ਬੁਢਾਪਾ ਆਵੇ ਹੀ ਕਿਉਂ!

Why, Old, Age!,

ਬੁਢਾਪਾ ਆਵੇ ਹੀ ਕਿਉਂ!

ਇਹ ਗੱਲ ਤਕਰੀਬਨ ਹਰ ਇੱਕ ਦੇ ਮਨ ਵਿੱਚ ਠੋਕ-ਠੋਕ ਕੇ ਭਰ ਦਿੱਤੀ ਜਾਂਦੀ ਹੈ ਕਿ ਬੁਢਾਪਾ ਆਉਂਦਿਆਂ ਹੀ ਆਦਮੀ ਬੇਕਾਰ ਹੋ ਜਾਂਦਾ ਹੈ। ਉਹ ਕਿਸੇ ਵੀ ਕੰਮ ਜੋਗਾ ਨਹੀਂ ਰਹਿ ਜਾਂਦਾ। ਅਸੀਂ ਆਪਣੇ ਆਲੇ-ਦੁਆਲੇ ਅਜਿਹੇ ਅਨੇਕਾਂ ਬੰਦਿਆਂ ਨੂੰ ਵੇਖਦੇ ਹਾਂ ਜੋ ਆਪਣੀ ਉਮਰ ਵਧਣ ਦੇ ਨਾਲ-ਨਾਲ ਉਤਸ਼ਾਹ ਹੀਣ ਹੁੰਦੇ ਜਾਂਦੇ ਹਨ। ਸਾਰੇ ਕੰਮ-ਧੰਦੇ ਛੱਡ ਦਿੰਦੇ ਹਨ ਤੇ ਪਏ-ਪਏ ਬੁਢਾਪੇ ਨੂੰ ਕੋਸਦੇ ਰਹਿੰਦੇ ਹਨ। ਉਨ੍ਹਾਂ ਦੀ ਹਰ ਗੱਲ ‘ਚੋਂ ਨਿਰਾਸ਼ਤਾ ਝਲਕਦੀ ਹੈ ਕੀ ਕਰੀਏ, ਬੁੱਢੇ ਹੋ ਗਏ ਆਂ ਅਜਿਹੇ ਬੰਦੇ ਸਰੀਰਕ ਤੌਰ ‘ਤੇ ਤੰਦਰੁਸਤ ਹੁੰਦੇ ਹੋਏ ਵੀ ਮਾਨਸਿਕ ਤੌਰ ‘ਤੇ ਆਪਣੇ-ਆਪ ਨੂੰ ਐਨਾ ਅਯੋਗ ਸਮਝਣ ਲੱਗ ਪੈਂਦੇ ਹਨ ਕਿ ਕੋਈ ਕੰਮ ਕਰ ਹੀ ਨਹੀਂ ਸਕਦੇ।

