ਕਿਉਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਪੁਲਿਸ ਅਤੇ ਆਮ ਲੋਕਾਂ ਦਰਮਿਆਨ ਝੜਪਾਂ

ਕਿਉਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਪੁਲਿਸ ਅਤੇ ਆਮ ਲੋਕਾਂ ਦਰਮਿਆਨ ਝੜਪਾਂ

ਕੋਵਿਡ-19 ਤੋਂ ਬਚਾਅ ਲਈ ਲਾਈਆਂ ਲਾਕਡਾਊਨ ਅਤੇ ਕਰਫਿਊ ਜਿਹੀਆਂ ਪਾਬੰਦੀਆਂ ਨੂੰ ਸਹੀ ਅਰਥਾਂ ‘ਚ ਲਾਗੂ ਕਰਵਾਉਣਾ ਪੁਲਿਸ ਲਈ ਪਹਿਲੇ ਦਿਨ ਤੋਂ ਹੀ ਚੁਣੌਤੀ ਬਣਿਆ ਹੋਇਆ ਹੈ। ਜਿਉਂ ਹੀ ਪਾਬੰਦੀਆਂ ਲਾਗੂ ਹੋਈਆਂ ਤਾਂ ਲੋਕਾਂ ਨੇ ਹੁਕਮਾਂ ਦੇ ਉਲਟ ਬਾਹਰ ਵੱਲ ਭੱਜਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਪਾਬੰਦੀਆਂ ਦੀ ਉਲੰਘਣਾ ਕਰਕੇ ਬਾਹਰ ਘੁੰਮਦੇ ਲੋਕਾਂ ਨੂੰ ਕਾਬੂ ਕਰਨ ਲਈ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਈ ਤਰੀਕੇ ਅਪਣਾਏ ਅਤੇ ਬਦਲੇ ਹਨ ਪਰ ਕੋਈ ਵੀ ਤਰੀਕਾ ਕਾਰਗਰ ਨਹੀਂ ਹੋ ਸਕਿਆ। ਲੋਕਾਂ ਦਾ ਘਰਾਂ ਤੋਂ ਬਾਹਰ ਘੁੰਮਣਾ ਅੱਜ ਵੀ ਬੇਰੋਕ ਟੋਕ ਜਾਰੀ ਹੈ।

ਪੁਲਿਸ ਵੱਲੋਂ ਸ਼ੁਰੂਆਤੀ ਦਿਨਾਂ ‘ਚ ਬਾਹਰ ਘੁੰਮਦੇ ਲੋਕਾਂ ਨੂੰ ਸਬਕ ਸਿਖਾਉਣ ਲਈ ਇਸਤੇਮਾਲ ਕੀਤਾ ਕੁੱਟਮਾਰ ਦਾ ਤਰੀਕਾ ਤਾਂ ਜਿਵੇਂ ਪੁਲਿਸ ਦੇ ਗਲੇ ਦਾ ਫੰਦਾ ਹੀ ਬਣ ਗਿਆ। ਬੇਸ਼ੱਕ ਇਸ ਮਾਰ-ਕੁੱਟ ਪਿੱਛੇ ਪੁਲਿਸ ਦਾ ਮੁੱਖ ਮਨੋਰਥ ਲੋਕਾਂ ਨੂੰ ਡਰਾਵਾ ਦੇਣਾ ਹੀ ਸੀ। ਪਰ ਇਸ ਦੀ ਨਜਾਇਜ ਵਰਤੋਂ ਦੇ ਆਲਮ ਨੇ ਇਸ ਨੂੰ ਅਜਿਹਾ ਧੱਕੇਸ਼ਾਹੀ ਅਤੇ ਬਦਸਲੂਕੀ ਵਿੱਚ ਬਦਲਿਆ ਕਿ ਆਮ ਲੋਕਾਂ ਅਤੇ ਪੁਲਿਸ ਦਰਮਿਆਨ ਪਹਿਲਾਂ ਤੋਂ ਹੀ ਚੱਲੀ ਆ ਰਹੀ ਦਰਾਰ ਹੋਰ ਚੌੜੀ ਹੋ ਗਈ।

ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਹੋਇਆ ਤਾਂ ਮੁੱਖ ਮੰਤਰੀ ਅਤੇ ਸੂਬਾ ਪੁਲਿਸ ਮੁਖੀ ਨੇ ਪੁਲਿਸ ਨੂੰ ਅਜਿਹੇ ਤਰੀਕਿਆਂ ਦੇ ਇਸਤੇਮਾਲ ਤੋਂ ਤੁਰੰਤ ਬਾਜ਼ ਆਉਣ ਲਈ ਹੁਕਮ ਸੁਣਾ ਦਿੱਤੇ। ਆਖਿਰ ਲੋਕਾਂ ਨੂੰ ਘਰਾਂ ‘ਚ ਰੱਖ ਕੇ ਸੂਬਾ ਸਰਕਾਰ ਦੇ ਹੁਕਮਾਂ ਦੀ ਤਾਮੀਲ ਕਰਵਾਉਣਾ ਤਾਂ ਪੁਲਿਸ ਦੀ ਮੁੱਖ ਡਿਊਟੀ ਬਣਦੀ ਹੈ। ਪੁਲਿਸ ਨੇ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੁੱਟਣ-ਮਾਰਨ ਦੀ ਬਜਾਏ ਆਰਜ਼ੀ ਜੇਲ੍ਹਾਂ ਬਣਾ ਕੇ ਉੱਥੇ ਡੱਕਣ ਦਾ ਡਰਾਵਾ ਦਿੱਤਾ। ਪਰ ਇਹ ਤਰੀਕਾ ਵੀ ਕੋਈ ਬਹੁਤਾ ਕਾਰਗਰ ਨਹੀਂ ਸਿੱਧ ਹੋ ਸਕਿਆ।

ਲੋਕ ਅੱਜ ਵੀ ਪਾਬੰਦੀਆਂ ਤੋੜਕੇ ਸੜਕਾਂ ‘ਤੇ ਘੁੰਮਦੇ ਅਤੇ ਇਕੱਤਰ ਹੁੰਦੇ ਖਾਸ ਕਰਕੇ ਸਬਜੀ ਮੰਡੀਆਂ ‘ਚ ਇੱਕਤਰ ਹੁੰਦੇ ਆਮ ਵੇਖੇ ਜਾ ਸਕਦੇ ਹਨ। ਇਕੱਤਰ ਹੋਣ ਵਾਲੇ ਲੋਕਾਂ ਨੂੰ ਜਿਵੇਂ ਮਾੜਾ-ਮੋਟਾ ਪੁਲਿਸ ਦਾ ਡਰ ਹੋਵੇ ਤਾਂ ਹੋਵੇ ਕੋਰੋਨਾ ਦਾ ਤਾਂ ਜਿਵੇਂ ਇਹਨਾਂ ਨੂੰ ਕੋਈ ਡਰ ਹੀ ਨਹੀਂ।

ਪਾਬੰਦੀਆਂ ਦੀ ਉਲੰਘਣਾ ਦੀ ਹੋਈ ਸ਼ੁਰੂਆਤ ਨੇ ਪਟਿਆਲਾ ਦੀ ਸਬਜੀ ਮੰਡੀ ‘ਚ ਜਿਹੜੇ ਦੁਖਾਂਤ ਨੂੰ ਜਨਮ ਦਿੱਤਾ ਉਹ ਕਿਸੇ ਤੋਂ ਭੁੱਲਿਆ ਨਹੀਂ। ਖੈਰੀਅਤ ਰਹੀ ਕਿ ਇਹ ਦੁਖਾਂਤ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਨਿੱਬੜ ਗਿਆ। ਪਟਿਆਲਾ ਵਿਖੇ ਪੁਲਿਸ ਅਤੇ ਆਮ ਲੋਕਾਂ ‘ਚ ਵਾਪਰੀ ਝੜਪ ਦੀ ਇਹ ਨਾ ਤਾਂ ਪਹਿਲੀ ਘਟਨਾ ਸੀ ਅਤੇ ਨਾ ਹੀ ਆਖਰੀ ਬਣ ਸਕੀ। ਇਸ ਘਟਨਾ ਤੋਂ ਬਾਅਦ ਵੀ ਲੋਕਾਂ ਅਤੇ ਪੁਲਿਸ ਦੀਆਂ ਦੂਰੀਆਂ ਮਿਟ ਨਹੀਂ ਸਕੀਆਂ। ਆਮ ਲੋਕਾਂ ਵੱਲੋਂ ਪੁਲਿਸ ‘ਤੇ ਹਮਲਿਆਂ ਦਾ ਦੌਰ ਬਾਦਸਤੂਰ ਜਾਰੀ ਹੈ।

ਕਰਫਿਊ ਦੌਰਾਨ ਇੱਕ ਮੁਹੱਲੇ ‘ਚ ਪੁਲਿਸ ‘ਤੇ ਇਹ ਕਹਿ ਕੇ ਹਮਲਾ ਹੋਇਆ ਕਿ ਪੁਲਿਸ ਵਾਲੇ ਜਬਰਦਸਤੀ ਘਰਾਂ ‘ਚ ਜਾ ਕੇ ਕੁੱਟ-ਮਾਰ ਕਰ ਰਹੇ ਸਨ। ਪਰ ਇਸ ਗੱਲ ਨਾਲ ਸਹਿਮਤੀ ਪ੍ਰਗਟਾਉਣੀ ਔਖੀ ਸੀ। ਪੁਲਿਸ ਹਮਲੇ ਦੇ ਜਿੰਮੇਵਾਰ ਲੋਕਾਂ ਖਿਲਾਫ ਮਾਮਲੇ ਦਰਜ਼ ਕੀਤੇ ਗਏ। ਪਾਬੰਦੀਆਂ ਲਾਗੂ ਕਰਵਾਉਣ ਗਈ ਪੁਲਿਸ ਪਾਰਟੀ ‘ਤੇ ਮਾਨਸਾ ਜਿਲ੍ਹੇ ਦੇ ਇੱਕ ਪਿੰਡ ਦੇ ਲੋਕਾਂ ਨੇ ਹਮਲਾ ਕਰ ਦਿੱਤਾ। ਮਲੇਰਕੋਟਲਾ ਨੇੜਲੇ ਪਿੰਡ ‘ਚ ਕ੍ਰਿਕਟ ਖੇਡਣੋ ਹਟਾਉਣ ਗਈ ਪੁਲਿਸ ਪਾਰਟੀਆਂ ‘ਤੇ ਰੋੜਿਆਂ ਦਾ ਮੀਂਹ ਵਰ੍ਹਾ ਦਿੱਤਾ ਗਿਆ।

ਇਹਨਾਂ ਹਮਲਿਆਂ ਦੀ ਸੂਚੀ ਕਾਫੀ ਲੰਬੀ-ਚੌੜੀ ਹੈ। ਸਭ ਤੋਂ ਚਿੰਤਾਜਨਕ ਇਹ ਹੈ ਕਿ ਹਮਲਿਆਂ ਦਾ ਆਲਮ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਵਾਲ ਹਮਲਿਆਂ ਦਾ ਨਹੀਂ ਹੈ ਸਵਾਲ ਤਾਂ ਹਮਲਿਆਂ ਦੀ ਸ਼ੁਰੂਆਤ ਦਾ ਹੈ।ਆਖਿਰ ਆਮ ਲੋਕ ਉਹਨਾਂ ਦੀ ਰਖਵਾਲੀ ਲਈ ਬਣੀ ਪੁਲਿਸ ‘ਤੇ ਹਮਲਾ ਕਰਦੇ ਹੀ ਕਿਉਂ ਹਨ? ਮੇਰੇ ਖਿਆਲ ਅਨੁਸਾਰ ਪੁਲਿਸ ਅੱਜ ਤੱਕ ਆਮ ਲੋਕਾਂ ਨੂੰ ਇਹ ਦੱਸ ਹੀ ਨਹੀਂ ਸਕੀ ਕਿ ਉਹ ਉਹਨਾਂ ਦੀ ਰਖਵਾਲੀ ਲਈ ਹੈ ਜਾਂ ਇਹ ਕਹਿ ਲਈਏ ਕਿ ਪੁਲਿਸ ਆਮ ਲੋਕਾਂ ਨਾਲ ਰਖਵਾਲਿਆਂ ਵਾਲਾ ਵਿਵਹਾਰ ਹੀ ਨਹੀਂ ਕਰ ਸਕੀ।

