਨ੍ਹਾਂ ਨੂੰ 55 ਸਾਲ ਦੀ ਉਮਰ ਵਿੱਚ ਹੀ ਰਿਟਾਇਰ ਕਰ ਦਿੱਤਾ ਜਾਵੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 60 ਸਾਲ ਦੀ ਬਜਾਏ 58 ਸਾਲ ਉਮਰ ਕਰਨ ਸਬੰਧੀ ਹਾਈਕੋਰਟ ‘ਚ ਮਾਮਲਾ ਚੱਲ ਰਿਹਾ ਹੈ। ਇੱਧਰ ਸੂਬੇ ਅੰਦਰ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਉਹ ਮਜ਼ਬੂਰੀ ਵੱਸ ਵਿਦੇਸ਼ਾਂ ਲਈ ਜਹਾਜ਼ ਚੜ੍ਹ ਰਹੇ ਹਨ ਤੇ ਵੱਡੀ ਗਿਣਤੀ ਰੁਜ਼ਗਾਰ ਹਾਸਲ ਕਰਨ ਲਈ ਧਰਨਿਆਂ ਦੇ ਰਾਹ ਪਏ ਹੋਏ ਹਨ। ਨੌਜਵਾਨਾਂ ਵੱਲੋਂ ਸਹਿਕਾਰਤਾ ਵਿਭਾਗ ਦੀ ਪਹਿਲ ਕਦਮੀ ਨੂੰ ਸਰਾਹਿਆ ਗਿਆ ਹੈ ਤੇ ਇਸ ਨੂੰ ਨੌਜਵਾਨਾਂ ਨੂੰ ਜਲਦੀ ਰੁਜ਼ਗਾਰ ਮਿਲਣ ਦਾ ਮੌਕਾ ਗਰਦਾਨਿਆ ਗਿਆ ਹੈ।

ਘਰ ਘਰ ਰੁਜ਼ਗਾਰ ਦੇਣ ਲਈ ਸਰਕਾਰ ਤੁਰੰਤ ਕਰੇ 58 ਸਾਲ ਦੀ ਸੇਵਾਮੁਕਤੀ

ਪੰਜਾਬ ਸਟੂਡੈਂਟ ਵੈਲਫੇਅਰ ਐਸੋਈਏਸ਼ਨ (ਪਸਵਾ) ਦੇ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਪਣੇ ਸਾਰੇ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ 58 ਸਾਲ ਹੀ ਕਰੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਦਾ ਰਾਹ ਖੁੱਲ੍ਹ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਘਰ ਘਰ ਰੁਜ਼ਗਾਰ ਦੇਣ ਦੀ ਜੋ ਗੱਲ ਕਰ ਰਹੀ ਹੈ, ਉਹ ਮੁਲਾਜ਼ਮਾਂ ਦੀ ਰਿਟਾਇਰਮੈਂਟ ਉਮਰ 58 ਸਾਲ ਕਰਨ ਨਾਲ ਬਹੁਤ ਹੱਦ ਤੱਕ ਸਫਲ ਹੋ ਸਕਦੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਸਹਿਕਾਰਤਾ ਮਹਿਕਮੇ ਦੀ ਤਰਜ਼ ‘ਤੇ ਆਪਣੇ ਸਾਰੇ ਵਿਭਾਗਾਂ ‘ਚ ਸੇਵਾਮੁਕਤੀ ਦੀ ਉਮਰ 58 ਸਾਲ ਤੁਰੰਤ ਕਰੇ।    ਮੀਟਿੰਗ ਤੋਂ ਬਾਅਦ ਕੀਤਾ ਹੁਕਮ ਜਾਰੀ ਇਸ ਸਬੰਧੀ ਜਦੋਂ ਸਹਿਕਾਰਤਾ ਤੇ ਜੇਲ੍ਹਾਂ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਹੁਕਮ ਉਨ੍ਹਾਂ ਵੱਲੋਂ ਮੀਟਿੰਗ ਦੌਰਾਨ ਸੁਣਾਏ ਗਏ ਹਨ। ਉਨ੍ਹਾਂ ਕਿਹਾ ਕਿ ਤਾਂ ਜੋ ਬੇਰੁਜ਼ਗਾਰ ਨੌਜਵਾਨਾਂ ਨੂੰ ਜਲਦੀ ਨੌਕਰੀ ਮਿਲ ਸਕੇ ਤੇ ਪੰਜਾਬ ਦਾ ਨੌਜਵਾਨ ਭੈੜੀਆਂ ਅਲਾਮਤਾਂ ‘ਚ ਫਸਣ ਦੀ ਬਜਾਏ ਖੁਸ਼ਹਾਲੀ ਦੇ ਰਾਹ ਪੈ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।