ਆਦਮੀ ਦੇ ਵਿਚਾਰ ਬੁੱਢੇ ਹੋ ਜਾਂਦੇ ਹਨ ਤਾਂ ਬੁਢਾਪਾ ਖੁਦ ਆ ਘੇਰਦਾ ਹੈ ਮਨ ‘ਚ ਬੁਢਾਪੇ ਦੀ ਭਾਵਨਾ ਭਰਦਿਆਂ ਹੀ ਸਰੀਰ ਨਿਢਾਲ ਹੋਣ ਲੱਗ ਪੈਂਦਾ ਹੈ। ਮੁਸ਼ਕਲ ਗੱਲ ਇਹ ਵੀ ਹੈ ਕਿ ਲੋਕੀ ਬਿਨਾਂ ਕੁਝ ਸੋਚੇ-ਸਮਝੇ ਇਹ ਵਿਸ਼ਵਾਸ ਕਰਨ ਲੱਗ ਪੈਂਦੇ ਹਨ ਕਿ ਬੁਢਾਪੇ ਵਿੱਚ ਆਦਮੀ ਦਾ ਦਿਮਾਗ ਬੇਕਾਰ ਹੋ ਜਾਂਦਾ ਹੈ ਜਦਕਿ ਗੱਲ ਇਸ ਦੇ ਉਲਟ ਹੈ। ਬੁਢਾਪੇ ‘ਚ ਦਿਮਾਗ ਕਮਜ਼ੋਰ ਨਹੀਂ ਹੁੰਦਾ ਸਗੋਂ ਦਿਮਾਗ ਦੀਆਂ ਸੋਚਾਂ ਕਮਜ਼ੋਰ ਹੋਣ ਨਾਲ ਬੁਢਾਪਾ ਆਣ ਘੇਰਦਾ ਹੈ। ਉਮਰ ਦੇ ਵਧਣ ਨਾਲ ਤਾਂ ਸਗੋਂ ਆਦਮੀ ਦੇ ਵਿਚਾਰ ਪਰਿਪੱਕ ਹੋ ਜਾਂਦੇ ਹਨ ਤੇ ਉਨ੍ਹਾਂ ਦੇ ਅਨੁਭਵ ਤੋਂ ਦੁਨੀਆਂ ਲਾਭ ਉਠਾ ਸਕਦੀ ਹੈ।
ਆਦਮੀ ਦੇ ਜਵਾਨ ਰਹਿਣ ਦਾ ਰਾਜ਼ ਉਸਦੇ ਮਨ ਵਿੱਚ ਲੁਕਿਆ ਹੁੰਦਾ ਹੈ। ਜਵਾਨੀ ਆਦਮੀ ਦੇ ਸੁੰਦਰ ਅਨੁਭਵਾਂ ਅਤੇ ਵਿਚਾਰਾਂ ਦੀ ਸ਼ੁੱਧਤਾ ਨਾਲ ਟਿਕੀ ਰਹਿ ਸਕਦੀ ਹੈ ਜੋ ਆਦਮੀ ਸਮਝਦੇ ਹਨ ਕਿ ਖੁਸ਼ ਰਹਿਣਾ, ਤੰਦਰੁਸਤ ਜੀਵਨ ਦਾ ਮਹਾਨ ਫਲਸਫ਼ਾ ਹੈ, ਉਹ ਕਦੇ ਬੁੱਢੇ ਨਹੀਂ ਹੋ ਸਕਦੇ।

ਬੁਢਾਪੇ ਦਾ ਡਰ ਆਦਮੀ ਨੂੰ ਬਹੁਤ ਜਲਦੀ ਲੈ ਡੁੱਬਦਾ ਹੈ। ਜਿੰਦਗੀ ਦੀਆਂ ਦੁਸ਼ਵਾਰੀਆਂ, ਪ੍ਰੇਸ਼ਾਨੀਆਂ ਅਤੇ ਮਨ ‘ਚ ਹਰ ਵੇਲੇ ਭਰੀ ਰਹਿਣ ਵਾਲੀ ਚਿੰਤਾ ਮਨ ਨੂੰ ਅਜਿਹੇ ਭਾਰੀ ਪੱਥਰਾਂ ਵਾਂਗ ਹੇਠਾਂ ਦੱਬੀ ਰੱਖਦੀ ਹੈ ਕਿ ਉਸਾਰੂ ਅਤੇ ਰਚਨਾਤਮਕ ਭਾਵਨਾਵਾਂ ਦੀਆਂ ਕਰੂੰਬਲਾਂ ਫੁੱਟ ਹੀ ਨਹੀਂ ਸਕਦੀਆਂ। ਆਧੁਨਿਕ ਮਨੁੱਖ ਦੀ ਤੇਜ਼ ਰਫਤਾਰ ਜਿੰਦਗੀ, ਉਸਦੇ ਮਨ ਦੀ ਇਸ ਦੁਰਦਸ਼ਾ ਦਾ ਬਹੁਤ ਵੱਡਾ ਕਾਰਨ ਹੈ। ਇਹਦੇ ਨਾਲ-ਨਾਲ ਜ਼ਿਆਦਾਤਰ ਲੋਕ ਆਪਣੇ ਉੱਪਰ ਬੇਲੋੜੀਆਂ ਜਿੰਮੇਵਾਰੀਆਂ ਦਾ ਬੋਝ ਵੀ ਲੱਦ ਲੈਂਦੇ ਹਨ। ਉਨ੍ਹਾਂ ਨੂੰ ਇੰਜ ਲੱਗਦਾ ਹੈ ਕਿ ਦੁਨੀਆਂ ਦਾ ਸਾਰਾ ਸਿਸਟਮ ਉਨ੍ਹਾਂ ਦੇ ਭਰੋਸੇ ਹੀ ਚੱਲ ਰਿਹਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਲਗਾਤਾਰ ਤਣਾਅ ‘ਚ ਘਿਰੇ ਰਹਿੰਦੇ ਹਨ ਅਤੇ ਛੋਟੇ-ਵੱਡੇ ਕਾਰਨਾਂ ਕਰਕੇ ਉਨ੍ਹਾਂ ਦੀ ਜਿੰਦਗੀ ਦਾ ਸੰਤੁਲਨ ਵਿਗੜ ਜਾਂਦਾ ਹੈ ਉਨ੍ਹਾਂ ਦਾ ਮਾਨਸਿਕ ਥਕੇਵਾਂ, ਉਲਝਣਾਂ ਅਤੇ ਚੌਵੀ ਘੰਟੇ ਦੀ ਕਿਚਕਿਚ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਕਰ ਦਿੰਦੀ ਹੈ।

ਅਨੇਕਾਂ ਵਾਰ ਅਜਿਹੇ ਬੰਦੇ ਦੁੱਖਾਂ-ਤਕਲੀਫਾਂ ‘ਚ ਐਨੇ ਘਿਰ ਜਾਂਦੇ ਹਨ ਕਿ ਉਨ੍ਹਾਂ ਨੂੰ ਸਾਰਾ ਸੰਸਾਰ ਹੀ ਵਾਵਰੋਲਿਆਂ ਅਤੇ ਝੱਖੜਾਂ ‘ਚ ਘਿਰਿਆ ਲੱਗਦਾ ਹੈ ਅਜਿਹੇ ਲੋਕਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ ਕਿਉਂਕਿ ਉਹ ਨਵੇਂ ਵਿਚਾਰ ਗ੍ਰਹਿਣ ਕਰਨ ਦੀ ਤਾਕਤ ਗੁਆ ਬਹਿੰਦੇ ਹਨ। ਅਜਿਹੇ ਆਦਮੀ ਚਾਲੀ-ਪੰਤਾਲੀ ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਆਪਣੇ ਦਿਲ ਦਿਮਾਗ ਨੂੰ ਅਜਿਹੇ ਸ਼ਿਕੰਜੇ ‘ਚ ਜਕੜ ਲੈਂਦੇ ਹਨ ਕਿ ਉਸ ਤੋਂ ਬਾਹਰ ਨਿੱਕਲਣਾ ਮੁਸ਼ਕਲ ਹੋ ਜਾਂਦਾ ਹੈ।

