ਨਰਮੇ ਨੂੰ ਨਾ ਲਾਇਆ ਜਾਵੇ ਹੁਣ ਪਾਣੀ : ਅਧਿਕਾਰੀ

Plant, Soft, Water, Official

ਖੇਤੀਬਾੜੀ ਮਾਹਿਰ ਡਾ. ਗੁਰਾਂਦਿੱਤਾ ਸਿੰਘ ਦਾ ਕਹਿਣਾ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਮੁਤਾਬਿਕ ਹੁਣ ਨਰਮੇ ਦੀ ਫਸਲ ਨੂੰ ਪਾਣੀ ਨਾ ਲਾਇਆ ਜਾਵੇ ਪਾਣੀ ਲੱਗਣ ਨਾਲ ਨਰਮਾ ਹੋਰ ਫੁਟਾਰਾ ਕਰੇਗਾ, ਜਿਸ ਨਾਲ ਪਹਿਲਾਂ ਤੋਂ ਹੀ ਲੱਗੇ ਹੋਏ ਫਲ ਅਤੇ ਟੀਂਡਿਆਂ ਨੂੰ ਖੁਰਾਕ ਘਟ ਜਾਵੇਗੀ ਉਨ੍ਹਾਂ ਆਖਿਆ ਕਿ ਹੋਰ ਫੁਟਾਰਾ ਹੋਣ ਦੇ ਸਿੱਟੇ ਵਜੋਂ ਟੀਂਡਿਆਂ ਨੂੰ ਖਿੰਡਣ ‘ਚ ਵੀ ਦੇਰੀ ਹੋਵੇਗੀ।

ਸੁਖਜੀਤ ਮਾਨ/ਮਾਨਸਾ

ਨਰਮਾ ਪੱਟੀ ਦੇ ਕਿਸਾਨਾਂ ਨੂੰ ਇਸ ਵਾਰ ਨਰਮੇ ਤੋਂ ਭਰਪੂਰ ਆਸਾਂ ਨੇ ਪਰ ਬਦਲਿਆਂ ਮੌਸਮ ਡਰਾ ਰਿਹਾ ਹੈ ਫਸਲਾਂ ਜੋਬਨ ‘ਤੇ ਹਨ ਟੀਂਡੇ ਖਿੰਡੇ ਪਏ ਹਨ ਬੂਟਿਆਂ ਦੀਆਂ ਟੀਸੀਆਂ ਵੀ ਨਵੇਂ ਫੁੱਲਾਂ ਨਾਲ ਭਰੀਆਂ ਪਈਆਂ ਹਨ ਖੇਤੀ ‘ਤੇ ਟਿਕੀ ਆਰਥਿਕਤਾ ਵਾਲੇ ਪਰਿਵਾਰਾਂ ਨੇ ਧੀਆਂ-ਪੁੱਤਾਂ ਦੇ ਵਿਆਹਾਂ ਸਬੰਧੀ ਸਲਾਹ ਵੀ ਫਸਲ ਵੇਖ ਕੇ ਕਰਨੀ ਹੁੰਦੀ ਹੈ ਹੁਣ ਤੱਕ ਦਾ ਮੌਸਮ ਨਰਮੇ ਲਈ ਲਾਹੇਵੰਦ ਰਿਹਾ ਪਰ ਪਿਛਲੇ ਕਰੀਬ ਦੋ-ਤਿੰਨ ਤੋਂ ਮੌਸਮ ਦੇ ਬਦਲੇ ਰੰਗਾਂ ਨੇ ਕਿਸਾਨਾਂ ਨੂੰ ਫਿਕਰਾਂ ‘ਚ ਡੋਬ ਦਿੱਤਾ ਹੈ ਉਂਝ ਖੇਤੀਬਾੜੀ ਮਾਹਿਰ ਹਾਲ ਦੀ ਘੜੀ ਮੌਸਮ ਨੂੰ ਫਸਲਾਂ ਲਈ ‘ਸਭ ਅੱਛਾ ਹੈ’ ਕਹਿ ਰਹੇ ਹਨ।

