ਪੂਰੀ ਦੁਨੀਆਂ ‘ਚ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਖੇਡ ਫੁੱਟਬਾਲ ਦਾ ਮਹਾਂਕੁੰਭ ਰੂਸ ‘ਚ 14 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਪੂਰਾ ਮਹੀਨੇ ਰੋਮਾਂਚ ਦੇ ਪਲ ਸਾਂਝੇ ਕਰਦਿਆਂ 15 ਜੁਲਾਈ ਨੂੰ ਮਾਸਕੋ ਦੇ ਲੁਜ਼ਨਿਕੀ ਸਟੇਡੀਅਮ ‘ਚ ਸਮਾਪਤ ਹੋਵੇਗਾ ਇਸ ਵਾਰ ਵਿਸ਼ਵ ਭਰ ਦੀਆਂ ਚੋਟੀ ਦੀਆਂ 32 ਟੀਮਾਂ ਖ਼ਿਤਾਬ ਜਿੱਤਣ ਲਈ ਆਪਸ ‘ਚ ਜ਼ੋਰ ਅਜ਼ਮਾਇਸ਼ ਕਰਨ ਲਈ ਪੂਰੀਆਂ ਤਿਆਰੀਆਂ ‘ਚ ਹਨ ਇਸ ਵਾਰ ਇਹਨਾਂ 32 ਟੀਮਾਂ ਹਨੂੰ ਚਾਰ-ਚਾਰ ਦੇ ਅੱਠ ਗਰੁੱਪਾਂ ‘ਚ ਵੰਡਿਆ ਗਿਆ ਹੈ ਇਹਨਾਂ ਵਿੱਚੋਂ 31 ਟੀਮਾਂ ਕੁਆਲੀਫਾਈਂਗ ਮੁਕਾਬਲਿਆਂ ‘ਚੋਂ ਪੂਰੀ ਜੱਦੋਜ਼ਹਿਦ ਅਤੇ ਸੰਘਰਸ਼ ਦੇ ਬਾਅਦ ਵਿਸ਼ਵ ਕੱਪ ਖੇਡਣ ਦਾ ਮਾਣ ਹਾਸਲ ਕਰ ਰਹੀਆਂ ਹਨ।
ਜਦੋਂ ਕਿ ਕਾਇਦੇ ਅਨੁਸਾਰ ਰੂਸ ਨੂੰ ਮੇਜ਼ਬਾਨ ਹੋਣ ਦੇ ਨਾਤੇ 32ਵੀ ਟੀਮ ਬਣਨ ਦਾ ਮਾਣ ਹਾਸਲ ਹੋਇਆ ਹੈ ਇਹਨਾਂ 32 ਟੀਮਾਂ ‘ਚੋਂ 20 ਅਜਿਹੀਆਂ ਟੀਮਾਂ ਹਨ ਜੋ ਪਿਛਲੇ ਵਿਸ਼ਵ ਕੱਪ ਤੋਂ ਦੁਬਾਰਾ ਇਸ ਵਾਰ ਖੇਡਣ ਦਾ ਹੱਕ ਹਾਸਲ ਕਰ ਰਹੀਆਂ ਹਨ ਜਦੋਂਕਿ ਆਈਸਲੈਂਡ ਅਤੇ ਪਾਨਾਮਾ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਦਾ ਮਾਣ ਪਾ ਰਹੀਆਂ ਹਨ ਇਸ ਖੇਡ ਦੇ ਪ੍ਰਸ਼ੰਸਕ ਵੀ ਬੜੀ ਬੇਸਬਰੀ ਨਾਲ 15 ਜੂਨ ਦਾ ਇੰਤਜਾਰ ਕਰ ਰਹੇ ਹਨ. ਖੇਡ ਦੇ ਰੋਮਾਂਚ ਨੂੰ ਮਾਨਣ ਲਈ ਉਤਾਵਲੇ ਖੇਡ ਪ੍ਰੇਮੀਆਂ ਦਾ ਇਸ ਗੱਲ ਤੋਂ ਪਤਾ ਲੱਗਾ ਹੈ ਕਿ ਇਸ ਵਾਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵਿਸ਼ਵ ਕੱਪ ਨੂੰ ਦੇਖਣ ਲਈ 10 ਲੱਖ ਤੋਂ ਵੀ ਜ਼ਿਆਦਾ ਵਿਦੇਸ਼ੀ ਦਰਸ਼ਕ ਰੂਸ ‘ਚ ਪਹੁੰਚਣਗੇ।