ਬਹੁਗਿਣਤੀ ਲੋਕ ਅੱਜ ਵੀ ਪੁਲਿਸ ਦੇ ਨਾਂ ਤੋਂ ਘਬਰਾਉਂਦੇ ਹਨ। ਇਨਸਾਫ ਪ੍ਰਾਪਤੀ ਲਈ ਲੋਕ ਪੁਲਿਸ ਦਾ ਸਹਾਰਾ ਲੈਣ ਤੋਂ ਪਹਿਲਾਂ ਸੌ ਵਾਰੀ ਸੋਚਦੇ ਹਨ। ਪੁਲਿਸ ਦਾ ਰਾਜਸੀ ਲੋਕਾਂ ਵੱਲੋਂ ਕੀਤਾ ਜਾਂਦਾ ਇਸਤੇਮਾਲ ਵੀ ਆਮ ਲੋਕਾਂ ਤੇ ਪੁਲਿਸ ਦਰਮਿਆਨ ਦੂਰੀ ਪੈਦਾ ਕਰਨ ਦਾ ਸਬੱਬ ਬਣਦਾ ਹੈ।

ਰਾਜਸੀ ਇਸ਼ਾਰੇ ‘ਤੇ ਹੋਣ ਵਾਲੀ ਹਰ ਜਿਆਦਤੀ ਦਾ ਜਰੀਆ ਪੁਲਿਸ ਹੀ ਬਣਦੀ ਹੈ। ਕਈ ਵਾਰ ਜਿਆਦਤੀ ਦੇ ਅਸਲ ਸੂਤਰਧਾਰ ਛਿਪੇ ਰਹਿ ਜਾਂਦੇ ਹਨ ਅਤੇ ਸਾਹਮਣੇ ਆ ਜਾਂਦੇ ਹਨ ਪੁਲਿਸ ਦੇ ਅਧਿਕਾਰੀ ਅਤੇ ਮੁਲਾਜਮ। ਸ਼ਾਇਦ ਇਸ ਤਰ੍ਹਾਂ ਦੇ ਹਾਲਤ ‘ਚ ਵਿਚਰਦੇ ਬਹੁਗਿਣਤੀ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ਦੀ ਮਾਨਸਿਕਤਾ ‘ਤੇ ਆਮ ਲੋਕਾਂ ਨਾਲ ਬਿਗਾਨਗੀ ਵਾਲਾ ਵਿਵਹਾਰ ਕਰਨ ਦਾ ਆਲਮ ਹਾਵੀ ਹੋ ਜਾਂਦਾ ਹੈ।

ਪੁਲਿਸ ਵੱਲੋਂ ਕੀਤੀ ਜਾਂਦੀ ਕੁੱਟਮਾਰ ਜਾਂ ਹੋਰ ਵਧੀਕੀਆਂ ਦਾ ਆਲਮ ਵੀ ਕੋਈ ਘੱਟ ਚਿੰਤਾਜਨਕ ਨਹੀਂ ਹੈ ਪਰ ਉਸ ਤੋਂ ਵੀ ਚਿੰਤਾਜਨਕ ਹਨ ਪੁਲਿਸ ‘ਤੇ ਹੋਣ ਵਾਲੇ ਹਮਲੇ। ਭਲਾ ਸੋਚੋ ਜੇਕਰ ਆਮ ਲੋਕ ਇਸ ਤਰ੍ਹਾਂ ਪੁਲਿਸ ਦਾ ਡਰ ਭੁਲਾ ਬੈਠੇ ਤਾਂ ਸਮਾਜ ਦੀ ਦਸ਼ਾ ਕੀ ਹੋਵੇਗੀ? ਇਹ ਸਮਾਂ ਅਜਿਹਾ ਹੈ ਕਿ ਹਰ ਇਨਸਾਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਜਾਪਦਾ ਹੈ। ਆਮ ਲੋਕਾਂ ਨੂੰ ਜਾਪਦਾ ਹੈ ਕਿ ਸਾਨੂੰ ਘਰਾਂ ਅੰਦਰ ਕੈਦ ਕਿਉਂ ਕੀਤਾ ਜਾ ਰਿਹਾ ਹੈ?