ਆਪਣੇ ਦਿਲ ਦਿਮਾਗ ਨੂੰ ਤਰੋ-ਤਾਜ਼ਾ ਰੱਖੋ ਕਿਉਂਕਿ ਬਾਸੀ ਦਿਮਾਗ, ਚਿੰਤਾ ਅਤੇ ਭੈਅ ਦਾ ਸ਼ਿਕਾਰ ਹੋ ਜਾਂਦਾ ਹੈ। ਜਿਹੜੇ ਆਦਮੀ ਨਵੀਆਂ-ਨਵੀਆਂ ਗੱਲਾਂ ਸੋਚਦੇ ਹਨ ਅਤੇ ਨਵੇਂ ਕੰਮਾਂ ‘ਚ ਰੁਚੀ ਲੈਂਦੇ ਹਨ, ਜਿਹੜੇ ਖੁਸ਼ਮਿਜਾਜ਼ ਆਦਮੀ ਨੌਜਵਾਨਾਂ ਦੀਆਂ ਖਰਮਸਤੀਆਂ ਤੋਂ ਨੱਕ-ਬੁੱਲ੍ਹ ਨਹੀਂ ਚੜ੍ਹਾਉਂਦੇ, ਨਿਸ਼ਚਿਤ ਤੌਰ ‘ਤੇ ਉਹ ਪ੍ਰਫੁੱਲਤ ਅਤੇ ਚੜ੍ਹਦੀ ਕਲਾ ‘ਚ ਰਹਿੰਦੇ ਹਨ। ਮਨ ਦੀ ਇਹ ਭਾਵਨਾ ਕਦੇ ਵੀ ਟੁੱਟਣ ਨਾ ਦੇਵੋ। ਸਮੇਂ ਅਨੁਸਾਰ ਆਪਣੇ-ਆਪ ਨੂੰ ਬਦਲਣ ਵਾਲਾ ਵਿਅਕਤੀ ਜਲਦੀ ਹੀ ਨੌਜਵਾਨਾਂ ਨਾਲ ਘੁਲ-ਮਿਲ ਜਾਂਦਾ ਹੈ। ਉਸਨੂੰ ਉਨ੍ਹਾਂ ਦੀ ਕੰਪਨੀ ‘ਚ ਇਕੱਲਤਾ ਨਹੀਂ ਭੋਗਣੀ ਪੈਂਦੀ। ਉਹ ਸਾਰੀਆਂ ਉੱਚੀਆਂ-ਸੁੱਚੀਆਂ ਭਾਵਨਾਵਾਂ ਅਤੇ ਰੌਸ਼ਨ ਆਸ਼ਾਵਾਂ, ਜੋ ਤੁਹਾਡੇ ਮਨ ਨੂੰ ਆਸ਼ਾਵਾਦੀ ਹੁਲਾਰਾ ਦਿੰਦੀਆਂ ਹਨ, ਦਾ ਵਿਸਥਾਰ ਕਦੇ ਵੀ ਘਟਣ ਨਾ ਦਿਓ। ਅਜਿਹਾ ਕਰੋਗੇ ਤਾਂ ਜ਼ਿੰਦਗੀ ‘ਚ ਬੁਢਾਪੇ ਦਾ ਹਨ੍ਹੇਰਾ ਕਦੇ ਵੀ ਤੁਹਾਡੀਆਂ ਬਰੂਹਾਂ ‘ਤੇ ਨਹੀਂ ਛਾਏਗਾ।

ਮੌਤ ਸਬੰਧੀ ਹਰ ਵੇਲੇ ਸੋਚਦੇ ਰਹਿਣ ਕਰਕੇ ਸਾਡਾ ਅਜਿਹੇ ਭੈਭੀਤ ਕਰਨ ਵਾਲੇ ਵਿਚਾਰਾਂ ਤੋਂ ਤਰਾਹ ਨਿੱਕਲਿਆ ਰਹਿੰਦਾ ਹੈ, ਜਿਸ ਕਰਕੇ ਸਾਡੇ ਸਰੀਰ ਦੀਆਂ ਕਿਰਿਆਤਮਕ ਸ਼ਕਤੀਆਂ ਦਾ ਵਿਨਾਸ਼ ਹੋ ਜਾਂਦਾ ਹੈ। ਕਾਰਜ ਸ਼ਕਤੀ ਦੇ ਖਤਮ ਹੋ ਜਾਣ ਦੀ ਕਲਪਨਾ ਹੀ ਦੁੱਖਾਂ ਦਾ ਵੱਡਾ ਸਰੋਤ ਹੈ। ਇਸ ਤਰ੍ਹਾਂ ਦੇ ਘਾਤਕ ਵਿਚਾਰ ਆਦਮੀ ਦੀ ਪ੍ਰੇਰਣਾ ਸ਼ਕਤੀ ਨੂੰ ਨਿਰਬਲ ਕਰਦੇ ਹਨ। ਇਸ ਦਾ ਹੀ ਨਤੀਜਾ ਹੁੰਦਾ ਹੈ ਕਿ ਆਦਮੀ ਬੁਢਾਪੇ ਤੋਂ ਹਾਰ ਮੰਨ ਜਾਂਦਾ ਹੈ।
ਡਰ ਕਾਰਨ ਸਾਡੀਆਂ ਹੱਡੀਆਂ ਗਲਣ ਲੱਗ ਪੈਂਦੀਆਂ ਹਨ। ਮੌਤ ਦੀ ਸਜ਼ਾ ਪਾਏ ਅਪਰਾਧੀ ਵਾਂਗ ਅਸੀਂ ਆਪਣੇ-ਆਪ ਨੂੰ ਅਜਿਹੇ ਅੰਨ੍ਹੇ ਖੂਹ ‘ਚ ਧੱਕ ਲੈਂਦੇ ਹਾਂ, ਜਿਸ ਦਾ ਹਨ੍ਹੇਰਾ ਭਿਅੰਕਰ ਨਾਗ ਬਣ ਕੇ ਸਾਡੀਆਂ ਸਾਰੀਆਂ ਰਚਨਾਤਮਿਕ ਸ਼ਕਤੀਆਂ ਨੂੰ ਡੱਸ ਲੈਂਦਾ ਹੈ। ਬੁਢਾਪੇ ਦੇ ਭੈਅ ਕਰਕੇ ਸਾਡੇ ਸਰੀਰ ਦੇ ਸਾਰੇ ਪੋਸ਼ਕ ਤੱਤ ਕੰਮ ਕਰਨਾ ਬੰਦ ਕਰ ਦਿੰਦੇ ਹਨ। ਅਜਿਹੇ ਹਾਲਾਤ ‘ਚ ਜਦੋਂ ਅਸੀਂ ਬਿਮਾਰ ਪੈ ਜਾਂਦੇ ਹਾਂ ਤਾਂ ਅਸੀਂ ਇਨ੍ਹਾਂ ਰੋਗਾਂ ਨੂੰ ਕਿਸਮਤ ਦੀ ਦੇਣ ਸਮਝ ਬਹਿੰਦੇ ਹਾਂ ਅਤੇ ਸਾਡੇ ਵਿੱਚ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਹੀ ਨਹੀਂ ਰਹਿ ਜਾਂਦੀ।

