ਪੀਐੱਸਪੀਸੀਐੱਲ ਤੇ ਪੀਐੱਸਟੀਸੀਐੱਲ ’ਚੋਂ ਖ਼ਤਮ ਹੋ ਰਿਹਾ ਵਰਕ ਕਲਚਰ
ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਜਾਂ ਪੀਐਸਪੀਸੀਐਲ ਜਦ ਹੋਂਦ ਵਿੱਚ ਆਇਆ ਤਾਂ ਪਬਲਿਕ ਸੈਕਟਰ ਦਾ ਅਦਾਰਾ ਸੀ। ਮੁੱਖ ਮੰਤਵ ਖਪਤਕਾਰਾਂ ਨੂੰ ਸਸਤੀ ਤੇ ਨਿਰਵਿਘਨ ਸਪਲਾਈ ਦੇਣਾ ਸੀ। ਇਸ ਦੇ ਮੁਲਾਜ਼ਮ ਚੌਵੀ ਘੰਟੇ ਆਪਣੀਆਂ ਸੇਵਾਵਾਂ ਦੇਣ ਲਈ ਤੱਤਪਰ ਰਹਿੰਦੇ ਸਨ। ਇਸ ਦੀਆਂ ਨੀਹਾਂ ਵਿੱਚ ਸਾਡੇ ਪੁਰਾਣੇ ਰਿਟਾਇਰ ਸਾਥੀਆਂ ਦਾ ਮੁੜ੍ਹਕਾ ਚੋਇਆ ਹੈ। ਮੇਰੇ ਪੁਰਾਣੇ ਬਜ਼ੁਰਗ ਸਾਥੀ ਜੋ ਮਹਿਕਮੇ ਵਿੱਚ ਮੇਰੀ ਪਹਿਲੀ ਜੁਆਇਨਿੰਗ ਸਮੇਂ ਓਦੋਂ ਜਵਾਨ ਸਨ ਦੱਸਦੇ ਸਨ ਕਿ ਜਿਸ ਸਮੇਂ ਅਸੀਂ ਮਹਿਕਮੇ ਵਿੱਚ ਲੱਗੇ ਸਾਂ ਉਦੋਂ ਪਿੰਡਾਂ ਨੂੰ ਰੁਸ਼ਨਾਉਣ ਲਈ 11 ਕੇਵੀ ਲਾਈਨਾਂ ਨਵੀਆਂ ਕੱਢੀਆਂ ਜਾ ਰਹੀਆਂ ਸਨ। ਉਨ੍ਹਾਂ ਲਈ 42 ਫੁੱਟੀਆਂ ਰੇਲਾਂ ਸਟੋਰ ਵਿੱਚੋਂ ਹੱਥ ਰੇੜ੍ਹੀਆਂ ’ਤੇ ਲੱਦ ਕੇ 20-20 ਕਿਲੋਮੀਟਰ ਦੂਰ ਲਿਜਾ ਕੇ ਲਾਈਨਾਂ ਕੱਢਦੇ ਸੀ।
ਅਸੀਂ ਬਾਅਦ ਵਿੱਚ ਉਨ੍ਹਾਂ ਫੀਡਰਾਂ ’ਤੇ ਕੰਮ ਵੀ ਕੀਤਾ ਹੈ। ਉਸ ਸਮੇਂ ਅਫਸਰਸ਼ਾਹੀ ਇਮਾਨਦਾਰ, ਸੂਝਵਾਨ ਤੇ ਦਿਆਨਤਦਾਰ ਸੀ। ਅਜੋਕੇ ਸਮੇਂ ਵਿੱਚ ਜੇਕਰ ਬਿਜਲੀ ਕਾਰਪੋਰੇਸ਼ਨਾਂ ਵਿੱਚੋਂ ਵਰਕ ਕਲਚਰ ਖਤਮ ਹੋਣ ਕਿਨਾਰੇ ਜਾ ਖੜ੍ਹਾ ਹੈ ਤਾਂ ਇਸ ਦੀ ਜਿੰਮੇਵਾਰੀ ਪੂਰਨ ਤੌਰ ’ਤੇ ਅਫਸਰਸ਼ਾਹੀ ਦੀ ਹੈ। ਇਕੱਲਾ ਰਿਸ਼ਵਤ ਲੈਣ ਵਾਲਾ ਹੀ ਜਿੰਮੇਵਾਰ ਨਹੀਂ, ਉਸ ਤੋਂ ਵੀ ਵੱਧ ਜਿੰਮੇਵਾਰ ਰਿਸ਼ਵਤ ਦੇਣ ਵਾਲਾ ਹੈ। ਰਿਸ਼ਵਤ ਦੇਣ ਵਾਲਿਆਂ ਨੇ ਹੀ ਪਾਵਰਕਾਮ ਦਾ ਭੱਠਾ ਬਿਠਾਇਆ ਹੈ। ਠੇਕੇਦਾਰੀ ਸਿਸਟਮ ਕਾਮਯਾਬ ਉਹੀ ਰਿਸ਼ਵਤ ਦੇਣ ਵਾਲਿਆਂ ਨੇ ਕੀਤਾ ਹੈ। ਠੇਕੇਦਾਰ ਮਹਿਕਮੇ ਦਾ ਕੰਮ ਲੈਣ ਲਈ ਅਫਸਰਾਂ ਨੂੰ ਰਿਸ਼ਵਤ ਦੇ ਕੇ ਕੰਮ ਲੈਂਦੇ ਹਨ ਤੇ ਉਹੀ ਅਧਿਕਾਰੀ ਤਨਖਾਹ ਵੀ ਉਸੇ ਮਹਿਕਮੇ ਤੋਂ ਲੈ ਰਿਹਾ ਹੈ।
ਪਿਛਲੇ ਸਮੇਂ ਦੌਰਾਨ ਤਾਂ ਇਸ ਤੋਂ ਵੀ ਵਧ ਕੇ ਰਿਸ਼ਵਤ ਦੇ ਤਰੀਕੇ ਅਪਣਾਏ ਗਏ, ਮਹਿਕਮੇ ਦਾ ਕੰਮ ਭਾਵ ਲਾਈਨਾਂ ਕੱਢਣਾ ਆਦਿ ਮਹਿਕਮੇ ਦੇ ਘੱਟ ਸਟਾਫ ਨੇ ਖਪਤਕਾਰਾਂ ਦੇ ਬੰਦੇ ਨਾਲ ਲਾ ਕੇ ਕੀਤਾ ਤੇ ਅਧਿਕਾਰੀਆਂ ਨੇ ਲੱਖਾਂ ਰੁਪਏ ਦੇ ਬਿੱਲ ਠੇਕੇਦਾਰਾਂ ਦੇ ਨਾਂ ਬਣਾ ਕੇ ਮੋਟੀਆਂ ਰਕਮਾਂ ਬਟੋਰੀਆਂ ਹਨ ਅਧਿਕਾਰੀਆਂ ਦੀਆਂ ਮਾੜੀਆਂ ਆਦਤਾਂ ਦਾ ਨਜਾਇਜ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਦੇਖ-ਦੇਖ ਕੇ ਹੇਠਲੇ ਮੁਲਾਜ਼ਮਾਂ ਨੇ ਵੀ ਵਰਕ ਕਲਚਰ ਤੋਂ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਹੈ। ਜਦ ਇੱਕ ਅਧਿਕਾਰੀ ਵਰਕ ਕਲਚਰ ਪ੍ਰਤੀ ਸੁਹਿਰਦ ਨਹੀਂ ਤਾਂ ਥੱਲਿਓਂ ਕਿਵੇਂ ਵਰਕ ਕਲਚਰ ਸਹੀ ਕਰਵਾ ਲਊ, ਵਰਕ ਕਲਚਰ ਵਾਲਾ ਸਿਸਟਮ ਪਹਿਲਾਂ ਉੱਪਰੋਂ ਖਰਾਬ ਹੋਇਆ ਹੈ।