ਵੇਰਵਿਆਂ ਮੁਤਾਬਿਕ ਇਕੱਲੇ ਬਠਿੰਡਾ-ਮਾਨਸਾ ਜ਼ਿਲ੍ਹੇ ‘ਚ ਹੀ 2 ਲੱਖ 15 ਹਜ਼ਾਰ ਹੈਕਟੇਅਰ ਰਕਬਾ ਨਰਮੇ ਦੀ ਫਸਲ ਹੇਠ ਹੈ ਇਸ ਵਾਰ ਨਰਮੇ ਦੀ ਫਸਲ ਪਿਛਲੇ ਕਈ ਸਾਲਾਂ ਨਾਲੋਂ ਭਰਪੂਰ ਹੋਣ ਦੀ ਆਸ ਹੈ ਫਸਲਾਂ ਨੂੰ ਅਗਸਤ ਮਹੀਨੇ ‘ਚ ਪਏ ਭਾਰੀ ਮੀਂਹਾਂ ਨੇ ਬੁਰੀ ਤਰ੍ਹਾਂ ਝੰਬ ਦਿੱਤਾ ਸੀ ਨਰਮੇ ਨੂੰ ਪੈਰਾਬਿਲਟ ਅਤੇ ਫੰਗਸ ਦੀ ਬਿਮਾਰੀ ਨਾਲ ਜੂਝਣਾ ਜਰੂਰ ਪਿਆ ਪਰ ਭਾਰੀ ਮੀਂਹਾਂ ਮਗਰੋਂ ਮੌਸਮ ‘ਚ ਹੋਏ ਸੁਧਾਰ ਨਾਲ ਫਸਲਾਂ ਦੀਆਂ ਮੁੜ ਕਰੂੰਬਲਾਂ ਫੁੱਟ ਪਈਆਂ ਬਦਲੇ ਹੋਏ ਮੌਸਮ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ, ਬਰਨਾਲਾ ਅਤੇ ਲੁਧਿਆਣਾ ਆਦਿ ‘ਚ ਕਈ ਥਾਵਾਂ ‘ਤੇ ਮੀਂਹ ਪਿਆ ਤੇ ਕਈ ਥਾਈਂ ਹਲਕੀ ਬੂੰਦਾਂਬਾਦੀ ਹੋਈ ਬਠਿੰਡਾ ਦੇ ਸੰਗਤ ਮੰਡੀ ਖੇਤਰ ‘ਚ ਮੀਂਹ ਦੌਰਾਨ ਤੇਜ਼ ਹਨ੍ਹੇਰੀ ਵੀ ਚੱਲੀ, ਜਿਸ ਕਾਰਨ ਨਰਮੇ ਦੇ ਬੂਟੇ ਮਧਲੋ ਦਿੱਤੇ।

ਸ੍ਰੀ ਮੁਕਤਸਰ ਸਾਹਿਬ ਦੇ ਦੋਦਾ ਅਤੇ ਗਿੱਦੜਬਾਹਾ ਆਦਿ ਖੇਤਰ ‘ਚ ਭਾਵੇਂ ਨਰਮੇ ਦੀ ਫਸਲ ਦੀ ਪੈਦਾਵਰ ਘੱਟ ਹੈ ਪਰ ਅੱਜ ਪਏ ਮੀਂਹ ਨਾਲ ਜੋ ਝੋਨਾ ਕਾਫੀ ਵਧਿਆ ਹੋਇਆ ਹੈ ਉਹ ਟੇਢਾ ਹੋ ਗਿਆ ਕਿਸਾਨਾਂ ਦਾ ਤਰਕ ਹੈ ਕਿ ਹੁਣ ਨਰਮੇ ਤੇ ਝੋਨੇ ਦੋਵਾਂ ਹੀ ਫਸਲਾਂ ਨੂੰ  ਖੁਸ਼ਕ ਮੌਸਮ ਦੀ ਜ਼ਰੂਰਤ ਹੈ ਪਰ ਮੌਸਮ ਬਿਲਕੁਲ ਉਲਟ ਹੈ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਦਾ ਕਹਿਣਾ ਹੈ ਕਿ ਸਾਉਣੀ ਦੀਆਂ ਦੋਵੇਂ ਫਸਲਾਂ ਨਰਮਾ ਅਤੇ ਝੋਨਾ ਆਖਰੀ ਪੜਾਅ ‘ਤੇ ਹਨ ਜਿਸ ਲਈ ਮੀਂਹ ਤੇ ਤੇਜ਼ ਹਵਾ ਦੋਵੇਂ ਹੀ ਨੁਕਸਾਨਦਾਇਕ ਹਨ।

ਉਨ੍ਹਾਂ ਦੱਸਿਆ ਕਿ ਮੀਂਹ ਨਾਲ ਨਰਮੇ ਦੇ ਟੀਂਡੇ ਗਲਣ ਤੋਂ ਇਲਾਵਾ ਫਲ ਝੜੇਗਾ ਅਤੇ ਨਰਮਾ ਟੇਡਾ ਹੋ ਜਾਵੇਗਾ ਇਸ ਤੋਂ ਇਲਾਵਾ ਝੋਨੇ ਨੂੰ ਪਿਆ ਬੂਰ ਝੜਨ ਤੋਂ ਇਲਾਵਾ ਜੋ ਝੋਨਾ ਨਿੱਸਰ ਚੁੱਕਾ ਹੈ ਉਸਦੇ ਦਾਣੇ ਕਾਲੇ ਹੋਣ ਕਾਰਨ ਥੋਥ ‘ਚ ਵਾਧਾ ਹੋਵੇਗਾ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਸਹਿਣਾ ਪਵੇਗਾ ਖੇਤੀਬਾੜੀ ਅਧਿਕਾਰੀ ਡਾ. ਗੁਰਾਂਦਿੱਤਾ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਿੱਧਾ ਮੀਂਹ ਪੈਂਦਾ ਹੈ ਤਾਂ ਫਸਲਾਂ ਲਈ ਫਾਇਦੇਮੰਦ ਹੀ ਹੈ ਉਨ੍ਹਾਂ ਆਖਿਆ ਕਿ ਜੇ ਮੀਂਹ ਦੌਰਾਨ ਹਵਾ ਚਲਦੀ ਹੈ ਤਾਂ ਨੁਕਸਾਨ ਹੋ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।