ਇਹ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਸਾਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਅਫਵਾਹਾਂ ਉੱਪਰ ਅਸੀਂ ਅੱਖਾਂ ਬੰਦ ਕਰਕੇ ਯਕੀਨ ਕਰ ਲੈਂਦੇ ਹਾਂ। ਪ੍ਰੰਤੂ ਵਿਗਿਆਨੀਆਂ ਦੇ ਖੋਜੇ ਨਤੀਜਿਆਂ ਉੱਪਰ ਸਾਨੂੰ ਭੋਰਾ ਯਕੀਨ ਨਹੀਂ ਹੁੰਦਾ। ਜਦਕਿ ਅੱਖਾਂ ਬੰਦ ਕਰਕੇ ਕਿਸੇ ਗੱਲ ‘ਤੇ ਅਮਲ ਕਰਨ ਦੇ ਸਿੱਟੇ ਸਦਾ ਮਾੜੇ ਹੀ ਹੁੰਦੇ ਹਨ। ਇਸ ਲਈ ਵਿਗਿਆਨਕ ਨਜ਼ਰੀਆ ਅਪਣਾਉਣਾ ਚਾਹੀਦਾ ਹੈ।

ਮੁਹਾਵਰਾ ਹੈ ਕਿ ਚੱਲਦਾ ਫਿਰਦਾ ਆਦਮੀ ਅਤੇ ਦੌੜਦਾ ਹੋਇਆ ਘੋੜਾ, ਕਦੇ ਬੁੱਢੇ ਨਹੀਂ ਹੁੰਦੇ। ਭਾਵ ਰੁਕ ਜਾਣ ਦਾ ਨਾਂਅ ਹੈ ਬੁਢਾਪਾ। ਬੁੱਢਾ ਹੋ ਜਾਣਾ ਤੁਹਾਡੀ ਆਪਣੀ ਇੱਛਾ ਸ਼ਕਤੀ Àੁੱਪਰ ਨਿਰਭਰ ਕਰਦਾ ਹੈ। ਦੂਸਰਿਆਂ ਦੇ ਕਹਿਣ ਨਾਲ ਤੁਸੀਂ ਬੁੱਢੇ ਨਹੀਂ ਹੋ ਜਾਂਦੇ। ਦੁਨੀਆਂ ਕੀ ਕਹਿੰਦੀ ਹੈ, ਇਸ ਦੀ ਪਰਵਾਹ ਨਾ ਕਰੋ। ਤੁਹਾਡੇ ਦੋਸਤ ਅਤੇ ਪਰਿਵਾਰਕ ਮੈਂਬਰ ਤਾਂ ਵਾਰ-ਵਾਰ ਕਹਿ ਕੇ ਤੁਹਾਨੂੰ ਬੁੱਢਾ ਬਣਾ ਦੇਣਗੇ। ਸਿਧਾਂਤ, ਸੱਚ ਤੇ ਸੁੰੰਦਰਤਾ ਕਦੇ ਬੁੱਢੇ ਨਹੀਂ ਹੁੰਦੇ। ਜੋ ਆਦਮੀ ਇਸ ਵਿੱਚ ਵਿਸ਼ਵਾਸ ਰੱਖਦਾ ਹੈ ਉਸ ਦਾ ਜੋਬਨ ਕਿਵੇਂ ਨਸ਼ਟ ਹੋ ਸਕਦਾ ਹੈ?

