ਐਲੂਮੀਨੀਅਮ ਪੇਪਰ ’ਚ ਖਾਣਾ ਲਪੇਟਣਾ ਹੋ ਸਕਦੈ ਖ਼ਤਰਨਾਕ

ਐਲੂਮੀਨੀਅਮ ਪੇਪਰ ’ਚ ਖਾਣਾ ਲਪੇਟਣਾ ਹੋ ਸਕਦੈ ਖ਼ਤਰਨਾਕ

ਅੱਜ-ਕੱਲ੍ਹ ਹਰ ਇੱਕ ਵਿਅਕਤੀ ਦੂਜੇ ਦੀ ਦੇਖਾਦੇਖੀ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਲਿਆ ਹੈ। ਜਿਵੇਂ-ਜਿਵੇਂ ਮਨੁੱਖ ਕੋਲ ਪੈਸਾ ਵਧਦਾ ਜਾ ਰਿਹਾ ਉਵੇਂ-ਉਵੇਂ ਹੀ ਪੰਜਾਬੀ ਸੱਭਿਆਚਾਰ ਤੋਂ ਅੱਜ ਦਾ ਮਨੁੱਖ ਦਿਨੋ-ਦਿਨ ਦੂਰ ਹੁੰਦਾ ਜਾ ਰਿਹਾ ਹੈ। ਜੇ ਅਸੀਂ ਗੱਲ ਕਰੀਏ ਅੱਜ ਤੋਂ ਕੁਝ ਸਮਾਂ ਪਹਿਲਾਂ ਦੀ ਤਾਂ ਮਾਵਾਂ ਆਪਣੇ ਬੱਚਿਆਂ ਨੂੰ ਸਕੂਲ ਜਾਣ ਸਮੇਂ ਕੱਪੜੇ ਦੇ ਬਣੇ ਪੋਣੇ ਵਿੱਚ ਰੋਟੀ ਲਪੇਟ ਕੇ ਦਿੰਦੀਆਂ ਸਨ, ਔਰਤਾਂ ਖੇਤ ਵਿੱਚ ਕੰਮ ਕਰ ਰਹੇ ਬੰਦਿਆਂ ਦੀ ਰੋਟੀ ਵੀ ਘਰੋਂ ਕੱਪੜੇ ਦੇ ਬਣੇ ਪੋਣੇ ਵਿੱਚ ਹੀ ਲਪੇਟ ਕੇ ਲਿਜਾਂਦੀਆਂ ਸਨ।

ਪਰ ਅੱਜ-ਕੱਲ੍ਹ ਸਮਾਂ ਬਦਲਣ ਦੇ ਨਾਲ-ਨਾਲ ਬੱਚਿਆਂ ਨੂੰ ਸਕੂਲ ਜਾਣ ਸਮੇਂ ਮਾਵਾਂ ਕੱਪੜੇ ਦੇ ਪੋਣੇ ਦੀ ਥਾਂ ਐਲੂਮੀਨੀਅਮ ਪੇਪਰ ਵਿੱਚ ਰੋਟੀ ਪੈਕ ਕਰਕੇ ਦਿੰਦੀਆਂ ਹਨ, ਜੋ ਕਿ ਸਿਹਤ ਲਈ ਬਹੁਤ ਖਤਰਨਾਕ ਹੈ। ਅੱਜ-ਕੱਲ੍ਹ ਦੀਆਂ ਔਰਤਾਂ ਕੱਪੜੇ ਦੇ ਬਣੇ ਹੋਏ ਪੋਣੇ ਵਿੱਚ ਰੋਟੀ ਪੈਕ ਕਰਨਾ ਆਪਣੇ-ਆਪ ਵਿੱਚ ਬੇਇੱਜ਼ਤੀ ਮਹਿਸੂਸ ਕਰਦੀਆਂ ਹਨ ਤੇ ਆਪਣਾ ਸਟੇਟਸ ਉੱਚਾ ਦਿਖਾਉਣ ਲਈ ਐਲੂਮੀਨੀਅਮ ਪੇਪਰ ਵਿੱਚ ਖਾਣਾ ਪੈਕ ਕਰਦੀਆਂ ਹਨ। ਇਹ ਪਤਾ ਹੋਣ ਦੇ ਬਾਵਜੂਦ ਕਿ ਐਲੂਮੀਨੀਅਮ ਪੇਪਰ ਦੀ ਵਰਤੋਂ ਖਾਣਾ ਪੈਕਿੰਗ ਲਈ ਬੇਹੱਦ ਖਤਰਨਾਕ ਹੈ

ਜ਼ਿਆਦਾਤਰ ਲੋਕ ਫਿਰ ਵੀ ਆਪਣੇ ਬੱਚਿਆਂ ਦੇ ਟਿਫ਼ਨ ਤੇ ਖ਼ੁਦ ਦਫਤਰਾਂ ਵਿਚ ਖਾਣਾ ਲਿਜਾਣ ਲਈ ਐਲੂਮੀਨੀਅਮ ਪੇਪਰ ਦੀ ਵਰਤੋਂ ਕਰਦੇ ਹਨ ਪਰ ਇਹ ਸਿਹਤ ਲਈ ਕਿੰਨਾ ਕੁ ਹਾਨੀਕਾਰਕ ਹੈ, ਇਹ ਪੜ੍ਹ ਕੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ। ਦਰਅਸਲ, ਐਲੂਮੀਨੀਅਮ ਪੇਪਰ ਵਿਚ ਮਿਲਿਆ ਕੈਮੀਕਲ ਭੋਜਨ ਨਾਲ ਮਿਲ ਜਾਂਦਾ ਹੈ। ਇਹ ਸਿਹਤ ਲਈ ਕਾਫੀ ਹਾਨੀਕਾਰਕ ਹੈ।