ਏਸ ਕਲਚਰ ਨੇ ਸਾਡੇ ਅਧਿਕਾਰੀਆਂ ਨੂੰ ਆਲਸੀ ਬਣਾ ਕੇ ਰੱਖ ਦਿੱਤਾ। ਅਜਿਹਾ ਹੋਣ ਨਾਲ ਮੁਲਾਜ਼ਮਾਂ ਦੇ ਮਨਾਂ ਅੰਦਰ ਇਹ ਭਰਮ ਘਰ ਕਰ ਗਿਆ ਹੈ ਕਿ ਭਾਵੇਂ ਕੰਮ ਕਰੀਏ ਭਾਵੇਂ ਨਾ ਕਰੀਏ ਤਨਖਾਹਾਂ ਤਾਂ ਓਨੀਆਂ ਹੀ ਮਿਲਣੀਆਂ ਹਨ। ਜਿੰਮੇਵਾਰੀ ਦੀ ਭਾਵਨਾ ਖਤਮ ਹੋ ਗਈ ਹੈ। ਵਰਕ ਕਲਚਰ ਉਵੇਂ ਹੀ ਚੱਲ ਰਿਹਾ ਹੈ। ਕੋਈ ਤਾਂ ਕੰਮ ਕਰ ਹੀ ਰਿਹਾ ਹੈ। ਜਿਸ ਕਰਕੇ ਪਾਵਰਕਾਮ ਦੀ ਗੱਡੀ ਪਟੜੀ ’ਤੇ ਅਜੇ ਵੀ ਚੱਲ ਰਹੀ ਹੈ।
ਮੈਨੇਜਮੈਂਟ ਨੂੰ ਆਪਣੇ ਅਧਿਕਾਰੀਆਂ ਜਾਂ ਇੰਜੀਨੀਅਰਾਂ ਦੇ ਮਨਾਂ ਅੰਦਰ ਵਰਕ ਕਲਚਰ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੈ। ਕਿਸੇ ਜਾਣਕਾਰ ਨੇ ਦੱਸਿਆ ਕਿ ਮੈਨੂੰ ਸਬੱਬੀਂ ਮੈਨੇਜਮੈਂਟ ਕੋਲ ਬੈਠਣ ਦਾ ਸਬੱਬ ਬਣਿਆ, ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਇਮਾਨਦਾਰ ਅਫਸਰ ਜਾਂ ਅਧਿਕਾਰੀ ਨੂੰ ਮਲਾਈਦਾਰ ਪੋਸਟ ’ਤੇ ਲਾਉਂਦੇ ਹਾਂ ਤਾਂ ਮਸਾਂ ਹੀ ਇੱਕ ਮਹੀਨਾ ਕੱਟਦਾ ਹੈ ਤੇ ਸਾਡੇ ਕੋਲ ਆ ਕੇ ਕਹਿੰਦਾ ਹੈ, ‘‘ਮੇਰੀ ਬਦਲੀ ਨਾਨ ਪਬਲਿਕ ਡੀਲਿੰਗ ਵਾਲੀ ਉਸੇ ਪੋਸਟ ’ਤੇ ਵਾਪਸ ਕਰ ਦਿਓ ਮੈਥੋਂ ਨੀ ਇਸ ਨਵੀਂ ਜਗ੍ਹਾ ਕੰਮ ਚੱਲਦਾ, ਓਸੇ ਨੂੰ ਲਾ ਦਿਉ ਜਿਹੜਾ ਪਹਿਲਾਂ ਲੱਗਾ ਸੀ ਜਾਂ ਜਿਹੜਾ ਨਵਾਂ ਲੱਗਣਾ ਚਾਹੁੰਦਾ ਹੈ। ਹੁਣ ਦੱਸੋ ਵਰਕ ਕਲਚਰ ਪੈਦਾ ਹੋਵੇਗਾ ਜਾਂ ਰਿਸ਼ਵਤਖੋਰੀ ਕਲਚਰ? ਅਜਿਹੀ ਗੱਲ ਸੁਣ ਕੇ ਲੱਗਦਾ ਹੈ ਮੈਨੇਜਮੈਂਟਾਂ ਵੀ ਮਜ਼ਬੂਰ ਹਨ। ਅਸਲ ਵਿੱਚ ਜੋ ਵੀ ਕਰਮਚਾਰੀ ਜਾਂ ਅਧਿਕਾਰੀ ਕੰਮ ਕਰਦੇ ਹਨ ਭਾਵ ਵਰਕ ਕਲਚਰ ਨੂੰ ਲਾਗੂ ਕਰ ਰਹੇ ਹਨ, ਪਾਵਰਕਾਮ ਦਾ ਬੋਝ ਹੀ ਉਨ੍ਹਾਂ ਦੇ ਮੋਢਿਆਂ ’ਤੇ ਟਿਕਿਆ ਹੈ। ਜਿਹੜੇ ਕੰਮ ਨਹੀਂ ਕਰਦੇ ਉਨ੍ਹਾਂ ਨੂੰ ਸਾਰੇ ਇਹੀ ਕਹਿੰਦੇ ਹਨ, ‘‘ਛੱਡ ਯਾਰ ਇਹ ਤਾਂ ਨਿਕੰਮਾ ਹੈ, ਤੂੰ ਹੀ ਸਿਰੇ ਲਾ!’’
ਦੇਖਣ ਵਿੱਚ ਆਇਆ ਹੈ ਕਿ ਅਧਿਕਾਰੀ ਲੱਖਾਂ ਰੁਪਏ ਮਹੀਨਾ ਤਨਖਾਹ ਲੈਣ ਦੇ ਬਾਵਜੂਦ ਫੋਨਾਂ ’ਤੇ ਕੰਮ ਚਲਾਉਂਦੇ ਹਨ। ਹਾਲਾਕਿ ਮਹਿਕਮਾ ਅਧਿਕਾਰੀਆਂ ਨੂੰ ਗੱਡੀ ਖਰਚਾ ਵੀ ਛੇ ਜਾਂ ਸੱਤ ਰੁਪਏ ਪ੍ਰਤੀ ਕਿਲੋਮੀਟਰ ਦਿੰਦਾ ਹੈ। ਨਾਲ-ਨਾਲ ਬਿਜਲੀ ਕਾਰਪੋਰੇਸ਼ਨਾਂ ਅਫਸਰਾਂ ਨੂੰ ਮੋਬਾਇਲ ਖਰਚਾ ਤੇ ਡਾਟਾ ਵੀ ਮੁਫ਼ਤ ਦਿੰਦੀਆਂ ਹਨ।
ਬੰਦਿਆਂ ਨੇ ਦੱਸਿਆ ਕਿ ਕਈ ਅਫਸਰ ਤਾਂ ਫੋਨਾਂ ’ਤੇ ਹੀ ਫਾਲਟ ਦੂਰ ਕਰਵਾਉਂਦੇ ਹਨ। ਜਦਕਿ ਬਿਜਲੀ ਕਾਰਪੋਰੇਸ਼ਨਾਂ ਵਿੱਚ ਦਫਤਰੀ ਕੰਮਾਂ ਨੂੰ ਛੱਡ ਕੇ ਬਾਕੀ ਫਾਲਟ ਸਮੇਂ ਜੇਕਰ ਸਪਲਾਈ ਬਹਾਲ ਕਰਨ ਲਈ ਫੋਨ ਵਰਤਾਂਗੇ ਤਾਂ ਐਕਸੀਡੈਂਟ ਹੋਣ ਦਾ ਖਤਰਾ ਵਧ ਜਾਂਦਾ ਹੈ ਮਿਸਾਲ ਵਜੋਂ ਕਿਸੇ ਬਿਜਲੀ ਘਰ ਰਾਤ ਸਮੇਂ ਫਾਲਟ ਪੈ ਗਿਆ। ਸਾਰੀ ਰਾਤ ਸਪਲਾਈ ਬੰਦ ਰਹੀ, ਫੋਨ ਰਾਹੀਂ ਸਪਲਾਈ ਬਹਾਲ ਕਰਨ ਕਰਕੇ ਕਿਸੇ ਕਰਮਚਾਰੀ ਨੂੰ ਫਲੈਸ਼ ਪੈ ਗਿਆ ਸੀ। ਐਨੀਆਂ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਸਾਡੇ ਅਧਿਕਾਰੀਆਂ ਦੇ ਮਨਾਂ ਅੰਦਰੋਂ ਵਰਕ ਕਲਚਰ ਖਤਮ ਹੋ ਰਿਹਾ ਹੈ
ਪਿਛਲੇ ਸਮੇਂ ਦੌਰਾਨ 66 ਕੇਵੀ ਬਿਜਲੀ ਘਰਾਂ ਨੂੰ ਠੇਕੇ ’ਤੇ ਦੇਣ ਲਈ ਮੈਨੇਜਮੈਂਟਾਂ ਵੱਲੋਂ ਅੰਦਰਖਾਤੇ ਚਿੱਠੀ ਜਾਰੀ ਕੀਤੀ ਗਈ, ਜਾਣਕਾਰ ਨੇ ਦੱਸਿਆ ਕਿ ਜਿਹੜੇ ਉੱਚ ਅਧਿਕਾਰੀ ਰਿਟਾਇਰਮੈਂਟ ਦੇ ਬਿਲਕੁਲ ਨੇੜੇ ਸਨ, ਇਹ ਪ੍ਰਪੋਜਲ ਉਨ੍ਹਾਂ ਵੱਲੋਂ ਪਾਸ ਕੀਤੀ ਗਈ ਸੀ ਤੇ ਕਿਸੇ ਦਿਨ ਉਨ੍ਹਾਂ ਫਾਈਲਾਂ ਨੂੰ ਚੁੱਕ ਕੇ ਹੈੱਡ ਆਫਿਸ ਵਿੱਚ ਇੱਧਰ-ਉੱਧਰ ਉਨ੍ਹਾਂ ਤੇ ਵਰਕ ਕਰਦੇ ਵੀ ਵੇਖਿਆ ਗਿਆ ਸੀ। ਉਨ੍ਹਾਂ ਆਪਣੇ ਨਾਲ ਰਿਟਾਇਰ ਅਧਿਕਾਰੀਆਂ ਨੂੰ ਲੈ ਕੇ ਮਲਾਈਦਾਰ ਬਿਜਲੀ ਘਰਾਂ ਦੇ ਗੇੜੇ ਕੱਢ ਕੇ, ਇਹ ਤੈਅ ਕਰ ਲਿਆ ਸੀ ਕਿ ਆਹ-ਆਹ ਬਿਜਲੀ ਘਰ ਠੇਕੇ ’ਤੇ ਲੈਣੇ ਹਨ, ਕਿਉਂਕਿ ਉਹ ਬਿਜਲੀ ਘਰ ਨਵੇਂ ਜਾਂ ਸਿਰਫ ਸ਼ਹਿਰੀ ਤੇ ਇੰਡਸਟਰੀ ਲੋਡ ਵਾਲੇ ਸਨ। ਅਸਲ ਵਿੱਚ ਉਨ੍ਹਾਂ ਨੂੰ ਪਾਵਰਕਾਮ ਦੇ ਹਿੱਤ ਲਈ ਪ੍ਰਪੋਜਲਾਂ ਫਰੇਮ ਕਰਨੀਆਂ ਚਾਹੀਦੀਆਂ ਸਨ ਨਾ ਕਿ ਆਪਣੇ ਨਿੱਜੀ ਹਿੱਤ ਲਈ ਪੈਸਾ ਕਮਾਉਣ ਵਾਸਤੇ ਸਕੀਮਾਂ ਘੜਨੀਆਂ ਚਾਹੀਦੀਆਂ ਸਨ।