15 ਜੂਨ ਤੋਂ ਸ਼ੁਰੂ ਹੋਣ ਵਾਲੇ ਇਸ ਫੁੱਟਬਾਲ ਮਹਾਂਕੁੰਭ ‘ਚ ਕੁੱਲ 64 ਮੈਚ ਖੇਡੇ ਜਾਣਗੇ ਇਸ ਵਾਰ ਜੋ 32 ਟੀਮਾਂ ਇਸ ਵਿੱਚ ਭਾਗ ਲੈ ਰਹੀਆਂ ਉਹਨਾਂ ਵਿੱਚ ਜਰਮਨੀ ਅਤੇ ਬ੍ਰਾਜੀਲ ਨੂੰ ਖ਼ਿਤਾਬ ਦੀ ਮੁੱਖ ਦਾਅਵੇਦਾਰ ਮੰਨਿਆ ਜਾ ਸਕਦਾ ਹੈ ਜਰਮਨੀ ਮੌਜ਼ੂਦਾ ਫੁੱਟਬਾਲ ਰੈਂਕਿੰਗ ‘ਚ ਵਿਸ਼ਵ ਦੀ ਨੰਬਰ ਇੱਕ ਟੀਮ ਹੈ ਅਤੇ ਇਸ ਤੋਂ ਇਲਾਵਾ ਪਿਛਲੇ 2014 ਦੇ ਵਿਸ਼ਵ ਕੱਪ ਦੀ ਜੇਤੂ ਟੀਮ ਵੀ ਹੈ ਪਰ ਜੇਕਰ ਇਤਿਹਾਸ ਦੇਖਿਆ ਜਾਵੇ ਤਾਂ ਉਸਦਾ ਜਿੱਤਣਾ ਥੋੜਾ ਮੁਸ਼ਕਲ ਜਾਪਦਾ ਹੈ ਕਿਉਂਕਿ ਇਤਿਹਾਸਕ ਤੱਥਾਂ ‘ਚ ਫੁੱਟਬਾਲ ਦੇ 100 ਤੋਂ ਵੱਧ ਸਾਲਾਂ ਦੇ ਇਤਿਹਾਸ ‘ਚ ਸਿਰਫ਼ ਇਟਲੀ ਅਤੇ ਬ੍ਰਾਜੀਲ ਹੀ ਲਗਾਤਾਰ ਦੋ ਵਾਰ ਵਿਸ਼ਵ ਕੱਪ ਦੇ ਖ਼ਿਤਾਬ ‘ਤੇ ਕਬਜ਼ਾ ਕਰ ਸਕੀਆਂ ਹਨ।
ਇਟਲੀ 1930 ਅਤੇ 34 ਜਦੋਂਕਿ ਬ੍ਰਾਜ਼ੀਲ ਨੇ 58 ਅਤੇ 1962 ‘ਚ ਲਗਾਤਾਰ ਦੋ ਵਿਸ਼ਵ ਕੱਪ ਜਿੱਤਣ ਦਾ ਮਾਣ ਹਾਸਲ ਕੀਤਾ ਸੀ ਕਾਗਜ਼ਾਂ ‘ਚ ਦੇਖੀਏ ਜਾਂ ਮੌਕੇ ਦੇ ਹਿਸਾਬ ਨਾਲ ਜਰਮਨੀ ਤੋਂ ਬਾਅਦ ਬ੍ਰਾਜੀਲ ਵੀ ਮੁੱਖ ਦਾਅਵੇਦਾਰਾਂ ਦੀ ਫੇਰਹਿਸਤ ‘ਚ ਮੋਢੀ ਕਿਹਾ ਜਾ ਸਕਦਾ ਹੈ ਹਾਲਾਂਕਿ ਪਿਛਲੇ ਵਿਸ਼ਵ ਕੱਪ ‘ਚ ਜਰਮਨੀ ਹੱਥੋਂ ਸੈਮੀਫਾਈਨਲ ‘ਚ 7-1 ਦੀ ਸ਼ਰਮਨਾਕ ਹਾਰ ਇਸ ਵਾਰ ਵੀ ਟੀਮ ਦੇ ਮਨੋਬਲ ‘ਚ ਅੜਿੱਕਾ ਪਾਉਣ ਦਾ ਕੰਮ ਕਰ ਸਕਦੀ ਹੈ। ਪਰ ਦੂਜੇ ਪਾਸੇ ਇਸ ਵਾਰ ਖ਼ਿਤਾਬ ਜਿੱਤ ਕੇ ਉਸ ਸ਼ਰਮਨਾਕ ਹਾਰ ਨੂੰ ਭੁਲਾਉਣ ਅਤੇ ਜਰਮਨੀ ਨਾਲ ਹਿਸਾਬ ਬਰਾਬਰ ਕਰਨ ਲਈ ਟੀਮ ਤੋਂ ਨਵੇਂ ਹੌਂਸਲੇ ਅਤੇ ਜੋਸ਼ ਨਾਲ ਖੇਡਣ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਟੀਮ ‘ਚ ਕਪਤਾਨ ਨੇਮਾਰ ਦੀ ਮੌਜ਼ੂਦਗੀ ਟੀਮ ਨੂੰ ਵੱਖਰਾ ਆਤਮਵਿਸ਼ਵਾਸ ਦੇਵੇਗੀ ਜਦੋਂਕਿ ਵਿਰੋਧੀਆਂ ਲਈ ਨੇਮਾਰ ਖ਼ਤਰੇ ਦੀ ਘੰਟੀ ਵਾਂਗ ਹਮੇਸ਼ਾ ਡਰ ਪੈਦਾ ਕਰਦਾ ਰਹੇਗਾ।