ਜ਼ਿੰਦਗੀ ਜਿਉਣ ਨਾਲ ਘਟਦੀ ਨਹੀਂ ਸਗੋਂ ਅਨੁਭਵਾਂ ਨੂੰ ਪ੍ਰਾਪਤ ਕਰਦੀ ਹੈ ਸਰੀਰ ਨੂੰ ਬੁਢਾਪੇ ‘ਚ ਤਬਦੀਲ ਕਰਨ ਵਾਲੀ ਪ੍ਰਕਿਰਿਆ ਉਦੋਂ ਤੱਕ ਸ਼ੁਰੂ ਨਹੀਂ ਹੁੰਦੀ ਜਦ ਤੱਕ ਮਨੁੱਖ ਦਾ ਮਨ ਆਪਣੇ-ਆਪ ਨੂੰ ਬੁੱਢਾ ਨਹੀਂ ਸਮਝ ਲੈਂਦਾ। ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਨਿਰਾਸ਼ਤਾ ਭਰੇ ਵਿਚਾਰ, ਸਰੀਰ ਦੇ ਮੁੜ-ਨਿਰਮਾਣ ‘ਚ ਭਿਅੰਕਰ ਰੋਕਾਂ ਲਾਉਂਦੇ ਹਨ। ਇਸ ਤਰ੍ਹਾਂ ਦੇ ਵਿਚਾਰ ਜਿੰਨੇ ਜਿਆਦਾ ਹੋਣਗੇ ਓਨਾ ਹੀ ਸਰੀਰ ਦਾ ਵਿਕਾਸ ਰੁਕਦਾ ਜਾਵੇਗਾ। ਸਵਾਰਥ, ਲੋਭ ਅਤੇ ਹੋਰ ਕਈ ਤਰ੍ਹਾਂ ਦੇ ਲਾਲਚੀ ਵਿਚਾਰ, ਬੁਢਾਪੇ ਦੇ ਮਿੱਤਰ ਹਨ। ਜੀਵਨ ਵਿੱਚ ਨਿਰਾਸ਼ਾ ਤੋਂ ਵਧ ਕੇ, ਜਵਾਨੀ ਦਾ ਦੂਸਰਾ ਕੋਈ ਦੁਸ਼ਮਣ ਨਹੀਂ ਹੈ।
ਕੁਝ ਆਦਮੀ ਆਪਣਾ ਮਾਨਸਿਕ ਮੁੜ-ਨਿਰਮਾਣ ਕਰਦੇ ਰਹਿਣ ਕਰਕੇ ਕਦੇ ਵੀ ਬੁੱਢੇ ਨਹੀਂ ਹੁੰਦੇ। ਉਹ ਨਾ ਤਾਂ ਕਿਸੇ ਕੰਮ ਤੋਂ ਜੀ ਚੁਰਾਉਂਦੇ ਹਨ ਨਾ ਸੰਘਰਸ਼ ਤੋਂ। ਥਕੇਵਾਂ ਅਤੇ ਉਦਾਸੀ ਤਾਂ ਉਨ੍ਹਾਂ ਦੇ ਨੇੜੇ ਨਹੀਂ ਫਟਕਦੀ। ਜੋ ਆਦਮੀ ਅਨੰਦਪੂਰਵਕ ਜ਼ਿੰਦਗੀ ਨਹੀਂ ਜੀ ਸਕਦਾ, ਉਹ ਜਵਾਨ ਵੀ ਨਹੀਂ ਬਣਿਆ ਰਹਿ ਸਕਦਾ।

ਸੰਤੋਖ ਸਿੰਘ ਭਾਣਾ,
ਗੁਰੂ ਅਰਜਨ ਦੇਵ ਨਗਰ, ਫਰੀਦਕੋਟ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।