ਇਹ ਕੈਮੀਕਲ ਸਾਡੇ ਸਰੀਰ ਵਿਚ ਵੱਡੇ ਵਿਕਾਰ ਪੈਦਾ ਕਰ ਰਿਹਾ ਹੈ। ਜ਼ਿਆਦਾਤਰ ਲੋਕ ਇਸ ਤੋਂ ਬਿਲਕੁਲ ਅਣਜਾਣ ਹਨ। ਭਾਵੇਂ ਇਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਾਨਤਾ ਦਿੱਤੀ ਹੋਈ ਹੈ ਪਰ ਹੁਣ ਉਸ ਦੇ ਸਿਹਤ ਨੂੰ ਵੱਡੇ ਪੱਧਰ ’ਤੇ ਨੁਕਸਾਨ ਸਾਹਮਣੇ ਆਏ ਹਨ। ਜਦੋਂ ਅਸੀਂ ਆਪਣਾ ਖਾਣਾ ਇਸ ਵਿਚ ਲਪੇਟਦੇ ਹਾਂ ਤਾਂ ਉਹ ਖਾਣੇ ’ਚ ਘੁਲ ਜਾਂਦਾ ਹੈ। ਜੇਕਰ ਸਾਡੇ ਸਰੀਰ ’ਚ ਵੱਧ ਐਲੂਮੀਨੀਅਮ ਜਾਂਦਾ ਹੈ ਤਾਂ ਦਿਮਾਗ ਨੂੰ ਵੱਡਾ ਨੁਕਸਾਨ ਪਹੁੰਚਦਾ ਹੈ। ਇਸ ਨਾਲ ਹੱਡੀਆਂ ਦੀਆਂ ਵੀ ਕਈ ਬਿਮਾਰੀਆਂ ਲੱਗਦੀਆਂ ਹਨ।

ਖੋਜ ਤੋਂ ਪਤਾ ਲੱਗਾ ਹੈ ਕਿ ਐਲੂਮੀਨੀਅਮ ਦੀ ਓਵਰਡੋਜ਼ ਕਾਰਨ ਆਸਿਟਓਪੋਰੋਸਿਸ ਤੇ ਕਿਡਨੀ ਦੇ ਫ਼ੇਲ੍ਹ ਹੋਣ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਐਲੂਮੀਨੀਅਮ ਪੇਪਰ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਐਲੂਮੀਨੀਅਮ ਦੇ ਭਾਂਡਿਆਂ ਵਿਚ ਭੋਜਨ ਨਾ ਬਣਾਉਣ ਬਾਰੇ ਵੀ ਆਖਿਆ ਗਿਆ ਹੈ। ਇਸ ਲਈ ਸਾਨੂੰ ਸਭ ਨੂੰ ਇਹ ਚਾਹੀਦਾ ਹੈ ਕਿ ਖਾਣਾ ਪੈਕਿੰਗ ਕਰਦੇ ਸਮੇਂ ਕੱਪੜੇ ਦੇ ਬਣੇ ਹੋਏ ਪੋਣੇ ਦੀ ਵਰਤੋਂ ਕਰਕੇ ਹੀ ਲੰਚ ਬਾਕਸ ਵਿੱਚ ਪੈਕ ਕੀਤਾ ਜਾਵੇ ਤਾਂ ਜੋ ਐਲੂਮੀਨੀਅਮ ਪੇਪਰ ਤੋਂ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਤੋਂ ਖੁਦ ਅਤੇ ਆਪਣੇ ਬੱਚਿਆਂ ਨੂੰ ਵੀ ਬਚਾਇਆ ਜਾ ਸਕੇ।

ਕਈ ਲੋਕ ਖਾਣਾ ਪੈਕਿੰਗ ਕਰਦੇ ਸਮੇਂ ਅਖਬਾਰ ਜਾਂ ਕਾਪੀਆਂ-ਕਿਤਾਬਾਂ ਦੇ ਪੇਜਾਂ ਦੀ ਵੀ ਵਰਤੋਂ ਕਰਦੇ ਹਨ ਜੋ ਕਿ ਸਿਹਤ ਲਈ ਹਾਨੀਕਾਰਕ ਹੈ। ਅਖਬਾਰ ਜਾਂ ਕਾਗਜ਼ ’ਤੇ ਜੋ ਸਿਆਹੀ ਲੱਗੀ ਹੁੰਦੀ ਹੈ ਉਹ ਸਿਆਹੀ ਦੀ ਕੁਝ ਨਾ ਕੁਝ ਮਾਤਰਾ ਖਾਣੇ ਨਾਲ ਲੱਗ ਕੇ ਸਾਡੇ ਸਰੀਰ ਦੇ ਅੰਦਰ ਚਲੀ ਜਾਂਦੀ ਹੈ ਤੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਖਾਣਾ ਪੈਕਿੰਗ ਲਈ ਸਿਰਫ ਕੱਪੜੇ ਦੀ ਵਰਤੋਂ ਹੀ ਕੀਤੀ ਜਾਵੇ ਕਿਉਂਕਿ ਸਟੇਟਸ ਆਪਣੀ ਜਿੰਦਗੀ ਤੋਂ?ਜ਼ਿਆਦਾ ਜ਼ਰੂਰੀ ਨਹੀਂ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