ਫਿਰ ਵੀ ਟੀਮਾਂ ਦੇ ਪਿਛਲੇ ਰਿਕਾਰਡਾਂ ਅਤੇ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਜਾਂ ਉਲਟਫੇਰ ਦੇ ਸ਼ੰਕਿਆਂ ਨੂੰ ਦੇਖਿਆ ਜਾਵੇ ਤਾਂ ਕੁੱਲ 11 ਟੀਮਾਂ ਨੂੰ ਅਸੀਂ ਦਾਅਵੇਦਾਰੀ ਦੀ ਦੌੜ ‘ਚ ਰੱਖ ਸਕਦੇ ਹਾਂ ਹਾਲਾਂਕਿ ਇਹ ਟੀਮਾਂ ਉਲਟਫੇਰ ਤੋਂ ਬਿਨਾਂ ਫਾਈਨਲ ਤੱਕ ਨਹੀਂ ਪਹੁੰਚ ਸਕਣਗੀਆਂ ਇਹਨਾਂ 11 ਟੀਮਾਂ ‘ਚ ਜਰਮਨੀ, ਬ੍ਰਾਜ਼ੀਲ, ਸਪੇਨ, ਫਰਾਂਸ, ਬੈਲਜੀਅਮ ਅਤੇ ਅਰਜਨਟੀਨਾ ਆਮ ਦਾਅਵੇਦਾਰਾਂ ਦੇ ਤੌਰ ‘ਤੇ ਜਾਂ ਇਤਿਹਾਸਕ ਪੱਖਾਂ ਅਤੇ ਪਿਛਲੇ ਪ੍ਰਦਰਸ਼ਨ ਨੂੰ ਦੇਖਦਿਆਂ ਆਮ ਦਾਅਵੇਦਾਰਾਂ ‘ਚ ਸ਼ਾਮਲ ਹਨ ਪਰ ਜੇਕਰ ਥੋੜ੍ਹੇ ਬਹੁਤ ਉਲਟਫੇਰ ਹੁੰਦੇ ਹਨ ਤਾਂ ਕ੍ਰੋਏਸ਼ੀਆ, ਪੁਰਤਗਾਲ, ਉਰੂਗੁਏ, ਇੰਗਲੈਂਡ ਅਤੇ ਕੋਲੰਬੀਆ ਦੀ ਟੀਮਾਂ ਵੀ ਸੈਮੀਫਾਈਨਲ ਜਾਂ ਫਾਈਨਲ ‘ਚ ਦੇਖਣ ਨੂੰ ਮਿਲ ਸਕਦੀਆਂ ਹਨ ਇਹਨਾਂ ਤੋਂ ਇਲਾਵਾ ਬਾਕੀ 21 ਟੀਮਾਂ ‘ਚੋਂ ਜੇਕਰ ਕੋਈ ਟੀਮ ਫਾਈਨਲ ਖੇਡਦੀ ਹੈ ਜਾਂ ਵਿਸ਼ਵ ਕੱਪ ਜਿੱਤਦੀ ਹੈ।
ਤਾਂ ਉਹ ਸ਼ਾਇਦ ਅਜੂਬੇ ਤੋਂ ਘੱਟ ਨਹੀਂ ਹੋਵੇਗਾ ਹਾਲਾਂਕਿ ਆਸ ਕਰਦੇ ਹਾਂ ਕਿ ਅਜਿਹਾ ਕੁਝ ਵਾਪਰੇ ਤਾਂ ਕਿ ਵਿਸ਼ਵ ਪੱਧਰ ਦੀ ਇਸ ਨੰਬਰ ਇੱਕ ਖੇਡ ਦਾ ਰੋਮਾਂਚ ਹੋਰ ਵਧ ਸਕੇ ਅਤੇ ਸਾਡੇ ਵਰਗੇ ਨਿਊਟਰਲ ਪ੍ਰਸ਼ੰਸਕਾਂ ਲਈ ਵੀ ਇਹ ਰੋਮਾਂਚ ਦਾ ਸਿਰਾ ਹੋਵੇਗਾ ਅਤੇ ਅਜਿਹਾ ਇਤਿਹਾਸਕ ਕਾਰਨਾਮਾ ਕਰਨ ਲਈ ਅਸੀਂ ਪੇਰੂ, ਪੋਲੈਂਡ ਅਤੇ ਨਾਈਜੀਰੀਆ ਤੋਂ ਹੀ ਆਸ ਕਰ ਸਕਦੇ ਹਾਂ ਫਿਰ ਵੀ ਇਹ ਪੱਕਾ ਹੈ ਕਿ ਕੋਈ ਵੀ ਟੀਮ ਇੱਕ-ਦੋ ਉਲਟਫੇਰਾਂ ਦੇ ਦਮ ‘ਤੇ ਇਸ ਵੱਡੇ ਖ਼ਿਤਾਬ ਨੂੰ ਜਿੱਤਣ ਦਾ ਕਾਰਨਾਮਾ ਨਹੀਂ ਕਰ ਸਕਦੀ।