ਉਹ ਵੱਡਾ ਅਧਿਕਾਰੀ ਮੈਨੇਜਮੈਂਟ ਦੇ ਉੱਚ ਅਹੁਦੇ ’ਤੇ ਵੀ ਕੁੱਝ ਦੇਰ ਰਿਹਾ। ਚੰਦ ਨੋਟਾਂ ਦੀ ਖਾਤਰ ਪੰਜਾਬੀ ਬੱਚਿਆਂ ਦੇ ਭਵਿੱਖ ਨੂੰ ਦਾਅ ’ਤੇ ਲਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਕਿਸੇ ਨੇ ਇਸ ਵਿਰੁੱਧ ਮਾਣਯੋਗ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰਕੇ ਇਸ ਪ੍ਰਪੋਜਲ ਨੂੰ ਵਾਪਸ ਕਰਵਾਇਆ ਜੇਕਰ ਅਜਿਹਾ ਨਾ ਹੁੰਦਾ ਤਾਂ ਅਫਸਰਸ਼ਾਹੀ ਦੇ ਕੁੱਝ ਅਧਿਕਾਰੀਆਂ ਵੱਲੋਂ ਪਾਵਰਕਾਮ ਦੇ ਫੁੱਲ ਗੰਗਾ ਪਾਉਣ ਦੀ ਤਿਆਰੀ ਕਰ ਲਈ ਸੀ। ਬਹੁਤਿਆਂ ਦੀ ਕੁਸ਼ਲਤਾ ਦੇਖੀਏ ਤਾਂ ‘ਗੱਲੀਂ ਬਾਤੀਂ ਮੈਂ ਵੱਡੀ ਕੰਮੀਂ ਵੱਡੀ ਜਠਾਣੀ’ ਵਰਗੀ ਹੈ
ਗੱਲਾਂ-ਬਾਤਾਂ ਦੀ ਪੇਸਕਾਰੀ ਰਾਹੀਂ ਤਾਂ ਵੱਡਿਆਂ-ਵੱਡਿਆਂ ਨੂੰ ਗੱਲ ਨਹੀਂ ਕਰਨ ਦਿੰਦੇ। ਬਿਜਲੀ ਘਰਾਂ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਸਾਡੇ ਇੱਕ ਇੰਜੀਨੀਅਰ ਨੂੰ ਤਾਂ ਡੀਸੀ ਬੈਟਰੀ ਵਿੱਚ ਪਾਉਣ ਵਾਲੇ ਪਾਣੀ ਨੂੰ ਕਿਸ ਤਰ੍ਹਾਂ ਚੈੱਕ ਕਰੀਦਾ ਹੈ ਕਿ ਇਹ ਪਾਣੀ ਬੈਟਰੀ ਵਿੱਚ ਪਾਉਣ ਯੋਗ ਹੈ ਜਾਂ ਨਹੀਂ, ਇਹ ਵੀ ਪਤਾ ਨਹੀਂ ਸੀ ਖੈਰ! ਅਜਿਹਾ ਨਹੀਂ ਕਿ ਸਾਰੇ ਹੀ ਅਫਸਰ ਜਾਂ ਅਧਿਕਾਰੀ ਨਿਕੰਮੇ ਜਾਂ ਰਿਸ਼ਵਤਖੋਰ ਹਨ, ਬਹੁਤ ਅਫਸਰ ਜਾਂ ਅਧਿਕਾਰੀ ਇਮਾਨਦਾਰ, ਸੂਝਵਾਨ, ਦਿਆਨਤਦਾਰ, ਕੰਮ ਦੇ ਕਰਿੰਦੇ, ਮਸਲੇ ਨਿਬੇੜਨ ਵਾਲੇ, ਪਾਵਰਕਾਮ ਦੀ ਤਰੱਕੀ ਲਈ ਕੰਮ ਕਰ ਰਹੇ ਹਨ। ਜਿਨ੍ਹਾਂ ਦੀ ਬਦੌਲਤ ਇਮਾਨਦਾਰ ਮਲਾਹ ਪਾਵਰਕਾਮ ਦੀ ਕਿਸ਼ਤੀ ਨੂੰ ਸਿਰੇ ਲਾਉਣ ਲਈ ਜੀ ਤੋੜ ਕੋਸ਼ਿਸ਼ ਕਰ ਰਿਹਾ ਹੈ। ਪਰੰਤੂ ਅਜਿਹੇ ਅਫਸਰ ਜਾਂ ਅਧਿਕਾਰੀਆਂ ਦੀ ਗਿਣਤੀ ਘੱਟ ਹੈ।