ਕਈ ਵਾਰ ਸਰਕਾਰੇ-ਦਰਬਾਰੇ ਪਹੁੰਚ ਵਾਲੇ ਵਿਅਕਤੀ ਜਦੋਂ ਕਰਫਿਊ ਪਾਸਾਂ ਜਾਂ ਹੋਰ ਸਿਫਾਰਸ਼ਾਂ ਦੀ ਆੜ ਹੇਠ ਪਾਬੰਦੀਆਂ ਤੋੜਦੇ ਹਨ ਤਾਂ ਆਮ ਲੋਕਾਂ ਦੇ ਮਨਾਂ ‘ਚ ਗੁੱਸਾ ਪਨਪਦਾ ਹੈ। ਪੁਲਿਸ ਨੂੰ ਜਾਪਦਾ ਹੈ ਕਿ ਆਖਿਰ ਇਹ ਲੋਕ ਘਰਾਂ ਦੇ ਅੰਦਰ ਰਹਿੰਦੇ ਕਿਉਂ ਨਹੀਂ? ਪੁਲਿਸ ਦੀਆਂ ਡਿਊਟੀਆਂ ਦਾ ਕੋਈ ਸਮਾਂ ਨਹੀਂ। ਲੰਬਾ ਸਮਾਂ ਡਿਊਟੀਆਂ ਕਰਦੇ ਪੁਲਿਸ ਅਧਿਕਾਰੀ ਅਤੇ ਮੁਲਾਜਮ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹਨ।

ਡਿਊਟੀ ਵੀ ਉਹ ਜਿਸ ਵਿੱਚ ਪੈਰ ਪੈਰ ‘ਤੇ ਜਾਨ ਦਾ ਜੋਖਮ ਹੋਵੇ। ਇਹ ਸਮਾਂ ਆਪਸੀ ਦੂਰੀਆਂ ਵਧਾਉਣ ਦਾ ਨਹੀਂ ਸਗੋਂ ਇੱਕਜੁਟਤਾ ਨਾਲ ਲੜਾਈ ਲੜਨ ਦਾ ਹੈ। ਸਮਾਂ ਇੱਕ-ਦੂਜੇ ਦੇ ਦਰਦ ਵੰਡਾਉਣ ਦਾ ਹੈ ਦੂਜਿਆਂ ਦੀਆਂ ਪ੍ਰੇਸ਼ਾਨੀਆਂ ‘ਚ ਇਜ਼ਾਫਾ ਕਰਨ ਦਾ ਨਹੀਂ। ਇਸ ਮੁਸ਼ਕਿਲ ਦੇ ਸਮੇਂ ਤਾਂ ਹਰ ਇਨਸਾਨ ਹੀ ਪੁਲਿਸ ਵਾਲਾ ਹੋ ਕੇ ਪਾਬੰਦੀਆਂ ਦੀ ਪਾਲਣਾ ਦਾ ਅਹਿਦ ਕਰੇ ਤਾਂ ਲੜਾਈ ਜਿੱਤੀ ਜਾਣੀ ਹੈ। ਮਾਹੌਲ ਨੂੰ ਅਰਾਜਕਤਾ ਦੇਣ ਨਾਲ ਕਈ ਹੋਰ ਸਮੱਸਿਆਵਾਂ ਪੈਦਾ ਹੋ ਜਾਣੀਆਂ ਹਨ। ਪੁਲਿਸ ਨੂੰ ਵੀ ਚਾਹੀਦਾ ਹੈ ਕਿ ਆਮ ਲੋਕਾਂ ਦੀ ਮਾਨਸਿਕ ਹਾਲਤ ਨੂੰ ਸਮਝਦਿਆਂ ਬੇਹੱਦ ਹਲੀਮੀ ਅਤੇ ਸਹਿਯੋਗ ਵਾਲਾ ਵਿਵਹਾਰ ਕੀਤਾ ਜਾਵੇ।
ਖੁੱਡੀ ਕਲਾਂ,
ਸਕਤੀ ਨਗਰ, ਬਰਨਾਲਾ।
ਮੋ. 98786-05965
ਬਿੰਦਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।