ਟਾਈਮ ਪਾਸ ਅਫਸਰ ਤਾਂ ਚਿੱਠੀਆਂ ਹੇਠੋਂ ਉੱਪਰ ਵੱਲ ਨੂੰ ਭੇਜੀ ਜਾਂਦੇ ਹਨ ਤੇ ਉੱਪਰਲੇ ਵਾਪਸ ਥੱਲੇ ਨੂੰ ਭੇਜ ਕੇ ਦੋਵੇਂ ਟਾਈਮ ਪਾਸ ਕਰਕੇ ਮੋਟੀਆਂ ਤਨਖਾਹਾਂ ਬਟੋਰ ਰਹੇ ਹਨ। ਮਸਲਿਆਂ ਨੂੰ ਲਗਾਤਾਰ ਪੈਂਡਿੰਗ ਕੀਤਾ ਜਾ ਰਿਹਾ ਹੈ। ਕੰਮ ਤੋਂ ਪਾਸਾ ਵੱਟਦੇ ਬਹੁਤੇ ਤਾਂ ਬਹਾਨਾ ਪ੍ਰਮੋਸ਼ਨ ਡਿਊ ਹੈ, ਮੈਂ ਤਾਂ ਬਦਲੀ ਕਰਵਾਉਣੀ ਹੈ, ਆਪਾਂ ਕਿਸੇ ਤੋਂ ਕੀ ਲੈਣਾ, ਆਪੇ ਆਉਣ ਵਾਲਾ ਦੇਖਦਾ ਰਹੇਗਾ, ਇਸ ਡਵੀਜਨ ਦਾ ਤਾਂ ਹਾਲ ਹੀ ਬਹੁਤ ਮਾੜਾ ਹੈ, ਸ਼ਿਕਾਇਤਾਂ ਤੇ ਸ਼ਿਕਾਇਤੀ ਬਹੁਤ ਹਨ, ਜੇਕਰ ਉਸ ਨੂੰ ਕਿਹਾ ਤਾਂ ਫਲਾਨਾਂ ਗੁੱਸੇ ਹੋ ਜਾਵੇਗਾ ਆਦਿ ਇਸ ਕਲਚਰ ਨੇ ਵੀ ਪਾਵਰਕਾਮ ਦੀ ਗੱਡੀ ਦੀ ਰਫਤਾਰ ਘਟਾਈ ਹੈ। ਹੁਣ ਭਗਵੰਤ ਮਾਨ ਸਰਕਾਰ ਟੀਮ ਇਮਾਨਦਾਰੀ ਨਾਲ ਰਿਸ਼ਵਤਖੋਰੀ ਦੀ ਚੰਦਰੀ ਬਿਮਾਰੀ ਨੂੰ ਜੜ੍ਹੋਂ ਪੁੱਟ ਕੇ ਸੁੱਟਣ ਦਾ ਦਾਅਵਾ ਕਰਦੀ ਹੈ ਉਮੀਦ ਕਰਦੇ ਹਾਂ ਕਿ ਸਰਕਾਰ ਲੋਕਹਿੱਤ ’ਚ ਬਿਜਲੀ ਢਾਂਚੇ ਦਾ ਮੂੰਹ-ਮੱਥਾ ਸੰਵਾਰੇਗੀ
ਕੋਟਕਪੂਰਾ
ਮੋ. 96462-00468
ਇੰਜ. ਜਗਜੀਤ ਸਿੰਘ ਕੰਡਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